You’re viewing a text-only version of this website that uses less data. View the main version of the website including all images and videos.
ਵਿਸ਼ਵ ਕੈਂਸਰ ਦਿਵਸ: ਕੈਂਸਰ ਨੂੰ ਮਾਤ ਦੇ ਕੇ ਇਨ੍ਹਾਂ ਹਸਤੀਆਂ ਨੇ ਇੰਝ ਨਵੀਂ ਸ਼ੁਰੂਆਤ ਕੀਤੀ
ਚਾਰ ਫਰਵਰੀ ਨੂੰ ਵਿਸ਼ਵ ਕੈਂਸਰ ਦਿਵਸ ਦੇ ਤੌਰ 'ਤੇ ਮਨਾਇਆ ਜਾਂਦਾ ਹੈ। ਇਸ ਦਿਨ ਦਾ ਮੰਤਵ ਲੋਕਾਂ ਵਿਚ ਇਸ ਬਿਮਾਰੀ ਬਾਰੇ ਜਾਗਰੁਕਤਾ ਫੈਲਾਉਣ ਬਾਬਤ ਜੁੜਿਆ ਹੋਇਆ ਹੈ।
ਕੈਂਸਰ ਵਰਗੀ ਜਾਨਲੇਵਾ ਬਿਮਾਰੀ ਨਾ ਉਮਰ ਦੇਖਦੀ ਹੈ ਅਤੇ ਨਾ ਹੀ ਕਿਸੇ ਹੋਰ ਚੀਜ਼ ਦਾ ਫ਼ਰਕ ਕਰਦੀ ਹੈ, ਪਰ ਜ਼ਿੰਦਗੀ 'ਤੇ ਡੂੰਘੇ ਪ੍ਰਭਾਵ ਜ਼ਰੂਰ ਛੱਡ ਜਾਂਦੀ ਹੈ।
ਜੇ ਹੌਂਸਲੇ ਅਤੇ ਹਿੰਮਤ ਨਾਲ ਲੜਿਆ ਜਾਵੇ ਤਾਂ ਇਸ ਬਿਮਾਰੀ ਨੂੰ ਵੀ ਹਰਾਇਆ ਜਾ ਸਕਦਾ ਹੈ, ਇਹ ਸਾਬਿਤ ਕੀਤਾ ਹੈ ਕੁਝ ਪ੍ਰਸਿੱਧ ਸ਼ਖਸੀਅਤਾਂ ਨੇ।
ਸ਼ਖਸੀਅਤਾਂ ਦੀ ਪ੍ਰਸਿੱਧੀ, ਇਨ੍ਹਾਂ ਦੀਆਂ ਕਹਾਣੀਆਂ ਆਮ ਲੋਕਾਂ ਤੱਕ ਪਹੁੰਚਾਉਂਦੀਆਂ ਹਨ ਅਤੇ ਹੌਂਸਲੇ ਦਾ ਉਦਾਹਰਨ ਬਣਦੀਆਂ ਹਨ। ਇਹ ਉਦਾਹਰਨ ਆਮ ਲੋਕਾਂ ਨੂੰ ਵੀ ਕੈਂਸਰ ਨੂੰ ਹਰਾਉਣ ਦੀ ਪ੍ਰੇਰਣਾ ਦਿੰਦੇ ਹਨ।
ਇਹ ਵੀ ਪੜ੍ਹੋ:
ਸੋਨਾਲੀ ਬੇਂਦਰੇ
ਪਿਛਲੇ ਸਾਲ ਸੋਨਾਲੀ ਬੇਂਦਰੇ ਨੇ ਆਪਣੀ ਕੈਂਸਰ ਨਾਲ ਚੱਲ ਰਹੀ ਲੜਾਈ ਨੂੰ ਸੋਸ਼ਲ ਮੀਡੀਆ ਰਾਹੀਂ ਸਭ ਅੱਗੇ ਜ਼ਾਹਿਰ ਕੀਤਾ ਸੀ। ਉਨ੍ਹਾਂ ਨੇ ਇਸ ਬਿਮਾਰੀ ਕਾਰਨ ਜ਼ਿੰਦਗੀ ਅਤੇ ਭਾਵਨਾਵਾਂ 'ਤੇ ਪੈਂਦੇ ਪ੍ਰਭਾਵ ਨੂੰ ਵੀ ਆਪਣੀਆਂ ਪੋਸਟਾਂ ਰਾਹੀਂ ਬਾਖੂਬੀ ਬਿਆਨਿਆ।
ਲੋਕਾਂ ਨੇ ਵੀ ਉਨ੍ਹਾਂ ਦੇ ਹੌਂਸਲੇ ਦੀ ਤਾਰੀਫ਼ ਕੀਤੀ ਅਤੇ ਉਨ੍ਹਾਂ ਦੀਆਂ ਸੋਸ਼ਲ ਮੀਡੀਆ ਪੋਸਟਾਂ ਤੋਂ ਪ੍ਰੇਰਣਾ ਹਾਸਿਲ ਕਰਨ ਦੀ ਗੱਲ ਆਖੀ ਸੀ।
ਬੀਤੇ ਦਿਨੀਂ ਸੋਨਾਲੀ ਨੇ ਵੀ ਕੈਂਸਰ ਨਾਲ ਲੜਾਈ ਵਿਚ ਜਿੱਤ ਹਾਸਿਲ ਕਰਦਿਆਂ ਸ਼ੂਟਿੰਗ ਦੇ ਸੈਟ 'ਤੇ ਮੁੜ ਵਾਪਸੀ ਕੀਤੀ ਸੀ ਅਤੇ ਇਹ ਖੁਸ਼ੀ ਵੀ ਆਪਣੇ ਚਾਹੁਣ ਵਾਲਿਆਂ ਨਾਲ ਸਾਂਝੀ ਕੀਤੀ ਸੀ।
ਵਿਸ਼ਵ ਕੈਂਸਰ ਦਿਵਸ 'ਤੇ ਆਪਣੀਆਂ ਭਾਵਨਾਵਾਂ ਸਾਂਝੀ ਕਰਦਿਆਂ ਉਹ ਟਵੀਟ ਕਰਦਿਆਂ ਲਿਖਦੀ ਹੈ ਕਿ, " C ਅੱਖਰ ਦਾ ਜ਼ਿਕਰ ਹੀ ਲੋਕਾਂ ਦੇ ਮਨਾਂ ਨੂੰ ਡਰ ਨਾਲ ਭਰ ਦਿੰਦਾ ਹੈ। ਕਿਸਨੇ ਸੋਚਿਆ ਸੀ ਕਿ ਇਹ ਚੀਜ਼ ਇੰਨੀ ਵੱਡੀ ਬਣ ਜਾਵੇਗੀ, ਪਰ ਬਣ ਚੁੱਕੀ ਹੈ। ਸਾਨੂੰ ਇਸਤੋਂ ਇਨ੍ਹਾਂ ਡਰ ਲਗਦਾ ਹੈ ਕਿ ਅਸੀਂ ਇਸ ਬਾਰੇ ਗੱਲ ਵੀ ਨਹੀਂ ਕਰ ਪਾਂਦੇ।"
ਯੁਵਰਾਜ ਸਿੰਘ
ਕਈ ਭਾਰਤੀਆਂ ਦੇ ਚਹੀਤੇ ਕ੍ਰਿਕਟ ਖਿਡਾਰੀ ਯੁਵਰਾਜ ਸਿੰਘ ਨੂੰ ਸਾਲ 2011 ਵਿਚ ਕੈਂਸਰ ਨਾਲ ਪੀੜਤ ਪਾਇਆ ਗਿਆ। ਉਨ੍ਹਾਂ ਦੇ ਇੱਕ ਫੇਫੜੇ ਵਿੱਚ ਕੈਂਸਰ ਸੀ।
ਅਮਰੀਕਾ ਤੋਂ ਇਲਾਜ ਕਰਵਾਉਣ ਤੋਂ ਬਾਅਦ ਉਨ੍ਹਾਂ ਸਾਲ 2012 ਦੀ ਅਪ੍ਰੈਲ ਵਿਚ ਭਾਰਤ ਵਾਪਸੀ ਕੀਤੀ ਅਤੇ ਉਸੀ ਸਾਲ ਉਨ੍ਹਾਂ ਕੌਮਾਂਤਰੀ ਕ੍ਰਿਕਟ ਵਿੱਚ ਵੀ ਵਾਪਸੀ ਕੀਤੀ।
ਬਿਮਾਰ ਰਹਿਣ ਤੋਂ ਬਾਅਦ ਕੈਂਸਰ ਬਾਬਤ ਜਾਗਰੁਕਤਾ ਫੈਲਾਉਣ ਲਈ ਅਤੇ ਕੈਂਸਰ ਪੀੜਤਾਂ ਦੀ ਸਹਾਇਤਾ ਕਰਨ ਲਈ ਉਹ ਕਾਫ਼ੀ ਸਾਲਾਂ ਤੋਂ ਕੰਮ ਕਰਦੇ ਆ ਰਹੇ ਹਨ।
ਉਨ੍ਹਾਂ ਵੱਲੋਂ ਇਸ ਕਾਰਜ ਲਈ ਇੱਕ ਸੰਸਥਾ ਦੀ ਵੀ ਸ਼ੁਰੂਆਤ ਕੀਤੀ ਗਈ ਸੀ। ਦਸੰਬਰ ਦੇ ਮਹੀਨੇ ਵਿਚ ਉਨ੍ਹਾਂ ਆਪਣੇ ਜਨਮ ਦਿਨ ਮੌਕੇ ਟਵੀਟ ਕਰਦਿਆਂ ਕਿਹਾ ਸੀ ਕਿ ਉਹ ਕੈਂਸਰ ਨਾਲ ਪੀੜਤ 25 ਬੱਚਿਆਂ ਨੂੰ ਆਪਣੀ ਸੰਸਥਾ ਰਾਹੀਂ ਸਹਾਇਤਾ ਮੁਹੱਈਆ ਕਰਵਾਉਣਗੇ।
ਤਾਹਿਰਾ ਕਸ਼ਯਪ ਖੁਰਾਨਾ
ਆਯੁਸ਼ਮਾਨ ਖੁਰਾਨਾ ਦੀ ਪਤਨੀ ਅਤੇ ਨਿਰਦੇਸ਼ਕ ਤਾਹਿਰਾ ਕਸ਼ਯਪ ਖੁਰਾਨਾ ਨੇ ਵੀ ਪਿਛਲੇ ਸਾਲ ਸੋਸ਼ਲ ਮੀਡੀਆ ਰਾਹੀਂ ਲੋਕਾਂ ਨੂੰ ਇਸ ਬਿਮਾਰੀ ਨਾਲ ਲੜਾਈ ਬਾਰੇ ਪ੍ਰੇਰਣਾ ਦਿੱਤੀ ਹੈ।
ਇਸ ਬਿਮਾਰੀ ਦੇ ਇਲਾਜ ਦੇ ਅਸਰ ਵਜੋਂ ਸਰੀਰ 'ਤੇ ਪੈਂਦੇ ਪ੍ਰਭਾਵ ਵੀ ਉਨ੍ਹਾਂ ਆਤਮ ਵਿਸ਼ਵਾਸ ਨਾਲ ਲੋਕਾਂ ਨਾਲ ਸਾਂਝੇ ਕੀਤੇ।
ਵਿਸ਼ਵ ਕੈਂਸਰ ਦਿਵਸ 'ਤੇ ਤਾਹਿਰਾ ਨੇ ਇੰਸਟਾਗ੍ਰਾਮ 'ਤੇ ਆਪਣੀ ਇੱਕ ਤਸਵੀਰ ਪੋਸਟ ਕਰਦਿਆਂ ਸਾਰਿਆਂ ਨੂੰ ਇਸ ਦਿਨ ਦੀ ਵਧਾਈ ਦਿੱਤੀ। ਆਪਣੀ ਪੋਸਟ ਵਿਚ ਲਿਖਦਿਆਂ ਉਨ੍ਹਾਂ ਉਮੀਦ ਕੀਤੀ ਕਿ ਇਸ ਦਿਨ ਨੂੰ ਕੈਂਸਰ ਬਾਬਤ ਰੂੜੀਵਾਦੀ ਸੋਚ ਖਤਮ ਕਰਨ ਅਤੇ ਜਾਗਰੁਕਤਾ ਫੈਲਾਉਣ ਲਈ ਸਮਰਪਿਤ ਕੀਤਾ ਜਾਵੇਗਾ।
ਮਨੀਸ਼ਾ ਕੋਇਰਾਲਾ
ਫਿਲਮ ਅਦਾਕਾਰਾ ਮਨੀਸ਼ਾ ਕੋਇਰਾਲਾ ਸਾਲ 2012 ਵਿਚ ਓਵਰੀ ਦੇ ਕੈਂਸਰ ਨਾਲ ਪੀੜਤ ਹੋਏ ਸਨ। ਸਫ਼ਲ ਓਪ੍ਰੇਸ਼ਨ ਤੋਂ ਬਾਅਦ ਉਨ੍ਹਾਂ ਨੇ ਫ਼ਿਲਮੀ ਜਗਤ ਵਿੱਚ ਮੁੜ ਵਾਪਸੀ ਕੀਤੀ ਅਤੇ ਪਿਛਲੇ ਦੋ ਸਾਲਾਂ ਤੋਂ ਉਹ ਕੈਂਸਰ ਮੁਕਤ ਹਨ।
ਅੱਜ ਦੇ ਦਿਨ ਉਨ੍ਹਾਂ ਕੈਂਸਰ ਸਬੰਧੀ ਇੱਕ ਪ੍ਰੋਗਰਾਮ ਦਾ ਹਿੱਸਾ ਬਣਨ 'ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਅਤੇ ਕਿਹਾ ਕਿ ਉਹ ਖੁਸ਼ ਹਨ ਕਿ ਹੁਣ ਇਲਾਜ ਦੇ ਕਿੰਨੇ ਨਵੇਂ ਤਰੀਕੇ ਆ ਗਏ ਹਨ।
ਰਾਕੇਸ਼ ਰੌਸ਼ਨ
ਜਾਣੇ ਮਾਣੇ ਅਦਾਕਾਰ ਰਾਕੇਸ਼ ਰੌਸ਼ਨ ਵੀ ਫ਼ਿਲਹਾਲ ਕੈਂਸਰ ਨਾਲ ਲੜਾਈ ਲੜ ਰਹੇ ਹਨ। ਇਸ ਦੌਰਾਨ ਉਨ੍ਹਾਂ ਦੇ ਪੁੱਤਰ ਰਿਤਿਕ ਰੌਸ਼ਨ ਨੇ ਲੋਕਾਂ ਨੂੰ ਸੋਸ਼ਲ ਮੀਡੀਆ ਰਾਹੀਂ ਆਪਣੇ ਪਿਤਾ ਦੇ ਜਜ਼ਬੇ ਬਾਰੇ ਦੱਸਿਆ।
ਜਨਵਰੀ ਦੇ ਮਹੀਨੇ ਵਿਚ ਪਾਈ ਗਈ ਪੋਸਟ ਵਿਚ ਉਹ ਲਿਖਿਆ ਸੀ, "ਅੱਜ ਮੇਰੇ ਪਿਤਾ ਦੀ ਸਰਜਰੀ ਹੈ, ਪਰ ਮੈਨੂੰ ਪਤਾ ਸੀ ਕਿ ਅੱਜ ਵੀ ਉਹ ਆਪਣਾ ਜਿੰਮ ਨਹੀਂ ਮਿਸ ਕਰਣਗੇ।" ਉਨ੍ਹਾਂ ਦਾ ਕਹਿਣਾ ਸੀ ਕਿ ਉਨ੍ਹਾਂ ਦਾ ਪਰਿਵਾਰ ਇਸ ਤਰ੍ਹਾਂ ਦੇ ਲੀਡਰ ਨੂੰ ਪਾ ਕੇ ਭਾਗਸ਼ਾਲੀ ਹੈ।
ਲੀਜ਼ਾ ਰੇਅ
ਮੌਡਲ ਅਤੇ ਅਦਾਕਾਰਾ ਲੀਜ਼ਾ ਰੇ ਵੀ ਇਸ ਬਿਮਾਰੀ ਨਾਲ ਪੀੜਤ ਰਹਿ ਚੁੱਕੀ ਹੈ। ਹੁਣ ਤੋਂ ਤਕਰੀਬਨ 10 ਸਾਲ ਪਹਿਲਾਂ ਉਨ੍ਹਾਂ ਦੇ ਕੈਂਸਰ ਨਾਲ ਪੀੜਤ ਹੋਣ ਦੀ ਜਾਂਚ ਹੋਈ ਸੀ।
ਸਤੰਬਰ 2018 ਵਿਚ ਉਹ 46 ਸਾਲ ਦੀ ਉਮਰ ਵਿਚ ਸਰੋਗੇਸੀ ਰਾਹੀਂ ਦੋ ਬੱਚਿਆਂ ਦੀ ਮਾਂ ਬਣੀ ਸੀ।
ਇਰਫ਼ਾਨ ਖ਼ਾਨ
ਕੈਂਸਰ ਨਾਲ ਪੀੜਤ ਹੋਣ ਵਾਲੇ ਕਲਾਕਾਰਾਂ ਦੀ ਲੜੀ ਵਿਚ ਸਾਲ 2018 ਦੌਰਾਨ ਅਦਾਕਾਰ ਇਰਫ਼ਾਨ ਖ਼ਾਨ ਦਾ ਨਾਂ ਵੀ ਸ਼ਾਮਿਲ ਹੋ ਗਿਆ।
ਆਪਣੀ ਬਿਮਾਰੀ ਬਾਰੇ ਪਤਾ ਲੱਗਣ 'ਤੇ ਉਨ੍ਹਾਂ ਭਾਰੀ ਮਨ ਨਾਲ ਲੋਕਾਂ ਨੂੰ ਇਸ ਬਾਰੇ ਸੂਚਿਤ ਕੀਤਾ ਸੀ ਕਿ ਉਨ੍ਹਾਂ ਨੂੰ ਇੱਕ ਸ਼ੋਅ ਵਿਚੇ ਹੀ ਕਿਉਂ ਛੱਡਣਾ ਪੈ ਰਿਹਾ ਹੈ।
ਅਨੁਰਾਗ ਬਾਸੂ
ਮੰਨ- ਪਰਮੰਨੇ ਫ਼ਿਲਮ ਡਾਇਰੈਕਟਰ ਅਨੁਰਾਗ ਬਾਸੂ ਵੀ ਕੈਂਸਰ ਨੂੰ ਹਰਾ ਜ਼ਿੰਦਗੀ 'ਤੇ ਜਿੱਤ ਹਾਸਿਲ ਕਰ ਚੁੱਕੇ ਹਨ। ਉਨ੍ਹਾਂ ਨੂੰ ਹੁਣ ਵੀ ਮਨੋਰੰਜਨ ਜਗਤ ਅਤੇ ਕਈ ਰਿਐਲਿਟੀ ਪ੍ਰੋਗਰਾਮਾਂ ਦੇ ਜੱਜ ਦੇ ਤੌਰ 'ਤੇ ਦੇਖਿਆ ਜਾਂਦਾ ਹੈ।
ਇਮਰਾਨ ਹਾਸ਼ਮੀ ਦਾ ਬੇਟਾ ਆਯਾਨ
ਅਦਾਕਾਰ ਇਮਰਾਨ ਹਾਸ਼ਮੀ ਦਾ ਬੇਟਾ ਆਯਾਨ ਵੀ ਬਹੁਤ ਹੀ ਛੋਟੀ ਉਮਰ ਵਿਚ ਕੈਂਸਰ ਨਾਲ ਪੀੜਤ ਸੀ। ਹੁਣ ਉਹ 5 ਸਾਲ ਦਾ ਹੋ ਗਿਆ ਹੈ ਅਤੇ ਇਸ ਸਾਲ ਜਨਵਰੀ ਵਿਚ ਇਲਾਜ ਤੋਂ ਬਾਅਦ ਕੈਂਸਰ ਮੁਕਤ ਵੀ ਹੋ ਗਿਆ ਹੈ।
ਆਪਣੀ ਜ਼ਿੰਦਗੀ ਵਿਚ ਇਸ ਪੜਾਅ ਤੋਂ ਗੁਜ਼ਰਨ ਤੋਂ ਬਾਅਦ ਅਤੇ ਆਪਣੇ ਬੱਚੇ ਨੂੰ ਇਸ ਦਰਦ ਵਿਚ ਦੇਖਣ ਤੋਂ ਬਾਅਦ ਇਮਰਾਨ ਨੇ ਵੀ ਲੋਕਾਂ ਵਿਚ ਬਿਮਾਰੀ ਬਾਰੇ ਜਾਗਰੁਕਤਾ ਲੈਕੇ ਆਉਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਲੋਕਾਂ ਦੀ ਸਹਾਇਤਾ ਕਰਨ ਲਈ ਆਪਣੇ ਨਿੱਜੀ ਅਨੁਭਵਾਂ ਤੋਂ ਪ੍ਰੇਰਿਤ ਹੋ ਇੱਕ ਕਿਤਾਬ ਵੀ ਲਿਖੀ ਹੈ।
ਇਹ ਵੀ ਪੜ੍ਹੋ:
ਤੁਹਾਨੂੰ ਇਹ ਵੀਡੀਓ ਵੀ ਪਸੰਦ ਆ ਸਕਦੇ ਹਨ:
ਛਾਤੀ ਦੇ ਕੈਂਸਰ ਬਾਰੇ ਜਾਣੋ ਇਸ ਵੀਡੀਓ ਰਾਹੀਂ:
ਛਾਤੀ ਦੇ ਕੈਂਸਰ ਤੋਂ ਪੀੜਤ ਔਰਤਾਂ ਲਈ ਮਦਦਗਾਰ ਟੈਟੂ: