ਕੀ ਤੁਸੀਂ ਪ੍ਰਿਅੰਕਾ ਗਾਂਧੀ ਬਾਰੇ ਇਹ ਗੱਲਾਂ ਜਾਣਦੇ ਹੋ

ਸਾਲ 1988, ਇੰਦਰਾ ਗਾਂਧੀ ਦੇ ਕਤਲ ਨੂੰ ਚਾਰ ਸਾਲ ਲੰਘ ਚੁੱਕੇ ਸਨ। ਉਦੋਂ ਇੱਕ ਮੰਚ 'ਤੇ ਲੋਕਾਂ ਨੇ ਪ੍ਰਿਅੰਕਾ ਨੂੰ ਵੇਖਿਆ।

ਪ੍ਰਿਅੰਕਾ ਦੀ ਉਮਰ ਉਦੋਂ 16 ਸਾਲ ਸੀ। ਇਹ ਪ੍ਰਿਅੰਕਾ ਦਾ ਪਹਿਲਾ ਜਨਤਕ ਭਾਸ਼ਣ ਸੀ। ਇਸ ਭਾਸ਼ਣ ਦੇ 31 ਸਾਲ ਬਾਅਦ ਕਾਂਗਰਸ ਸਮਰਥਕ ਅਕਸਰ ਜਿਸ ਮੰਗ ਨੂੰ ਚੁੱਕਦੇ ਰਹੇ ਹਨ, ਉਹ ਹੁਣ ਪੂਰੀ ਹੋ ਗਈ ਹੈ।

ਕਾਂਗਰਸ ਨੇ ਪ੍ਰਿਅੰਕਾ ਗਾਂਧੀ ਨੂੰ ਜਨਰਲ ਸਕੱਤਰ ਬਣਾ ਕੇ ਪੂਰਬੀ ਉੱਤਰ ਪ੍ਰਦੇਸ਼ ਦੀ ਜ਼ਿੰਮੇਵਾਰੀ ਸੌਂਪ ਦਿੱਤੀ ਹੈ।

ਹਾਲਾਂਕਿ 2014 ਦੀਆਂ ਆਮ ਚੋਣਾਂ ਤੋਂ ਪਹਿਲਾਂ ਵੀ ਇਹ ਮੰਨਿਆ ਜਾ ਰਿਹਾ ਸੀ ਕਿ ਪ੍ਰਿਅੰਕਾ ਵਾਰਾਣਸੀ ਤੋਂ ਚੋਣ ਲੜਨਾ ਚਾਹੁੰਦੇ ਸਨ।

ਪਰ ਮੋਦੀ ਖ਼ਿਲਾਫ਼ ਲੜਨ ਦੇ ਖ਼ਤਰੇ ਨੂੰ ਦੇਖਦੇ ਹੋਏ ਇਸ ਫ਼ੈਸਲੇ 'ਤੇ ਮੁਹਰ ਨਹੀਂ ਲੱਗ ਸਕੀ।

ਇਹ ਵੀ ਪੜ੍ਹੋ:

ਬੀਤੇ ਸਾਲ ਸੋਨੀਆ ਗਾਂਧੀ ਤੋਂ ਜਦੋਂ ਪ੍ਰਿਅੰਕਾ ਦੇ ਸਿਆਸਤ ਵਿੱਚ ਆਉਣ ਦੀ ਗੱਲ ਪੁੱਛੀ ਗਈ ਸੀ, ਉਦੋਂ ਉਨ੍ਹਾਂ ਨੇ ਕਿਹਾ ਸੀ ਕਿ ਇਹ ਪ੍ਰਿਅੰਕਾ ਤੈਅ ਕਰਨਗੇ ਕਿ ਉਹ ਸਿਆਸਤ ਵਿੱਚ ਕਦੋਂ ਆਉਣਾ ਚਾਹੁੰਦੇ ਹਨ।

ਪ੍ਰਿਅੰਕਾ ਨੂੰ ਕਹਿੰਦੇ ਹਨ 'ਭਈਆ ਜੀ'

ਪ੍ਰਿਅੰਕਾ ਗਾਂਧੀ ਜਦੋਂ ਛੋਟੇ ਸਨ ਅਤੇ ਆਪਣੇ ਪਿਤਾ ਰਾਜੀਵ ਅਤੇ ਸੋਨੀਆ ਦੇ ਨਾਲ ਰਾਇਬਰੇਲੀ ਜਾਂਦੇ ਸਨ ਤਾਂ ਉਨ੍ਹਾਂ ਦੇ ਵਾਲ ਹਮੇਸ਼ਾ ਛੋਟੇ ਰਹਿੰਦੇ ਸਨ।

ਅਮੇਠੀ ਅਤੇ ਰਾਇਬਰੇਲੀ ਦੇ ਦੌਰੇ 'ਤੇ ਪਿੰਡ ਦੇ ਲੋਕ ਹਮੇਸ਼ਾ ਰਾਹੁਲ ਦੀ ਤਰ੍ਹਾਂ ਪ੍ਰਿਅੰਕਾ ਨੂੰ ਵੀ 'ਭਈਆ' ਕਹਿੰਦੇ ਸਨ। ਅਗਲੇ ਕੁਝ ਸਾਲਾਂ ਵਿੱਚ ਇਹ ਬਦਲ ਕੇ ਇਹ 'ਭਈਆ ਜੀ' ਹੋ ਗਿਆ।

ਯੂਪੀ ਵਿੱਚ ਪ੍ਰਿਅੰਕਾ ਦੀ ਲੋਕਪ੍ਰਿਅਤਾ ਨੂੰ ਤੁਸੀਂ ਇਸ ਤਰ੍ਹਾਂ ਸਮਝ ਸਕਦੇ ਹੋ ਕਿ ਆਮ ਲੋਕ ਉਨ੍ਹਾਂ ਨੂੰ ਕਾਫ਼ੀ ਪਸੰਦ ਕਰਦੇ ਹਨ।

ਇਸਦਾ ਇੱਕ ਕਾਰਨ ਪ੍ਰਿਅੰਕਾ ਦਾ ਹੇਅਰਸਟਾਈਲ, ਕੱਪੜੇ ਪਾਉਣ ਦਾ ਤਰੀਕਾ ਅਤੇ ਗੱਲ ਕਰਨ ਦੇ ਅੰਦਾਜ਼ ਵਿੱਚ ਇੰਦਰਾ ਗਾਂਧੀ ਦਾ ਅਕਸ ਸਾਫ਼ ਨਜ਼ਰ ਆਉਣਾ।

ਪ੍ਰਿਅੰਕਾ ਜਦੋਂ ਯੂਪੀ ਦੌਰੇ 'ਤੇ ਹੁੰਦੇ ਹਨ ਤਾਂ ਉਨ੍ਹਾਂ ਦਾ ਦਿਨ ਸਵੇਰੇ 6 ਵਜੇ ਸ਼ੁਰੂ ਹੁੰਦਾ ਹੈ। ਟ੍ਰੈਡਮਿਲ 'ਤੇ ਦੌੜਨ ਤੋਂ ਬਾਅਦ ਪ੍ਰਿਅੰਕਾ ਯੋਗ ਕਰਦੇ ਹਨ।

ਦੱਸਿਆ ਜਾਂਦਾ ਹੈ ਕਿ ਪ੍ਰਿਅੰਕਾ ਯੂਪੀ ਦੌਰੇ 'ਤੇ ਜਦੋਂ ਰਹਿੰਦੀ ਹੈ ਤਾਂ ਰੋਟੀ ਜਾਂ ਪਰਾਂਠੇ ਦੇ ਨਾਲ ਸਬਜ਼ੀ ਅਤੇ ਦਾਲ ਖਾਣਾ ਪਸੰਦ ਕਰਦੇ ਹਨ। ਨਾਲ ਅੰਬ ਅਤੇ ਨੀਂਬੂ ਦਾ ਆਚਾਰ।

ਪ੍ਰਿਅੰਕਾ ਅਤੇ ਉਨ੍ਹਾਂ ਦੇ ਪਤੀ ਰੌਬਰਟ ਵਾਡਰਾ ਨੂੰ ਮੁਗਲਈ ਖਾਣਾ ਬਹੁਤ ਪਸੰਦ ਹੈ।

ਰਿਕਸ਼ੇ ਦੀ ਸੈਰ

ਪ੍ਰਿਅੰਕਾ ਨੇ ਚੋਣ ਪ੍ਰਚਾਰ ਸਾਲ 2004 ਵਿੱਚ ਸ਼ੁਰੂ ਕੀਤਾ ਸੀ।

ਉਦੋਂ ਪ੍ਰਿਅੰਕਾ ਬਤੌਰ ਮਹਿਮਾਨ ਰਾਇਬਰੇਲੀ ਨਿਵਾਸੀ ਰਮੇਸ਼ ਬਹਾਦੁਰ ਸਿੰਘ ਦੇ ਘਰ ਇੱਕ ਮਹੀਨਾ ਠਹਿਰੇ ਸਨ।

ਰਮੇਸ਼ ਨੇ ਬੀਬੀਸੀ ਨੂੰ ਇਸ ਬਾਰੇ 2016 ਵਿੱਚ ਦੱਸਿਆ ਸੀ, "ਪ੍ਰਿਅੰਕਾ ਪ੍ਰਚਾਰ ਕਰਨ ਇਕੱਲੀ ਜਾਂਦੀ ਸੀ ਅਤੇ ਦੇਰ ਰਾਤ ਵਾਪਿਸ ਪਰਤਦੇ ਸਨ।

ਦੋਵੇਂ ਬੱਚੇ ਘਰ ਵਿੱਚ ਨੌਕਰਾਂ ਨਾਲ ਰਹਿੰਦੇ ਸਨ। ਇੱਕ ਦਿਨ ਉਹ ਘਰ ਛੇਤੀ ਆ ਗਈ ਅਤੇ ਮੈਨੂੰ ਕਿਹਾ ਕਿ ਬੱਚਿਆਂ ਨੂੰ ਰਿਕਸ਼ੇ ਦੀ ਸੈਰ ਕਰਵਾਉਣੀ ਹੈ ਇਸ ਲਈ ਦੋ ਰਿਕਸ਼ੇ ਮਿਲ ਸਕਦੇ ਹਨ?''

ਇਹ ਵੀ ਪੜ੍ਹੋ:

"ਜਿਵੇਂ ਹੀ ਰਿਕਸ਼ੇ ਆਏ ਉਹ ਬੱਚਿਆਂ ਨਾਲ ਬੈਠ ਕੇ ਬਾਹਰ ਨਿਕਲ ਗਈ ਅਤੇ ਹੈਰਾਨ ਹੋਏ ਐਸਪੀਜੀ ਵਾਲੇ ਉਨ੍ਹਾਂ ਦੇ ਪਿੱਛੇ ਭੱਜੇ। ਅੱਧੇ ਘੰਟੇ ਬਾਅਦ ਉਹ ਵਾਪਿਸ ਆਈ ਅਤੇ ਰਿਕਸ਼ਾ ਵਾਲੇ ਨੂੰ 50 ਰੁਪਏ ਦਾ ਨੋਟ ਦੇ ਕੇ ਹੱਸਦੇ ਹੋਏ ਅੰਦਰ ਆਈ।''

2004 ਵਿੱਚ ਕਿਉਂ ਪ੍ਰਚਾਰ 'ਚ ਉਤਾਰੀ ਗਈ ਪ੍ਰਿਅੰਕਾ

24 ਅਕਬਰ ਰੋਡ ਕਿਤਾਬ ਲਿਖਣ ਵਾਲੇ ਰਸ਼ੀਦ ਕਿਦਵਈ ਨੇ ਪ੍ਰਿਅੰਕਾ ਦੀ ਕਾਂਗਰਸ ਵਿੱਚ ਲੋੜ ਦੀ ਇੱਕ ਦਿਲਚਸਪ ਕਹਾਣੀ ਦੱਸਦੇ ਹਨ।

ਸਾਲ 2004 ਵਿੱਚ ਆਮ ਚੋਣਾਂ ਵੇਲੇ ਇਹ ਮਹਿਸੂਸ ਕੀਤਾ ਗਿਆ ਕਿ ਕਾਂਗਰਸ ਦੀ ਹਾਲਤ ਖ਼ਰਾਬ ਹੈ।

ਪਾਰਟੀ ਨੇ ਇੱਕ ਪ੍ਰੋਫੈਸ਼ਨਲ ਏਜੰਸੀ ਦੀਆਂ ਸੇਵਾਵਾਂ ਲਈਆਂ ਜਿਸ ਨੇ ਤਤਕਾਲੀ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਇਹ ਦੱਸਿਆ ਕਿ ਉਹ ਇਕੱਲੇ ਭਾਜਪਾ ਦੇ ਵੱਡੇ ਲੀਡਰ ਅਤੇ ਤਤਕਾਲੀ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੂੰ ਟੱਕਰ ਨਹੀਂ ਦੇ ਸਕਦੇ ਹਨ।

ਇਸ ਤੋਂ ਬਾਅਦ ਹੀ ਰਾਹੁਲ ਗਾਂਧੀ ਬ੍ਰਿਟੇਨ ਦੀ ਆਪਣੀ ਨੌਕਰੀ ਛੱਡ ਕੇ ਸਰਗਰਮ ਸਿਆਸਤ ਵਿੱਚ ਆਏ ਸਨ।

ਇਨ੍ਹਾਂ ਚੋਣਾਂ ਤੋਂ ਬਾਅਦ ਜਦੋਂ ਨਤੀਜੇ ਆਉਣੇ ਸ਼ੁਰੂ ਹੋਏ ਤਾਂ ਅਮੇਠੀ ਵਿੱਚ ਟੀਵੀ ਦੇਖ ਰਹੀ ਪ੍ਰਿਅੰਕਾ ਦੇ ਚਿਹਰੇ ਦੀ ਮੁਸਕੁਰਾਹਟ ਹਰ 10 ਮਿੰਟ ਵਿੱਚ ਵਧ ਰਹੀ ਸੀ।

ਰਾਸ਼ਿਦ ਦੱਸਦੇ ਹਨ ਕਿ ਇਸੇ ਏਜੰਸੀ ਤੋਂ ਸੋਨੀਆ ਨੇ ਫਿਰ ਸਲਾਹ ਮੰਗੀ। ਉਦੋਂ ਜਿਹੜੀ ਸਲਾਹ ਮਿਲੀ ਉਹ ਇਹ ਸੀ ਕਿ ਜ਼ੋਰਦਾਰ ਵਾਪਸੀ ਲਈ ਰਾਹੁਲ ਅਤੇ ਪ੍ਰਿਅੰਕਾ ਨੂੰ ਸਾਂਝੀ ਕੋਸ਼ਿਸ਼ ਦੀ ਲੋੜ ਹੋਵੇਗੀ।

ਜਦੋਂ ਪ੍ਰਿਅੰਕਾ ਨੇ 10 ਮਿੰਟ ਤੱਕ ਨੇਤਾ ਨੂੰ ਝਿੜਕਿਆ

ਸਾਲ 2012, ਉੱਤਰ ਪ੍ਰਦੇਸ਼ ਵਿੱਚ ਵਿਧਾਨ ਸਭਾ ਚੋਣਾਂ ਚੱਲ ਰਹੀਆਂ ਸਨ। ਪ੍ਰਿਅੰਕਾ ਰਾਇਬਰੇਲੀ ਦੀ ਬਛਰਾਂਵਾ ਸੀਟ 'ਤੇ ਪ੍ਰਚਾਰ ਕਰ ਰਹੇ ਸਨ।

ਇੱਕ ਪਿੰਡ ਵਿੱਚ ਉਨ੍ਹਾਂ ਦੇ ਸਵਾਗਤ ਲਈ ਉੱਥੇ ਦੇ ਸਭ ਤੋਂ ਵੱਡੇ ਕਾਂਗਰਸੀ ਲੀਡਰ ਅਤੇ ਸਾਬਕਾ ਵਿਧਾਇਕ ਖੜ੍ਹੇ ਦਿਖੇ।

ਪ੍ਰਿਅੰਕਾ ਦੇ ਚਿਹਰੇ ਦੇ ਰੰਗ ਬਦਲੇ, ਉਨ੍ਹਾਂ ਦੇ ਆਪਣੀ ਗੱਡੀ ਵਿੱਚ ਬੈਠੇ ਲੋਕਾਂ ਨੂੰ ਉਤਰਣ ਲਈ ਕਿਹਾ ਅਤੇ ਇਸ਼ਾਰੇ ਨਾਲ ਉਸ 'ਕਦਾਵਰ' ਨੇਤਾ ਨੂੰ ਗੱਡੀ ਵਿੱਚ ਬਿਠਾਇਆ।

ਆਪਣੀ ਅਗਲੀ ਸੀਟ ਤੋਂ ਪਿੱਛੇ ਮੁੜ ਕੇ ਗੁੱਸੇ ਵਿੱਚ ਭੜਕੀ ਪ੍ਰਿਅੰਕਾ ਨੇ ਉਸ ਨੇਤਾ ਨੂੰ 10 ਮਿੰਟ ਤੱਕ ਝਿੜਕਿਆ ਅਤੇ ਕਿਹਾ, "ਅੱਗੇ ਤੋਂ ਮੈਨੂੰ ਕੁਝ ਅਜਿਹਾ ਸੁਣਨ ਨੂੰ ਨਾ ਮਿਲੇ, ਮੈਂ ਸਭ ਜਾਣਦੀ ਹਾਂ। ਹੁਣ ਗੱਡੀ ਵਿੱਚੋਂ ਹੱਸਦੇ ਹੋਏ ਉਤਰੋ।''

ਇਹ ਵੀ ਪੜ੍ਹੋ:

ਪ੍ਰਿਅੰਕਾ ਦੇ ਸਫ਼ਰ 'ਤੇ ਇੱਕ ਨਜ਼ਰ

  • 12 ਜਨਵਰੀ 1972 ਨੂੰ ਜਨਮ
  • ਮਾਡਰਨ ਸਕੂਲ, ਦਿੱਲੀ ਵਿੱਚ ਪੜ੍ਹਾਈ
  • ਦਿੱਲੀ ਯੂਨੀਵਰਸਿਟੀ ਦੇ ਜੀਜ਼ਸ ਐਂਡ ਮੈਰੀ ਕਾਲਜ ਤੋਂ ਮਨੋਵਿਗਿਆਨ ਦੀ ਪੜ੍ਹਾਈ
  • 1997 ਵਿੱਚ ਵਪਾਰੀ ਰੌਬਰਟ ਵਾਡਰਾ ਨਾਲ ਵਿਆਹ
  • 2004 ਵਿੱਚ ਸੋਨੀਆ ਗਾਂਧੀ ਲਈ ਪ੍ਰਚਾਰ ਕੀਤਾ
  • ਪ੍ਰਿਅੰਕਾ ਗਾਂਧੀ ਦੇ ਦੋ ਬੱਚੇ ਹਨ, ਇੱਕ ਮੁੰਡਾ ਤੇ ਇੱਕ ਕੁੜੀ

ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)