ਜਰਮਨੀ ਦਾ ਨਵਾਂ ਵੀਜ਼ਾ ਪ੍ਰੋਗਰਾਮ ਹੁਣ ਹੁਨਰਮੰਦ ਕਾਮਿਆਂ ਦਾ ਜਾਣਾ ਕਿਵੇਂ ਕਰੇਗਾ ਸੌਖਾ, ਕਿਸ ਨੂੰ ਮਿਲੇਗਾ ਲਾਭ

    • ਲੇਖਕ, ਲਿਅਨ ਬਰਾਉਨ
    • ਰੋਲ, ਬੀਬੀਸੀ ਪੱਤਰਕਾਰ

ਜੇ ਤੁਸੀਂ ਕਦੇ ਜਰਮਨੀ ਜਾ ਕੇ ਵਸਣ ਦੀ ਇੱਛਾ ਰੱਖੀ ਸੀ ਤਾਂ ਹੁਣ ਕੋਸ਼ਿਸ਼ ਕਰਨ ਦਾ ਸਹੀ ਸਮਾਂ ਹੋ ਸਕਦਾ ਹੈ।

ਦੇਸ਼ ਨੇ ਹਾਲ ਹੀ ਵਿੱਚ ਇੱਕ ਨਵੀਂ ਵਰਕ ਵੀਜ਼ਾ ਪਾਲਿਸੀ ‘ਸ਼ੌਨਸਨਕਾਰਟ’ ਦਾ ਐਲਾਨ ਕੀਤਾ ਹੈ। ਜਿਸ ਨੂੰ ‘ਓਪਰਚਿਊਨਿਟੀ ਕਾਰਡ’ ਵੀ ਕਿਹਾ ਜਾ ਰਿਹਾ ਹੈ। ਗ਼ੈਰ-ਯੂਰਪੀ ਨਾਗਰਿਕਾਂ ਨੂੰ ਜਰਮਨੀ ਵਿੱਚ ਪਰਵਾਸ ਕਰਨ ਦਾ ਇੱਕ ਨਵਾਂ ਮੌਕਾ ਪ੍ਰਦਾਨ ਕਰਦਾ ਹੈ।

ਸ਼ੌਨਸਨਕਾਰਟ ਲਈ ਅਰਜ਼ੀਆਂ ਦੀ ਪ੍ਰੀਕਿਰਿਆ 1 ਜੂਨ ਤੋਂ ਸ਼ੁਰੂ ਹੋ ਗਈ ਹੈ।

ਇਹ ਇੱਕ ਨਵੀਂ ਪੁਆਇੰਟ-ਆਧਾਰਿਤ ਪ੍ਰਣਾਲੀ ਹੈ ਜੋ ਬਿਨੈਕਾਰਾਂ ਨੂੰ ਖ਼ਾਸ ਮਾਪਦੰਡਾਂ ਦੇ ਆਧਾਰ ਉੱਤੇ ਪਰਵਾਸ ਦਾ ਮੌਕਾ ਦਿੰਦਾ ਹੈ।

ਇਸ ਵਿੱਚ ਅਕਾਦਮਿਕ ਯੋਗਤਾਵਾਂ, ਭਾਸ਼ਾ ਦੀ ਮੁਹਾਰਤ ਅਤੇ ਪਿਛਲੇ ਪੇਸ਼ੇਵਰ ਅਨੁਭਵ ਦੇ ਆਧਾਰ ਉੱਤੇ ਪੁਆਇੰਟ ਗਿਣੇ ਜਾਣਗੇ।

ਕਾਰਡ ਦਾ ਲਾਭ ਕਿਸ ਨੂੰ ਹੋਵੇਗਾ

ਜਰਮਨੀ ਦੇ ਗ੍ਰਹਿ ਅਤੇ ਕਮਿਊਨਿਟੀ ਦੀ ਸੰਘੀ ਮੰਤਰੀ ਨੈਨਸੀ ਫਰੇਜ਼ਰ ਨੇ ਬੀਬੀਸੀ ਨਾਲ ਗੱਲਬਾਤ ਦੌਰਾਨ ਦੱਸਿਆ ਕਿ, ਇਸ ਅਵਸਰ ਕਾਰਡ ਜ਼ਰੀਏ ਲੋਕ ਆਪਣੇ ਲਈ ਯੋਗਤਾ ਦੇ ਆਧਾਰ ਉੱਤੇ ਢੁੱਕਵੀਂ ਨੌਕਰੀ ਲੱਭ ਸਕਣਗੇ।

“ਜਿਨ੍ਹਾਂ ਨੂੰ ਅਵਸਰ ਕਾਰਡ ਦਿੱਤਾ ਗਿਆ ਹੈ, ਉਹ ਕੰਮ ਦੀ ਤਲਾਸ਼ ਕਰਦੇ ਹੋਏ ਇੱਕ ਸਾਲ ਤੱਕ ਜਰਮਨੀ ਵਿੱਚ ਰਹਿ ਸਕਦੇ ਹਨ।”

“ਇਸ ਲਈ ਉਨ੍ਹਾਂ ਨੂੰ ਕਿਸੇ ਰੁਜ਼ਗਾਰਦਾਤਾ ਵੱਲੋਂ ਪਹਿਲਾਂ ਹੀ ਸਪਾਂਸਰਸ਼ਿਪ ਮੰਗਵਾਉਣ ਦੀ ਲੋੜ ਨਹੀਂ ਰਹੇਗੀ।”

ਕਾਰਡ ਲੋਕਾਂ ਨੂੰ ਕਾਨੂੰਨੀ ਤੌਰ 'ਤੇ ਪਾਰਟ-ਟਾਈਮ ਕੰਮ ਕਰਨ ਦੀ ਇਜਾਜ਼ਤ ਦਿੰਦਾ ਹੈ ਜਦੋਂ ਤੱਕ ਉਹ ਕਿਸੇ ਸਥਾਈ ਕੰਮ ਦੀ ਭਾਲ ਕਰ ਰਹੇ ਹੋਣ।

ਇਸ ਬਦਲਾਅ ਦਾ ਮਕਸਦ ਦੇਸ਼ ਵਿੱਚ ਵੱਧ ਰਹੀ ਮਜ਼ਦੂਰਾਂ ਦੀ ਘਾਟ ਦੇ ਮਸਲੇ ਨੂੰ ਹੱਲ ਕਰਨਾ ਹੈ।

ਇਸ ਜ਼ਰੀਏ ਸਿਹਤ, ਸਿੱਖਿਆ, ਨਿਰਮਾਣ ਅਤੇ ਇੰਜੀਨੀਅਰਿੰਗ ਵਰਗੇ ਖੇਤਰਾਂ ਵਿੱਚ ਪੇਸ਼ੇਵਰ ਕਰਮਚਾਰੀਆਂ ਦੀ ਗਿਣਤੀ ਵਧਾਉਣ ਵਿੱਚ ਮਦਦ ਕਰਨਾ ਹੈ।

ਡਿਜ਼ੀਟਲ ਨੌਮੈਡ ਵੀਜ਼ਾ ਤੋਂ ਇਲਾਵਾ, ਨਵਾਂ ਕਾਰਡ ਗ਼ੈਰ-ਯੂਰਪੀ ਨਾਗਰਿਕਾਂ ਲਈ ਜਰਮਨ ਇਮੀਗ੍ਰੇਸ਼ਨ ਪ੍ਰਕਿਰਿਆ ਨੂੰ ਸੌਖਾ ਬਣਾਏਗਾ ਤੇ ਇਸ ਦੇ ਨਾਲ ਹੀ ਨੌਕਰੀ ਲੱਭਣ ਦੇ ਮੌਕੇ ਵੀ ਪ੍ਰਦਾਨ ਕਰੇਗਾ।

ਅਲੋਚਣਾ ਦਾ ਸਾਹਮਣਾ

ਇਹ ਇੱਕ ਅਜਿਹਾ ਕਦਮ ਹੈ ਜਿਸ ਨੂੰ ਲੈ ਕੇ ਦੇ ਦੇਸ਼ ਦੇ ਰੂੜ੍ਹੀਵਾਦੀ ਅਲੋਚਣਾ ਕਰ ਰਹੇ ਹਨ ਤੇ ਇਸ ਮੁੱਦੇ ਉੱਤੇ ਬਹਿਸ ਛਿੜ ਗਈ ਹੈ।

ਉਹ ਦਲੀਲ ਦਿੰਦੇ ਹਨ ਕਿ ਇਹ ਉਨ੍ਹਾਂ ਲੋਕਾਂ ਨੂੰ ਵੀ ਕੰਮ ਦੀ ਭਾਲ ਕਰਨ ਦਾ ਮੌਕਾ ਦੇ ਸਕਦਾ ਹੈ ਜਿਨ੍ਹਾਂ ਨੂੰ ਜਰਮਨ ਵਿੱਚ ਰਹਿਣ ਦੀ ਪਹਿਲਾਂ ਹੀ ਪ੍ਰਵਾਨਗੀ ਨਹੀਂ ਦਿੱਤੀ ਗਈ ਸੀ।

ਸਫਲ ਬਿਨੈਕਾਰਾਂ ਕੋਲ ਇੱਕ ਪੇਸ਼ੇਵਰ ਯੋਗਤਾ ਜਾਂ ਅਕਾਦਮਿਕ ਡਿਗਰੀ ਹੋਣੀ ਚਾਹੀਦੀ ਹੈ ਜੋ ਜਰਮਨੀ ਵਿੱਚ ਪੂਰੀ ਤਰ੍ਹਾਂ ਮਾਨਤਾ ਪ੍ਰਾਪਤ ਹੈ।

ਜਾਂ ਫ਼ਿਰ ਲੋੜੀਂਦੇ ਮਾਪਦੰਡਾਂ ਦਾ ਸੁਮੇਲ ਜਿਵੇਂ ਕਿ ਪੇਸ਼ੇਵਰ ਤਜ਼ਰਬੇ ਦੇ ਸਾਲਾਂ, ਇੱਕ ਨਿਸ਼ਚਿਤ ਉਮਰ ਅਤੇ ਭਾਸ਼ਾ ਦੀ ਮੁਹਾਰਤ, ਜਿਨ੍ਹਾਂ ਵਿੱਚੋਂ ਹਰ ਇੱਕ ਨੂੰ ਨਿਸ਼ਚਤ ਅੰਕ ਦਿੱਤੇ ਜਾਣਗੇ।

ਵੀਜ਼ਾ ਲਈ ਯੋਗ ਹੋਣ ਲਈ ਬਿਨੈਕਾਰਾਂ ਕੋਲ ਛੇ ਜਾਂ ਵੱਧ ਅੰਕਾਂ ਦੀ ਰੇਟਿੰਗ ਹੋਣੀ ਚਾਹੀਦੀ ਹੈ।

ਉਨ੍ਹਾਂ ਨੂੰ ਆਪਣੀ ਨੌਕਰੀ ਦੀ ਖੋਜ ਦੌਰਾਨ ਰਹਿਣ ਦੇ ਖਰਚਿਆਂ ਨੂੰ ਪੂਰਾ ਕਰਨ ਦੀ ਯੋਗਤਾ ਦਾ ਸਬੂਤ ਵੀ ਦਿਖਾਉਣਾ ਚਾਹੀਦਾ ਹੈ, ਘੱਟੋ ਘੱਟ 1,027 ਯੁਰੋ ਪ੍ਰਤੀ ਮਹੀਨਾ ਹੋਵੇਗਾ।

ਕਿਉਂਕਿ ਯੂਰਪੀਅਨ ਯੂਨੀਅਨ ਦੇ ਨਾਗਰਿਕ ਪਹਿਲਾਂ ਹੀ ਜਰਮਨੀ ਵਿੱਚ ਰਹਿ ਸਕਦੇ ਹਨ ਅਤੇ ਕੰਮ ਕਰ ਸਕਦੇ ਹਨ, ਨਵਾਂ ਮੌਕਾ ਵੀਜ਼ਾ ਵਰਤਮਾਨ ਵਿੱਚ ਯੂਰਪੀਅਨ ਯੂਨੀਅਨ ਤੋਂ ਬਾਹਰ ਅਤੇ ਸਵਿਟਜ਼ਰਲੈਂਡ ਵਿੱਚ ਰਹਿ ਰਹੇ ਲੋਕਾਂ ਲਈ ਇੱਕ ਅਵਸਰ ਸਾਬਿਤ ਹੋਵੇਗਾ।

ਕਿਉਂਕਿ ਸਵਿਸ ਨਾਗਰਿਕਾਂ ਨੂੰ ਵੀ ਜਰਮਨੀ ਵਿੱਚ ਦਾਖਲੇ ਲਈ ਵੀਜ਼ਾ ਜਾਂ ਕੰਮ ਕਰਨ ਲਈ ਪਰਮਿਟ ਦੀ ਲੋੜ ਨਹੀਂ ਹੁੰਦੀ ਹੈ।

ਇਸ ਪਾਲਿਸੀ ਦੀ ਸ਼ੁਰੂਆਤ ਦੇਸ਼ ਨਾਲ ਸਬੰਧ ਰੱਖਣ ਵਾਲੇ ਗ਼ੈਰ-ਯੂਰਪੀ ਨਾਗਰਿਕਾਂ ਦੇ ਹੱਕ ਵਿੱਚ ਕੀਤੀ ਗਈ ਹੈ,

ਜਿਨ੍ਹਾਂ ਨੂੰ ਜਰਮਨ ਭਾਸ਼ਾ ਆਉਂਦੀ ਹੈ ਜਾਂ ਜਰਮਨ ਸਕੂਲ ਵਿੱਚ ਪੜ੍ਹੇ ਹੋਏ ਹਨ ਉਨ੍ਹਾਂ ਨੂੰ ਵਾਧੂ ਅੰਕ ਦਿੱਤੇ ਜਾਣਗੇ।

ਫ਼ੈਸਲੇ ਦਾ ਸਵਾਗਤ

ਅਲੈਕਸ ਮਾਸੂਰੋਵਸਕੀ, ਬਰਲਿਨ ਸਕੂਲ ਆਫ਼ ਮਾਈਂਡ ਐਂਡ ਬ੍ਰੇਨ ਵਿੱਚ ਪੜ੍ਹ ਚੁੱਕੇ ਇੱਕ ਵਿਦਿਆਰਥੀ, ਜੋ ਹੁਣ ਨਿਊਯਾਰਕ ਵਿੱਚ ਰਹਿੰਦੇ ਹਨ ਜਰਮਨ ਸਰਕਾਰ ਦੇ ਇਸ ਫ਼ੈਸਲੇ ਨਾਲ ਖੁਸ਼ ਹਨ।

ਉਨ੍ਹਾਂ ਦਾ ਕਹਿਣਾ ਹੈ ਕਿ ਹੁਣ ਉਹ ਨਵੇਂ ਵੀਜ਼ਾ ਨੀਤੀ ਜ਼ਰੀਏ ਬਰਲਿਨ ਰਹਿ ਸਕਦੇ ਹਨ ਤੇ ਉੱਥੇ ਕੰਮ ਕਰਨਾ ਦਾ ਮੌਕਾ ਵੀ ਤਲਾਸ਼ ਸਕਦੇ ਹਨ।

ਉਨ੍ਹਾਂ ਕਿਹਾ, "ਮੇਰੇ ਮਨ ਵਿੱਚ ਜਰਮਨੀ ਦਾ ਬਹੁਤ ਖ਼ੂਬਸੂਰਤ ਪ੍ਰਤੀਬਿੰਬ ਹੈ ਜਿਵੇਂ ਕਿ ਦੇਰ ਤੱਕ ਬਾਹਰ ਰਹਿਣਾ ਤੇ ਕੌਫੀ ਦੇ ਕੱਪ ’ਤੇ ਗੱਲਬਾਤ ਕਰਨਾ, ਬਿਨਾਂ ਦਿਖਾਵੇ ਦੇ ਮਹਿਸੂਸ ਕੀਤੇ ਇਸਦਾ ਅਨੰਦ ਲੈਣ ਲਈ।"

"ਉਥੋਂ ਦਾ ਸੰਗੀਤ ਵੀ ਤਾਰੀਫ਼ ਦੇ ਕਾਬਲ ਹੈ ਖ਼ਾਸਕਰ ਇਲੈਕਟ੍ਰਾਨਿਕ, ਪਰ ਜੈਜ਼, ਬਲੂਜ਼ ਅਤੇ ਪੰਕ ਰੌਕ ਵੀ ਕਮਾਲ ਹਨ। ਮੈਂ ਕਿਸੇ ਨੂੰ ਵੀ ਇਸਦੀ ਸਿਫ਼ਾਰਸ਼ ਕਰ ਸਕਦਾ ਹਾਂ।"

ਹਾਲਾਂਕਿ ਇਹ ਸੱਚ ਹੈ ਕਿ ਦੇਸ਼ ਦਾ ਸੱਭਿਆਚਾਰ ਅਤੇ ਨਾਈਟ ਲਾਈਫ ਇੱਕ ਡਰਾਅ ਹੋ ਸਕਦਾ ਹੈ।

ਅਸਲ ਵਿੱਚ ਤਾਂ ਨਵੀਂ ਵੀਜ਼ਾ ਨੀਤੀ ਦਾ ਮਕਸਦ ਦੇਸ਼ ਵਿੱਚ ਮਜ਼ਦੂਰਾਂ ਦੀ ਘਾਟ ਦੀ ਸਮੱਸਿਆ ਨੂੰ ਹੱਲ ਕਰਨਾ ਤੇ ਜਰਮਨੀ ਦੇ ਚੱਲ ਰਹੇ ਵਿੱਤੀ ਮੁੱਦਿਆਂ ਵਿੱਚ ਯੋਗਦਾਨ ਪਾਉਣ ਵਾਲੇ ਪ੍ਰਮੁੱਖ ਕਾਰਕਾਂ ਵਿੱਚੋਂ ਇੱਕ ਹੈ।

ਨੈਨਸੀ ਫਰੇਜ਼ਰ ਕਹਿੰਦੇ ਹਨ,"ਅਸੀਂ ਇਹ ਯਕੀਨੀ ਬਣਾ ਰਹੇ ਹਾਂ ਕਿ ਅਸੀਂ ਹੁਨਰਮੰਦ ਕਾਮਿਆਂ ਨੂੰ ਦੇਸ਼ ਵੱਲ ਖਿੱਚ ਸਕੀਏ, ਜਿਨ੍ਹਾਂ ਦੀ ਸਾਡੀ ਆਰਥਿਕਤਾ ਨੂੰ ਸਾਲਾਂ ਤੋਂ ਲੋੜ ਹੈ।"

"ਇਹ ਸਾਡੇ ਦੇਸ਼ ਦੇ ਭਵਿੱਖ ਲਈ ਬਹੁਤ ਜ਼ਰੂਰੀ ਹੈ।"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)