ਸਾਊਦੀ ਅਰਬ 'ਚ ਅੱਧੀ ਰਾਤ ਨੂੰ ਔਰਤਾਂ ਨੇ ਸੜਕਾਂ 'ਤੇ ਦੌੜਾਈ ਗੱਡੀ

ਦਹਾਕਿਆਂ ਤੋਂ ਲੱਗੀ ਰੋਕ ਤੋਂ ਬਾਅਦ ਸਾਊਦੀ ਅਰਬ ਦੀਆਂ ਔਰਤਾਂ ਹੁਣ ਰਸਮੀ ਤੌਰ 'ਤੇ ਆਪਣੇ ਮੁਲਕ ਵਿੱਚ ਗੱਡੀ ਚਲਾ ਸਕਣਗੀਆਂ।

ਇਹ ਪਾਬੰਦੀ ਹਟਾਉਣ ਦਾ ਐਲਾਨ ਪਿਛਲੇ ਸਾਲ ਸਤੰਬਰ ਵਿੱਚ ਹੋਇਆ ਸੀ ਅਤੇ ਸਾਊਦੀ ਅਰਬ ਨੇ ਇਸ ਮਹੀਨੇ ਔਰਤਾਂ ਨੂੰ ਲਾਈਸੈਂਸ ਵੰਡੇ।

ਦੁਨੀਆਂ ਵਿੱਚ ਸਾਊਦੀ ਅਰਬ ਹੀ ਇਕੱਲਾ ਦੇਸ ਰਹਿ ਗਿਆ ਸੀ ਜਿੱਥੇ ਔਰਤਾਂ ਨੂੰ ਡਰਾਈਵ ਕਰਨ ਦੀ ਇਜਾਜ਼ਤ ਨਹੀਂ ਸੀ ਅਤੇ ਮਹਿਲਾ ਆਪਣੇ ਰਿਸ਼ਤੇਦਾਰਾਂ ਨਾਲ ਗੱਡੀ ਵਿੱਚ ਸਫਰ ਕਰ ਸਕਦੀ ਸੀ।

ਹਾਲਾਂਕਿ ਇਹ ਫੈਸਲਾ ਉਦੋਂ ਆਇਆ ਹੈ ਜਦੋਂ ਗੱਡੀ ਚਲਾਉਣ ਦੇ ਅਧਿਕਾਰ ਲਈ ਮੁਹਿੰਮ ਚਲਾਉਣ ਵਾਲੀਆਂ ਮਹਿਲਾ ਕਾਰਕੁੰਨਾ ਖ਼ਿਲਾਫ਼ ਕਾਨੂੰਨੀ ਕਾਰਵਾਈਆਂ ਹੋ ਰਹੀਆਂ ਹਨ।

ਮਨੁੱਖੀ ਅਧਿਕਾਰਾਂ ਦੀ ਸੰਸਥਾ ਅਮੈਨਸਿਟੀ ਇੰਟਰਨੈਸ਼ਨਲ ਮੁਤਾਬਕ 8 ਮਹਿਲਾ ਕਾਰਕੁੰਨਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ ਅਤੇ ਉਨ੍ਹਾਂ ਨੂੰ ਕਾਉਂਟਰ-ਟੈਰੇਰਿਜ਼ਮ ਕੋਰਟ ਵਿੱਚ ਪੇਸ਼ ਹੋਣਾ ਪੈ ਸਕਦਾ ਹੈ। ਇੰਨ੍ਹਾਂ ਨੂੰ ਕਈ ਸਾਲ ਜੇਲ੍ਹ ਦੀ ਸਜ਼ਾ ਵੀ ਹੋ ਸਕਦੀ ਹੈ।

ਪਹਿਲਾਂ ਵੀ ਹੋਈ ਔਰਤਾਂ ਦੀ ਗ੍ਰਿਫ਼ਾਤਾਰੀ

1990 ਵਿੱਚ ਰਿਆਧ ਵਿੱਚ ਦਰਜਨਾਂ ਔਰਤਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਸਾਊਦੀ ਅਰਬ ਵਿੱਚ ਔਰਤਾਂ ਨੇ ਕਾਰ ਵਿੱਚ ਬੈਠ ਕੇ 2008, 2011 ਅਤੇ 2014 ਵਿੱਚ ਵੀਡੀਓਜ਼ ਪੋਸਟ ਕਰਨੀਆਂ ਸ਼ੁਰੂ ਕੀਤੀਆਂ।

ਹਜ਼ਾਰਾਂ ਔਰਤਾਂ ਹੁਣ ਜਲਦੀ ਹੀ ਸੜਕਾਂ 'ਤੇ ਗੱਡੀ ਦੌੜਾਂਦੀਆਂ ਨਜ਼ਰ ਆ ਸਕਦੀਆਂ ਹਨ।

ਸਾਊਦੀ ਟੀਵੀ ਦੀ ਐਂਕਰ ਸਾਬਿਕਾ ਨੇ ਏਐੱਫ਼ਪੀ ਨਿਊਜ਼ ਏਜੰਸੀ ਨੂੰ ਦੱਸਿਆ, "ਇਹ ਹਰ ਸਾਊਦੀ ਔਰਤ ਲਈ ਇਤਿਹਾਸਕ ਪਲ ਹੈ।"

ਉਨ੍ਹਾਂ ਕਿਹਾ ਕਿ ਪਾਬੰਦੀ ਹਟਣ ਤੋਂ ਕੁਝ ਪਲਾਂ ਬਾਅਦ ਹੀ ਉਹ ਅੱਧੀ ਰਾਤ ਨੂੰ ਗੱਡੀ ਚਲਾ ਰਹੀ ਸੀ।

ਸਾਊਦੀ ਅਰਬ ਦੀਆਂ ਔਰਤਾਂ ਹੁਣ ਗੱਡੀ ਤਾਂ ਚਲਾ ਸਕਣਗੀਆਂ ਪਰ ਪੰਜ ਹੋਰ ਅਜਿਹੀਆਂ ਚੀਜ਼ਾਂ ਹਨ ਜਿਹੜੀਆਂ ਉਹ ਨਹੀਂ ਕਰ ਸਕਣਗੀਆਂ।

1. ਬੈਂਕ ਖਾਤੇ ਲਈ ਇਜਾਜ਼ਤ

ਸਾਊਦੀ ਅਰਬ ਵਿੱਚ ਔਰਤਾਂ ਮਰਦ ਦੀ ਇਜਾਜ਼ਤ ਤੋਂ ਬਿਨਾਂ ਬੈਂਕ ਖਾਤਾ ਨਹੀਂ ਖੁੱਲ੍ਹਵਾ ਸਕਦੀਆਂ।

ਇਸਦਾ ਕਾਰਨ ਹੈ ਸਾਊਦੀ ਅਰਬ ਦਾ ਗਾਰਡੀਅਨਸ਼ਿਪ ਸਿਸਟਮ।

ਜਦੋਂ ਤੋਂ ਇਹ ਸਿਸਟਮ ਬਣਿਆ ਹੈ, ਇਹ ਦੇਸ ਵਾਹਾਬੀ ਨਾਲ ਜੁੜਿਆ ਹੋਇਆ ਹੈ ਜੋ ਇਸਲਾਮ ਦੀ ਬਹੁਤ ਸਖ਼ਤ ਬ੍ਰਾਂਚ ਹੈ।

ਵਾਹਾਬੀ ਮੁਤਾਬਕ ਹਰ ਔਰਤ ਦੇ ਫ਼ੈਸਲਿਆ ਲਈ ਇੱਕ ਪੁਰਸ਼ (ਮੇਲ ਗਾਰਡੀਅਨ) ਹੋਣਾ ਚਾਹੀਦਾ ਹੈ ਜਿਹੜਾ ਕਿ ਉਸ ਲਈ ਫ਼ੈਸਲਾ ਲਵੇ।

ਇਸ ਗਾਰਡੀਅਨਸ਼ਿਪ ਸਿਸਟਮ ਦਾ ਸਖ਼ਤ ਵਿਰੋਧ ਵੀ ਕੀਤਾ ਗਿਆ ਸੀ। 'ਹਿਊਮਨ ਰਾਈਟਸ ਵਾਚ' ਸੰਸਥਾ ਵੱਲੋਂ ਇਸ ਦੀ ਸਖ਼ਤ ਨਿਖੇਧੀ ਕੀਤੀ ਗਈ ਸੀ।

ਉਨ੍ਹਾਂ ਦਾ ਕਹਿਣਾ ਸੀ ਕਿ ਇਸ ਤਰ੍ਹਾਂ ਔਰਤਾਂ ਆਪਣੇ ਲਈ ਕੋਈ ਵੀ ਫ਼ੈਸਲਾ ਨਹੀਂ ਲੈ ਸਕਣਗੀਆਂ।

2. ਪਾਸਪੋਰਟ ਹਾਸਲ ਕਰਨ ਲਈ

ਗਾਰਡੀਅਨਸ਼ਿਪ ਸਿਸਟਮ ਦੀ ਇਹ ਇੱਕ ਹੋਰ ਉਦਹਾਰਣ ਹੈ।

ਸਾਊਦੀ ਅਰਬ ਦੀਆਂ ਔਰਤਾਂ ਨੂੰ ਪਾਸਪੋਰਟ ਹਾਸਲ ਕਰਨ ਜਾਂ ਫੇਰ ਦੇਸ ਛੱਡਣ ਲਈ ਮਰਦਾਂ ਦੀ ਇਜਾਜ਼ਤ ਲੈਣੀ ਜ਼ਰੂਰੀ ਹੈ।

ਇਸ ਸਿਸਟਮ ਤਹਿਤ ਕਈ ਹੋਰ ਚੀਜ਼ਾਂ ਵੀ ਹਨ ਜਿਨ੍ਹਾਂ ਲਈ ਮਰਦਾਂ ਦੀ ਮਨਜ਼ੂਰੀ ਮਿਲਣੀ ਜ਼ਰੂਰੀ ਹੈ ਜਿਵੇਂ ਕੰਮ ਕਰਨਾ, ਪੜ੍ਹਾਈ ਜਾਂ ਫਿਰ ਸਿਹਤ ਸਹੂਲਤਾਂ।

ਗਾਰਡੀਅਨ ਔਰਤ ਦਾ ਪਿਤਾ, ਭਰਾ ਜਾਂ ਕੋਈ ਪੁਰਸ਼ ਰਿਸ਼ਤੇਦਾਰ ਹੋ ਸਕਦਾ ਹੈ। ਜੇਕਰ ਔਰਤ ਵਿਧਵਾ ਹੈ ਤਾਂ ਪੁੱਤਰ ਵੀ ਹੋ ਸਕਦਾ ਹੈ।

3. ਵਿਆਹ ਜਾਂ ਤਲਾਕ ਲਈ

ਵਿਆਹ ਜਾਂ ਤਲਾਕ ਲਈ ਵੀ ਪੁਰਸ਼ ਗਾਰਡੀਅਨ ਦੀ ਇਜਾਜ਼ਤ ਲੈਣੀ ਜ਼ਰੂਰੀ ਹੈ।

ਇਸ ਤੋਂ ਇਲਾਵਾ ਤਲਾਕ ਤੋਂ ਬਾਅਦ ਬੱਚੇ ਨੂੰ ਖ਼ੁਦ ਦੇ ਕੋਲ ਰੱਖਣਾ ਹੋਰ ਵੀ ਔਖਾ ਹੋ ਜਾਂਦਾ ਹੈ ਜੇਕਰ ਬੱਚਾ (ਮੁੰਡਾ) 7 ਸਾਲ ਅਤੇ (ਕੁੜੀ) 9 ਸਾਲ ਤੋਂ ਵੱਡੀ ਹੋਵੇ।

ਔਰਤਾਂ ਆਪਣੇ ਪੁਰਸ਼ ਰਿਸ਼ਤੇਦਾਰਾਂ ਦੀ ਸਦਭਾਵਨਾਂ 'ਤੇ ਨਿਰਭਰ ਹਨ।

ਗਾਰਡੀਅਨ ਕਿਸੇ ਵੀ ਚੀਜ਼ ਦੀ ਇਜਾਜ਼ਤ ਦੇਣ ਤੋਂ ਨਾਂਹ ਕਰ ਸਕਦੇ ਹਨ।

4. ਪੁਰਸ਼ ਹੱਥੋਂ ਕੌਫ਼ੀ ਲੈਣ ਲਈ

ਸਾਰੇ ਰੈਸਟੋਰੈਂਟਾਂ ਵਿੱਚ ਔਰਤਾਂ ਅਤੇ ਮਰਦਾਂ ਨੂੰ ਦੋ ਹਿੱਸਿਆਂ ਵਿੱਚ ਚੀਜ਼ ਸਰਵ ਕੀਤੀ ਜਾਂਦੀ ਹੈ।

ਪੁਰਸ਼ ਵੱਖਰੀ ਥਾਂ 'ਤੇ ਬੈਠਦੇ ਹਨ ਅਤੇ ਔਰਤਾਂ ਪਰਿਵਾਰਕ ਖੇਤਰ ਵਿੱਚ ਬੈਠਦੀਆਂ ਹਨ।

5. ਪਹਿਰਾਵੇ ਲਈ

ਜਨਤਕ ਥਾਵਾਂ 'ਤੇ ਤੁਹਾਨੂੰ ਚਿਹਰਾ ਢਕਣ ਦੀ ਲੋੜ ਨਹੀਂ ਪਰ ਤੁਸੀਂ ਸਿਰ ਤੋਂ ਲੈ ਕੇ ਪੈਰਾਂ ਤੱਕ ਢੱਕੇ ਹੋਣੇ ਚਾਹੀਦੇ ਹੋ।

ਆਮ ਤੌਰ 'ਤੇ ਪੂਰੀ ਲੰਬਾਈ ਵਾਲਾ ਖੁੱਲ੍ਹਾ ਬੁਰਕਾ ਹੁੰਦਾ ਹੈ।

ਜਿਹੜੀਆਂ ਔਰਤਾਂ ਇਨ੍ਹਾਂ ਨਿਯਮਾਂ ਨੂੰ ਨਹੀਂ ਮੰਨਦੀਆਂ ਉਨ੍ਹਾਂ ਨੂੰ ਉੱਥੋਂ ਦੀ ਪੁਲਿਸ ਵੱਲੋਂ ਸਜ਼ਾ ਦਿੱਤੀ ਜਾਂਦੀ ਹੈ।

ਸਿਰਫ਼ ਕੁਝ ਹੀ ਥਾਵਾਂ ਹਨ ਜਿਵੇਂ ਸ਼ੌਪਿੰਗ ਸੈਂਟਰਜ਼ ਦੇ ਕਈ ਫਲੌਰ ਹਨ ਜਿੱਥੇ ਉਹ ਆਪਣਾ ਬੁਰਕਾ ਉਤਾਰ ਸਕਦੀਆਂ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)