You’re viewing a text-only version of this website that uses less data. View the main version of the website including all images and videos.
ਖਾਲਿਸਤਾਨੀ ਸਮਰਥਕਾਂ ਦੇ ਰਾਹੁਲ ਗਾਂਧੀ ਦੀ ਸਭਾ ’ਚ ਪਹੁੰਚਣ ਦੀ ਅਸਲੀਅਤ
ਰਾਜਸਥਾਨ ਅਤੇ ਮੱਧ ਪ੍ਰਦੇਸ਼ ਵਿੱਚ ਵਿਧਾਨ ਸਭਾ ਚੋਣਾਂ ਦੀ ਤਰੀਕ ਨੇੜੇ ਆਉਂਦੇ ਹੀ ਸੋਸ਼ਲ ਮੀਡੀਆ 'ਤੇ ਅਜਿਹੀਆਂ ਖ਼ਬਰਾਂ ਫੈਲਾਈਆਂ ਜਾ ਰਹੀਆਂ ਹਨ ਜਿਹੜੀਆਂ ਕੁਝ ਸੱਚੀਆਂ ਤੇ ਕੁਝ ਝੂਠੀਆਂ ਹਨ, ਜਾਂ ਕੁਝ ਅੱਧੀ-ਅਧੂਰੀ ਜਾਣਕਾਰੀ ਦੇਣ ਵਾਲੀਆਂ ਹਨ।
ਇਨ੍ਹਾਂ ਦਾ ਪਤਾ ਲਗਾਉਣ ਲਈ ਇੱਕ ਖਾਸ ਪ੍ਰਾਜੈਕਟ ਸ਼ੁਰੂ ਕੀਤਾ ਗਿਆ ਹੈ, ਜਿਸ ਦੇ ਤਹਿਤ ਅਜਿਹੀਆਂ ਖ਼ਬਰਾਂ ਦਾ ਪਤਾ ਲਗਾਇਆ ਜਾਵੇਗਾ। ਇਸ ਪ੍ਰੋਜੈਕਟ ਦਾ ਨਾਮ ਹੈ 'ਏਕਤਾ ਨਿਊਜ਼ਰੂਮ।'
ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ਦੌਰਾਨ ਸੋਸ਼ਲ ਮੀਡੀਆ ਜ਼ਰੀਏ ਕੁਝ ਵੀਡੀਓਜ਼ ਅਤੇ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਦੀ ਪੜਤਾਲ ਕਰਕੇ ਸੱਚਾਈ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਹੈ।
ਰਾਹੁਲ ਦੀ ਸਭਾ 'ਚ ਬੁਲਾਏ ਗਏ ਖਾਲਿਸਤਾਨੀ ਸਮਰਥਕ - ਫ਼ੇਕ
ਸੋਸ਼ਲ ਮੀਡੀਆ 'ਤੇ ਰਾਹੁਲ ਗਾਂਧੀ ਨਾਲ ਜੁੜਿਆ ਇੱਕ ਵੀਡੀਓ ਕਾਫ਼ੀ ਸ਼ੇਅਰ ਕੀਤਾ ਜਾ ਰਿਹਾ ਹੈ ਜਿਸ ਵਿੱਚ ਕੈਪਸ਼ਨ ਲਿਖਿਆ ਹੈ ''ਰਾਹੁਲ ਗਾਂਧੀ ਦੀ ਲੰਡਨ ਦੀ ਸਭਾ 'ਚ ਹਿੰਦੂਸਤਾਨ ਮੁਰਦਾਬਾਦ ਦੇ ਨਾਅਰੇ ਲੱਗੇ।''
ਇਹ ਵੀ ਪੜ੍ਹੋ:
ਸ਼ੇਅਰ ਕੀਤੇ ਜਾ ਰਹੇ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਪੁਲਿਸ ਕੁਝ ਲੋਕਾਂ ਨੂੰ ਗ੍ਰਿਫ਼ਤਾਰ ਕਰ ਰਹੀ ਹੈ। ਵੀਡੀਓ 'ਚ ਇੱਕ ਥਾਂ ਰਾਹੁਲ ਗਾਂਧੀ ਦੀ ਤਸਵੀਰ ਵੀ ਦਿਖਾਈ ਦੇ ਰਹੀ ਹੈ।
ਇਸ ਵੀਡੀਓ ਦੇ ਨਾਲ ਕੈਪਸ਼ਨ 'ਚ ਲਿਖਿਆ ਜਾ ਰਿਹਾ ਹੈ, "ਕਿਵੇਂ ਸੌਂਪ ਦੇਵਾਂ ਮੈਂ ਕਾਂਗਰਸ ਨੂੰ ਆਪਣਾ ਦੇਸ, ਤੁਸੀਂ ਹੀ ਦੱਸੋ...ਲੰਡਨ ਵਿੱਚ ਰਾਹੁਲ ਗਾਂਧੀ ਦੀ ਸਭਾ 'ਚ ਪਹੁੰਚੇ ਖਾਲਿਸਤਾਨੀ ਅੱਤਵਾਦੀ... ਕਾਂਗਰਸ ਪਾਰਟੀ ਜ਼ਿੰਦਾਬਾਦ ਅਤੇ ਹਿੰਦੁਸਤਾਨ ਮੁਰਦਾਬਾਦ ਦੇ ਲਾਏ ਨਾਅਰੇ... ਤੁਹਾਡੇ ਕੋਲ ਜਿੰਨੇ ਵੀ ਗਰੁੱਪ ਹਨ ਉਨ੍ਹਾਂ ਸਾਰਿਆਂ 'ਚ ਭੇਜੋ।''
ਵੀਡੀਓ 'ਚ ਹਿੰਦੁਸਤਾਨ ਮੁਰਦਾਬਾਦ ਅਤੇ ਪਾਕਿਸਤਾਨ ਜ਼ਿੰਦਾਬਾਦ ਦੇ ਨਾਅਰੇ ਵੀ ਸੁਣਾਈ ਦੇ ਰਹੇ ਹਨ।
ਨਾਅਰੇ ਕੁਝ ਮੁੰਡੇ ਲਗਾ ਰਹੇ ਹਨ ਜਿਨ੍ਹਾਂ ਨੇ ਪੱਗ ਬੰਨੀ ਹੋਈ ਹੈ। ਇਸਦੇ ਚਲਦੇ ਸੋਸ਼ਲ ਮੀਡੀਆ 'ਤੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਸਿੱਖ ਖਾਲਿਸਤਾਨੀ ਹਨ ਜਿਹੜੇ ਸਭਾ 'ਚ ਬੁਲਾਏ ਗਏ ਸਨ ਅਤੇ ਉਹ ਕਾਂਗਰਸ ਨਾਲ ਜੁੜੇ ਹੋਏ ਹਨ।
ਇਸ ਵੀਡੀਓ ਦੀ ਜਾਂਚ ਕਰਨ ਤੋਂ ਬਾਅਦ ਸਾਨੂੰ ਪਤਾ ਲੱਗਿਆ ਕਿ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤਿੰਨ-ਚਾਰ ਮਹੀਨੇ ਪਹਿਲਾਂ ਵੀ ਆਈ ਸੀ।
ਕੁਝ ਦਿਨਾਂ 'ਚ ਰਾਜਸਥਾਨ ਵਿੱਚ ਚੋਣਾਂ ਹੋਣ ਵਾਲੀਆਂ ਹਨ ਜਿਸ ਨੂੰ ਧਿਆਨ ਵਿੱਚ ਰੱਖ ਕੇ ਰਾਜਸਥਾਨ ਦੇ ਵੱਖੋ-ਵੱਖਰੇ ਫੇਸਬੁੱਕ ਗਰੁੱਪਾਂ ਵਿੱਚ ਇਹ ਵੀਡੀਓ ਗ਼ਲਤ ਜਾਣਕਾਰੀ ਨਾਲ ਪੋਸਟ ਕੀਤਾ ਜਾ ਰਿਹਾ ਹੈ।
ਦਰਅਸਲ ਇਸ ਵੀਡੀਓ ਬਾਰੇ ਲੰਡਨ 'ਚ ਛਪੀਆਂ ਕੁਝ ਰਿਪੋਰਟਾਂ ਤੋਂ ਪਤਾ ਲੱਗਿਆ ਕਿ ਨਾਅਰੇ ਲਗਾਉਣ ਵਾਲੇ ਚਾਰ ਲੋਕ ਸਖ਼ਤ ਸੁਰੱਖਿਆ ਦੇ ਬਾਵਜੂਦ ਪਰਿਸਰ ਵਿੱਚ ਵੜਨ 'ਚ ਸਫ਼ਲ ਹੋਏ ਸਨ।
ਮੀਡੀਆ ਰਿਪੋਰਟਾਂ ਮੁਤਾਬਕ ਇਨ੍ਹਾਂ ਲੋਕਾਂ ਨੂੰ ਸਭਾ 'ਚ ਬੁਲਾਇਆ ਨਹੀਂ ਗਿਆ ਸੀ ਸਗੋਂ ਇਹ ਬੈਠਕ ਦਾ ਵਿਰੋਧ ਕਰਨ ਲਈ ਆਏ ਸਨ।
ਅਸੀਂ ਦੇਖਿਆ ਕਿ ਇਸ ਵੀਡੀਓ ਨੂੰ ਗ਼ਲਤ ਜਾਣਕਾਰੀ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।
ਰਾਹੁਲ ਗਾਂਧੀ ਦੀ ਸਭਾ 'ਚ ਲੱਖਾਂ ਦੀ ਭੀੜ- ਫ਼ੇਕ
ਸੋਸ਼ਲ ਮੀਡੀਆ 'ਤੇ ਜਨਸਭਾ ਨਾਲ ਜੁੜੀ ਇੱਕ ਤਸਵੀਰ ਸ਼ੇਅਰ ਕੀਤੀ ਜਾ ਰਹੀ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਤਸਵੀਰ ਰਾਹੁਲ ਗਾਂਧੀ ਦੀ ਜਨਸਭਾ ਦੀ ਹੈ ਜਿਹੜੀ ਰਾਜਸਥਾਨ ਦੇ ਬੀਕਾਨੇਰ ਵਿੱਚ ਹੋਈ ਸੀ।
ਇਹ ਵੀ ਪੜ੍ਹੋ:
ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਜਾ ਰਹੀ ਇਸ ਤਸਵੀਰ ਵਿੱਚ ਲਿਖਿਆ ਗਿਆ ਹੈ ਕਿ ਇਸ ਜਨਸਭਾ 'ਚ 20 ਲੱਖ ਲੋਕਾਂ ਨੇ ਸ਼ਿਰਕਤ ਕੀਤੀ ਸੀ ਅਤੇ ਇਸ ਨੇ ਇੰਦਰਾ ਗਾਂਧੀ ਦਾ ਰਿਕਾਰਡ ਵੀ ਤੋੜ ਦਿੱਤਾ ਹੈ।
ਇਸ ਤਸਵੀਰ ਦੀ ਜਾਂਚ ਕਰਨ 'ਤੇ ਪਤਾ ਲੱਗਿਆ ਹੈ ਕਿ ਇਹ ਤਸਵੀਰ ਬੀਕਾਨੇਰ ਦੀ ਹੈ ਹੀ ਨਹੀਂ। ਇੱਥੋਂ ਤੱਕ ਕਿ ਇਸ ਜਨਸਭਾ ਦਾ ਰਾਹੁਲ ਗਾਂਧੀ ਨਾਲ ਕੋਈ ਨਾਤਾ ਨਹੀਂ ਹੈ।
ਇਹ ਤਸਵੀਰ ਸੋਨੀਪਤ ਦੇ ਹਰਿਆਣਾ 'ਚ ਸਾਲ 2013 ਵਿੱਚ ਲਈ ਗਈ ਸੀ ਅਤੇ ਭੁਪਿੰਦਰ ਸਿੰਘ ਹੁੱਡੀ ਦੀ ਰੈਲੀ ਦੀ ਤਸਵੀਰ ਹੈ। ਇਸ ਦੀ ਅਸਲ ਤਸਵੀਰ ਸਾਨੂੰ ਗੈਟੀ ਈਮੇਜਸ 'ਤੇ ਮਿਲੀ ਹੈ।
ਲੋਕਾਂ ਨੂੰ ਗੁੰਮਰਾਹ ਕਰਨ ਲਈ ਇਸ ਤਸਵੀਰ ਨੂੰ ਰਾਹੁਲ ਗਾਂਧੀ ਦੀ ਰੈਲੀ ਦੱਸ ਕੇ ਸ਼ੇਅਰ ਕੀਤਾ ਜਾ ਰਿਹਾ ਹੈ।
ਕਾਂਗਰਸ ਦਾ ਪ੍ਰਚਾਰ ਪਾਕਿਸਤਾਨੀ ਝੰਡੇ ਦੇ ਨਾਲ - ਫ਼ੇਕ
ਫ਼ੇਸਬੁੱਕ 'ਤੇ ਇੱਕ ਮੈਸੇਜ ਵਾਇਰਲ ਹੋ ਰਿਹਾ ਹੈ ਕਿ ਰਾਜਸਥਾਨ ਦੇ ਕਾਂਗਰਸ ਦੇ ਇੱਕ ਉਮੀਦਵਾਰ ਪਾਕਿਸਤਾਨ ਦਾ ਝੰਡਾ ਲਗਾ ਕੇ ਪ੍ਰਚਾਰ ਕਰ ਰਹੇ ਹਨ। ਲੋਕ ਇਸ 'ਤੇ ਯਕੀਨ ਕਰ ਲੈਣ ਇਸ ਲਈ ਇਸਦੇ ਨਾਲ ਇੱਕ ਤਸਵੀਰ ਵੀ ਸ਼ੇਅਰ ਕੀਤੀ ਜਾ ਰਹੀ ਹੈ।
ਤਸਵੀਰ 'ਚ ਦੇਖਿਆ ਜਾ ਸਕਦਾ ਹੈ ਕਿ ਇੱਕ ਜੀਪ 'ਤੇ ਹਰੇ ਰੰਗ ਦਾ ਝੰਡਾ ਲੱਗਿਆ ਹੈ ਜਿਸ 'ਤੇ ਚਿੱਟੇ ਰੰਗ ਦਾ ਚੰਨ ਅਤੇ ਤਾਰਾ ਬਣਿਆ ਹੋਇਆ ਹੈ।
ਤਸਵੀਰ ਦੇ ਨਾਲ ਲਿਖਿਆ ਗਿਆ ਹੈ, "ਮਕਰਾਨਾ ਵਿੱਚ ਪਾਕਿਸਤਾਨ ਦਾ ਝੰਡਾ ਲਗਾ ਕੇ ਪ੍ਰਚਾਰ ਕਰਦੇ ਕਾਂਗਰਸੀ ਉਮੀਦਵਾਰ ਜ਼ਾਕਿਰ ਹੁਸੈਨ ਦੇ ਸਮਰਥਕ, ਅਜੇ ਵੀ ਸੰਭਲ ਜਾਓ ਆਪਸੀ ਮਤਭੇਦ ਭੁਲਾ ਕੇ ਸਾਰੇ ਹਿੰਦੂਆਂ ਦੇ ਇੱਕ ਹੋਣ ਦਾ ਸਮਾਂ ਆ ਗਿਆ ਹੈ।"
ਇਸ ਤਸਵੀਰ ਦੀ ਜਾਂਚ ਕਰਨ 'ਤੇ ਪਤਾ ਲੱਗਾ ਕਿ ਇਹ ਰਾਜਸਥਾਨ ਦੇ ਨਾਗੋਰ ਜ਼ਿਲ੍ਹੇ ਦੇ ਮਕਰਾਨਾ ਦੀ ਹੈ। ਪਰ ਤਸਵੀਰ ਵਿੱਚ ਜੋ ਝੰਡਾ ਵਿਖਾਈ ਦੇ ਰਿਹਾ ਹੈ, ਉਹ ਪਾਕਿਸਤਾਨ ਦਾ ਨਹੀਂ ਹੈ।
ਪਾਕਿਸਤਾਨ ਦੇ ਝੰਡੇ 'ਚ ਇੱਕ ਚਿੱਟੇ ਰੰਗ ਦੀ ਪੱਟੀ ਵੀ ਹੁੰਦੀ ਹੈ ਜਿਹੜੀ ਕਿ ਸ਼ੇਅਰ ਕੀਤੀ ਜਾ ਰਹੀ ਤਸਵੀਰ 'ਚ ਦਿਖ ਰਹੇ ਝੰਡੇ ਵਿੱਚ ਨਹੀਂ ਹੈ।
ਇਹ ਵੀ ਪੜ੍ਹੋ:
ਮਕਰਾਨਾ ਦੇ ਲੋਕਾਂ ਨਾਲ ਗੱਲ ਕਰਨ ਤੋਂ ਬਾਅਦ ਸਾਨੂੰ ਪਤਾ ਲੱਗਿਆ ਕਿ ਹਾਲ ਹੀ 'ਚ ਉਨ੍ਹਾਂ ਦਾ ਤਿਉਹਾਰ ਸੀ।
ਇਹ ਤਸਵੀਰ ਉਸ ਤਿਉਹਾਰ ਦੇ ਸਮੇਂ ਲਗਾਏ ਜਾਣ ਵਾਲੇ ਝੰਡੇ ਦੀ ਹੈ, ਜਿਹੜਾ ਪਾਕਿਸਤਾਨ ਦਾ ਨਹੀਂ ਹੈ।
( ਇਹ ਕਹਾਣੀ ਫ਼ੇਕ ਨਿਊਜ਼ ਨਾਲ ਲੜਨ ਲਈ ਬਣਾਏ ਗਏ ਪ੍ਰਾਜੈਕਟ 'ਏਕਤਾ ਨਿਊਜ਼ਰੂਮ' ਦਾ ਹਿੱਸਾ ਹੈ। ਜੇਕਰ ਤੁਹਾਡੇ ਕੋਲ ਅਜਿਹੀਆਂ ਖ਼ਬਰਾਂ, ਵੀਡੀਓਜ਼, ਤਸਵੀਰਾਂ ਜਾਂ ਦਾਅਵੇ ਆਉਂਦੇ ਹਨ ਜਿਨ੍ਹਾਂ 'ਤੇ ਤੁਹਾਨੂੰ ਸ਼ੱਕ ਹੋਵੇ ਤਾਂ ਉਨ੍ਹਾਂ ਦੀ ਸੱਚਾਈ ਜਾਣਨ ਲਈ ਤੁਸੀਂ 'ਏਕਤਾ ਨਿਊਜ਼ਰੂਮ' ਦੇ ਇਸ ਨੰਬਰ 'ਤੇ +91 89290 23625 ਵੱਟਸਐਪ ਕਰੋ ਜਾਂ ਇੱਥੇ ਕਲਿੱਕ ਕਰੋ।)
ਤੁਹਾਨੂੰ ਇਹ ਵੀਡੀਓਜ਼ ਵੀ ਪਸੰਦ ਆਉਣਗੀਆਂ: