ਛੋਟੇ ਕਾਰੋਬਾਰੀਆਂ ਲਈ ਵਟਸ ਐਪ ਦੀ ਵੱਡੀ ਪਹਿਲ

ਤੁਸੀਂ ਅਕਸਰ ਸੋਚਦੇ ਹੋਵੋਗੇ ਕਿ ਆਪਣੇ ਕੱਪੜੇ ਪ੍ਰੈੱਸ ਕਰਨ ਵਾਲੇ ਨੂੰ ਜੇਕਰ ਵਟਸ ਐਪ 'ਤੇ ਮੈਸੇਜ ਕਰਕੇ ਪੁੱਛਿਆ ਜਾ ਸਕੇ ਕਿ ਕੱਪੜੇ ਪ੍ਰੈੱਸ ਹੋਏ ਜਾਂ ਨਹੀਂ ਅਤੇ ਤੁਰੰਤ ਜਵਾਬ ਮਿਲ ਜਾਵੇ, ਤਾਂ ਕਿੰਨਾ ਚੰਗਾ ਹੋਵੇਗਾ।

ਜੇਕਰ ਤੁਸੀਂ ਇੱਕ ਛੋਟੇ ਕਾਰੋਬਾਰੀ ਹੋ ਤਾਂ ਚਾਹੋਗੇ ਕਿ ਤੁਹਾਡੇ ਸਾਰੇ ਗਾਹਕਾਂ ਦੀਆਂ ਮੰਗਾਂ ਤੁਰੰਤ ਅਤੇ ਅਸਾਨੀ ਨਾਲ ਵਟਸ ਐਪ 'ਤੇ ਪਤਾ ਲੱਗ ਜਾਣ ਅਤੇ ਤੁਸੀਂ ਉਸਨੂੰ ਜਵਾਬ ਵੀ ਦੇ ਸਕੋ।

ਇਨਾਂ ਕੁਝ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਵਟਸ ਐਪ ਨੇ ਛੋਟੇ ਕਾਰੋਬਾਰੀਆਂ ਲਈ ਇੱਕ ਨਵਾਂ ਐਪ 'ਵਟਸ ਐਪ ਬਿਜ਼ਨੇਸ' ਲਾਂਚ ਕੀਤਾ ਹੈ। ਕਾਰੋਬਾਰੀ ਇਸ ਵਿੱਚ ਆਪਣਾ ਅਕਾਊਂਟ ਬਣਾ ਸਕਦੇ ਹਨ ਅਤੇ ਵਪਾਰ ਦਾ ਪ੍ਰਮੋਸ਼ਨ ਕਰ ਸਕਦੇ ਹਨ।

ਇਸ ਦੇ ਨਾਲ ਹੀ ਉਹ ਗਾਹਕਾਂ ਨਾਲ ਸਿੱਧੇ ਗੱਲ ਵੀ ਕਰ ਸਕਦੇ ਹਨ। ਲੋਕ ਇਸਦੇ ਜ਼ਰੀਏ ਆਰਡਰ ਵੀ ਦੇ ਸਕਦੇ ਹਨ।

ਇਹ ਫੀਚਰ ਅਧਿਕਾਰਤ ਰੂਪ ਨਾਲ ਅਮਰੀਕਾ, ਬ੍ਰਿਟੇਨ, ਇਟਲੀ, ਇੰਡੋਨੇਸ਼ੀਆ ਅਤੇ ਮੈਕਸਿਕੋ ਲਈ ਲਾਂਚ ਹੋਇਆ ਹੈ ਅਤੇ ਆਉਣ ਵਾਲੇ ਹਫ਼ਤਿਆਂ ਵਿੱਚ ਭਾਰਤ ਲਈ ਵੀ ਉਪਲਬਧ ਹੋ ਜਾਵੇਗਾ। ਇਹ ਐਂਡਰੋਇਡ ਫੋਨ 'ਤੇ ਡਾਊਨਲੋਡ ਕੀਤਾ ਜਾ ਸਕੇਗਾ।

ਕੀ ਕਰਦਾ ਹੈ ਐਪ

ਇਸ ਐਪ ਵਿੱਚ ਕਈ ਤਰ੍ਹਾਂ ਦੀਆਂ ਸੁਵਿਧਾਵਾਂ ਹਨ ਜਿਨ੍ਹਾਂ ਦੇ ਜ਼ਰੀਏ ਤੁਸੀਂ ਆਪਣੇ ਵਪਾਰ ਨੂੰ ਪਹਿਚਾਣ ਦੇ ਸਕਦੇ ਹੋ। ਇਸਦੇ ਬਾਰੇ ਅਸੀਂ ਇੱਥੇ ਗੱਲ ਕਰ ਰਹੇ ਹਾਂ।

ਬਿਜ਼ਨਸ ਪ੍ਰੋਫਾਈਲ: ਤੁਸੀਂ ਆਪਣੇ ਅਕਾਊਂਟ ਵਿੱਚ ਬਿਜ਼ਨਸ ਬਾਰੇ ਜਾਣਕਾਰੀ ਦੇ ਸਕਦੇ ਹੋ ਜਿਵੇਂ ਈਮੇਲ ਆਈਡੀ, ਸਟੋਰ ਦਾ ਪਤਾ ਅਤੇ ਵੈਬਸਾਈਟ-ਜਾਂ ਸਿਰਫ਼ ਫੋਨ ਨੰਬਰ।

ਮੈਸੇਜਿੰਗ ਟੂਲਸ: ਇਸ ਵਿੱਚ ਆਟੋਮੈਟਿਕ ਮੈਸੇਜ ਭੇਜਣ ਦਾ ਵੀ ਔਪਸ਼ਨ ਹੈ ਜਿਸ ਨਾਲ ਸਵਾਲਾਂ ਦਾ ਜਵਾਬ ਤੇਜ਼ੀ ਨਾਲ ਦਿੱਤਾ ਜਾ ਸਕਦਾ ਹੈ।

ਇਸ ਵਿੱਚ ਤਿਉਹਾਰਾਂ ਜਾਂ ਖਾਸ ਮੌਕਿਆਂ 'ਤੇ ਗਾਹਕਾਂ ਨੂੰ ਆਟੋਮੈਟਿਕ ਮੈਸੇਜ ਭੇਜੇ ਜਾ ਸਕਦੇ ਹਨ। ਨਾਲ ਹੀ ਜੇਕਰ ਤੁਸੀਂ ਰੁੱਝੇ ਹੋਏ ਹੋ ਤਾਂ 'ਅਵੇ' ਮੈਸਜ ਦਾ ਔਪਸ਼ਨ ਗਾਹਕਾਂ ਨੂੰ ਇਸ ਬਾਰੇ ਦੱਸਦਾ ਹੈ।

ਮੈਸੇਜ ਸਟੈਟੇਸਟਿਕਸ: ਕਿੰਨੇ ਮੈਸੇਜ ਪੜ੍ਹੇ ਗਏ ਅਤੇ ਉਨ੍ਹਾਂ ਦਾ ਪ੍ਰਫੋਰਮੈਂਸ ਕਿਹੋ ਜਿਹਾ ਹੈ, ਇਸ ਬਾਰੇ ਸਟੈਟੇਸਟਿਕਸ ਮਿਲਦੇ ਹਨ।

ਵਟਸ ਐਪ ਵੈਬ: ਵਟਸ ਐਪ ਦੀ ਤਰ੍ਹਾਂ ਤੁਸੀਂ ਵਟਸ ਐਪ ਬਿਜ਼ਨਸ ਨੂੰ ਵੀ ਆਪਣੇ ਡੈਸਕਟੌਪ ਕੰਪਿਊਟਰ 'ਤੇ ਵਰਤ ਸਕਦੇ ਹੋ।

ਵੈਰੀਫਾਈਡ ਅਕਾਊਂਟ: ਕੁਝ ਸਮੇਂ ਬਾਅਦ ਤੁਸੀਂ ਫੇਸਬੁੱਕ ਅਤੇ ਟਵਿੱਟਰ ਦੇ ਬਲੂ ਟਿਕ ਦੀ ਤਰ੍ਹਾਂ ਆਪਣੇ ਬਿਜ਼ਨਸ ਨੂੰ ਭਰੋਸੇਯੋਗ ਬਣਾਉਣ ਲਈ ਗ੍ਰੀਨ ਚੈੱਕ ਮਾਰਕ ਵੀ ਪ੍ਰਾਪਤ ਕਰ ਸਕਦੇ ਹਾਂ।

ਕੁਝ ਸਮੇਂ ਬਾਅਦ ਜਦੋਂ ਬਿਜ਼ਨਸ ਨੰਬਰ ਕਨਫਰਮ ਹੋ ਜਾਂਦਾ ਹੈ ਤਾਂ ਅਧਿਕਾਰਤ ਨੰਬਰ ਨਾਲ ਮੈਚ ਹੋ ਜਾਂਦਾ ਹੈ, ਗਰੀਨ ਚੈੱਕ ਮਿਲਦਾ ਹੈ।

ਐਪ ਡਾਊਨਲੋਡ ਕਰਨ ਦੀ ਲੋੜ ਨਹੀਂ: ਇਸ ਐਪ ਦੀ ਸਭ ਤੋਂ ਚੰਗੀ ਗੱਲ ਇਹ ਹੈ ਕਿ ਗਾਹਕਾਂ ਨੂੰ ਵੱਖਰੀ ਕੋਈ ਐਪ ਡਾਊਨਲੋਡ ਕਰਨ ਦੀ ਲੋੜ ਨਹੀਂ। ਉਹ ਆਪਣੇ ਉਸੇ ਵਟਸ ਐਪ ਅਕਾਊਂਟ ਤੋਂ ਹੀ ਕਿਸੀ ਵਟਸ ਐਪ ਬਿਜ਼ਨੇਸ ਅਕਾਊਂਟ 'ਤੇ ਸਪੰਰਕ ਕਰ ਸਕਦੇ ਹਨ।

ਜੇਕਰ ਕੋਈ ਬਿਜ਼ਨੇਸ, ਗਾਹਕ ਦੇ ਮੋਬਾਇਲ ਵਿੱਚ ਸੇਵ ਨਹੀਂ ਹੈ ਤਾਂ ਗਾਹਕ ਨੂੰ ਸਿਰਫ਼ ਉਸਦਾ ਨੰਬਰ ਦਿਖਣ ਦੀ ਬਜਾਏ ਆਪਣੇ ਆਪ ਬਿਜ਼ਨਸ ਦਾ ਨਾਂ ਦਿਖਣ ਲੱਗੇਗਾ।

ਐਪ 'ਤੇ ਉੱਠੇ ਸਵਾਲ

ਇਸ ਐਪ ਨੂੰ ਲੈ ਕੇ ਕੁਝ ਸਵਾਲ ਵੀ ਖੜ੍ਹੇ ਹੋਏ ਹਨ। ਟੇਕ ਕਰੰਚ ਵੈਬਸਾਈਟ ਤੋਂ ਪਿਛਲੇ ਸਾਲ ਗੱਲ ਕਰਦੇ ਹੋਏ ਵਟਸ ਐਪ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਕਾਰੋਬਾਰੀ ਸਿਰਫ਼ ਉਨ੍ਹਾਂ ਲੋਕਾਂ ਤੱਕ ਪਹੁੰਚ ਬਣਾ ਪਾ ਰਹੇ ਹਨ ਜਿਨ੍ਹਾਂ ਨੇ ਆਪਣਾ ਫੋਨ ਨੰਬਰ ਦਿੱਤਾ ਹੈ ਅਤੇ ਜੋ ਚਾਹੁੰਦੇ ਹਨ ਕਿ ਉਨ੍ਹਾਂ ਦੇ ਵਟਸ ਐਪ 'ਤੇ ਸੰਪਰਕ ਕੀਤਾ ਜਾਵੇ।

ਐਪ ਨੂੰ ਲੈ ਕੇ ਪਹਿਲੇ ਆਏ ਕੁਝ ਰਿਵਿਊ ਵੱਖ-ਵੱਖ ਤਰ੍ਹਾਂ ਦੇ ਸੀ। ਅਮਰੀਕਾ ਵਿੱਚ ਕੁਝ ਕਾਰੋਬਾਰੀਆਂ ਦੀ ਸ਼ਿਕਾਇਤ ਸੀ ਕਿ ਅਕਾਊਂਟ ਬਣਾਉਣ ਲਈ ਸਿਰਫ਼ ਨੰਬਰ ਦੀ ਲੋੜ ਹੈ ਨਾ ਕਿ ਸੁਰੱਖਿਅਤ ਈ-ਮੇਲ ਆਈਡੀ ਜਾਂ ਪਾਸਵਰਡ ਦੀ।

ਹਾਲਾਂਕਿ ਇੰਡੋਨੇਸ਼ੀਆ ਅਤੇ ਮੈਕਸਿਕੋ ਤੋਂ ਕੁਝ ਸਕਾਰਾਤਮਕ ਪ੍ਰਤੀਕਿਰਿਆਵਾਂ ਮਿਲੀਆਂ ਸੀ। ਫਿਲਹਾਲ ਇਹ ਐਪ ਬਿਜ਼ਨੇਸ ਲਈ ਮੁਫ਼ਤ ਹੈ।

ਵੌਲ ਸਟ੍ਰੀਟ ਜਨਰਲ ਤੋਂ ਪਿਛਲੇ ਸਾਲ ਸਤੰਬਰ ਵਿੱਚ ਗੱਲ ਕਰਦੇ ਹੋਏ ਕੰਪਨੀ ਦੇ ਚੀਫ ਔਪਰੇਟਿੰਗ ਅਫਸਰ ਮੈਟ ਇਡੇਮਾ ਨੇ ਕਿਹਾ ਸੀ,'' ਅਸੀਂ ਭਵਿੱਖ ਵਿੱਚ ਇਸ ਦੇ ਲਈ ਭੁਗਤਾਨ ਲੈ ਸਕਦੇ ਹਾਂ।''

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)