You’re viewing a text-only version of this website that uses less data. View the main version of the website including all images and videos.
ਕੈਨੇਡਾ ਨੇ ਸਾਊਦੀ ਅਰਬ ਦੀ ਰਾਹਫ਼ ਅਲ-ਕਿਉਨੁਨ ਨੂੰ ਦਿੱਤੀ ਪਨਾਹ
ਬੈਂਕਾਕ ਹਵਾਈ ਅੱਡੇ ਉੱਤੇ ਕਈ ਦਿਨਾਂ ਤੱਕ ਫਸੀ ਰਹੀ ਸਾਊਦੀ ਅਰਬ ਤੋਂ ਆਪਣਾ ਘਰ ਛੱਡ ਕੇ ਭੱਜਣ ਵਾਲੀ ਕੁੜੀ ਰਾਹਫ਼ ਮੁਹੰਮਦ ਅਲ-ਕਿਉਨੁਨ ਹੁਣ ਕੈਨੇਡਾ ਪਹੁੰਚ ਗਈ ਹੈ, ਉੱਥੇ ਉਸ ਨੂੰ ਪਨਾਹ ਮਿਲ ਗਈ ਹੈ।
18 ਸਾਲਾ ਰਾਹਫ਼ ਬੈਂਕਾਕ ਰਾਹੀਂ ਆਸਟਰੇਲੀਆ ਜਾਣਾ ਚਾਹੁੰਦੀ ਸੀ, ਪਰ ਸ਼ੁਰੂਆਤ ਵਿੱਚ ਉਸ ਨੂੰ ਕੁਵੈਤ ਵਿੱਚ ਉਸਦੀ ਉਡੀਕ ਕਰ ਰਹੇ ਪਰਿਵਾਰ ਕੋਲ ਜਾਣ ਲਈ ਕਹਿ ਦਿੱਤਾ ਗਿਆ ਸੀ।
ਰਾਹਫ਼ ਨੇ ਵਾਪਸ ਜਾਣ ਤੋਂ ਇਨਕਾਰ ਕਰ ਦਿੱਤਾ ਸੀ ਅਤੇ ਆਪਣੇ ਆਪ ਨੂੰ ਏਅਰਪੋਰਟ ਦੇ ਹੋਟਲ ਦੇ ਕਮਰੇ ਵਿੱਚ ਬੰਦ ਕਰ ਲਿਆ ਸੀ, ਇਸ ਘਟਨਾ ਨੇ ਕੌਮਾਂਤਰੀ ਪੱਧਰ 'ਤੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਸੀ।
ਉਸ ਨੇ ਕਿਹਾ ਸੀ ਕਿ ਉਸ ਨੇ ਇਸਲਾਮ ਤਿਆਗ ਦਿੱਤਾ ਹੈ, ਜਿਸਦੀ ਸਾਊਦੀ ਅਰਬ ਵਿੱਚ ਮੌਤ ਦੀ ਸਜ਼ਾ ਹੈ।
ਕੈਨੇਡਾ ਦੇ ਵਿਦੇਸ਼ੀ ਮਾਮਲਿਆਂ ਦੇ ਮੰਤਰੀ ਕ੍ਰਿਸਟੀਆ ਫ੍ਰੀਲੈਂਡ ਨੇ ਇਸ ਕੁੜੀ ਨੂੰ ''ਬਹਾਦਰ ਅਤੇ ਨਵੀਂ ਕੈਨੇਡੀਅਨ'' ਦੱਸਿਆ ਅਤੇ ਕਿਹਾ ਕਿ ਲੰਬੀ ਯਾਤਰਾ ਕਾਰਨ ਕਿਉਨੁਨ ਥਕ ਗਈ ਹੈ ਅਤੇ ਫਿਲਹਾਲ ਕੋਈ ਬਿਆਨ ਨਹੀਂ ਦੇਵੇਗੀ।
ਉਨ੍ਹਾਂ ਕਿਹਾ, "ਉਹ ਬਹਾਦਰ ਲੜਕੀ ਹੈ ਅਤੇ ਉਸ ਨੂੰ ਉਸ ਦਾ ਨਵਾਂ ਘਰ ਮਿਲਣ ਜਾ ਰਿਹਾ ਹੈ।''
ਇਸ ਤੋਂ ਪਹਿਲਾ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਸੀ ਕਿ ਉਨ੍ਹਾਂ ਦੇ ਮੁਲਕ ਨੇ ਸੰਯੁਕਤ ਰਾਸ਼ਟਰ ਦੀ ਅਪੀਲ ਨੂੰ ਸਵੀਕਾਰ ਕਰ ਲਿਆ ਹੈ।
ਉਨ੍ਹਾਂ ਕਿਹਾ, ''ਕੈਨੇਡਾ ਹਮੇਸ਼ਾ ਬਿਨਾਂ ਕਿਸੇ ਸ਼ੱਕ ਔਰਤਾਂ ਅਤੇ ਮਨੁੱਖੀ ਹੱਕਾਂ ਦੇ ਪੱਖ ਵਿੱਚ ਰਿਹਾ ਹੈ।''
ਇਹ ਵੀ ਪੜ੍ਹੋ
ਰਾਹਫ਼ ਕੈਨੇਡਾ ਕਿਵੇਂ ਪਹੁੰਚੀ
ਉਹ ਸਿਓਲ ਤੋਂ ਕੋਰੀਅਨ ਏਅਰ ਦੀ ਫਲਾਈਟ ਰਾਹੀਂ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ਪਹੁੰਚੀ।
ਉਸ ਨੇ ਫਲਾਈਟ ਲੈਣ ਤੋਂ ਪਹਿਲਾਂ ਤਸਵੀਰਾਂ ਟਵੀਟ ਕੀਤੀਆਂ ਅਤੇ ਲਿਖਿਆ, ''ਮੈਂ ਕਰ ਦਿਖਾਇਆ!''
ਉਹ ਘਰੋਂ ਕਿਉਂ ਭੱਜੀ
ਕਿਉਨੁਨ ਨੇ ਥਾਈਲੈਂਡ ਆਉਣ ਮਗਰੋਂ ਬੀਬੀਸੀ ਨਾਲ ਵੀ ਗੱਲ ਕੀਤੀ ਸੀ ਅਤੇ ਦੱਸਿਆ ਸੀ, "ਮੈਂ ਆਪਣੀ ਕਹਾਣੀ ਅਤੇ ਤਸਵੀਰਾਂ ਸੋਸ਼ਲ ਮੀਡੀਆ 'ਤੇ ਸਾਂਝੀਆਂ ਕੀਤੀਆਂ ਹਨ। ਇਸੇ ਕਾਰਨ ਮੇਰੇ ਪਿਤਾ ਮੇਰੇ ਨਾਲ ਬਹੁਤ ਨਾਰਾਜ਼ ਹਨ। ਮੈਂ ਆਪਣੇ ਦੇਸ 'ਚ ਪੜ੍ਹਾਈ ਜਾਂ ਨੌਕਰੀ ਨਹੀਂ ਕਰ ਸਕਦੀ। ਮੈਂ ਆਜ਼ਾਦ ਹੋਣਾ ਚਾਹੁੰਦੀ ਹਾਂ, ਪੜ੍ਹਣਾ ਅਤੇ ਨੌਕਰੀ ਕਰਨਾ ਚਾਹੁੰਦੀ ਹਾਂ।"
ਖ਼ਬਰ ਏਜੰਸੀ ਏਐਫਪੀ ਨੂੰ ਉਸ ਨੇ ਦੱਸਿਆ ਸੀ ਕਿ ਉਸ ਦਾ ਪਰਿਵਾਰ ਉਸ 'ਤੇ ਮਾਨਸਿਕ ਅਤੇ ਸਰੀਰਕ ਤਸ਼ੱਦਦ ਢਾਹ ਰਿਹਾ ਸੀ ਅਤੇ ਉਸ ਨੂੰ ਆਪਣੇ ਵਾਲ ਵੱਢਣ ਕਾਰਨ ਛੇ ਮਹੀਨੇ ਤੱਕ ਇਕ ਕਮਰੇ ਵਿੱਚ ਬੰਦ ਰੱਖਿਆ ਗਿਆ।
ਉਸ ਦੇ ਪਰਿਵਾਰ ਦੇ ਇੱਕ ਬੁਲਾਰੇ ਨੇ ਬੀਬੀਸੀ ਨੂੰ ਦੱਸਿਆ ਕਿ ਉਹ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦੇ ਅਤੇ ਸਿਰਫ਼ ਰਾਹਫ਼ ਦੀ ਸੁਰੱਖਿਆ ਚਾਹੁੰਦੇ ਹਨ।
ਸੰਯੁਕਤ ਰਾਸ਼ਟਰ ਦੀ ਰਫਿਊਜ ਏਜੰਸੀ ਨੇ ਕੈਨੇਡਾ ਦੇ ਇਸ ਕਦਮ ਦੀ ਸਰਾਹਨਾ ਕੀਤੀ ਹੈ ਅਤੇ ਕਿਹਾ ਹੈ ਕਿ ਮਨੁੱਖੀ ਅਧਿਕਾਰਾਂ ਦੀਆਂ ਕਦਰਾਂ ਕੀਮਤਾਂ ਨੂੰ ਮੁੜ ਸਥਾਪਿਤ ਕੀਤਾ ਗਿਆ ਹੈ।
ਇਸ ਤੋਂ ਪਹਿਲਾਂ ਕੈਨੇਡਾ ਸਾਊਦੀ ਅਰਬ ਨੂੰ ਔਰਤਾਂ ਦੇ ਅਧਿਕਾਰਾਂ ਲਈ ਕੰਮ ਕਰਨ ਵਾਲੇ ਕਾਰਕੁਨਾਂ ਦੀ ਰਿਹਾਈ ਨੂੰ ਲੈ ਤੇ ਤਲਖੀ ਦਿਖਾ ਚੁੱਕਿਆ ਹੈ।
ਇਹ ਵੀ ਪੜ੍ਹੋ
ਬੈਂਕਾਕ ਕਿਵੇਂ ਪਹੁੰਚੀ?
ਉਹ ਆਪਣੇ ਪਰਿਵਾਰ ਨਾਲ ਕੁਵੈਤ ਦੀ ਯਾਤਰਾ 'ਤੇ ਸੀ ਅਤੇ ਅਚਾਨਕ ਥਾਈਲੈਂਡ ਦੀ ਰਾਜਧਾਨੀ ਲਈ ਫਲਾਈਟ ਫੜ੍ਹ ਲਈ ਅਤੇ ਦਲੀਲ ਦਿੱਤੀ ਕਿ ਉਸ ਕੋਲ ਆਸਟਰੇਲੀਆ ਦਾ ਵੀਜ਼ਾ ਹੈ ਅਤੇ ਉਹ ਉੱਥੇ ਜਾਣਾ ਚਾਹੁੰਦੀ ਹੈ।
ਪਰ ਉਸ ਨੇ ਕਿਹਾ ਕਿ ਬੈਂਕਾਕ ਪਹੁੰਦਿਆਂ ਹੀ ਸਾਊਦੀ ਦੇ ਅਧਿਕਾਰੀ ਨੇ ਉਸ ਦਾ ਪਾਸਪੋਰਟ ਲੈ ਲਿਆ, ਪਰ ਬੈਂਕਾਕ ਵਿੱਚ ਸਾਊਦੀ ਅਰਬ ਦੇ ਰਾਜਦੂਤ ਨੇ ਕਿਹਾ ਸਾਊਦੀ ਦਾ ਕਿਉਨੁਨ ਨੂੰ ਹਿਰਾਸਤ ਵਿੱਚ ਲੈਣ ਦੇ ਮਾਮਲੇ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।
ਬਾਅਦ ਵਿੱਚ ਕਿਉਨੁਨ ਦਾ ਪਾਸਪੋਰਟ ਵਾਪਸ ਕਰ ਦਿੱਤਾ ਗਿਆ ਸੀ। ਥਾਈਲੈਂਡ ਦੇ ਅਧਿਕਾਰੀਆਂ ਨੇ ਸ਼ੁਰੂਆਤ ਵਿੱਚ ਇਸ ਮਾਮਲੇ ਨੂੰ "ਪਰਿਵਾਰਕ ਵਿਵਾਦ" ਦੱਸਿਆ ਸੀ ਅਤੇ ਕਿਹਾ ਸੀ ਕਿ ਕਿਉਨੁਨ ਨੂੰ ਵਾਪਸ ਕੁਵੈਤ ਭੇਜ ਦਿੱਤਾ ਜਾਵੇਗਾ।
ਹਾਲਾਂਕਿ ਕਿਉਨੁਨ ਨੇ ਏਅਰਪੋਰਟ ਸਥਿਤ ਹੋਟਲ ਦੇ ਕਮਰੇ ਵਿੱਚੋਂ ਹੀ ਮਦਦ ਲ਼ਈ ਕਈ ਟਵੀਟ ਕੀਤੇ ਅਤੇ ਉਸ ਦਾ ਮਾਮਲਾ ਪੱਤਰਕਾਰਾਂ ਅਤੇ ਮਨੁੱਖੀ ਅਧਿਕਾਰ ਜਥੇਬੰਦੀਆਂ ਵੱਲੋਂ ਚੁੱਕਿਆ ਗਿਆ।
ਤੁਹਾਨੂੰ ਇਹ ਵੀਡੀਓ ਵੀ ਪਸੰਦ ਆ ਸਕਦੇ ਹਨ: