ਪਾਕਿਸਤਾਨ ਵਿੱਚ ਕਿਉਂ ਲਗ ਰਹੇ ਹਨ ਸਾਅਦਤ ਹਸਨ ਮੰਟੋ ਨੂੰ 'ਆਜ਼ਾਦ ਕਰਨ' ਦੇ ਨਾਅਰੇ

ਮਰਹੂਮ ਉਰਦੂ ਸ਼ਾਇਰ 'ਮੰਟੋ' ਦੀ ਕਹਾਣੀਆਂ ਅਤੇ ਨਿਜੀ ਜ਼ਿੰਦਗੀ 'ਤੇ ਬਣੀ ਬਾਲੀਵੁੱਡ ਫਿਲਮ 'ਤੇ ਬੈਨ ਨੂੰ ਲੈ ਕੇ ਪਾਕਿਸਤਾਨ ਦੇ ਵੱਖ-ਵੱਖ ਸ਼ਹਿਰਾਂ ਵਿੱਚ ਪ੍ਰਦਰਸ਼ਨ ਕੀਤੇ ਗਏ। ਪ੍ਰਦਰਸ਼ਨ ਕਰ ਰਹੇ ਲੋਕਾਂ ਨੇ 'ਮੰਟੋ ਨੂੰ ਆਜ਼ਾਦ ਕਰੋ' ਦੇ ਨਾਅਰੇ ਲਗਾਏ।

ਲਾਹੌਰ, ਪੇਸ਼ਾਵਰ ਅਤੇ ਮੁਲਤਾਨ ਵਿੱਚ ਪੱਤਰਕਾਰਾਂ ਤੇ ਕਲਾਕਾਰਾਂ ਨੇ ਪ੍ਰਦਰਸ਼ਨ ਕੀਤਾ ਅਤੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਅਪੀਲ ਕੀਤੀ ਕਿ ਫਿਲਮ 'ਤੇ ਬੈਨ ਹਟਾਇਆ ਜਾਏ।

ਪ੍ਰਦਰਸ਼ਨ ਵਿੱਚ ਉਰਦੂ ਦੇ ਅਜ਼ੀਮ ਸ਼ਾਇਰ ਫੈਜ਼ ਅਹਿਮਦ ਫੈਜ਼ ਦੀ ਧੀ ਸਲੀਮਾ ਹਾਸ਼ਮੀ ਵੀ ਮੌਜੂਦ ਸੀ।

ਉਨ੍ਹਾਂ ਕਿਹਾ, ''ਮੇਰੇ ਪਿਤਾ ਫੈਜ਼ ਨੂੰ ਮੰਟੋ ਜੇਲ੍ਹ ਵਿੱਚ ਮਿਲਣ ਲਈ ਆਏ ਸਨ, ਦੋਵੇਂ ਚੰਗੇ ਦੋਸਤ ਸਨ। ਇੱਕ ਦੋਸਤ ਤਾਂ ਚਲਾ ਗਿਆ, ਹੁਣ ਦੂਜੇ ਤੋਂ ਵੀ ਸਾਡੇ ਤੋਂ ਦੂਰ ਕਰ ਰਹੇ ਹਨ।''

''ਇਹ ਕਿੱਥੇ ਦੀ ਆਜ਼ਾਦੀ ਹੈ, ਪਾਬੰਦੀ ਨਾਲ ਮੇਰਾ ਸਿਰ ਸ਼ਰਮ ਨਾਲ ਝੁਕ ਜਾਂਦਾ ਹੈ।''

ਪ੍ਰਦਰਸ਼ਨ ਕਰ ਰਹੇ ਹੋਰ ਲੋਕਾਂ ਦਾ ਕਹਿਣਾ ਸੀ ਕਿ ਪਾਕਿਸਤਾਨ ਵਿੱਚ ਜਿਨਸੀ ਦਹਿਸ਼ਤਗਰਦੀ ਨੂੰ ਨਹੀਂ ਰੋਕਿਆ ਜਾ ਰਿਹਾ ਪਰ ਅਜਿਹੀ ਫਿਲਮਾਂ 'ਤੇ ਰੋਕ ਲਗਾਈ ਜਾ ਰਹੀ ਹੈ।

ਉਨ੍ਹਾਂ ਕਿਹਾ ਕਿ ਇਸ ਦਾ ਮਤਲਬ ਹੈ ਕਿ ਸਾਡਾ ਸਮਾਜ ਬਦਲਿਆ ਹੀ ਨਹੀਂ, ਪਹਿਲਾਂ ਵੀ ਮੰਟੋ 'ਤੇ ਪਾਬੰਦੀ ਸੀ ਅਤੇ ਅੱਜ ਵੀ ਹੈ।

ਪੱਤਰਕਾਰ ਅਤੇ ਲੇਖਕ ਸਈਦ ਅਹਿਮਦ ਨੇ ਆਨਲਾਈਨ ਪਟੀਸ਼ਨ ਦਾਇਰ ਕੀਤੀ ਸੀ ਜਿਸ ਤੋਂ ਬਾਅਦ ਇਹ ਲੋਕ ਸੜਕਾਂ 'ਤੇ ਸ਼ਾਂਤੀ ਨਾਲ ਪ੍ਰਦਰਸ਼ਨ ਕਰਨ ਲਈ ਇਕੱਠਾ ਹੋਏ।

ਫਿਲਮ ਦੀ ਨਿਰਦੇਸ਼ਕ ਨੰਦਿਤਾ ਦਾਸ ਨੇ ਖ਼ਾਸ ਤੌਰ 'ਤੇ ਟਵੀਟ ਕਰਕੇ ਇਨ੍ਹਾਂ ਲੋਕਾਂ ਦਾ ਧੰਨਵਾਦ ਕੀਤਾ।

ਉਨ੍ਹਾਂ ਲਿਖਿਆ, ''ਬਾਰਡਰ ਪਾਰ ਵੀ ਲੋਕ ਬੋਲਣ ਦੀ ਆਜ਼ਾਦੀ ਚਾਹੁੰਦੇ ਹਨ, ਮੰਟੋ ਲਈ ਕੰਮ ਕਰਨ ਵਾਲੇ ਹਰ ਪਾਕਿਸਤਾਨੀ ਨੂੰ ਦਿਲੋਂ ਧੰਨਵਾਦ।''

ਇਹ ਫਿਲਮ ਕੁਝ ਸਮਾਂ ਪਹਿਆਂ ਭਾਰਤ ਵਿੱਚ ਰਿਲੀਜ਼ ਹੋਈ ਸੀ। ਅਦਾਕਾਰ ਨਵਾਜ਼ੁਦੀਨ ਸਿੱਦਿਕੀ ਮੰਟੋ ਦੇ ਕਿਰਦਾਰ ਵਿੱਚ ਨਜ਼ਰ ਆ ਰਹੇ ਹਨ।

ਇਹ ਵੀ ਪੜ੍ਹੋ:

ਸਾਦਤ ਹਸਨ ਮੰਟੋ ਆਪਣੇ ਸਮੇਂ ਦੇ ਕ੍ਰਾਂਤਿਕਾਰੀ ਪਾਕਿਸਤਾਨੀ ਲੇਖਕ ਰਹੇ ਹਨ ਜਿਨ੍ਹਾਂ ਦਾ ਜਨਮ ਲੁਧਿਆਣਾ ਵਿੱਚ ਹੋਇਆ ਸੀ।

ਉਨ੍ਹਾਂ ਨੇ ਆਪਣੀਆਂ ਕਹਾਣੀਆਂ ਵਿੱਚ ਸਮਾਜ ਦਾ ਕੌੜਾ ਸੱਚ ਦਰਸਾਇਆ ਜਿਸ ਲਈ ਉਨ੍ਹਾਂ ਦੀ ਕਾਫੀ ਨਿੰਦਾ ਵੀ ਹੁੰਦਾ ਸੀ।

ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)