ਮਾਇਆਵਤੀ ਅਤੇ ਮੁਲਾਇਮ ਸਿੰਘ ਯਾਦਵ ਨੂੰ ਦੁਸ਼ਮਣ ਬਣਾਉਣ ਵਾਲਾ ਗੈਸਟ ਹਾਊਸ ਕਾਂਡ

    • ਲੇਖਕ, ਭਰਤ ਸ਼ਰਮਾ
    • ਰੋਲ, ਬੀਬੀਸੀ ਪੱਤਰਕਾਰ

ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਵਿੱਚ ਬਹੁਜਨ ਸਮਾਜ ਪਾਰਟੀ ਅਤੇ ਅਤੇ ਸਮਾਜਵਾਦੀ ਪਾਰਟੀ ਨੇ ਸਮਝੌਤੇ ਦਾ ਐਲਾਨ ਕੀਤਾ। ਬਸਪਾ ਦੀ ਸੁਪਰੀਮੋ ਮਾਇਆਵਤੀ ਅਤੇ ਸਪਾ ਮੁਖੀ ਅਖਿਲੇਸ਼ ਯਾਦਵ ਨੇ ਦੱਸਿਆ ਕਿ ਇਹ ਸਿਰਫ 2019 ਦੀਆਂ ਲੋਕ ਸਭਾ ਚੋਣਾਂ ਲਈ ਨਹੀਂ ਹੈ ਸਗੋਂ ਲੰਬੇ ਸਮੇਂ ਤੱਕ ਚੱਲੇਗਾ।

ਦੋਹਾਂ ਧਿਰਾਂ ਨੇ ਕਿਹਾ ਕਿ ਉਹ ਲੋਕ ਸਭਾ ਚੋਣਾਂ ਵਿੱਚ ਸੂਬੇ ਦੀਆਂ 38-38 ਸੀਟਾਂ 'ਤੇ ਚੋਣ ਲੜਨਗੀਆਂ। ਰਾਇਬਰੇਲੀ ਅਤੇ ਅਮੇਠੀ ਸੀਟ ਕਾਂਗਰਸ ਲਈ ਛੱਡ ਦਿੱਤੀ ਗਈ ਹੈ ਅਤੇ ਬਾਕੀ ਦੋ ਸੀਟਾਂ ਸਹਿਯੋਗੀਆਂ ਲਈ ਛੱਡ ਦਿੱਤੀਆਂ ਗਈਆਂ ਹਨ।

ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਮਾਇਆਵਤੀ ਗੈਸਟ ਹਾਊਸ ਕਾਂਡ ਦਾ ਜ਼ਿਕਰ ਕਰਨਾ ਨਹੀਂ ਭੁੱਲੇ ਅਤੇ ਉਨ੍ਹਾਂ ਕਿਹਾ ਕਿ ਦਹਿਸ਼ਤ ਅਤੇ ਜਨਹਿਤ ਵਿੱਚ ਉਨ੍ਹਾਂ ਨੇ ਇਸ ਗਠਬੰਧਨ ਨੂੰ ਪਹਿਲ ਦਿੱਤੀ ਹੈ।

ਮਾਇਆਵਤੀ ਨੇ ਕਿਹਾ, "1993 ਵਿਧਾਨ ਸਭਾ ਚੋਣਾਂ ਵਿੱਚ ਵੀ ਦੋਹਾਂ ਪਾਰਟੀਆਂ ਦਾ ਗਠਜੋੜ ਹੋਇਆ ਸੀ ਅਤੇ ਉਸ ਸਮੇਂ ਸਪਾ-ਬੀਐਸਪੀ ਨੇ ਹਵਾਵਾਂ ਦਾ ਮੂੰਹ ਮੋੜ ਕੇ ਸਰਕਾਰ ਬਣਾਈ ਸੀ। ਹਾਲਾਂਕਿ ਇਹ ਗੱਠਜੋੜ ਕੁਝ ਗੰਭੀਰ ਕਾਰਨਾਂ ਕਾਰਨ ਬਹੁਤੀ ਦੇਰ ਨਹੀਂ ਚੱਲ ਸਕਿਆ। ਦੇਸ਼ ਦੇ ਭਲੇ ਅਤੇ ਲੋਕਹਿੱਤ ਨੂੰ 1995 ਦੇ ਲਖਨਊ ਗੈਸਟ ਹਾਊਸ ਕਾਂਡ ਤੋਂ ਉੱਪਰ ਰੱਖਦੇ ਹੋਏ ਸਿਆਸੀ ਤਾਲਮੇਲ ਦਾ ਫੈਸਲਾ ਕੀਤਾ ਹੈ।"

ਇਹ ਵੀ ਪੜ੍ਹੋ:

ਕੁੜੱਤਣ ਦਾ ਸਬੱਬ ਕੀ ਸੀ?

ਲਖਨਊ ਦੇ ਗੈਸਟ ਹਾਊਸ ਵਿੱਚ ਅਜਿਹਾ ਕੀ ਹੋਇਆ ਸੀ ਜਿਸ ਨਾਲ ਦੋਹਾਂ ਪਾਰਟੀਆਂ ਦੀ ਦੋਸਤੀ ਅਚਾਨਕ ਦੁਸ਼ਮਣੀ ਵਿੱਚ ਬਦਲ ਗਈ।

ਇਸ ਨੂੰ ਸਮਝਣ ਲਈ ਕਰੀਬ 28 ਸਾਲ ਪਿੱਛੇ ਜਾਣਾ ਪਵੇਗਾ। ਉੱਤਰ ਪ੍ਰਦੇਸ਼ ਦੀ ਸਿਆਸਤ ਵਿੱਚ ਸਾਲ 1995 ਅਤੇ ਗੈਸਟ ਹਾਊਸ ਕਾਂਡ ਦੋਵੇਂ ਹੀ ਅਹਿਮ ਹਨ।

ਉਹ ਦਿਨ ਨਾ ਸਿਰਫ਼ ਭਾਰਤੀ ਸਿਆਸਤ ਲਈ ਮਨਹੂਸ ਸੀ ਸਗੋਂ ਉਸ ਨੇ ਮਾਇਆ ਅਤੇ ਮੁਲਾਇਮ ਵਿਚਕਾਰ ਵੀ ਇੱਕ ਡੂੰਘੀ ਖੱਡ ਪੁੱਟ ਦਿੱਤੀ ਜਿਸ ਨੂੰ ਸਮਾਂ ਵੀ ਨਹੀਂ ਭਰ ਸਕਿਆ।

ਅਸਲ ਵਿੱਚ ਸਾਲ 1992 ਵਿੱਚ ਮੁਲਾਇਮ ਸਿੰਘ ਯਾਦਵ ਨੇ ਸਮਾਜਵਾਦੀ ਪਾਰਟੀ ਬਣਾਈ ਅਤੇ ਇਸ ਤੋਂ ਅਗਲੇ ਸਾਲ ਭਾਜਪਾ ਦਾ ਰਾਹ ਰੋਕਣ ਲਈ ਸਿਆਸੀ ਸਾਂਝੇਦਾਰੀ ਕਰਦਿਆਂ ਬੀਐਸਪੀ ਨਾਲ ਹੱਥ ਮਿਲਾਇਆ।

ਇਹ ਵੀ ਪੜ੍ਹੋ:

ਗੈਸਟ ਹਾਊਸ ਕਾਂਡ

ਸਮਾਜਵਾਦੀ ਪਾਰਟੀ ਅਤੇ ਬੀਐਸਪੀ ਨੇ 256 ਅਤੇ 264 ਸੀਟਾਂ ਉੱਪਰ ਮਿਲ ਕੇ ਚੋਣਾਂ ਲੜੀਆਂ। ਸਮਾਜਵਾਦੀ ਪਾਰਟੀ 109 ਸੀਟਾਂ ਜਿੱਤ ਸਕੀ ਜਦਕਿ 67 ਸੀਟਾਂ ਉੱਤੇ ਮਾਇਆਵਤੀ ਦੀ ਪਾਰਟੀ ਨੇ ਜਿੱਤ ਹਾਸਿਲ ਕੀਤੀ। ਪਰ ਦੋਹਾਂ ਪਾਰਟੀਆਂ ਦਾ ਇਹ ਰਿਸ਼ਤਾ ਜ਼ਿਆਦਾ ਦੇਰ ਨਹੀਂ ਚੱਲਿਆ।

ਸਾਲ 1995 ਦੀਆਂ ਗਰਮੀਆਂ ਦੋਹਾਂ ਦਾ ਰਿਸ਼ਤਾ ਖ਼ਤਮ ਕਰਨ ਦਾ ਸਮਾਂ ਲੈ ਕੇ ਆਈਆਂ। ਇਸ ਦਿਨ ਜੋ ਵਾਪਰਿਆ ਉਸ ਕਾਰਨ ਬੀਐਸਪੀ ਨੇ ਸਰਕਾਰ ਤੋਂ ਹਮਾਇਤ ਵਾਪਸ ਲੈ ਲਈ ਅਤੇ ਸਰਕਾਰ --- ਵਿੱਚ ਆ ਗਈ।

ਭਾਜਪਾ ਮਾਇਆਵਤੀ ਲਈ ਸਹਾਰਾ ਬਣ ਕੇ ਆਈ ਅਤੇ ਕੁਝ ਹੀ ਦਿਨਾਂ ਵਿੱਚ ਤਤਕਾਲੀ ਗਵਰਨਰ ਮੋਤੀ ਲਾਲ ਵੋਹਰਾ ਨੂੰ ਉਹ ਚਿੱਠੀ ਭੇਜੀ ਗਈ ਕਿ ਜੇ ਬੀਐਸਪੀ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰੇ ਤਾਂ ਭਾਜਪਾ ਉਸ ਦੇ ਨਾਲ ਹੈ।

ਸੀਨੀਅਰ ਪੱਤਰਕਾਰ ਅਤੇ ਉਸ ਦਿਨ ਗੈਸਟ ਹਾਊਸ ਦੇ ਬਾਹਰ ਮੌਜੂਦ ਸ਼ਰਤ ਪ੍ਰਧਾਨ ਨੇ ਬੀਬੀਸੀ ਨੂੰ ਦੱਸਿਆ ਕਿ ਉਹ ਦੌਰ ਸੀ ਜਦੋਂ ਮੁਲਾਇਮ ਸਿੰਘ ਯਾਦਵ ਦੀ ਸਰਕਾਰ ਸੀ। ਜਿਸ ਨੂੰ ਬੀਐਸਪੀ ਬਾਹਰੋਂ ਹਮਾਇਤ ਦੇ ਰਹੀ ਸੀ।

ਸਾਲ ਭਰ ਇਹ ਗੱਠਜੋੜ ਚੱਲਿਆ ਅਤੇ ਬਾਅਦ ਵਿੱਚ ਮਾਇਆਵਤੀ ਦੇ ਭਾਜਪਾ ਨਾਲ ਤਾਲਮੇਲ ਦੀਆਂ ਖ਼ਬਰਾਂ ਆਈਆਂ। ਇਨ੍ਹਾਂ ਖ਼ਬਰਾਂ ਦਾ ਭੇਤ ਅੱਗੇ ਜਾ ਕੇ ਖੁੱਲ੍ਹਿਆ। ਕੁਝ ਸਮੇਂ ਬਾਅਦ ਮਾਇਆਵਤੀ ਨੇ ਆਪਣਾ ਫੈਸਲਾ ਭਾਜਪਾ ਨੂੰ ਸੁਣਾ ਦਿੱਤਾ।

ਉਨ੍ਹਾਂ ਨੇ ਕਿਹਾ, ''ਇਸ ਫੈਸਲੇ ਤੋਂ ਬਾਅਦ ਮਾਇਆਵਤੀ ਨੇ ਗੈਸਟ ਹਾਊਸ ਵਿੱਚ ਆਪਣੇ ਵਿਧਾਨ ਸਭਾ ਮੈਂਬਰਾਂ ਦੀ ਬੈਠਕ ਬੁਲਾਈ ਸੀ। ਬੀਐਸਪੀ ਅਤੇ ਭਾਜਪਾ ਦੀ ਗੰਢ-ਤੁਪ ਹੋ ਗਈ ਅਤੇ ਉਹ ਸਮਾਜਵਾਦੀ ਪਾਰਟੀ ਦਾ ਪੱਲਾ ਛੱਡਣ ਵਾਲੀ ਸੀ।"

ਪ੍ਰਧਾਨ ਨੇ ਦੱਸਿਆ, "ਜਾਣਕਾਰੀ ਮਿਲਣ ਤੋਂ ਬਾਅਦ ਵੱਡੀ ਸੰਖਿਆ ਵਿੱਚ ਸਮਾਜਵਾਦੀ ਪਾਰਟੀ ਦੇ ਲੋਕ ਗੈਸਟ ਹਾਊਸ ਦੇ ਬਾਹਰ ਇਕੱਠੇ ਹੋ ਗਏ ਅਤੇ ਕੁਝ ਹੀ ਦੇਰ ਵਿੱਚ ਗੈਸਟ ਹਾਊਸ ਦੇ ਅੰਦਰ ਜਿੱਥੇ ਬੈਠਕ ਚੱਲ ਰਹੀ ਸੀ ਉੱਥੇ ਪਹੁੰਚ ਗਏ। ਉੱਥੇ ਮੌਜੂਦ ਬੀਐਸਪੀ ਵਰਕਰਾਂ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਇਹ ਸਭ ਮੈਂ ਆਪਣੀਆਂ ਅੱਖਾਂ ਨਾਲ ਦੇਖਿਆ।"

ਫਿਰ ਮਾਇਆਵਤੀ ਤੁਰੰਤ ਹੀ ਇੱਕ ਕਮਰੇ ਵਿੱਚ ਛੁਪ ਗਏ ਅਤੇ ਆਪਣੇ-ਆਪ ਨੂੰ ਬੰਦ ਕਰ ਲਿਆ। ਉਨ੍ਹਾਂ ਨਾਲ ਦੋ ਲੋਕ ਹੋਰ ਵੀ ਸਨ। ਜਿਨ੍ਹਾਂ ਵਿੱਚੋਂ ਇੱਕ ਸਿਕੰਦਰ ਰਿਜ਼ਵੀ ਸਨ। ਉਸ ਵੇਲੇ ਪੇਜਰ ਦਾ ਜ਼ਮਾਨਾ ਹੁੰਦਾ ਸੀ, ਰਿਜ਼ਵੀ ਨੇ ਮੈਨੂੰ ਬਾਅਦ ਵਿੱਚ ਦੱਸਿਆ ਕਿ ਪੇਜਰ 'ਤੇ ਇਹ ਸੂਚਨਾ ਦਿੱਤੀ ਗਈ ਸੀ ਕਿ ਕਿਸੇ ਵੀ ਹਾਲਤ ਵਿੱਚ ਦਰਵਾਜ਼ਾ ਨਾ ਖੋਲ੍ਹਿਓ।"

ਇਹ ਵੀ ਪੜ੍ਹੋ:

"ਦਰਵਾਜ਼ਾ ਜ਼ੋਰ-ਜ਼ੋਰ ਨਾਲ ਖੜਕਾਇਆ ਜਾ ਰਿਹਾ ਸੀ ਅਤੇ ਬੀਐਸਪੀ ਦੇ ਕਈ ਲੋਕਾਂ ਦੀ ਕਾਫ਼ੀ ਮਾਰ ਕੁੱਟ ਕੀਤੀ ਗਈ। ਇਸ ਵਿੱਚੋਂ ਕੁਝ ਜ਼ਖਮੀ ਵੀ ਹੋਏ ਅਤੇ ਕੁਝ ਭੱਜਣ ਵਿੱਚ ਕਾਮਯਾਬ ਰਹੇ।"

ਪ੍ਰਧਾਨ ਦੇ ਮੁਤਾਬਕ ਉਸ ਸਮੇਂ ਬੀਐਸਪੀ ਆਗੂਆਂ ਨੇ ਸੂਬੇ ਦੇ ਸੀਨੀਅਰ ਪੁਲਿਸ ਅਫ਼ਸਰਾਂ ਨੂੰ ਫੋਨ ਕਰਕੇ ਬੁਲਾਉਣ ਦੀ ਕੋਸ਼ਿਸ਼ ਕੀਤੀ ਪਰ ਕਿਸੇ ਨੇ ਫੋਨ ਨਹੀਂ ਚੁੱਕਿਆ।

ਜਦੋਂ ਮਾਇਆਵਤੀ ਨੂੰ ਕਮਰੇ ਵਿੱਚ ਲੁਕਣਾ ਪਿਆ

ਇਸੇ ਦੌਰਾਨ ਮਾਇਆਵਤੀ ਜਿਸ ਕਮਰੇ ਵਿੱਚ ਲੁਕੇ ਸਨ, ਸਪਾ ਦੇ ਲੋਕ ਉਸ ਨੂੰ ਖੋਲ੍ਹਣ ਦੀ ਕੋਸ਼ਿਸ਼ ਕਰ ਰਹੇ ਸਨ ਅਤੇ ਬਚਣ ਲਈ ਅੰਦਰ ਮੌਜੂਦ ਲੋਕਾਂ ਨੇ ਦਰਵਾਜ਼ੇ ਦੇ ਨਾਲ ਸੋਫ਼ੇ ਅਤੇ ਮੇਜ਼ ਲਾ ਦਿੱਤੇ ਤਾਂ ਕਿ ਚਿਟਕਣੀ ਟੁੱਟਣ ਦੀ ਸੂਰਤ ਵਿੱਚ ਦਰਵਾਜ਼ਾ ਨਾ ਖੁੱਲ੍ਹ ਸਕੇ।"

ਸੀਨੀਅਰ ਪੱਤਰਕਾਰ ਰਾਮ ਦੱਤ ਤ੍ਰਿਪਾਠੀ ਦਾ ਕਹਿਣਾ ਹੈ ਕਿ ਸਾਲ 1992 ਵਿੱਚ ਜਦੋਂ ਬਾਬਰੀ ਮਸਜਿਦ ਤੋੜੀ ਗਈ ਤਾਂ ਉਸ ਤੋਂ ਬਾਅਦ 1993 ਵਿੱਚ ਸਪਾ-ਬੀਐਸਪੀ ਨੇ ਭਾਜਪਾ ਨੂੰ ਰੋਕਣ ਲਈ ਹੱਥ ਮਿਲਾਉਣ ਦਾ ਫੈਸਲਾ ਕੀਤਾ ਅਤੇ ਪਹਿਲੀ ਵਾਰ ਸਾਂਝੀ ਸਰਕਾਰ ਬਣਾਈ ਜਿਸ ਦੇ ਮੁਲਾਇਮ ਸਿੰਘ ਮੁੱਖ ਮੰਤਰੀ ਬਣੇ।

ਉਸ ਸਮੇਂ ਦਿੱਲੀ ਵਿੱਚ ਨਰਸਿੰਮ੍ਹਾ ਰਾਓ ਦੀ ਸਰਕਾਰ ਸੀ ਅਤੇ ਭਾਜਪਾ ਦੇ ਵੱਡੇ ਆਗੂ ਅਟਲ ਬਿਹਾਰੀ ਵਾਜਪਾਈ ਸਨ। ਦਿੱਲੀ ਵਿੱਚ ਇਸ ਗੱਲ ਦੀ ਫਿਕਰ ਪੈ ਗਈ ਕਿ ਜੇ ਲਖਨਊ ਵਿੱਚ ਇਹ ਸਾਂਝ ਟਿਕ ਗਈ ਤਾਂ ਮੁਸ਼ਕਿਲਾਂ ਵਧ ਸਕਦੀਆਂ ਹਨ।

ਇਸ ਲਈ ਭਾਜਪਾ ਨੇ ਬੀਐਸਪੀ ਦੀ ਪੇਸ਼ਕਸ਼ ਕੀਤੀ ਗਈ ਕਿ ਉਹ ਸਮਾਜਵਾਦੀ ਪਾਰਟੀ ਤੋਂ ਰਿਸ਼ਤਾ ਤੋੜ ਲਵੇ ਤਾਂ ਭਾਜਪਾ ਦੀ ਹਮਾਇਤ ਨਾਲ ਉਨ੍ਹਾਂ ਨੂੰ ਮੁੱਖ ਮੰਤਰੀ ਬਣਨ ਦਾ ਮੌਕਾ ਮਿਲ ਸਕਦਾ ਹੈ।

"ਮੁਲਾਇਮ ਸਿੰਘ ਯਾਦਵ ਨੂੰ ਇਸ ਦਾ ਸ਼ੱਕ ਹੋ ਗਿਆ ਸੀ ਅਤੇ ਉਹ ਚਾਹੁੰਦੇ ਸਨ ਕਿ ਉਨ੍ਹਾਂ ਸਦਨ ਵਿੱਚ ਬਹੁਮਤ ਸਾਬਤ ਕਰਨ ਦਾ ਮੌਕਾ ਦਿੱਤਾ ਜਾਵੇ ਪਰ ਰਾਜਪਾਲ ਨੇ ਅਜਿਹਾ ਨਹੀਂ ਕਰਨ ਦਿੱਤਾ।"

ਮਾਇਆ ਦਾ ਰਾਖਾ ਬਣ ਕੇ ਕੌਣ ਬਹੁੜਿਆ?

"ਇਸੇ ਖਿੱਚੋ-ਤਾਣ ਵਿੱਚ ਆਪਣੇ ਵਿਧਾਇਕਾਂ ਨੂੰ ਇਕਜੁੱਟ ਰੱਖਣ ਲਈ ਬੀਐਸਪੀ ਨੇ ਸਾਰਿਆਂ ਨੂੰ ਗੈਸਟ ਹਾਊਸ ਵਿੱਚ ਇਕੱਠੇ ਕੀਤਾ ਅਤੇ ਮਾਇਆਵਤੀ ਵੀ ਉੱਥੇ ਹੀ ਸੀ। ਉਸੇ ਸਮੇਂ ਸਮਾਜਵਾਦੀ ਪਾਰਟੀ ਦੇ ਹਮਾਇਤੀ ਨਾਅਰੇਬਾਜ਼ੀ ਕਰਦੇ ਹੋਏ ਉੱਥੇ ਪਹੁੰਚ ਗਏ।"

ਬੀਐਸਪੀ ਦਾ ਇਲਜ਼ਾਮ ਸੀ ਕਿ ਸਮਾਜਵਾਦੀ ਪਾਰਟੀ ਦੇ ਲੋਕਾਂ ਨੇ ਮਾਇਆਵਤੀ ਨੂੰ ਧੱਕਾ ਦਿੱਤਾ ਅਤੇ ਮੁੱਕਦਮਾਂ ਇਹ ਦਰਜ ਕਰਵਾਇਆ ਕਿ ਉਹ ਲੋਕ ਉਨ੍ਹਾਂ ਨੂੰ ਜਾਨ ਤੋਂ ਮਾਰਨਾ ਚਾਹੁੰਦੇ ਸਨ। ਇਸੇ ਕਾਂਡ ਨੂੰ ਗੈਸਟ ਹਾਊਸ ਕਿਹਾ ਜਾਂਦਾ ਹੈ।

ਅਜਿਹਾ ਵੀ ਕਿਹਾ ਜਾਂਦਾ ਹੈ ਕਿ ਭਾਜਪਾ ਵਾਲੇ ਮਾਇਆਵਤੀ ਨੂੰ ਬਚਾਉਣ ਲਈ ਉੱਥੇ ਪਹੁੰਚੇ ਪਰ ਸ਼ਰਤ ਪ੍ਰਧਾਨ ਦਾ ਕਹਿਣਾ ਹੈ ਕਿ ਇਨ੍ਹਾਂ ਦਾਅਵਿਆਂ ਵਿੱਚ ਦਮ ਨਹੀਂ ਹੈ।

ਆਪਣੀ ਮੋਬਾਈਲ ਸਕਰੀਨ 'ਤੇ ਬੀਬੀਸੀ ਦੀ ਵੈੱਬਸਾਈਟ ਦਾ ਸ਼ਾਰਟਕੱਟ ਪਾਉਣ ਲਈ ਵੀਡੀਓ ਦੇਖੋ

ਉਨ੍ਹਾਂ ਨੇ ਕਿਹਾ, "ਮਾਇਆਵਤੀ ਦੇ ਬਚਣ ਦਾ ਕਾਰਨ ਮੀਡੀਆ ਸੀ। ਉਸ ਸਮੇਂ ਗੈਸਟ ਹਾਊਸ ਦੇ ਬਾਹਰ ਵੱਡੀ ਗਿਣਤੀ ਵਿੱਚ ਪੱਤਰਕਾਰ ਮੌਜੂਦ ਸਨ। ਸਮਾਜਵਾਦੀ ਪਾਰਟੀ ਵਾਲੇ ਉੱਥੋਂ ਮੀਡੀਆ ਨੂੰ ਹਟਾਉਣ ਦੀ ਕੋਸ਼ਿਸ਼ ਕਰ ਰਹੇ ਸਨ ਪਰ ਅਜਿਹਾ ਹੋ ਨਾ ਸਕਿਆ।"

"ਕੁਝ ਅਜਿਹੇ ਲੋਕ ਵੀ ਸਪਾ ਵੱਲੋਂ ਭੇਜੇ ਗਏ ਸਨ ਜੋ ਮਾਇਆਵਤੀ ਨੂੰ ਸਮਝਾ ਕੇ ਦਰਵਾਜ਼ਾ ਖੁਲਵਾ ਸਕਣ ਪਰ ਉਨ੍ਹਾਂ ਨੇ ਅਜਿਹਾ ਨਹੀਂ ਕੀਤਾ।"

ਇਸ ਤੋਂ ਅਗਲੇ ਦਿਨ ਭਾਜਪਾ ਵਾਲੇ ਰਾਜਪਾਲ ਕੋਲ ਪਹੁੰਚ ਗਏ ਸਨ ਕਿ ਉਹ ਸਰਕਾਰ ਬਣਾਉਣ ਲਈ ਬੀਐਸਪੀ ਦਾ ਸਾਥ ਦੇਣਗੇ। ਉਸ ਸਮੇਂ ਕਾਂਸ਼ੀ ਰਾਮ ਨੇ ਮਾਇਆਵਤੀ ਨੂੰ ਮੁੱਖ ਮੰਤਰੀ ਬਣਾਇਆ ਇੱਥੋਂ ਹੀ ਮਾਇਆਵਤੀ ਨੇ ਪੌੜੀਆਂ ਚੜ੍ਹਨਾ ਸ਼ੁਰੂ ਕੀਤੀਆਂ।

ਕੀ ਮਾਇਆਵਤੀ ਨੇ ਕਦੇ ਖੁੱਲ੍ਹ ਕੇ ਇਸ ਦਿਨ ਬਾਰੇ ਦੱਸਿਆ ਕਿ ਅਸਲ ਵਿੱਚ ਉਸ ਦਿਨ ਕੀ ਹੋਇਆ ਸੀ? ਪ੍ਰਧਾਨ ਨੇ ਦੱਸਿਆ, ਜੀ ਹਾਂ, ਕਈ ਵਾਰ, ਮੈਨੂੰ ਇੱਕ ਇੰਟਰਵਿਊ ਵਿੱਚ ਜਾਂ ਫਿਰ ਇੱਕ ਪ੍ਰੈਸ ਕਾਨਫਰੰਸ ਵਿੱਚ ਉਨ੍ਹਾਂ ਨੇ ਖ਼ੁਦ ਕਿਹਾ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਉਨ੍ਹਾਂ ਨੂੰ ਉਸ ਦਿਨ ਮਾਰਨ ਦੀ ਸਾਜਿਸ਼ ਸੀ। ਜਿਸ ਨਾਲ ਬੀਐਸਪੀ ਨੂੰ ਖ਼ਤਮ ਕਰ ਦਿੱਤਾ ਜਾਵੇ।"

"ਮਾਇਆਵਤੀ ਨੂੰ ਸਮਾਜਵਾਦੀ ਪਾਰਟੀ ਤੋਂ ਇੰਨੀ ਨਫ਼ਰਤ ਇਸ ਲਈ ਹੋ ਗਈ ਕਿਉਂਕਿ ਉਨ੍ਹਾਂ ਦਾ ਮੰਨਣਾ ਹੈ ਕਿ ਗੈਸਟ ਹਾਊਸ ਵਿੱਚ ਉਸ ਦਿਨ ਜੋ ਕੁਝ ਹੋਇਆ, ਉਹ ਮਾਇਆਵਤੀ ਦੀ ਜਾਣ ਲੈਣ ਦੀ ਸਾਜ਼ਿਸ਼ ਸੀ।"

ਇਹ ਵੀ ਪੜ੍ਹੋ:

ਤੁਹਾਨੂੰ ਇਹ ਵੀਡੀਓ ਵੀ ਪਸੰਦ ਆ ਸਕਦੇ ਹਨ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)