'ਆਪ' ਪੰਜਾਬ ਦੇ ਭਗਵੰਤ ਮਾਨ ਮੁੜ ਬਣੇ ਪ੍ਰਧਾਨ, ਉਨ੍ਹਾਂ ਨਾਲ ਜੁੜੇ ਇਹ ਨੇ 5 ਵਿਵਾਦ

ਭਗਵੰਤ ਮਾਨ ਨੂੰ ਅੱਜ ਮੁੜ ਤੋਂ ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਦਾ ਪ੍ਰਧਾਨ ਬਣਾ ਦਿੱਤਾ ਗਿਆ।

ਭਗਵੰਤ ਮਾਨ ਨੇ ਪਿਛਲੇ ਸਾਲ 16 ਮਾਰਚ ਨੂੰ ਅਸਤੀਫਾ ਦੇ ਦਿੱਤਾ ਸੀ।

ਸੀਨੀਅਰ 'ਆਪ' ਆਗੂ ਮਨੀਸ਼ ਸਿਸੋਦੀਆ ਨੇ ਕਿਹਾ ਕਿ ਉਨ੍ਹਾਂ ਦਾ ਅਸਤੀਫਾ ਨਾਮਨਜ਼ੂਰ ਕਰ ਦਿੱਤਾ ਗਿਆ ਹੈ।

ਇੱਕ ਕਾਮੇਡੀਅਨ ਤੋਂ ਸਿਆਸਤਦਾਨ ਬਣੇ ਭਗਵੰਤ ਮਾਨ ਨੂੰ ਕੁਝ ਲੋਕ ਹਾਲੇ ਵੀ ਮਜ਼ਾਕ ਨਾਲ ਹੀ ਲੈਂਦੇ ਹਨ। ਇਸ ਦਾ ਕਾਰਨ ਹੈ ਉਨ੍ਹਾਂ ਨਾਲ ਜੁੜੇ ਵਿਵਾਦ।

ਭਗਵੰਤ ਮਾਨ ਦੀ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਵਰਕਰਾਂ ਵਿਚ ਅੱਛੀ-ਖਾਸੀ ਅਪੀਲ ਹੈ ਅਤੇ ਉਹ ਪੰਜਾਬ ਦੇ ਉਨ੍ਹਾਂ ਆਗੂਆਂ ਵਿੱਚੋਂ ਹਨ ਜਿੰਨ੍ਹਾਂ ਨੂੰ ਸੁਣਨ ਲਈ ਲੋਕ ਖਾਸਕਰ ਨੌਜਵਾਨ ਵੱਡੀ ਗਿਣਤੀ ਵਿਚ ਪਹੁੰਚਦੇ ਹਨ। ਭਗਵੰਤ ਮਾਨ ਆਪਣੇ ਉੱਤੇ ਲੱਗੇ ਇਲਜ਼ਾਮਾਂ ਨੂੰ ਰੱਦ ਕਰਦੇ ਰਹੇ ਹਨ।

ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨਾਲ ਜੁੜੇ ਹੋਏ ਜੋ ਵਿਵਾਦ ਹਨ ਉਹ ਤੁਹਾਨੂੰ ਦੱਸਦੇ ਹਾਂ।

ਸੰਸਦ ਦੀ ਲਾਈਵ ਵੀਡੀਓ 'ਤੇ ਵਿਵਾਦ

21 ਜੁਲਾਈ 2016 ਨੂੰ ਭਗਵੰਤ ਮਾਨ ਨੇ ਸੰਸਦ ਵਿੱਚ ਜਾਂਦੇ ਹੋਏ ਲਾਈਵ ਵੀਡੀਓ ਬਣਾਇਆ ਅਤੇ ਉਸ ਨੂੰ ਫੇਸਬੁੱਕ ਉੱਤੇ ਪੋਸਟ ਕਰ ਦਿੱਤਾ।

ਇਸ ਦੌਰਾਨ ਮਾਨ ਨੇ ਦਾਅਵਾ ਕੀਤਾ ਸੀ ਕਿ ਉਹ ਆਪਣੇ ਵਰਕਰਾਂ ਨੂੰ ਸੰਸਦ ਦੀ ਕਾਰਵਾਈ ਬਾਰੇ ਸਿਖਾ ਰਹੇ ਸਨ।

ਇਸ ਤੋਂ ਬਾਅਦ 25 ਜੁਲਾਈ ਨੂੰ ਜਾਂਚ ਲਈ 9 ਮੈਂਬਰੀ ਕਮੇਟੀ ਬਣਾਈ ਗਈ। ਉਸੇ ਸਾਲ ਨਵੰਬਰ ਵਿੱਚ ਕਮੇਟੀ ਨੇ ਭਗਵੰਤ ਮਾਨ ਨੂੰ ਦੋਸ਼ੀ ਕਰਾਰ ਦਿੱਤਾ।

ਇਹ ਵੀ ਪੜ੍ਹੋ:

ਭਗਵੰਤ ਮਾਨ ਨੇ ਇਸ ਤੋਂ ਬਾਅਦ ਬਿਨਾਂ ਸ਼ਰਤ ਮੁਆਫ਼ੀ ਮੰਗ ਲਈ।

ਸ਼ਰਾਬ ਪੀ ਕੇ ਸਮਾਗਮਾਂ ਵਿੱਚ ਪਹੁੰਚਣ ਦੇ ਲੱਗੇ ਇਲਜ਼ਾਮ

ਬਹਿਬਲ ਕਲਾਂ ਗੋਲੀਕਾਂਡ ਦੌਰਾਨ ਮਾਰੇ ਗਏ ਦੋ ਨੌਜਵਾਨਾਂ ਦੇ ਪਾਠ ਦਾ ਭੋਗ ਫਰੀਦਕੋਟ ਵਿੱਚ ਬਰਗਾੜੀ ਦੇ ਇੱਕ ਗੁਰਦੁਆਰੇ ਵਿੱਚ ਪਾਇਆ ਜਾ ਰਿਹਾ ਸੀ। ਇਸ ਦੌਰਾਨ ਭਗਵੰਤ ਮਾਨ ਉੱਥੇ ਪਹੁੰਚੇ। ਲੋਕ ਕਹਿ ਰਹੇ ਸਨ ਕਿ ਉਹ ਸ਼ਰਾਬ ਪੀ ਕੇ ਆਏ ਹੈ।

ਇਸ ਦਾ ਵੀਡੀਓ ਵੀ ਸੋਸ਼ਲ ਮੀਡੀਆ ਉੱਤੇ ਕਾਫ਼ੀ ਵਾਇਰਲ ਹੋਇਆ ਸੀ ਜਿਸ ਕਾਰਨ ਭਗਵੰਤ ਮਾਨ ਨੂੰ ਸੋਗ ਸਮਾਗਮ ਛੱਡ ਕੇ ਜਾਣਾ ਪਿਆ।

ਆਮ ਆਦਮੀ ਪਾਰਟੀ ਦੇ ਆਗੂ ਹਰਿੰਦਰ ਸਿੰਘ ਖਾਲਸਾ ਨੇ ਵੀ ਭਗਵੰਤ ਮਾਨ ਉੱਤੇ ਸ਼ਰਾਬ ਪੀ ਕੇ ਸੰਸਦ ਵਿੱਚ ਆਉਣ ਦਾ ਇਲਜ਼ਾਮ ਲਾਇਆ ਸੀ। ਉਹ ਸੰਸਦ ਵਿੱਚ ਭਗਵੰਤ ਮਾਨ ਦੇ ਨਾਲ ਵਾਲੀ ਸੀਟ ਉੱਤੇ ਬੈਠਦੇ ਸਨ। ਉਨ੍ਹਾਂ ਨੇ ਸਪੀਕਰ ਨੂੰ ਅਪੀਲ ਕੀਤੀ ਸੀ ਕਿ ਉਨ੍ਹਾਂ ਦੀ ਸੀਟ ਬਦਲ ਦਿੱਤੀ ਜਾਵੇ।

ਇਸ ਤੋਂ ਇਲਾਵਾ ਸਾਲ 2017 ਵਿੱਚ ਆਮ ਆਦਮੀ ਪਾਰਟੀ ਦੀ ਬਠਿੰਡਾ ਵਿੱਚ ਇੱਕ ਰੈਲੀ ਦੌਰਾਨ ਉਹ ਪੰਜ ਮਿੰਟ ਤੱਕ ਲੋਕਾਂ ਨੂੰ ਫਲਾਈਂਗ ਕਿਸ ਕਰਦੇ ਰਹੇ। ਪ੍ਰਸ਼ਾਂਤ ਭੂਸ਼ਨ ਨੇ ਇਸ ਦੌਰਾਨ ਟਵੀਟ ਕਰਕੇ ਨਿੰਦਾ ਕੀਤੀ ਸੀ।

ਹਾਲ ਹੀ ਵਿੱਚ ਬਰਨਾਲਾ ਵਿੱਚ ਕੀਤੀ ਗਈ ਰੈਲੀ ਦੌਰਾਨ ਅਰਵਿੰਦ ਕੇਜਰੀਵਾਲ ਨੇ ਐਲਾਨ ਕੀਤਾ ਸੀ ਕਿ ਭਗਵੰਤ ਮਾਨ ਸ਼ਰਾਬ ਛੱਡ ਰਹੇ ਹਨ।

ਭਗਵੰਤ ਮਾਨ ਨੇ ਬੀਬੀਸੀ ਨਾਲ ਗੱਲਬਾਤ ਕਰਦਿਆਂ ਕਿਹਾ, "ਸ਼ਰਾਬ ਛੱਡਣੀ ਮੇਰੇ ਲਈ ਕੋਈ ਕੁਰਬਾਨੀ ਨਹੀਂ। ਪੰਜਾਬ ਦੇ ਹਿੱਤ ਵੱਡੇ ਹਨ। ਮੇਰੇ ਸ਼ਰਾਬ ਪੀਣ ਦੀਆਂ ਸ਼ਿਕਾਇਤਾਂ ਕੇਜਰੀਵਾਲ ਕੋਲ ਪਹੁੰਚਦੀਆਂ ਹੋਣਗੀਆਂ।"

ਜਦੋਂ ਮਾਨ ਨੇ ਕਿਹਾ ਪੰਜਾਬ ਲਈ ਪਤਨੀ ਤੋਂ ਵੱਖ ਹੋ ਰਿਹਾ ਹਾਂ

ਸਾਲ 2015 ਵਿੱਚ ਭਗਵੰਤ ਮਾਨ ਅਤੇ ਉਨ੍ਹਾਂ ਦੀ ਪਤਨੀ ਇੰਦਰਜੀਤ ਕੌਰ ਨੇ ਵੱਖ ਹੋਣ ਦਾ ਫੈਸਲਾ ਕੀਤਾ। ਮਾਨ ਨੇ ਫੇਸਬੁੱਕ ਉੱਤੇ ਪੋਸਟ ਕੀਤਾ ਕਿ ਉਹ ਪੰਜਾਬ ਲਈ ਪਤਨੀ ਛੱਡ ਰਹੇ ਹਨ।

ਇਸ ਤੋਂ ਬਾਅਦ ਭਗਵੰਤ ਮਾਨ ਦੀ ਕਾਫ਼ੀ ਅਲੋਚਨਾ ਹੋਈ। ਉਨ੍ਹਾਂ 'ਤੇ ਸਿਆਸੀ ਲਾਹੇ ਲਈ ਨਿੱਜੀ ਜ਼ਿੰਦਗੀ ਜਨਤਕ ਕਰਨ ਦਾ ਇਲਜ਼ਾਮ ਲੱਗਿਆ।

ਸਰਕਾਰੀ ਅਧਿਆਪਕਾਂ ਉੱਤੇ ਟਿੱਪਣੀ

ਭਗਵੰਤ ਮਾਨ ਦਾ ਸਾਲ 2016 ਵਿੱਚ ਇੱਕ ਵੀਡੀਓ ਵਾਇਰਲ ਹੋਇਆ ਸੀ ਜਿਸ ਵਿੱਚ ਉਹ ਸਰਕਾਰੀ ਅਧਿਆਪਕਾਂ ਦਾ ਮਜ਼ਾਕ ਉਡਾਉਂਦੇ ਨਜ਼ਰ ਆਏ। ਉਹ ਆਪਣੇ ਪਿਤਾ, ਸਰਕਾਰੀ ਅਧਿਆਪਕ ਨਾਲ ਹੋਈ ਗੱਲਬਾਤ ਦੱਸਦੇ ਹਨ।

ਵੀਡੀਓ ਵਿੱਚ ਉਨ੍ਹਾਂ ਨੇ ਅਧਿਆਪਕਾਂ ਨੂੰ ਕਿਹਾ, "ਤੁਸੀਂ ਸਿਰਫ਼ ਬੱਚਿਆਂ ਨੂੰ ਝਿੜਕਦੇ ਹੋ, ਸਜ਼ਾ ਦਿੰਦੇ ਹੋ ਅਤੇ ਘਰ ਆ ਜਾਂਦੇ ਹੋ। ਤੁਸੀਂ ਤਨਖਾਹ ਵਿੱਚ ਵਾਧਾ ਕਿਉਂ ਚਾਹੁੰਦੇ ਹੋ?"

ਇਹ ਵੀ ਪੜ੍ਹੋ:

ਇਸ ਤੋਂ ਬਾਅਦ ਭਗਵੰਤ ਮਾਨ ਨੇ ਸਫ਼ਾਈ ਦਿੰਦਿਆਂ ਕਿਹਾ ਕਿ ਉਹ ਸਰਕਾਰੀ ਅਧਿਆਪਕਾਂ ਦਾ ਸਨਮਾਨ ਕਰਦੇ ਹਨ। ਉਹ ਤਾਂ ਸਿਰਫ਼ ਸਿੱਖਿਆ ਪ੍ਰਣਾਲੀ 'ਤੇ ਸਵਾਲ ਖੜ੍ਹੇ ਕਰ ਰਹੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਦੇ ਪਿਤਾ ਵੀ ਸਰਕਾਰੀ ਅਧਿਆਪਕ ਰਹਿ ਚੁੱਕੇ ਹਨ।

ਕੇਜਰੀਵਾਲ ਦੀ ਮਾਫ਼ੀ ਅਤੇ ਭਗਵੰਤ ਮਾਨ ਦਾ ਅਸਤੀਫ਼ਾ

ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਵੱਲੋਂ ਬਿਕਰਮ ਸਿੰਘ ਮਜੀਠੀਆ ਨੂੰ ਪੰਜਾਬ ਵਿੱਚ ਨਸ਼ੇ ਦਾ ਕਾਰੋਬਾਰੀ ਕਹੇ ਜਾਣ 'ਤੇ ਮਾਫ਼ੀ ਮੰਗੇ ਜਾਣ ਤੋਂ ਬਾਅਦ ਭਗਵੰਤ ਨੇ ਪੰਜਾਬ ਆਮ ਆਦਮੀ ਪਾਰਟੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ।

ਇੱਕ ਟਵੀਟ ਕਰਕੇ ਉਨ੍ਹਾਂ ਨੇ ਲਿਖਿਆ, "ਮੈਂ ਆਮ ਆਦਮੀ ਪਾਰਟੀ ਪੰਜਾਬ ਦੀ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਰਿਹਾ ਹਾਂ ਪਰ ਡਰੱਗਜ਼ ਮਾਫ਼ੀਆ ਅਤੇ ਪੰਜਾਬ ਵਿੱਚ ਹਰ ਤਰ੍ਹਾਂ ਦੇ ਭ੍ਰਿਸ਼ਟਾਚਾਰ ਖਿਲਾਫ਼ ਜੰਗ ਜਾਰੀ ਰਹੇਗੀ।"

ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)