ਸੋਸ਼ਲ ਮੀਡੀਆ 'ਤੇ 'ਅਪਾਹਜ' ਸੱਚ ਅਤੇ ਤੇਜ਼ੀ ਨਾਲ ਦੌੜਦਾ ਝੂਠ

ਝੂਠ ਦੇ ਪੈਰ ਨਹੀਂ ਹੁੰਦੇ, ਇਹ ਪੁਰਾਣਾ ਮੁਹਾਵਰਾ ਹੈ ਪਰ ਸੋਸ਼ਲ ਮੀਡੀਆ 'ਤੇ ਝੂਠ ਦੇ ਖੰਭ ਹੁੰਦੇ ਹਨ।

'ਫ਼ੇਕ ਨਿਊਜ਼' 'ਤੇ ਹੋਏ ਹੁਣ ਤੱਕ ਦੇ ਸਭ ਤੋਂ ਵੱਡੇ ਅਧਿਐਨ ਤੋਂ ਬਾਅਦ ਅਧਿਐਨਕਰਤਾ ਦਾ ਕਹਿਣਾ ਹੈ ਕਿ ਝੂਠੀਆਂ ਖ਼ਬਰਾਂ ਬਹੁਤ ਤੇਜ਼ੀ ਨਾਲ ਅਤੇ ਬਹੁਤ ਦੂਰ ਤੱਕ ਫੈਲਦੀਆਂ ਹਨ। ਐਨੀ ਹੱਦ ਤੱਕ ਕਿ ਸੱਚੀਆਂ ਖ਼ਬਰਾਂ ਉਨ੍ਹਾਂ ਅੱਗੇ ਟਿਕ ਨਹੀਂ ਪਾਉਂਦੀਆਂ।

ਪਿਛਲੇ 10 ਸਾਲਾਂ 'ਚ ਅੰਗ੍ਰੇਜ਼ੀ ਵਿੱਚ ਕੀਤੇ ਗਏ 30 ਲੱਖ ਲੋਕਾਂ ਦੇ ਸਵਾ ਲੱਖ ਤੋਂ ਵਧ ਟਵੀਟਸ ਦਾ ਅਧਿਐਨ ਕਰਨ ਤੋਂ ਬਾਅਦ ਅਧਿਐਨਕਰਤਾ ਨੇ ਕਿਹਾ ਕਿ ਝੂਠੀਆਂ ਅਤੇ ਫਰਜ਼ੀ ਖ਼ਬਰਾਂ ਵਿੱਚ ਤੇਜ਼ੀ ਨਾਲ ਫੈਲਣ ਦੀ ਤਾਕਤ ਹੁੰਦੀ ਹੈ।

ਜਾਣੇ-ਪਛਾਣੇ ਮੈਗਜ਼ੀਨ 'ਸਾਇੰਸ' ਵਿੱਚ ਛਪੀ ਇਹ ਰਿਪੋਰਟ ਹਾਲਾਂਕਿ ਸਿਰਫ਼ ਟਵਿੱਟਰ 'ਤੇ ਫੈਲਣ ਵਾਲੇ ਝੂਠ 'ਤੇ ਕੇਂਦਰਿਤ ਹੈ ਪਰ ਵਿਗਿਆਨਕਾਂ ਦਾ ਕਹਿਣਾ ਹੈ ਕਿ ਇਹ ਹਰ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਲਾਗੂ ਹੁੰਦਾ ਹੈ, ਭਾਵੇਂ ਉਹ ਫੇਸਬੁੱਕ ਹੋਵੇ ਜਾਂ ਯੂ ਟਿਊਬ।

ਇਸ ਰਿਸਰਚ ਦੀ ਅਗਵਾਈ ਕਰਨ ਵਾਲੇ ਮੈਸਾਚਿਊਸੇਟਸ ਇੰਸਟੀਚਿਊਟ ਆਫ਼ ਤਕਨੋਲਜੀ ਦੇ ਡੇਟਾ ਵਿਗਿਆਨੀ ਕਹਿੰਦੇ ਹਨ,''ਸਾਡੀ ਰਿਸਰਚ ਤੋਂ ਬਿਲਕੁਲ ਸਾਫ਼ ਹੈ ਕਿ ਅਜਿਹਾ ਸਿਰਫ਼ ਬੂਸਟਰ ਨਹੀਂ ਕਰ ਰਹੇ ਹਨ, ਇਹ ਮਨੁੱਖੀ ਸੁਭਾਅ ਦੀ ਕਮਜ਼ੋਰੀ ਵੀ ਹੈ ਕਿ ਉਹ ਅਜਿਹੀ ਸਮੱਗਰੀ ਨੂੰ ਫੈਲਾਉਂਦੇ ਹਨ।''

ਉਨ੍ਹਾਂ ਦੇ ਕਹਿਣ ਦਾ ਮਤਲਬ ਹੈ ਕਿ ਅਫ਼ਵਾਹਾਂ ਫੈਲਾਉਣਾ ਜਾਂ ਉਨ੍ਹਾਂ 'ਤੇ ਭਰੋਸਾ ਕਰਨਾ ਮਨੁੱਖੀ ਸੁਭਾਅ ਦਾ ਹਿੱਸਾ ਹੈ, ਸੋਸ਼ਲ ਮੀਡੀਆ ਨੇ ਉਨ੍ਹਾਂ ਨੂੰ ਨਵਾਂ ਮੰਚ ਮੁਹੱਈਆ ਕਰਵਾ ਦਿੱਤਾ ਹੈ।

ਸਾਇੰਸ ਪੱਤਰਿਕਾ ਨੇ ਇਸ ਰਿਸਰਚ ਦੇ ਨਾਲ ਹੀ ਇੱਕ ਲੇਖ ਛਾਪਿਆ ਹੈ ਜਿਸ ਨੂੰ 16 ਸਿਆਸੀ ਸ਼ਾਸਤਰੀਆਂ ਨੇ ਮਿਲ ਕੇ ਲਿਖਿਆ ਹੈ।

ਇਸ ਲੇਖ ਵਿੱਚ ਉਹ ਕਹਿੰਦੇ ਹਨ,''21ਵੀਂ ਸਦੀ ਦੀਆਂ ਖ਼ਬਰਾਂ ਦੇ ਬਾਜ਼ਾਰ ਵਿੱਚ ਨਵੀਂ ਵਿਵਸਥਾ ਦੀ ਲੋੜ ਹੈ ਪਰ ਉਹ ਵਿਵਸਥਾ ਕੀ ਹੋਵੇ ਜਿਸ ਵਿੱਚ ਝੂਠ ਦੇ ਬੋਲਬਾਲੇ ਦੀ ਥਾਂ ਸੱਚ ਨੂੰ ਵੱਧ ਥਾਂ ਮਿਲ ਸਕੇ?''

ਸੋਰੋਸ਼ ਵੋਸ਼ੋਗੀ ਕਹਿੰਦੇ ਹਨ ਅਜਿਹਾ ਕੋਈ ਸਿਸਟਮ ਬਣਾਉਮਾ ਸੌਖਾ ਨਹੀਂ ਹੋਵੇਗਾ, ਉਨ੍ਹਾਂ ਦਾ ਕਹਿਣਾ ਹੈ ਕਿ ਝੂਠੀ ਖ਼ਬਰ, ਸੱਚੀ ਖ਼ਬਰ ਦੇ ਮੁਕਾਬਲੇ ਛੇ ਗੁਣਾ ਤੇਜ਼ੀ ਨਾਲ ਫੈਲਦੀ ਹੈ।

ਬਿਜ਼ਨੈਸ, ਅੱਤਵਾਦ, ਯੁੱਧ, ਸਾਇੰਸ ਤਕਨੋਲਜੀ ਦੀਆਂ ਝੂਠੀਆਂ ਖ਼ਬਰਾਂ ਜ਼ਰੂਰ ਚੱਲਦੀਆਂ ਹਨ ਪਰ ਸਿਆਸਤ ਨਾਲ ਜੁੜੀਆਂ ਫਰਜ਼ੀ ਖ਼ਬਰਾਂ ਸਭ ਤੋਂ ਵੱਧ ਆਸਾਨੀ ਨਾਲ ਟਰੈਂਡ ਕਰਦੀਆਂ ਹਨ।

ਕਿਉਂ ਖ਼ਾਸ ਹੈ ਇਹ ਰਿਸਰਚ?

ਪਹਿਲੇ ਵੀ ਫੇਕ ਨਿਊਜ਼ 'ਤੇ ਖੋਜਾਂ ਹੋਈਆਂ ਹਨ ਪਰ ਉਹ ਕਿਸੇ ਖ਼ਾਸ ਘਟਨਾ 'ਤੇ ਕੇਂਦਰਿਤ ਰਹੇ ਹਨ। ਮਿਸਾਲ ਦੇ ਤੌਰ 'ਤੇ ਕਿਸੇ ਬੰਬ ਧਮਾਕੇ ਜਾਂ ਕੁਦਰਤੀ ਕਰੋਪੀ ਦੇ ਬਾਰੇ 'ਚ। ਤਾਜ਼ਾ ਰਿਸਰਚ ਪੂਰੇ ਇੱਕ ਦਹਾਕੇ ਵਿੱਚ, ਦੁਨੀਆਂ ਦੇ ਕਈ ਦੇਸਾਂ ਵਿੱਚ 2006 ਤੋਂ 2016 ਦੇ ਵਿੱਚ ਅੰਗਰੇਜ਼ੀ ਵਿੱਚ ਕੀਤੇ ਗਏ ਟਵੀਟਸ 'ਤੇ ਹੈ। ਉਸ ਹਿਸਾਬ ਨਾਲ ਇਹ ਬਹੁਤ ਹੀ ਵਿਆਪਕ ਅਧਿਐਨ ਹੈ।

ਇਸ ਅਧਿਐਨ ਲਈ ਵਿਗਿਆਨਕਾਂ ਨੇ ਇੱਕ ਖਾਸ 'ਐਲਗੋਰਿਦਮ' ਬਣਾਇਆ, ਹਜ਼ਾਰਾਂ-ਲੱਖਾਂ ਟਵੀਟਸ ਦੇ ਸਮੁੰਦਰ ਵਿੱਚੋਂ ਉਨ੍ਹਾਂ ਪੋਸਟਾਂ ਨੂੰ ਲੱਭਿਆ ਜਿਹੜੀਆਂ ਸਹੀ ਅਤੇ ਤੱਥਾਂ 'ਤੇ ਆਧਾਰਿਤ ਹੋਣ।

ਅਜਿਹਾ ਕਰਨ ਲਈ ਤਿੰਨਾ ਮਾਪਦੰਡਾਂ ਦੀ ਵਰਤੋਂ ਕੀਤੀ ਗਈ- ਪਹਿਲਾਂ ਇਹ ਕਿ ਪਹਿਲੀ ਵਾਰ ਟਵੀਟ ਕਰਨ ਵਾਲਾ ਕੌਣ ਹੈ? ਇਸ ਵਿੱਚ ਇਹ ਦੇਖਿਆ ਗਿਆ ਹੈ ਕਿ ਸ਼ਖ਼ਸ ਕਿੰਨਾ ਭਰੋਸਾ ਕਰਨ ਵਾਲਾ ਹੈ, ਕੀ ਉਸਦਾ ਅਕਾਊਂਟ ਵੇਰੀਫਾਈਡ ਹੈ?

ਦੂਜਾ, ਉਸ ਵਿੱਚ ਕਿਹੜੀ ਭਾਸ਼ਾ ਵਰਤੀ ਗਈ ਹੈ, ਕਿਉਂਕਿ ਭਰੋਸੇਮੰਦ ਲੋਕ ਚੰਗੀ ਭਾਸ਼ਾ ਲਿਖਦੇ ਹਨ।

ਤੀਜਾ ਮਾਪਦੰਡ ਇਹ ਸੀ ਕਿ ਕਿਸ ਤਰ੍ਹਾਂ ਦੇ ਲੋਕ ਉਸ ਨੂੰ ਰੀਟਵੀਟ ਕਰਦੇ ਹਨ, ਭਰੋਸੇਮੰਦ ਲੋਕ ਫਰਜ਼ੀ ਟਵੀਟ ਤੋਂ ਬਚਦੇ ਹਨ।

ਸੱਚ ਨੂੰ ਪ੍ਰਭਾਸ਼ਿਤ ਕਰਨਾ, ਉਸਦੀ ਜਾਂਚ ਕਰਨਾ ਆਪਣੇ ਆਪ ਵਿੱਚ ਔਖਾ ਕੰਮ ਸੀ। ਰਿਸਰਚਰਾਂ ਨੇ ਇਸ ਲਈ ਫੈਕਟਸ ਚੈੱਕ ਕਰਨ ਵਾਲੀ ਸਾਈਟ ਦੀ ਮਦਦ ਲਈ ਜਿਸ ਵਿੱਚ ਸਨੋਪਸ, ਪੋਲੀਟਿਕਫੈਕਟ ਅਤੇ ਫੈਕਟਚੈੱਕ ਸ਼ਾਮਲ ਹੈ।

ਇਨ੍ਹਾਂ ਸਾਈਟਾਂ ਦੀ ਮਦਦ ਨਾਲ ਉਨ੍ਹਾਂ ਨੇ 2006 ਤੋਂ 2016 ਦੇ ਵਿੱਚ ਸੈਂਕੜੇ ਅਜਿਹੇ ਟਵੀਟ ਕੱਢੇ ਜਿਹੜੇ ਫਰਜ਼ੀ ਸੀ, ਇਸ ਤੋਂ ਬਾਅਦ ਉਨ੍ਹਾਂ ਨੇ ਗਿਨਪ ਦੇ ਸਰਚ ਇੰਜਨ ਦੀ ਵਰਤੋਂ ਕਰਕੇ ਇਹ ਪਤਾ ਲਗਾਇਆ ਕਿ ਫੇਕ ਨਿਊਜ਼ ਕਿਵੇਂ ਫੈਲੀ?

ਇਸ ਤਰ੍ਹਾਂ ਉਨ੍ਹਾਂ ਨੇ 1 ਲੱਖ 26 ਹਜ਼ਾਰ ਟਵੀਟ ਕੱਢੇ ਜਿਨ੍ਹਾਂ ਨੂੰ 45 ਲੱਖ ਵਾਰ ਰੀਟਵੀਟਸ ਕੀਤਾ ਗਿਆ ਸੀ। ਇਨ੍ਹਾਂ ਵਿੱਚੋਂ ਕੁਝ 'ਚ ਦੂਜੀਆਂ ਸਾਈਟਾਂ ਦੀਆਂ ਫਰਜ਼ੀ ਖ਼ਬਰਾਂ ਦੇ ਲਿੰਕ ਸੀ। ਕੁਝ ਵਿੱਚ ਲੋਕ ਬਿਨਾਂ ਲਿੰਕ ਦੇ ਝੂਠ ਬੋਲ ਰਹੇ ਸੀ ਅਤੇ ਕੁਝ ਵਿੱਚ ਮੀਮ ਦੀ ਵਰਤੋਂ ਕੀਤੀ ਗਈ ਸੀ।

ਇਸਦੇ ਨਾਲ ਹੀ ਭਰੋਸੇਯੋਗ ਸੰਸਥਾਨਾਂ ਦੀਆਂ ਸੱਚੀਆਂ ਖ਼ਬਰਾਂ ਫੈਲਾਉਣ ਦਾ ਵੀ ਅਧਿਐਨ ਕੀਤਾ ਗਿਆ।

ਖੋਜਕਾਰਾਂ ਨੇ ਪਾਇਆ ਕਿ ਫੇਸਬੁੱਕ ਵਾਧੂ ਲੋਕਾਂ ਤੱਕ ਪਹੁੰਚਦਾ ਹੈ ਅਤੇ ਇਸਦਾ ਦਾਇਰਾ ਵੱਡਾ ਹੈ। ਮਿਸਾਲ ਦੇ ਤੌਰ 'ਤੇ ਭਰੋਸੇਯੋਗ ਖ਼ਬਰਾਂ ਇੱਕ ਸੀਮਤ ਵਰਗ ਵਿੱਚ ਹੀ ਜਾਂਦੀਆਂ ਹਨ ਜਦਕਿ ਫੇਕ ਨਿਊਜ਼ ਹਰ ਤਰ੍ਹਾਂ ਦੇ ਲੋਕਾਂ ਤੱਕ ਪਹੁੰਚਦੀ ਹੈ।

ਮਿਸਾਲ ਦੇ ਤੌਰ 'ਤੇ ਨਿਊਯਾਰਕ ਟਾਈਮਜ਼ ਦੀ ਇੱਕ ਖ਼ਬਰ ਇੱਕ ਵਾਰ ਵਿੱਚ ਇੱਕ ਹਜ਼ਾਰ ਲੋਕਾਂ ਤੱਕ ਪਹੁੰਚਦੀ ਹੈ ਉਸ ਤੋਂ ਬਾਅਦ ਉਸਦੇ ਅੱਗੇ ਜਾਣ ਦੀ ਰਫ਼ਤਾਰ ਘੱਟ ਹੋਣ ਲਗਦੀ ਹੈ ਪਰ ਫੇਕ ਨਿਊਜ਼ ਪਹਿਲਾਂ ਕੋਈ ਨਾਭਰਸੋਯੋਗ ਵਿਅਕਤੀ ਸ਼ੁਰੂ ਕਰਦਾ ਹੈ ਅਤੇ ਇਹ ਸ਼ੇਅਰ ਹੁੰਦੇ ਹੋਏ ਵੱਡੇ ਪੱਧਰ 'ਤੇ ਪਹੁੰਚ ਜਾਂਦੀ ਹੈ।

ਇਸ ਰੁਝਾਨ ਨੂੰ ਸਮਝਾਉਣ ਲਈ ਖੋਜਕਰਤਾਵਾਂ ਨੇ ਕਈ ਉਦਹਾਰਣ ਦਿੱਤੇ ਹਨ। ਇੱਕ ਖ਼ਬਰ ਆਈ ਸੀ ਕਿ ਟਰੰਪ ਨੇ ਇੱਕ ਬਿਮਾਰ ਬੱਚੇ ਦੀ ਮਦਦ ਕਰਨ ਲਈ ਆਪਣਾ ਨਿੱਜੀ ਜਹਾਜ਼ ਦੇ ਦਿੱਤਾ ਸੀ, ਇਹ ਸਹੀ ਖ਼ਬਰ ਸੀ ਪਰ ਇਸ ਨੂੰ ਸਿਰਫ਼ 1300 ਲੋਕਾਂ ਨੇ ਰੀਟਵੀਟ ਕੀਤਾ।

ਦੂਜੇ ਪਾਸੇ ਇੱਕ ਖ਼ਬਰ ਆਈ ਕਿ ਟਰੰਪ ਦੇ ਇੱਕ ਰਿਸ਼ਤੇਦਾਰ ਨੇ ਮਰਨ ਤੋਂ ਪਹਿਲਾਂ ਆਪਣੀ ਵਸੀਹਤ ਵਿੱਚ ਲਿਖਿਆ ਹੈ ਕਿ ਟਰੰਪ ਨੂੰ ਰਾਸ਼ਟਰਪਤੀ ਨਹੀਂ ਬਣਨਾ ਚਾਹੀਦਾ। ਅਜਿਹਾ ਕੋਈ ਰਿਸ਼ਤੇਦਾਰ ਹੀ ਨਹੀਂ ਸੀ ਅਤੇ ਖ਼ਬਰ ਫ਼ਰਜ਼ੀ ਸੀ ਪਰ ਉਸ ਨੂੰ 38 ਹਜ਼ਾਰ ਲੋਕਾਂ ਨੇ ਰੀਟਵੀਟ ਕੀਤਾ।

ਰਿਸਰਚ ਕਰਨ ਵਾਲਿਆਂ ਦਾ ਕਹਿਣਾ ਹੈ ਕਿ ਫੇਕ ਨਿਊਜ਼ ਇੱਕ ਗੰਭੀਰ ਮੁੱਦਾ ਹੈ ਅਤੇ ਇਸ ਨਾਲ ਨਿਪਟਣ ਦੇ ਤਰੀਕਿਆਂ 'ਤੇ ਪੂਰੀ ਦੁਨੀਆਂ ਦੇ ਉੱਘੇ ਸੰਗਠਨਾਂ ਨੂੰ ਧਿਆਨ ਦੇਣਾ ਪੇਵਗਾ। ਅੱਗੇ ਦਾ ਕੋਈ ਸਿੱਧਾ ਤੇ ਸੌਖਾ ਰਾਹ ਨਹੀਂ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)