ਕੀ ਸੋਨੀਆ ਗਾਂਧੀ ਬ੍ਰਿਟੇਨ ਦੀ ਮਹਾਰਾਣੀ ਤੋਂ ਅਮੀਰ ਹਨ?

    • ਲੇਖਕ, ਫੈਕਟ ਚੈੱਕ ਟੀਮ
    • ਰੋਲ, ਬੀਬੀਸੀ ਨਿਊਜ਼

ਭਾਰਤੀ ਜਨਤਾ ਪਾਰਟੀ ਦੇ ਬੁਲਾਰੇ ਅਸ਼ਵਿਨੀ ਉਪਾਧਿਆਏ ਨੇ ਸੋਮਵਾਰ ਨੂੰ ਦਿ ਟਾਈਮਜ਼ ਆਫ ਇੰਡੀਆ ਦੇ ਇੱਕ ਪੁਰਾਣੇ ਆਰਟੀਕਲ ਦਾ ਲਿੰਕ ਸ਼ੇਅਰ ਕੀਤਾ ਜਿਸ ਨੂੰ ਹੁਣ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।

2013 ਵਿੱਚ ਛਪੇ ਇਸ ਆਰਟੀਕਲ ਮੁਤਾਬਕ ਕਾਂਗਰਸ ਦੀ ਨੇਤਾ ਸੋਨੀਆ ਗਾਂਧੀ ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੈਥ ਤੋਂ ਵੀ ਵੱਧ ਅਮੀਰ ਹੈ।

ਇਸ ਆਰਟੀਕਲ ਨੂੰ ਟਵੀਟ ਕਰਦਿਆਂ ਅਸ਼ਵਿਨੀ ਉਪਾਧਿਆਏ ਨੇ ਲਿਖਿਆ, ''ਕਾਂਗਰਸ ਦੀ ਐਲਿਜ਼ਾਬੈਥ ਬ੍ਰਿਟੇਨ ਦੀ ਮਹਾਰਾਣੀ ਤੋਂ ਅਤੇ ਓਮਾਨ ਦੇ ਸੁਲਤਾਨ ਤੋਂ ਵੀ ਵੱਧ ਅਮੀਰ ਹੈ।''

''ਭਾਰਤ ਸਰਕਾਰ ਨੂੰ ਜਲਦ ਤੋਂ ਜਲਦ ਕਾਨੂੰਨ ਬਣਾ ਕੇ ਇਨ੍ਹਾਂ ਦੀ 100 ਫੀਸਦ ਬੇਨਾਮੀ ਦੌਲਤ ਨੂੰ ਜ਼ਬਤ ਕਰ ਲੈਣਾ ਚਾਹੀਦਾ ਹੈ ਅਤੇ ਪੂਰੀ ਉਮਰ ਦੀ ਕੈਦ ਦੀ ਸਜ਼ਾ ਦੇਣੀ ਚਾਹੀਦੀ ਹੈ।''

ਟਵੀਟ ਵਿੱਚ ਅਸ਼ਵਿਨੀ ਉਪਾਧਿਆਏ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪੀਐਮਓ ਦੇ ਆਫੀਸ਼ਿਅਲ ਹੈਂਡਲ ਨੂੰ ਵੀ ਟੈਗ ਕੀਤਾ ਹੈ। ਢਾਈ ਹਜ਼ਾਰ ਤੋਂ ਵੱਧ ਲੋਕ ਉਨ੍ਹਾਂ ਦੇ ਇਸ ਟਵੀਟ ਨੂੰ ਲਾਈਕ ਤੇ ਰੀ-ਟਵੀਟ ਕਰ ਚੁੱਕੇ ਹਨ।

ਇਹ ਵੀ ਪੜ੍ਹੋ:

ਦੱਖਣਪੰਥੀ ਰੁਝਾਨ ਵਾਲੇ ਫੇਸਬੁੱਕ ਗਰੁੱਪਸ ਅਤੇ ਪੇਜਾਂ 'ਤੇ ਵੀ ਇਸ ਆਰਟੀਕਲ ਨੂੰ ਸ਼ੇਅਰ ਕੀਤਾ ਜਾ ਰਿਹਾ ਹੈ। ਇੱਥੇ ਵੀ ਲੋਕ ਕਥਿਤ ਤੌਰ 'ਤੇ ਸਭ ਤੋਂ ਅਮੀਰ ਭਾਰਤੀ ਨੇਤਾ ਸੋਨੀਆ ਗਾਂਧੀ ਖਿਲਾਫ ਕਾਰਵਾਈ ਦੀ ਮੰਗ ਕਰ ਰਹੇ ਹਨ।

ਦਿੱਲੀ ਭਾਜਪਾ ਦੇ ਸੋਸ਼ਲ ਮੀਡੀਆ ਦੇ ਆਈਟੀ ਹੈੱਡ ਪੁਨੀਤ ਅੱਗਰਵਾਲ ਨੇ ਵੀ ਦਿ ਟਾਈਮਜ਼ ਆਫ ਇੰਡੀਆ ਦੇ ਇਸ ਆਰਟੀਕਲ ਨੂੰ ਸ਼ੇਅਰ ਕੀਤਾ ਹੈ ਅਤੇ ਇਸ ਨੂੰ ਚੋਣਾਂ ਨਾਲ ਜੋੜਣ ਦੀ ਕੋਸ਼ਿਸ਼ ਕੀਤੀ ਹੈ।

ਪੁਨੀਤ ਨੇ ਲਿਖਿਆ, ''ਹੁਣ ਕਿੰਨੇ ਨਿਊਜ਼ ਚੈਨਲ ਇਸ ਮੁੱਦੇ 'ਤੇ ਬਹਿਸ ਕਰਨਗੇ। ਭ੍ਰਿਸ਼ਟਾਚਾਰ ਤੋਂ ਇਲਾਵਾ ਕਾਂਗਰਸ ਦੀ ਇੰਨੀ ਕਮਾਈ ਦਾ ਕੀ ਸਰੋਤ ਹੋ ਸਕਦਾ ਹੈ?''

ਪਰ ਬੀਬੀਸੀ ਮੁਤਾਬਕ ਇਹ ਸਾਰੇ ਦਾਅਵੇ ਗਲਤ ਹਨ। ਜਿਸ ਆਧਾਰ 'ਤੇ ਦਿ ਟਾਈਮਜ਼ ਆਫ ਇੰਡੀਆ ਦਾ ਇਹ ਆਰਟੀਕਲ ਲਿਖਿਆ ਗਿਆ ਸੀ, ਉਸ ਰਿਪੋਰਟ ਵਿੱਚ ਬਾਅਦ 'ਚ ਤੱਥਾਂ 'ਚ ਬਦਲਾਅ ਕੀਤੇ ਗਏ ਸਨ ਤੇ ਸੋਨੀਆ ਗਾਂਧੀ ਦਾ ਨਾਂ ਲਿਸਟ 'ਚੋਂ ਹਟਾ ਦਿੱਤਾ ਗਿਆ ਸੀ।

ਆਰਟੀਕਲ ਵਿੱਚ ਕੀ ਲਿਖਿਆ ਸੀ?

2 ਦਸਬੰਰ 2013 ਨੂੰ ਛਪੇ ਟਾਈਮਜ਼ ਆਫ ਇੰਡੀਆ ਦੇ ਆਰਟੀਕਲ ਵਿੱਚ ਲਿਖਿਆ ਸੀ:

  • ਹਫਿੰਗਟਨ ਪੋਸਟ ਦੀ ਰਿਪੋਰਟ ਅਨੁਸਾਰ ਸੋਨੀਆ ਗਾਂਧੀ ਦੁਨੀਆਂ ਦੇ 12ਵੇਂ ਸਭ ਤੋਂ ਅਮੀਰ ਨੇਤਾ ਹਨ।
  • ਸੋਨੀਆ ਗਾਂਧੀ ਕੋਲ ਕਰੀਬ 2 ਅਰਬ ਅਮਰੀਕੀ ਡਾਲਰ ਦੀ ਜਾਇਦਾਦ ਹੈ।
  • ਕਿਹਾ ਜਾ ਸਕਦਾ ਹੈ ਕਿ ਉਨ੍ਹਾਂ ਕੋਲ੍ਹ ਜਿੰਨਾ ਪੈਸਾ ਹੈ, ਉਸ ਦੇ ਆਧਾਰ 'ਤੇ ਉਹ ਬ੍ਰਿਟੇਨ ਦੀ ਮਹਾਰਾਣੀ, ਓਮਾਨ ਦੇ ਸੁਲਤਾਨ ਤੇ ਸੀਰੀਆ ਦੇ ਰਾਸ਼ਟਰਪਤੀ ਤੋਂ ਵੀ ਅਮੀਰ ਹਨ।
  • 20 ਨੇਤਾਵਾਂ ਦੀ ਇਸ ਸੂਚੀ ਵਿੱਚ ਦੁਨੀਆਂ ਦੇ ਹੋਰ ਸਭ ਤੋਂ ਅਮੀਰ ਨੇਤਾ ਮੱਧ-ਪੂਰਬੀ ਦੇਸਾਂ ਤੋਂ ਹਨ।
  • ਹਫਿੰਗਟਨ ਪੋਸਟ ਆਪਣੀ ਰਿਪੋਰਟ ਵਿੱਚ ਕਿਵੇਂ ਇਸ ਨਤੀਜੇ 'ਤੇ ਪਹੁੰਚਿਆ, ਇਸ ਬਾਰੇ ਕੋਈ ਸਾਫ ਜਾਣਕਾਰੀ ਨਹੀਂ ਦਿੱਤੀ ਗਈ ਹੈ।

ਭਾਜਪਾ ਦੇ ਬੁਲਾਰੇ ਅਸ਼ਵਿਨੀ ਉਪਾਧਿਆਏ ਸਾਲ 2015 ਵਿੱਚ ਵੀ ਇਸੇ ਆਰਟੀਕਲ ਨੂੰ ਇੱਕ ਵਾਰ ਪਹਿਲਾਂ ਵੀ ਸ਼ੇਅਰ ਕਰ ਚੁੱਕੇ ਹਨ।

ਹਫਿੰਗਟਨ ਪੋਸਟ ਦੀ ਉਸ ਰਿਪੋਰਟ ਦੇ ਆਧਾਰ 'ਤੇ ਖ਼ਬਰ ਲਿਖਣ ਵਾਲਾ ਟਾਈਮਜ਼ ਇਕੱਲਾ ਅਦਾਰਾ ਨਹੀਂ ਸੀ।

2013 ਵਿੱਚ ਇਹ ਰਿਪੋਰਟ ਸਾਹਮਣੇ ਆਉਣ ਤੋਂ ਬਾਅਦ ਕਈ ਸਥਾਨਕ ਭਾਰਤੀ ਮੀਡੀਆ ਅਦਾਰਿਆਂ ਨੇ ਇਹ ਖ਼ਬਰ ਛਾਪੀ ਸੀ ਕਿ ਸੋਨੀਆ ਗਾਂਧੀ ਦਾ ਨਾਂ ਦੁਨੀਆਂ ਦੇ ਸਭ ਤੋਂ ਅਮੀਰ ਨੇਤਾਵਾਂ ਦੀ ਸ਼੍ਰੇਣੀ ਵਿੱਚ ਸ਼ਾਮਿਲ ਹੈ।

ਇਹ ਵੀ ਪੜ੍ਹੋ:

ਸੋਸ਼ਲ ਮੀਡੀਆ ਸਰਚ ਤੋਂ ਪਤਾ ਚਲਦਾ ਹੈ ਕਿ 2014 ਦੇ ਲੋਕਸਭਾ ਚੋਣਾਂ ਤੋਂ ਪਹਿਲਾਂ ਵੀ ਇਸ ਆਰਟੀਕਲ ਨੂੰ ਕਾਫੀ ਸ਼ੇਅਰ ਕੀਤਾ ਗਿਆ ਸੀ ਅਤੇ ਇਸ ਆਧਾਰ 'ਤੇ ਲੋਕਾਂ ਨੇ ਸੋਨੀਆ ਗਾਂਧੀ 'ਤੇ ਭ੍ਰਿਸ਼ਟ ਹੋਣ ਦੇ ਇਲਜ਼ਾਮ ਲਗਾਏ ਸਨ।

ਹਫਿੰਗਟਨ ਪੋਸਟ ਦੀ ਰਿਪੋਰਟ ਵਿੱਚ ਬਦਲਾਅ

ਪੜਤਾਲ ਵਿੱਚ ਅਸੀਂ ਪਾਇਆ ਕਿ 29 ਨਵੰਬਰ 2013 ਨੂੰ ਹਫਿੰਗਟਨ ਪੋਸਟ ਨੇ ਸਭ ਤੋਂ ਅਮੀਰ ਨੇਤਾਵਾਂ ਦੀ ਇੱਕ ਲਿਸਟ ਛਾਪੀ ਸੀ। ਇਸ ਦੇ ਨਾਲ ਨੇਤਾਵਾਂ ਦੀਆਂ ਤਸਵੀਰਾਂ ਵੀ ਲਗਾਈਆਂ ਗਈਆਂ ਸਨ।

ਤਤਕਾਲੀ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦਾ ਨਾਂ ਲਿਸਟ ਵਿੱਚ 12ਵੇਂ ਥਾਂ 'ਤੇ ਸੀ, ਪਰ ਬਾਅਦ 'ਚ ਉਨ੍ਹਾਂ ਦਾ ਨਾਂ ਉਸ ਲਿਸਟ 'ਚੋਂ ਹਟਾਇਆ ਗਿਆ।

ਅਜਿਹਾ ਕਿਉਂ ਕੀਤਾ ਗਿਆ? ਇਸਦੇ ਜਵਾਬ ਵਿੱਚ ਹਫਿੰਗਟਨ ਪੋਸਟ ਦੇ ਇੱਕ ਐਡੀਟਰ ਨੇ ਸਾਈਟ 'ਤੇ ਲੱਗੀ ਇਸ ਰਿਪੋਰਟ ਦੇ ਥੱਲੇ ਇੱਕ ਨੋਟ ਲਿਖਿਆ।

ਇਹ ਵੀ ਪੜ੍ਹੋ:

ਇਸ ਨੋਟ ਅਨੁਸਾਰ, 'ਸੋਨੀਆ ਗਾਂਧੀ ਅਤੇ ਕਤਰ ਦੇ ਸ਼ੇਖ ਹਾਮਿਦ ਬਿਨ ਖਲੀਫਾ ਅਲ-ਥਾਨੀ ਦਾ ਨਾਂ ਲਿਸਟ 'ਚੋਂ ਹਟਾਇਆ ਗਿਆ। ਕਾਂਗਰਸ ਨੇਤਾ ਸੋਨੀਆ ਗਾਂਧੀ ਦਾ ਨਾਂ ਇਸ ਲਿਸਟ ਵਿੱਚ ਕਿਸੇ ਥਰਡ ਪਾਰਟੀ ਸਾਈਟ ਦੇ ਆਧਾਰ 'ਤੇ ਰੱਖਿਆ ਗਿਆ ਸੀ, ਜਿਸ 'ਤੇ ਬਾਅਦ 'ਚ ਸਵਾਲ ਉੱਠੇ।'

ਉਨ੍ਹਾਂ ਕਿਹਾ, ''ਸਾਡੇ ਐਡੀਟਰ ਸੋਨੀਆ ਗਾਂਧੀ ਦੀ ਦੱਸੀ ਗਈ ਜਾਇਦਾਦ ਦੀ ਪੁਸ਼ਟੀ ਨਹੀਂ ਕਰ ਸਕੇ, ਇਸ ਲਈ ਲਿੰਕ ਨੂੰ ਹਟਾਉਣਾ ਪਿਆ। ਇਸ ਗਲਤਫਹਿਮੀ ਲਈ ਸਾਨੂੰ ਸ਼ਰਮਿੰਦਗੀ ਹੈ।''

ਸਾਲ 2014 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਜਦ ਸੋਨੀਆ ਗਾਂਧੀ ਨੇ ਰਾਇਬਰੇਲੀ ਸੀਟ ਤੋਂ ਨਾਮਜ਼ਦਗੀ ਪੱਤਰ ਦਾਖਲ ਕੀਤਾ ਸੀ, ਉਸ ਵੇਲੇ ਉਨ੍ਹਾਂ ਆਪਣੇ ਹਲਫਨਾਮੇ ਵਿੱਚ ਲਿਖਿਆ ਸੀ ਕਿ ਉਨ੍ਹਾਂ ਕੋਲ ਕੁੱਲ ਮਿਲਾਕੇ 10 ਕਰੋੜ ਦੀ ਜਾਇਦਾਦ ਹੈ।

ਕੁਝ ਭਾਰਤੀ ਨਿਊਜ਼ ਸਾਈਟਜ਼ ਹਨ ਜਿਨ੍ਹਾਂ ਹਫਿੰਗਟਨ ਪੋਸਟ ਦੀ ਰਿਪੋਰਟ ਵਿੱਚ ਹੋਈ ਇਸ ਤਬਦੀਲੀ ਨੂੰ ਵੀ ਛਾਪਿਆ ਅਤੇ ਇਸ ਬਾਰੇ ਲੋਕਾਂ ਨੂੰ ਸੂਚਿਤ ਕੀਤਾ।

ਸੋਸ਼ਲ ਮੀਡੀਆ 'ਤੇ ਅਜਿਹੇ ਕਈ ਫੇਸਬੁੱਕ ਪੇਜ ਵੀ ਹਨ ਜੋ ਦਾਅਵਾ ਕਰਦੇ ਹਨ ਕਿ ਉਹ ਦਿ ਟਾਈਮਜ਼ ਆਫ ਇੰਡੀਆ ਦੀ ਇਸ ਖ਼ਬਰ ਨੂੰ ਅਪਡੇਟ ਕਰਨ ਦੀ ਅਪੀਲ ਕਰ ਚੁੱਕੇ ਹਨ।

ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)