You’re viewing a text-only version of this website that uses less data. View the main version of the website including all images and videos.
ਪੈਸਿਆਂ ਦੀ ਉਡੀਕ 'ਚ 'ਕਰੋੜਪਤਨੀ'
- ਲੇਖਕ, ਗੁਰਪ੍ਰੀਤ ਚਾਵਲਾ
- ਰੋਲ, ਗੁਰਦਾਸਪੁਰ ਤੋਂ ਬੀਬੀਸੀ ਪੰਜਾਬੀ ਲਈ
ਜ਼ਿਲ੍ਹਾ ਗੁਰਦਾਸਪੁਰ ਦੇ ਕਸਬੇ ਦੀਨਾਨਗਰ ਦੇ ਨਜ਼ਦੀਕ ਪਿੰਡ ਚੁੜ ਚੱਕ ਦੇ ਮੋਹਨ ਲਾਲ ਦੀ ਬੀਤੇ ਸਾਲ ਨਵੰਬਰ ਵਿੱਚ ਡੇਢ ਕਰੋੜ ਦੀ ਲਾਟਰੀ ਨਿਕਲੀ ਪਰ ਕਾਗਜ਼ੀ ਕਾਰਵਾਈ ਕਾਰਨ ਇਨਾਮੀ ਰਾਸ਼ੀ ਅਜੇ ਨਹੀਂ ਮਿਲੀ ਹੈ।
ਮੋਹਨ ਲਾਲ ਲੋਹੇ ਦੀਆਂ ਅਲਮਾਰੀਆਂ ਬਣਾਉਂਦਾ ਹੈ। ਪੰਜਾਬ ਸਰਕਾਰ ਦੇ ਦੀਵਾਲੀ ਬੰਪਰ 2018 ਦੇ ਪਹਿਲੇ ਇਨਾਮ ਦਾ ਜੇਤੂ ਮੋਹਨ ਲਾਲ ਸੀ। 14 ਨਵੰਬਰ 2018 ਨੂੰ ਇਸ ਬੰਪਰ ਦਾ ਡਰਾਅ ਨਿਕਲਿਆ ਤਾ ਮੋਹਨ ਲਾਲ ਆਖਦਾ ਹੈ ਕਿ ਉਸ 'ਤੇ ਪ੍ਰਮਾਤਮਾ ਦੀ ਕਿਰਪਾ ਹੋਈ ਹੈ।
ਮੋਹਨ ਲਾਲ ਪਿਛਲੇ ਕਰੀਬ 12 ਸਾਲ ਤੋਂ ਲਗਾਤਾਰ ਪੰਜਾਬ ਸਰਕਾਰ ਦੀਆਂ ਬੰਪਰ ਲਾਟਰੀਆਂ ਖਰੀਦਦਾ ਸੀ ਅਤੇ ਹਰ ਸਾਲ ਇਹ ਆਸ ਹੁੰਦੀ ਸੀ ਕਿ ਕਿਤੇ ਕਿਸਮਤ ਬਦਲ ਜਾਵੇ।
ਅਖੀਰ ਉਹ ਸੱਚ ਹੋਇਆ ਜਦੋਂ ਮੋਹਨ ਲਾਲ ਨੇ ਗੁਰਦਸਪੁਰ ਬੇਦੀ ਲਾਟਰੀ ਸਟਾਲ ਤੋਂ 2 ਵੱਖ-ਵੱਖ ਨੰਬਰਾਂ ਦੀਆਂ ਟਿਕਟਾਂ ਖਰੀਦੀਆਂ ਅਤੇ ਉਹਨਾਂ 'ਚੋਂ ਇੱਕ ਟਿਕਟ ਨੰਬਰ ਦਾ ਪਹਿਲਾਂ ਇਨਾਮ ਨਿਕਲਿਆ ਜੋ ਡੇਢ ਕਰੋੜ ਸੀ। ਪਰ ਮੋਹਨ ਲਾਲ ਅੱਜ ਵੀ ਆਪਣੇ ਨਿਕਲੇ ਇਨਾਮ ਦੀ ਰਾਸ਼ੀ ਉਡੀਕ 'ਚ ਹੈ।
ਮੋਹਨ ਲਾਲ ਨੇ ਆਪਣੇ ਬਾਰੇ ਦੱਸਦੇ ਹੋਏ ਕਿਹਾ, "ਮੈਂ ਮਿਹਨਤ ਮਜ਼ਦੂਰੀ ਕਰਦਾ ਹਾਂ ਅਤੇ ਲੋਹੇ ਦੀਆਂ ਅਲਮਾਰੀਆਂ ਬਣਾਉਣਾ ਹਾਂ। ਕਈ ਸਾਲ ਪਹਿਲਾਂ ਕੰਮ ਠੀਕ ਸੀ ਪਰ ਹੁਣ ਕੰਮ ਦੇ ਹਾਲਾਤ ਕੁਝ ਚੰਗੇ ਨਹੀਂ ਹਨ।''
"ਕਦੇ ਦੁਕਾਨਾਂ 'ਤੇ ਕੰਮ ਮਿਲ ਜਾਂਦਾ ਹੈ ਅਤੇ ਕਦੇ-ਕਦੇ ਦਿਹਾੜੀ ਲਾਉਣੀ ਪੈਂਦੀ ਹੈ ਅਤੇ ਮਹੀਨਾ ਭਰ ਮਿਹਨਤ ਕਰ ਮਹਿਜ 10 ਤੋਂ 12 ਹਜ਼ਾਰ ਰੁਪਏ ਹੀ ਜੁੜਦੇ ਹਨ।''
ਕਿਉਂ ਨਹੀਂ ਮਿਲੀ ਰਕਮ?
ਗੁਰਦਸਪੁਰ ਦੇ ਪੁਰਾਣੇ ਸਿਵਲ ਹਸਪਤਾਲ ਦੇ ਨਜਦੀਕ ਛੋਟੀ ਜਿਹੀ ਦੁਕਾਨ 'ਬੇਦੀ ਲਾਟਰੀ ਸਟਾਲ' 'ਤੇ ਦੀਵਾਲੀ ਬੰਪਰ 2018 ਦੇ ਪਹਿਲੇ ਇਨਾਮ ਦੇ ਜੇਤੂ ਮੋਹਨ ਲਾਲ ਦੀਆ ਤਸਵੀਰਾਂ ਸੱਜੀਆਂ ਹੋਈਆਂ ਹਨ।
ਦਿਲਚਸਪ ਗੱਲ ਤਾਂ ਇਹ ਹੈ ਕਿ ਲਾਟਰੀ ਵੇਚਣ ਵਾਲੇ ਦਾ ਨਾਂ ਵੀ ਮੋਹਨ ਲਾਲ ਹੈ।
ਇਹ ਵੀ ਪੜ੍ਹੋ:
ਇਨਾਮੀ ਰਾਸ਼ੀ ਮਿਲਣ 'ਚ ਦੇਰੀ ਬਾਰੇ ਟਿਕਟ ਵੇਚਣ ਵਾਲੇ ਲਾਟਰੀ ਸਟਾਲ ਮਾਲਕ ਮੋਹਨ ਲਾਲ ਨੇ ਕਿਹਾ, "ਲਾਟਰੀ ਦੀ ਟਿਕਟ ਜਮਾ ਹੋ ਚੁਕੀ ਹੈ ਅਤੇ ਸਰਕਾਰ ਵੱਲੋਂ ਰਕਮ ਦੇਣ ਦਾ ਸਮਾਂ 90 ਦਿਨ ਦਾ ਹੁੰਦਾ ਹੈ। ਲੇਕਿਨ ਇਸ ਮਾਮਲੇ 'ਚ ਵੱਧ ਸਮਾਂ ਲੱਗ ਰਿਹਾ ਹੈ।''
"ਇਨਾਮ ਜੇਤੂ ਮੋਹਨ ਲਾਲ ਕੋਲ ਪੈਨ ਕਾਰਡ ਨਹੀਂ ਸੀ। ਪੈਨ ਕਾਰਡ ਦੇਰੀ ਨਾਲ ਬਣਿਆ ਅਤੇ ਦੇਰੀ ਨਾਲ ਹੀ ਵਿਭਾਗ ਕੋਲ ਜਮਾਂ ਹੋਇਆ ਹੈ ਇਸ ਲਈ ਇਹ ਇਨਾਮ ਦੀ ਰਾਸ਼ੀ ਮਿਲਣ 'ਚ ਦੇਰੀ ਹੋ ਰਹੀ ਹੈ।''
'ਸਾਰੇ ਕਹਿੰਦੇ ਕਰੋੜਪਤਨੀ ਆ ਗਈ'
ਮੋਹਨ ਲਾਲ ਦੀ ਪਤਨੀ ਸੁਨੀਤਾ ਦੇਵੀ ਆਖਦੀ ਹੈ ਕਿ ਜਿਵੇਂ ਹੀ ਉਹਨਾਂ ਨੂੰ ਪਤਾ ਚੱਲਿਆ ਕਿ ਉਹਨਾਂ ਦਾ ਪਹਿਲਾ ਇਨਾਮ ਨਿਕਲਿਆ ਹੈ ਤਾਂ ਦਿਲ ਨੂੰ ਖੁਸ਼ੀ ਮਿਲੀ ,ਚਾਅ ਚੜ ਗਏ ਕਿ ਮਾਲਿਕ ਨੇ ਕਿਰਪਾ ਕਰ ਦਿੱਤੀ ਹੈ।
ਸੁਨੀਤਾ ਕਹਿੰਦੀ ਹੈ ਕਿ ਉਹ ਜਿੱਥੇ ਵੀ ਜਾਵੇ, ਸਾਰੇ ਉਸ ਨੂੰ ਕਰੋੜਪਤਨੀ ਆਖਦੇ ਹਨ।
ਇਸਦੇ ਨਾਲ ਹੀ ਸੁਨੀਤਾ ਉਮੀਦ ਕਰਦੀ ਹੈ ਕਿ ਜਲਦ ਉਹਨਾਂ ਨੂੰ ਇਨਾਮ ਰਾਸ਼ੀ ਮਿਲੇ ਤਾ ਜੋ ਘਰ ਦੇ ਹਾਲਾਤ ਸੁਧਰ ਸਕਣ।
ਸੁਨੀਤਾ ਨੇ ਦੱਸਿਆ, "ਪੈਸੇ ਆਉਣ ਤਾਂ ਸਭ ਤੋਂ ਪਹਿਲਾਂ ਨਵਾਂ ਘਰ ਬਣਾਵਾਂਗੇ।''
ਇਹ ਵੀ ਪੜ੍ਹੋ:
ਸੁਨੀਤਾ ਅਤੇ ਮੋਹਨ ਲਾਲ ਦੀਆਂ ਦੋ ਧੀਆਂ ਹਨ, ਇੱਕ ਦੀ ਉਮਰ 11 ਸਾਲ ਹੈ ਅਤੇ ਦੂਜੀ ਬੇਟੀ ਦੀ ਉਮਰ 5 ਸਾਲ ਹੈ। ਉਹ ਦੋਵੇਂ ਧੀਆਂ ਦਾ ਭਵਿੱਖ ਮਿਲਣ ਵਾਲੇ ਪੈਸਿਆਂ ਨਾਲ ਸੁਰੱਖਿਅਤ ਕਰਨਾ ਚਾਹੁੰਦੇ ਹਨ।
ਮੋਹਨ ਲਾਲ ਦੀ ਉਡੀਕ ਹੈ ਕਿ ਪੈਸੇ ਮਿਲਣ ਤਾਂ ਉਹ ਦਿਹਾੜੀ ਛੱਡ ਆਪਣਾ ਖੁਦ ਦਾ ਕੋਈ ਛੋਟਾ ਜਿਹਾ ਕਾਰੋਬਾਰ ਸ਼ੁਰੂ ਕਰ ਸਕਣ।
ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੇ