You’re viewing a text-only version of this website that uses less data. View the main version of the website including all images and videos.
ਮਾਇਆਵਤੀ ਅਤੇ ਅਖਿਲੇਸ਼ ਯਾਦਵ ਨੇ ਕੀਤਾ ਗਠਜੋੜ ਦਾ ਐਲਾਨ
ਬਹੁਜਨ ਸਮਾਜ ਪਾਰਟੀ ਦੀ ਮੁੱਖੀ ਮਾਇਆਵਤੀ ਅਤੇ ਸਮਾਜਵਾਦੀ ਪਾਰਟੀ ਦੇ ਮੁੱਖੀ ਅਖਿਲੇਸ਼ ਯਾਦਵ ਨੇ ਦੋਵੇਂ ਪਾਰਟੀਆਂ ਦੇ ਗਠਜੋੜ ਦਾ ਐਨਾਲ ਕਰ ਦਿੱਤਾ ਹੈ।
ਦੋਵੇਂ ਪਾਰਟੀਆਂ 38-38 ਸੀਟਾਂ ਤੇ ਚੋਣ ਲੜਨਗੀਆਂ।
ਹਾਲਾਂਕਿ ਕਾਂਗਰਸ ਗਠਜੋੜ ਵਿੱਚ ਸ਼ਾਮਲ ਨਹੀਂ ਹੈ, ਪਰ ਅਮੇਠੀ ਅਤੇ ਰਾਇਬਰੇਲੀ ਦੀਆਂ ਸੀਟਾਂ ਤੋਂ ਬਹੁਜਨ ਸਮਾਜ ਪਾਰਟੀ ਅਤੇ ਸਮਾਜਵਾਦੀ ਪਾਰਟੀ ਚੋਣ ਨਹੀਂ ਲੜੇਗੀ।
ਮਾਇਆਵਤੀ ਨੇ ਇਸ ਮੌਕੇ 'ਤੇ ਕਿਹਾ, "ਮੈਂ ਇਹ ਦੱਸਣਾ ਚਾਹੁੰਦੀ ਹਾਂ ਕਿ ਕਾਂਗਰਸ ਪਾਰਟੀ ਨੂੰ ਸ਼ਾਮਿਲ ਨਹੀਂ ਕਰਨ ਦਾ ਕਾਰਨ ਇਹ ਹੈ ਕਿ ਆਜ਼ਾਦੀ ਤੋਂ ਬਾਅਦ ਕਾਂਗਰਸ ਨੇ ਸੂਬੇ ਤੋਂ ਲੈ ਕੇ ਕੇਂਦਰ 'ਚ ਰਾਜ ਕੀਤਾ ਹੈ। ਇਸ ਦੌਰਾਨ ਦੇਸ 'ਚ ਸਹੂਲਤਾਂ ਤੋਂ ਵਾਂਝੇ ਰਹਿਣ ਵਾਲਿਆਂ ਦਾ ਸ਼ੋਸ਼ਣ ਕੀਤਾ ਗਿਆ ਹੈ।"
ਉਨ੍ਹਾਂ ਨੇ ਕਿਹਾ ਹੈ ਕਿ ਕਾਂਗਰਸ ਨੇ ਹੀ ਦੇਸ ਵਿੱਚ ਵਧੇਰੇ ਸਮਾਂ ਸ਼ਾਸਨ ਕੀਤਾ ਅਤੇ ਇਨ੍ਹਾਂ ਦੇ ਸ਼ਾਸਨਕਾਲ 'ਚ ਗਰੀਬੀ, ਬੇਰੁਜ਼ਗਾਰੀ ਅਤੇ ਭ੍ਰਿਸ਼ਟਾਚਾਰ ਵਧਿਆ ਹੈ। ਇਸ ਦੇ ਸਿੱਟੇ ਵਜੋਂ ਹੀ ਬਸਪਾ ਅਤੇ ਸਪਾ ਵਰਗੀਆਂ ਪਾਰਟੀਆਂ ਦਾ ਗਠਨ ਹੋਇਆ ਤਾਂਕਿ ਕਾਂਗਰਸ ਦੀ ਸੱਤਾ ਤੋਂ ਮੁਕਤੀ ਮਿਲ ਸਕੇ।
ਇਹ ਵੀ ਪੜ੍ਹੋ:
ਮਾਇਆਵਤੀ ਨੇ ਇਹ ਵੀ ਕਿਹਾ ਕਿ ਭਾਜਪਾ ਅਤੇ ਕਾਂਗਰਸ ਵਿੱਚ ਕੋਈ ਖਾਸ ਫਰਕ ਨਹੀਂ ਹੈ।
ਉਨ੍ਹਾਂ ਕਿਹਾ ਕਿ ਕਾਂਗਰਸ ਨੇ 1975 ਵਿੱਚ ਐਮਰਜੈਂਸੀ ਐਲਾਨੀ ਸੀ ਅਤੇ ਭਾਜਪਾ ਦੇ ਰਾਜ ਵਿੱਚ ਅਣਐਲਾਨੀ ਐਮਰਜੈਂਸੀ ਲੱਗੀ ਹੋਈ ਹੈ।
ਮਾਇਆਵਤੀ ਨੂੰ ਪ੍ਰਧਾਨ ਮੰਤਰੀ ਬਣਾਉਣ ਬਾਰੇ
ਜਦੋਂ ਅਖਿਲੇਸ਼ ਯਾਦਵ ਨੂੰ ਪੁੱਛਿਆ ਗਿਆ ਕਿ ਕੀ ਉਹ ਮਾਇਆਵਤੀ ਨੂੰ ਪ੍ਰਧਾਨ ਮੰਤਰੀ ਬਣਵਾਉਣਗੇ, ਉਨ੍ਹਾਂ ਕਿਹਾ, "ਤੁਹਾਨੂੰ ਪਤਾ ਹੈ ਮੈਂ ਕਿਸ ਨੂੰ ਸਪੋਰਟ ਕਰਾਂਗਾ।"
"ਮੈਂ ਪਹਿਲਾਂ ਵੀ ਕਿਹਾ ਸੀ ਅਤੇ ਅੱਜ ਫਿਰ ਕਹਿ ਰਿਹਾ ਹਾਂ ਕਿ ਉੱਤਰ ਪ੍ਰਦੇਸ਼ ਨੇ ਹਮੇਸ਼ਾਂ ਪ੍ਰਧਾਨ ਮੰਤਰੀ ਦਿੱਤਾ ਹੈ। ਸਾਨੂੰ ਖੁਸ਼ੀ ਹੋਵੇਗੀ ਜੇ ਉੱਤਰ ਪ੍ਰਦੇਸ਼ ਤੋਂ ਫਿਰ ਇੱਕ ਪ੍ਰਧਾਨ ਮੰਤਰੀ ਬਣੇ।"
ਅਖਿਲੇਸ਼ ਨੇ ਕਿਹਾ ਕਿ ਜੇ ਮਾਇਆਵਤੀ ਦੇ ਖਿਲਾਫ ਕੋਈ ਅਵਾਜ਼ ਉੱਠਦੀ ਹੈ ਤਾਂ ਇਹ ਪਹਿਲਾਂ ਉਨ੍ਹਾਂ ਦੀ ਬੇਇਜ਼ਤੀ ਹੋਵੇਗੀ।
ਵੋਟ ਬੈਂਕ ਕਿਸ ਦਾ ਵੱਡਾ
ਦਰਅਸਲ, ਸਮਾਜਵਾਦੀ ਪਾਰਟੀ ਅਤੇ ਬਹੁਜਨ ਪਾਰਟੀ ਦੇ ਇਕੱਠੇ ਚੋਣ ਮੈਦਾਨ ਵਿੱਚ ਆਉਣ ਨਾਲ ਭਾਜਪਾ ਦੀਆਂ ਉਮੀਦਾਂ ਨੂੰ ਨੁਕਸਾਨ ਪਹੁੰਚਣਾ ਤੈਅ ਹੈ, ਇਸ ਦਾ ਸਭ ਤੋਂ ਵੱਡਾ ਕਾਰਨ ਦੋਵੇਂ ਪਾਰਟੀਆਂ ਦਾ ਆਪਣਾ-ਆਪਣਾ ਵੋਟ ਬੈਂਕ ਹੈ।
ਇਸ ਦੇ ਨਾਲ ਇਕੱਠੇ ਆਉਣ 'ਤੇ ਸਿਆਸੀ ਤੌਰ 'ਤੇ ਉਹ ਵਿਨਿੰਗ ਕਾਂਬੀਨੇਸ਼ਨ (ਜੇਤੂ ਸੰਗਠਨ) ਬਣਾਉਂਦੇ ਹਨ।
2014 ਦੀਆਂ ਚੋਣਾਂ 'ਚ ਜਦੋਂ ਭਾਰਤੀ ਜਨਤਾ ਪਾਰਟੀ 73 ਸੀਟਾਂ 'ਤੇ ਜਿੱਤ ਹਾਸਿਲ ਕਰਨ ਵਿੱਚ ਸਫ਼ਲ ਰਹੀ ਸੀ, ਉਦੋਂ ਭਾਜਪਾ ਨੂੰ 42.6 ਫੀਸਦੀ ਵੋਟ ਮਿਲੇ ਸਨ।
ਉਸ ਵੇਲੇ ਸਮਾਜਵਾਦੀ ਪਾਰਟੀ ਨੂੰ 22.3 ਫੀਸਦੀ ਅਤੇ ਬਹੁਜਨ ਸਮਾਜ ਪਾਰਟੀ ਨੂੰ 20 ਫੀਸਦ ਦੇ ਕਰੀਬ ਵੋਟ ਮਿਲੇ ਸਨ।
ਉਥੇ ਹੀ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ 312 ਸੀਟਾਂ ਜਿੱਤਣ ਵਾਲੀ ਭਾਜਪਾ ਨੂੰ 39.7 ਫੀਸਦ ਵੋਟ ਮਿਲੇ ਸਨ।
ਜ਼ਾਹਿਰ ਹੈ ਸਮਾਜਵਾਦੀ ਪਾਰਟੀ ਅਤੇ ਬਹੁਜਨ ਸਮਾਜ ਪਾਰਟੀ ਦਾ ਆਪਣਾ ਵੋਟ ਬੈਂਕ ਮਿਲ ਕੇ ਭਾਜਪਾ ਦੇ ਮੁਕਾਬਲੇ 20 ਬੈਠਦਾ ਹੈ, ਇਸ ਤੋਂ ਇਲਾਵਾ ਦੋਵੇਂ ਪਾਰਟੀਆਂ ਆਪਣੇ ਕੈਡਰ ਵੋਟ ਦੇ ਸਿੱਧੇ ਟਰਾਂਸਫਰ ਦਾ ਦਾਅਵਾ ਕਰ ਰਹੀਆਂ ਹਨ।