ਪ੍ਰਿਅੰਕਾ ਗਾਂਧੀ ਦੀ ਐਂਟਰੀ ਰਾਹੁਲ, ਕਾਂਗਰਸ ਤੇ ਗਾਂਧੀ ਪਰਿਵਾਰ, ਤਿੰਨਾਂ ਲਈ ਵੱਡਾ ਦਾਅ — ਨਜ਼ਰੀਆ

    • ਲੇਖਕ, ਰਸ਼ੀਦ ਕਿਦਵਈ
    • ਰੋਲ, ਸੀਨੀਅਰ ਪੱਤਰਕਾਰ

ਪ੍ਰਿਅੰਕਾ ਗਾਂਧੀ ਨੇ 24 ਅਪ੍ਰੈਲ 2009 ਨੂੰ ਪੱਤਰਕਾਰ ਬਰਖਾ ਦੱਤ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਕਿਹਾ ਸੀ, "ਖੁੱਲ੍ਹ ਕੇ ਦੱਸਾਂ, ਮੈਂ ਅਜੇ ਆਪਣੇ ਆਪ ਨੂੰ ਸਮਝ ਨਹੀਂ ਸਕੀ ਹਾਂ ਪਰ ਇੰਨਾ ਸਪਸ਼ਟ ਹੈ ਕਿ ਮੈਂ ਸਿਆਸਤ ਵਿੱਚ ਨਹੀਂ ਆਉਣਾ ਚਾਹੁੰਦੀ। ਮੇਰੀ ਜ਼ਿੰਦਗੀ ਜਿਹੋ-ਜਿਹੀ ਹੈ, ਮੈਂ ਉਸ ਵਿੱਚ ਬਹੁਤ ਖੁਸ਼ ਹਾਂ। ਸਿਆਸਤ ਦੇ ਕੁਝ ਪਹਿਲੂ ਅਜਿਹੇ ਹਨ ਜਿਨ੍ਹਾਂ ਲਈ ਮੈਂ ਸਹਿਜ ਨਹੀਂ ਹਾਂ।"

ਕਾਂਗਰਸ ਦੇ ਆਗੂਆਂ ਨੂੰ ਤਾਂ ਸ਼ੁਰੂ ਤੋਂ ਇਹ ਪੱਕਾ ਨਹੀਂ ਸੀ ਲਗਦਾ ਕਿ ਪ੍ਰਿਅੰਕਾ ਆਪਣੇ ਇਨ੍ਹਾਂ ਸ਼ਬਦਾਂ ਉੱਪਰ ਕਾਇਮ ਰਹਿਣਗੇ।

ਬੁੱਧਵਾਰ ਨੂੰ ਜਦੋਂ ਪ੍ਰਿਅੰਕਾ ਦਾ ਨਾਂ ਕਾਂਗਰਸ ਦੀ ਕੌਮੀ ਜਨਰਲ ਸਕੱਤਰ ਅਤੇ ਪੂਰਵੀ ਉੱਤਰ ਪ੍ਰਦੇਸ਼ ਦੀ ਇੰਚਾਰਜ ਵਜੋਂ ਐਲਾਨਿਆ ਗਿਆ ਤਾਂ ਇਨ੍ਹਾਂ ਕਾਂਗਰਸੀਆਂ ਦੇ ਚਿਹਰਿਆਂ ਉੱਪਰ ਮੁਸਕਾਨ ਸੀ।

ਉੱਤਰ ਪ੍ਰਦੇਸ਼ ਦੇ ਕਾਂਗਰਸ ਦਫਤਰ ਤੋਂ ਲੈ ਕੇ ਦਿੱਲੀ ਵਿੱਚ ਮੁੱਖ ਦਫਤਰ ਤਕ ਕਈਆਂ ਦਾ ਇਹ ਮੰਨਣਾ ਸੀ ਕਿ ਪ੍ਰਿਅੰਕਾ ਦਾ ਅਹੁਦਾ ਪੂਰਵੀ ਉੱਤਰ ਪ੍ਰਦੇਸ਼ ਤੋਂ ਬਹੁਤ ਦੂਰ ਤਕ ਜਾਵੇਗਾ।

ਜਦੋਂ ਲੋਕ ਸਭਾ ਚੋਣਾਂ ਮਸਾਂ ਤਿੰਨ ਮਹੀਨੇ ਦੂਰ ਹਨ, ਇਹ ਐਲਾਨ ਦੋ ਧਿਰਾਂ ਲਈ ਝਟਕੇ ਵਾਂਗ ਹੈ — ਇੱਕ ਪਾਸੇ ਮੁੜ ਜਿੱਤਣ ਦੀ ਉਮੀਦ ਰੱਖਦੀ ਭਾਜਪਾ ਲਈ, ਦੂਜੇ ਪਾਸੇ ਕਾਂਗਰਸ ਦੇ ਸਮਰਥਨ ਨਾਲ ਆਪਣੀ ਕਹਾਣੀ ਚਮਕਾਉਣ ਦੇ ਤਾਂਘਵਾਨ ਤੀਜੇ ਧਿਰ ਦੇ ਆਗੂਆਂ ਲਈ ਵੀ।

ਇਹ ਵੀ ਜ਼ਰੂਰ ਪੜ੍ਹੋ

ਸਰਸਰੀ ਤੌਰ 'ਤੇ ਜਾਪਦਾ ਹੈ ਕਿ ਪ੍ਰਿਅੰਕਾ ਨੂੰ ਕਾਂਗਰਸ ਦੀ ਅਹੁਦੇਦਾਰ ਬਣਾ ਕੇ ਪਾਰਟੀ ਯੂਪੀ ਵਿੱਚ ਆਪਣੇ ਕਾਰਜਕਰਤਾਵਾਂ ਵਿੱਚ ਨਵੀਂ ਤਾਕਤ ਪੈਦਾ ਕਰਨਾ ਚਾਹੁੰਦੀ ਹੈ। ਜੇਕਰ ਕਾਂਗਰਸ ਨੇ ਯੂਪੀ ਵਿੱਚ ਚੰਗਾ ਪ੍ਰਦਰਸ਼ਨ ਕੀਤਾ ਤਾਂ ਨਰਿੰਦਰ ਮੋਦੀ ਦੀ ਐੱਨਡੀਏ ਸਰਕਾਰ ਦੇ ਵਾਪਸ ਆਉਣ ਦੀ ਸੰਭਾਵਨਾ ਬਹੁਤ ਘੱਟ ਜਾਵੇਗੀ।

ਮੁੜ ਦੋ ਗਾਂਧੀ ਇਕੱਠੇ

ਕਾਂਗਰਸ ਦੇ ਇਤਿਹਾਸ ਵਿੱਚ ਹੀ ਨਹਿਰੂ-ਗਾਂਧੀ ਪਰਿਵਾਰ ਦੇ ਮੈਂਬਰ ਇੱਕ ਟੀਮ ਵਾਂਗ ਕੰਮ ਕਰਦੇ ਆਏ ਹਨ।

1959 ਵਿੱਚ ਕਈ ਲੋਕਾਂ ਨੂੰ ਹੈਰਾਨੀ ਹੋਈ ਸੀ ਜਦੋਂ ਪਿਤਾ ਜਵਾਹਰਲਾਲ ਨਹਿਰੂ ਦੇ ਪ੍ਰਧਾਨ ਮੰਤਰੀ ਹੁੰਦਿਆਂ ਹੀ ਇੰਦਰਾ ਗਾਂਧੀ ਕਾਂਗਰਸ ਪ੍ਰਧਾਨ ਬਣੇ ਸਨ।

ਬੀਬੀਸੀ ਪੰਜਾਬੀ ਨੂੰ ਆਪਣੇ ਫੋਨ ਉੱਪਰ ਇੰਝ ਲਿਆਓ

ਨਹਿਰੂ ਦੇ ਵਿਰੋਧੀਆਂ ਨੇ ਇਸ ਨੂੰ ਇੰਝ ਵੇਖਿਆ ਸੀ ਕਿ ਉਹ ਆਪਣੀ ਧੀ ਨੂੰ ਧੱਕੇ ਨਾਲ ਅੱਗੇ ਵਧਾ ਰਹੇ ਹਨ।

ਪਰ ਅਜਿਹੇ ਵੀ ਕਈ ਕਾਂਗਰਸੀ ਸਨ ਜਿਨ੍ਹਾਂ ਨੂੰ ਜਾਪਦਾ ਸੀ ਕਿ ਇੰਦਰਾ ਨੇ ਆਪਣੇ ਕੰਮ ਦੇ ਆਧਾਰ 'ਤੇ ਇਹ ਅਹੁਦਾ ਲਿਆ ਸੀ। ਇਸ ਵਿਸ਼ਵਾਸ ਦਾ ਕਾਰਣ ਵੀ ਸੀ — ਇੰਦਰਾ ਨੇ ਜਨਰਲ ਸਕੱਤਰ ਵਜੋਂ ਕੇਰਲ ਵਿੱਚ ਇੱਕ ਸਮੱਸਿਆ ਨੂੰ ਸੁਲਝਾਇਆ ਸੀ ਅਤੇ ਇਹ ਵੀ ਸਲਾਹ ਦਿੱਤੀ ਸੀ ਕਿ ਭਾਸ਼ਾ ਦੇ ਆਧਾਰ 'ਤੇ ਮਹਾਰਾਸ਼ਟਰ ਤੇ ਗੁਜਰਾਤ ਵੱਖ-ਵੱਖ ਸੂਬੇ ਬਣਾ ਕੇ ਉੱਥੇ ਦਾ ਝਗੜਾ ਵੀ ਮੁਕਾਇਆ ਜਾਵੇ।

ਜਦੋਂ 1960 ਵਿੱਚ ਇੰਦਰਾ ਗਾਂਧੀ ਦਾ ਕਾਰਜਕਾਲ ਮੁੱਕਿਆ ਤਾਂ ਕਈ ਕਾਂਗਰਸੀਆਂ ਨੇ ਉਨ੍ਹਾਂ ਨੂੰ ਮੁੜ ਅਹੁਦੇ ਲਈ ਦਾਅਵੇਦਾਰੀ ਪੇਸ਼ ਕਰਨ ਲਈ ਆਖਿਆ ਪਰ ਉਨ੍ਹਾਂ ਨੇ ਮਨ੍ਹਾ ਕਰ ਦਿੱਤਾ।

ਇੰਦਰਾ ਦੇ ਪੁੱਤਰ ਸੰਜੇ ਗਾਂਧੀ ਨੇ 1974-80 ਦੇ ਆਪਣੇ ਸਿਆਸੀ ਸਫ਼ਰ ਦੌਰਾਨ ਜ਼ਿਆਦਾਤਰ ਸਮੇਂ ਪਾਰਟੀ ਵਿੱਚ ਕੋਈ ਅਹੁਦਾ ਨਹੀਂ ਲਿਆ। ਉਹ ਕੁਝ ਸਮੇਂ ਲਈ ਹੀ ਜਨਰਲ ਸੱਕਤਰ ਬਣੇ ਪਰ ਉਂਝ ਉਨ੍ਹਾਂ ਨੂੰ ਕੰਮ ਅਤੇ ਫੈਸਲੇ ਲੈਣ ਦੀ ਤਾਕਤ ਵਿੱਚ ਇੰਦਰਾ ਦੇ ਬਰਾਬਰ ਮੰਨਿਆ ਜਾਂਦਾ ਸੀ।

ਜੂਨ 1980 ਵਿੱਚ ਇੱਕ ਜਹਾਜ਼ ਦੁਰਘਟਨਾਂ ਵਿੱਚ ਸੰਜੇ ਗਾਂਧੀ ਦੇ ਮੌਤ ਤੋਂ ਕੁਝ ਹਫਤੇ ਪਹਿਲਾਂ ਹੀ ਉਨ੍ਹਾਂ ਦੇ ਸਾਥੀ ਰਾਮ ਚੰਦਰ ਰਥ ਨੇ ਸੰਜੇ ਨੂੰ ਪਾਰਟੀ ਪ੍ਰਧਾਨ ਵਜੋਂ ਵੇਖਣਾ ਸ਼ੁਰੂ ਕਰ ਦਿੱਤਾ ਸੀ।

ਰਥ ਕਹਿੰਦੇ ਸਨ, "ਸੁਭਾਸ਼ ਚੰਦਰ ਬੋਸ ਅਤੇ ਨਹਿਰੂ ਵੀ ਜਵਾਨੀ 'ਚ ਹੀ ਪਾਰਟੀ ਦੇ ਆਗੂ ਬਣ ਗਏ ਸਨ। ਜੇ ਪਾਰਟੀ ਉਨ੍ਹਾਂ (ਸੰਜੇ) ਨੂੰ ਪ੍ਰਧਾਨ ਚੁਣਦੀ ਹੈ ਤਾਂ ਇਹ ਬਿਲਕੁਲ ਲੋਕਤੰਤਰ ਦੇ ਮੁਤਾਬਕ ਹੋਵੇਗਾ। ਇਸ ਵਿੱਚ ਕੁਝ ਗਲਤ ਨਹੀਂ ਹੈ।"

ਇਹ ਵੀ ਜ਼ਰੂਰ ਪੜ੍ਹੋ

ਸੰਜੇ ਦੇ ਭਰਾ ਰਾਜੀਵ ਗਾਂਧੀ 1983 ਵਿੱਚ ਪਾਰਟੀ ਦੇ ਜਨਰਲ ਸਕੱਤਰ ਬਣੇ ਜਦੋਂ ਉਨ੍ਹਾਂ ਦੇ ਮਾਤਾ ਇੰਦਰਾ ਗਾਂਧੀ ਪ੍ਰਧਾਨ ਮੰਤਰੀ ਸਨ। ਉਨ੍ਹਾਂ ਨੂੰ ਪਾਰਟੀ ਦਫਤਰ, 24, ਅਕਬਰ ਰੋਡ, ਦਿੱਲੀ, ਵਿੱਚ ਇੰਦਰਾ ਗਾਂਧੀ ਦੇ ਨਾਲ ਵਾਲਾ ਕਮਰਾ ਦਿੱਤਾ ਗਿਆ। ਰਾਜੀਵ ਦੇ ਹਰ ਸ਼ਬਦ ਵਿੱਚ ਵਜਨ ਹੁੰਦਾ ਸੀ ਅਤੇ ਕਈ ਮੰਤਰੀ ਵੀ ਉਨ੍ਹਾਂ ਦੇ ਕਮਰੇ ਬਾਹਰ ਖੜ੍ਹੇ ਨਜ਼ਰ ਆਉਂਦੇ ਸਨ।

ਜਿੱਥੇ ਤਕ ਸੋਨੀਆ ਗਾਂਧੀ ਅਤੇ ਪੁੱਤਰ ਰਾਹੁਲ ਦੀ ਗੱਲ ਹੈ ਤਾਂ 2006-2014 ਦੇ ਵਕਫ਼ੇ 'ਚ ਉਨ੍ਹਾਂ ਦੇ ਕਾਰਜਕਾਰੀ ਰਿਸ਼ਤੇ ਬੜੇ ਸਸਫ ਪਰਿਭਾਸ਼ਤ ਸਨ। 'ਟੀਮ ਰਾਹੁਲ' ਵਾਲੇ ਕੁਝ ਜਵਾਨ ਆਗੂਆਂ ਅਤੇ ਮੰਤਰੀਆਂ ਨੂੰ ਛੱਡ ਦੇਈਏ ਤਾਂ ਯੂਪੀਏ ਸਰਕਾਰ ਦੇ ਜ਼ਿਆਦਾਤਰ ਮੰਤਰੀਆਂ ਨੂੰ ਰਾਹੁਲ ਨਾਲ ਮਿਲਣ ਤੋਂ ਗੁਰੇਜ਼ ਕਰਨ ਲਈ ਹੀ ਆਖਿਆ ਜਾਂਦਾ ਸੀ।

ਪ੍ਰਿਅੰਕਾ ਲਈ ਹੁਣ ਅੱਗੇ ਦਾ ਰਾਹ ਕੀ ਹੈ?

ਯੂਪੀਏ ਨੇ 10 ਸਾਲ ਰਾਜ ਕੀਤਾ (2004-14) ਪਰ ਇਸ ਨਾਲ ਰਾਹੁਲ ਦਾ ਸਿਆਸੀ ਕੱਦ ਨਹੀਂ ਵਧਿਆ। ਸਗੋਂ ਇਸ ਵਕਫ਼ੇ ਨੇ ਤਾਂ ਰਾਹੁਲ ਨੂੰ ਇੱਕ ਉਭਰਦੇ ਨੇਤਾ ਦੀ ਬਜਾਇ ਇੱਕ ਦੁਵਿਧਾ ਵਿੱਚ ਫਸੇ ਕਿਰਦਾਰ ਵਜੋਂ ਪੇਸ਼ ਕੀਤਾ।

ਰਾਹੁਲ ਸਾਹਮਣੇ ਚੁਣੌਤੀ ਆਈ ਕਿ ਉਹ ਖੁਦ ਨੂੰ ਇੱਕ ਵਿਸ਼ਵਾਸ-ਲਾਇਕ, 24x7 ਕੰਮ ਕਰਨ ਵਾਲੇ ਮਿਹਨਤੀ ਆਗੂ ਵਜੋਂ ਪੇਸ਼ ਕਰਨ ਅਤੇ ਆਪਣੇ ਸਾਥੀਆਂ ਤੋਂ ਇੱਜ਼ਤ ਕਮਾਉਣ। ਰਾਹੁਲ ਨੂੰ ਇਹ ਵੀ ਵਿਖਾਉਣਾ ਪਿਆ ਕਿ ਉਹ ਵਾਕਈ ਭਾਜਪਾ ਨੂੰ ਹਰਾਉਣ ਦੀ ਤਾਕਤ ਦੇ ਮਾਲਕ ਹਨ।

11 ਦਸੰਬਰ 2018 ਨੂੰ ਮੌਕਾ ਆਇਆ ਜਦੋਂ ਰਾਹੁਲ ਇਹ ਸਭ ਵਿਖਾ ਸਕੇ, ਕਿਉਂਕਿ ਕਾਂਗਰਸ ਨੇ ਆਪਣੇ ਬਲਬੂਤੇ ਹੀ ਭਾਜਪਾ ਨੂੰ ਤਿੰਨ ਸੂਬਿਆਂ, ਰਾਜਸਥਾਨ, ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਵਿੱਚ ਹਰਾਇਆ।

ਆਜ਼ਾਦੀ ਤੋਂ ਬਾਅਦ ਭਾਰਤ ਦੇ 72 ਸਾਲਾਂ ਦੇ ਇਤਿਹਾਸ ਵਿੱਚ ਨਹਿਰੂ-ਗਾਂਧੀ ਪਰਿਵਾਰ ਨੇ ਦੇਸ਼ ਦੀ ਅਗੁਆਈ 59 ਸਾਲ ਕੀਤੀ ਹੈ।

ਹਰ ਰੰਗ-ਢੰਗ ਦਾ ਕਾਂਗਰਸੀ ਉਨ੍ਹਾਂ ਨੂੰ ਆਪਣਾ ਲੀਡਰ ਮੰਨਦਾ ਹੈ ਅਤੇ ਬਦਲੇ ਵਿੱਚ ਚੋਣਾਂ ਵਿੱਚ ਜਿੱਤ ਹਾਸਲ ਕਰਨ ਦੀ ਤਾਕਤ ਦਾ ਪ੍ਰਦਰਸ਼ਨ ਮੰਗਦਾ ਹੈ।

ਨਹਿਰੂ ਤੋਂ ਲੈ ਕੇ ਸੋਨੀਆਂ ਤਕ ਕਿਸੇ ਨੇ ਵੀ ਝਟਕੇ ਨਾਲ ਸਿਆਸਤ ਨਹੀਂ ਛੱਡੀ ਹੈ ਅਤੇ ਨਾਂ ਹੀ ਨਾਕਾਮੀ ਦਾ ਸਾਹਮਣਾ ਕੀਤਾ ਹੈ।

ਇਸੇ ਲਈ ਕਾਂਗਰਸੀ ਅੰਨੇਵਾਹ ਉਨ੍ਹਾਂ ਦੇ ਪਿੱਛੇ ਲਗਦੇ ਰਹੇ ਹਨ ਅਤੇ ਗਾਂਧੀਆਂ ਤੋਂ ਅਗਾਂਹ ਨਹੀਂ ਸੋਚਣਾ ਚਾਹੁੰਦੇ।

ਇਹ ਵੀ ਜ਼ਰੂਰ ਪੜ੍ਹੋ

ਹੁਣ ਰਾਹੁਲ ਅਤੇ ਪ੍ਰਿਅੰਕਾ ਨੂੰ ਵੀ ਇਸੇ 'ਮਹਾਨਤਾ' ਉੱਪਰ ਪੂਰਾ ਉੱਤਰਨਾ ਪਵੇਗਾ ਅਤੇ ਕਾਂਗਰਸੀਆਂ ਦੀ ਇਸ ਉਮੀਦ ਨੂੰ ਸਹੀ ਸਾਬਤ ਕਰਨਾ ਪਵੇਗਾ।

ਪ੍ਰਿਅੰਕਾ ਨੇ ਲਗਾਤਾਰ ਕਿਹਾ ਹੈ, "ਮੈਂ ਆਪਣੇ ਭਰਾ ਦੀ ਮਦਦ ਲਈ ਕੁਝ ਵੀ ਕਰਾਂਗੀ... ਉਹ ਜੋ ਵੀ ਚਾਹੁਣਗੇ।"

ਉਨ੍ਹਾਂ ਦੀ ਪੂਰੀ ਸਿਆਸਤ ਰਾਹੁਲ ਨੂੰ ਕਾਮਯਾਬ ਕਰਨ ਦੇ ਆਲੇ-ਦੁਆਲੇ ਘੁੰਮਦੀ ਹੈ। ਇਸ ਕਾਮਯਾਬੀ ਲਈ ਪ੍ਰਿਅੰਕਾ ਦਾ ਸਰਗਰਮ ਰਾਜਨੀਤੀ ਵਿੱਚ ਆਉਣਾ ਜ਼ਰੂਰੀ ਹੋ ਗਿਆ ਸੀ ਅਤੇ ਛੋਟੀ ਭੈਣ ਨੇ ਆਪਣੇ ਭਰਾ ਲਈ ਇਹ ਵੀ ਕਰ ਦਿੱਤਾ, ਭਾਵੇਂ ਉਨ੍ਹਾਂ ਨੇ 10 ਸਾਲ ਪਹਿਲਾਂ ਕੁਝ ਹੋਰ ਹੀ ਕਿਹਾ ਸੀ।

ਇਹ ਵੀਡੀਓ ਵੀ ਜ਼ਰੂਰ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)