ਕੁੰਭ 'ਚ ਯੋਗੀ ਦੀ ਡੁੱਬਕੀ ਦਾ ਸੱਚ, ਕੀ ਸਚਮੁੱਚ ਉਹ ਕੁੰਭ ਨਹਾਉਣ ਵਾਲੇ ਪਹਿਲੇ ਮੁੱਖ ਮੰਤਰੀ ਨੇ

    • ਲੇਖਕ, ਫੈਕਟ ਚੈੱਕ ਟੀਮ
    • ਰੋਲ, ਬੀਬੀਸੀ ਨਿਊਜ਼

ਹਿੰਦੂਤਵੀ ਰੁਝਾਨ ਵਾਲੇ ਸੋਸ਼ਲ ਮੀਡੀਆ ਗਰੁੱਪ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦੀਆਂ ਕੁੰਭ ਮੇਲੇ ਦੌਰਾਨ ਗੰਗਾ ਵਿੱਚ ਡੁੱਬਕੀ ਲਗਾਉਣ ਵਾਲੀਆਂ ਤਸਵੀਰਾਂ ਇਸ ਦਾਅਵੇ ਨਾਲ ਸਾਂਝੀਆਂ ਕਰ ਰਹੇ ਹਨ ਕਿ ਅਜਿਹਾ ਕਰਨ ਵਾਲੇ ਉਹ ਯੂਪੀ ਦੇ ਪਹਿਲੇ ਮੁੱਖ ਮੰਤਰੀ ਹਨ।

ਕਈ ਲੋਕਾਂ ਨੇ ਆਦਿਤਿਆਨਾਥ ਨੂੰ ਹਿੰਦੂਆਂ ਦੀ ਸ਼ਾਨ ਦੱਸਦੇ ਹੋਏ ਇਹ ਲਿਖਿਆ ਕਿ ਅੱਜ ਤੱਕ ਸੂਬੇ ਦੇ ਕਿਸੇ ਮੁੱਖ ਮੰਤਰੀ ਨੇ ਅਜਿਹਾ ਨਹੀਂ ਕੀਤਾ ਹੈ।

ਕਈ ਫੇਸਬੁੱਕ ਗਰੁੱਪਾਂ ਵਿੱਚ ਇਹ ਜਾਣਕਾਰੀ ਸੈਂਕੜੇ ਵਾਰ ਸ਼ੇਅਰ ਕੀਤੀ ਜਾ ਰਹੀ ਹੈ।

ਮੰਗਲਵਾਰ ਨੂੰ ਆਦਿਤਿਆਨਾਥ ਨੇ ਕੁੰਭ ਮੇਲੇ ਵਿੱਚ ਯੂਪੀ ਸਰਕਾਰ ਦੇ ਮੰਤਰੀਆਂ ਨਾਲ ਸੰਗਮ ਤੱਟ ਦੇ ਕੋਲ ਡੁਬਕੀ ਲਗਾਈ ਸੀ। ਇਸ ਤੋਂ ਬਾਅਦ ਕੁਝ ਸੰਤਾਂ ਦੇ ਨਾਲ ਮਿਲਕੇ ਉਨ੍ਹਾਂ ਨੇ ਗੰਗਾ ਆਰਤੀ ਵੀ ਕੀਤੀ ਸੀ।

ਪਰ ਮੁੱਖ ਮੰਤਰੀ ਯੋਗੀ ਦੇ ਸਮਰਥਕਾਂ ਦਾ ਦਾਅਵਾ ਸਹੀ ਨਹੀਂ ਹੈ।

ਇਹ ਵੀ ਪੜ੍ਹੋ:

2007 ਦਾ ਕੁੰਭ ਮੇਲਾ

ਪੜਤਾਲ ਵਿੱਚ ਅਸੀਂ ਪਾਇਆ ਕਿ ਆਦਿਤਿਆਨਾਥ ਤੋਂ ਪਹਿਲਾਂ ਮੁੱਖ ਮੰਤਰੀ ਰਹਿੰਦੇ ਹੋਇਆਂ ਸਮਾਜਵਾਦੀ ਪਾਰਟੀ ਦੇ ਆਗੂ ਮੁਲਾਇਮ ਸਿੰਘ ਯਾਦਵ ਵੀ ਇਲਾਹਾਬਾਦ ਅਰਧਕੁੰਭ ਵਿੱਚ ਡੁਬਕੀ ਲਗਾ ਚੁੱਕੇ ਹਨ।

ਉਹ ਸਾਲ 2007 ਵਿੱਚ ਗੰਗਾ ਵਿੱਚ ਨਹਾਏ ਸਨ, ਦਿਨ ਸੀ ਸ਼ਨੀਵਾਰ ਦਾ ਅਤੇ ਤਾਰੀਕ 20 ਜਨਵਰੀ।

ਕੁਝ ਮੀਡੀਆ ਰਿਪੋਰਟਾਂ ਮੁਤਾਬਕ ਤਤਕਾਲੀ ਮੁੱਖ ਮੰਤਰੀ ਮੁਲਾਇਮ ਸਿੰਘ ਯਾਦਵ ਆਪਣੇ ਖਾਸ ਜਹਾਜ਼ ਰਾਹੀ ਇਲਾਹਾਬਾਦ ਪਹੁੰਚੇ ਸੀ।

ਇਹ ਦੌਰਾਨ ਅਰਧਕੁੰਭ ਦੀਆਂ ਤਿਆਰੀਆਂ ਦਾ ਮੁਆਇਨਾ ਕਰਨ ਲਈ ਸੀ।

ਇਸ ਦੌਰਾਨ ਮੁਲਾਇਮ ਸਿੰਘ ਯਾਦਵ ਨੇ ਅਖਿਲ ਅਖਾੜਾ ਪਰਿਸ਼ਦ ਦੇ ਉਸ ਵੇਲੇ ਦੇ ਪ੍ਰਧਾਨ ਮਹੰਤ ਗਿਆ ਦਾਨ ਨਾਲ ਮੁਲਾਕਾਤ ਵੀ ਕੀਤੀ ਸੀ।

ਇਸ ਤੋਂ ਬਾਅਦ ਗੰਗਾ, ਯਮੁਨਾ ਅਤੇ ਸਰਸਵਤੀ ਨਦੀ ਦੇ ਸੰਗਮ 'ਤੇ ਸਥਿਤ ਵੀਆਈਪੀ ਘਾਟ ਵਿੱਚ ਮੁਲਾਯਮ ਸਿੰਘ ਯਾਦਵ ਨੇ ਇਸ਼ਨਾਨ ਕੀਤਾ ਸੀ।

'ਇਹ ਨਵਾਂ ਟਰੈਂਡ ਨਹੀਂ'

ਇਲਾਹਾਬਾਦ (ਪ੍ਰਯਾਗਰਾਜ) ਨਾਲ ਵਾਸਤਾ ਰੱਖਣ ਵਾਲੇ ਕੁਝ ਸੀਨੀਅਰ ਪੱਤਰਕਾਰਾਂ ਮੁਤਾਬਕ 2001 ਵਿੱਚ ਯੂਪੀ ਦੇ ਤਤਕਾਲੀ ਮੁੱਖਮੰਤਰੀ ਰਾਜਨਾਥ ਸਿੰਘ ਨੇ ਵੀ ਇਲਾਹਾਬਾਦ ਮਹਾਕੁੰਭ ਵਿੱਚ ਇਸ਼ਨਾਨ ਕੀਤਾ ਸੀ।

ਉਸ ਵੇਲੇ ਇੰਟਰਨੈੱਟ ਅਤੇ ਸੋਸ਼ਲ ਮੀਡੀਆ ਦਾ ਦੌਰ ਨਹੀਂ ਸੀ, ਇਸ ਲਈ ਮੌਕੇ ਦੀ ਆਨਲਾਈਨ ਰਿਪੋਰਟਾਂ ਇੰਟਰਨੈੱਟ 'ਤੇ ਨਹੀਂ ਮਿਲਦੀਆਂ ਹਨ।

ਸੀਨੀਅਰ ਪੱਤਰਕਾਰ ਰਾਮਦੱਤ ਤ੍ਰਿਪਾਠੀ ਨੇ ਦੱਸਿਆ, ''ਅਜਿਹੇ ਪੁਰਾਣੇ ਆਰਕਾਈਵ ਵੀਡੀਓ ਮਿਲਦੇ ਹਨ, ਜਿਸ ਵਿੱਚ ਉੱਤਰਾਖੰਡ ਬਣਨ ਤੋਂ ਪਹਿਲਾਂ ਦੇ ਉੱਤਰ ਪ੍ਰਦੇਸ਼ ਦੇ ਸਭ ਤੋਂ ਪਹਿਲੇ ਮੁੱਖ ਮੰਤਰੀ ਗੋਵਿੰਗ ਵੱਲਭ ਪੰਤ ਨੂੰ ਵੀ ਮਹਾਕੁੰਭ ਦਾ ਜਾਇਜ਼ਾ ਲੈਂਦਾ ਅਤੇ ਇਸਨਾਨ ਕਰਦੇ ਵੇਖਿਆ ਜਾ ਸਕਦਾ ਹੈ। ਹੁਣ ਇਸ ਦਾ ਰਾਜਨੀਤਕ ਪ੍ਰਚਾਰ ਵੱਧ ਗਿਆ ਹੈ।''

ਇਹ ਵੀ ਪੜ੍ਹੋ:

27 ਜਨਵਰੀ ਨੂੰ ਯੂਪੀ ਦੇ ਸਾਬਕਾ ਸੀਐਮ ਅਖਿਲੇਸ਼ ਯਾਦਵ ਵੀ ਕੁੰਭ ਵਿੱਚ ਇਸਨਾਨ ਕਰ ਚੁੱਕੇ ਹਨ।

ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਦੀਆਂ ਕੁੰਭ ਇਸਨਾਨ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋਇਆਂ ਸੀ।

ਨਿਊਜ਼ ਏਜੰਸੀ ਆਈਏਐਨਐਸ ਮੁਤਾਬਕ ਕਾਂਗਰਸ ਜਰਨਲ ਸਕੱਤਰ ਪ੍ਰਿਅੰਕਾ ਗਾਂਧੀ ਵੀ 4 ਫਰਵਰੀ ਨੂੰ ਕੁੰਭ ਵਿੱਚ ਇਸਨਾਨ ਕਰਨ ਵਾਲੀ ਹੈ।

ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)