ਮੈਡਮ ਮੌਂਟੇਸਰੀ, ਜਿਸ ਨੇ ਬਰੈੱਡ ਦੇ ਸੁੱਕੇ ਟੁੱਕੜਿਆਂ ਨਾਲ ਬੱਚਿਆਂ ਨੂੰ ਖੇਡਦੇ ਵੇਖ ਕੇ ਇੱਕ ਸਦੀ ਪਹਿਲਾਂ ਬਣਾਈ ਮਸ਼ਹੂਰ ਸਿੱਖਿਆ ਵਿਧੀ

ਕੁਝ ਸਾਲ ਪਹਿਲਾਂ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਨੂੰ ਸਕੂਲ ਵਿੱਚ ਕੰਮ ਕਰਦੇ ਦੇਖਣਾ ਕੋਈ ਵੱਡੀ ਗੱਲ ਨਹੀਂ ਸੀ।

ਬੱਚੇ ਸਕੂਲ ਪਹੁੰਚ ਕੇ ਟਾਟ ਵਿਛਾਉਂਦੇ ਸਨ। ਵੱਡੀ ਕਲਾਸ ਦੇ ਵਿਦਾਰਥੀ ਛੋਟੀਆਂ ਕਲਾਸਾਂ ਸੰਭਾਲਣ ਵਿੱਚ ਅਧਿਆਪਕਾਂ ਦੀ ਮਦਦ ਕਰਦੇ ਸਨ। ਕੋਈ ਸਮਾਗਮ ਹੁੰਦਾ ਸੀ ਤਾਂ ਬੱਚੇ ਅਧਿਆਪਕਾਂ ਦੀ ਨਿਗਰਾਨੀ ਵਿੱਚ ਸਾਰਾ ਪ੍ਰਬੰਧ ਕਰਦੇ ਸਨ।

ਲੰਗਰ ਵਰਤਾਉਂਦੇ ਸਨ। ਇੱਕਠੇ ਹੋਏ ਪੈਸਿਆਂ ਦਾ ਅਤੇ ਖਰਚ ਦਾ ਹਿਸਾਬ ਰੱਖਦੇ ਸਨ। ਭਾਂਡੇ ਵੀ ਮਾਂਜਦੇ ਸਨ। ਪਰ ਵਧਦੇ ਉਪਭੋਗਤਾਵਾਦ ਦੇ ਅਸਰ ਕਾਰਨ ਮਾਪਿਆਂ ਨੇ ਇਨ੍ਹਾਂ ਗੱਲਾਂ ਦਾ ਦੇਖਾ- ਦੇਖੀ ਵਿਰੋਧ ਸ਼ੁਰੂ ਕਰ ਦਿੱਤਾ।

ਇਸਦੇ ਪਿੱਛੇ ਪ੍ਰਾਈਵੇਟ ਸਕੂਲਾਂ ਦਾ ਪ੍ਰਾਪੋਗੰਡਾ ਵੀ ਸੀ। ਜਿਨ੍ਹਾਂ ਲਈ ਬੱਚੇ ਗਾਹਕ ਸਨ, ਵਿਦਿਆਰਥੀ ਨਹੀਂ ਸਨ। ਉਨ੍ਹਾਂ ਦਾ ਉਦੇਸ਼ ਸਿੱਖਣ ਲਈ ਆਓ, ਸੇਵਾ ਲਈ ਜਾਓ ਨਹੀਂ ਸੀ।

ਇੱਥੇ ਅਸੀਂ ਅਜਿਹੀ ਹੀ ਸਿੱਖਿਆ ਵਿਧੀ ਦੀਆਂ ਲਾਭ ਹਾਨੀਆਂ ਬਾਰੇ ਵਿਚਾਰ ਕਰਾਂਗੇ, ਜਿਸ ਦੀ ਝਲਕ ਪੁਰਾਣੇ ਖ਼ਾਸ ਕਰਕੇ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਤੋਂ ਕਰਵਾਈਆਂ ਜਾਣ ਵਾਲੀਆਂ ਸਰਗਰਮੀਆਂ ਵਿੱਚੋਂ ਮਿਲਦੀ ਸੀ।

ਥੋੜ੍ਹਾ ਦੂਰ ਦੇਖੀਏ ਤਾਂ ਅਮੀਰ ਅਤੇ ਮਸ਼ਹੂਰ ਲੋਕਾਂ ਦੀ ਸਫ਼ਲਤਾ ਦੇ ਭੇਦ ਲੱਭਣ ਦੀ ਕੋਸ਼ਿਸ਼ ਅਕਸਰ ਹੁੰਦੀ ਹੈ।

ਚਲੋ ਇੱਕ ਬੁਝਾਰਤ ਤੋਂ ਸ਼ੁਰੂ ਕਰਦੇ ਹਾਂ, ਸ਼ੈਫ ਜੂਲੀਆ ਚਾਈਲਡ, ਨਾਵਲਕਾਰ ਗੈਬਰੀਅਲ ਗਾਰਸੀਆ ਮਾਰਕੇਜ਼, ਗਾਇਕਾ ਟੇਲਰ ਸਵਿਫਟ, ਅਤੇ ਗੂਗਲ ਦੇ ਸੰਸਥਾਪਕ ਲੈਰੀ ਪੇਜ ਅਤੇ ਸਰਗੇਈ ਬ੍ਰਿਨ ਸਾਰਿਆਂ ਵਿੱਚ ਕੀ ਸਮਾਨਤਾ ਹੈ?

ਜਵਾਬ ਇਹ ਹੈ ਕਿ ਇਹ ਸਾਰੇ ਮੌਂਟੇਸਰੀ ਸਕੂਲਾਂ ਵਿੱਚ ਪੜ੍ਹੇ ਸਨ। ਅਮਰੀਕਾ ਵਿੱਚ, ਕਲਾ ਅਤੇ ਤਕਨੀਕੀ ਖੇਤਰ ਵਿੱਚ ਇਨ੍ਹਾਂ ਸਕੂਲਾਂ ਦਾ ਪ੍ਰਭਾਵ ਲੰਬੇ ਸਮੇਂ ਤੋਂ ਨੋਟ ਕੀਤਾ ਗਿਆ ਹੈ। ਹਾਲਾਂਕਿ ਇਸ ਵਿਦਿਅਕ ਵਿਧੀ ਦੀ ਪਹੁੰਚ ਬਹੁਤ ਦੂਰ ਤੱਕ ਫੈਲੀ ਹੋਈ ਹੈ।

ਮਹਾਤਮਾ ਗਾਂਧੀ ਵੀ ਇਸ ਦੇ ਇੱਕ ਪ੍ਰਸ਼ੰਸਕ ਸਨ ਅਤੇ ਉਨ੍ਹਾਂ ਨੇ ਦੱਸਿਆ ਕਿ ਕਿਵੇਂ ਮੌਂਟੇਸਰੀ ਸਿੱਖਿਆ ਲੈ ਰਹੇ ਬੱਚੇ, "ਸਿੱਖਣ ਦਾ ਕੋਈ ਬੋਝ ਮਹਿਸੂਸ ਨਹੀਂ ਕਰਦੇ ਕਿਉਂਕਿ ਉਹਨਾਂ ਨੇ ਖੇਡਦੇ ਹੋਏ ਸਭ ਕੁਝ ਸਿੱਖਿਆ" ਹੁੰਦਾ ਹੈ।

ਨੋਬਲ ਪੁਰਸਕਾਰ ਜੇਤੂ ਕਵੀ ਰਾਬਿੰਦਰਨਾਥ ਟੈਗੋਰ ਨੇ ਵੀ ਬੱਚਿਆਂ ਦੇ ਸਿਰਜਣਾਤਮਕ ਸਵੈ-ਪ੍ਰਗਟਾਵੇ ਨੂੰ ਵਿਕਸਿਤ ਕਰਨ ਲਈ ਮੌਂਟੇਸਰੀ ਸਕੂਲਾਂ ਦਾ ਇੱਕ ਨੈੱਟਵਰਕ ਸਥਾਪਤ ਕੀਤਾ।

ਕੀ ਮੌਂਟੇਸਰੀ ਵਿਧੀ ਅਸਲ ਵਿੱਚ ਕਾਰਗਰ ਹੈ?

ਇਤਾਲਵੀ ਡਾਕਟਰ ਅਤੇ ਅਧਿਆਪਕ ਮਾਰੀਆ ਮੌਂਟੇਸਰੀ ਨੇ ਇੱਕ ਸਦੀ ਤੋਂ ਵੀ ਜ਼ਿਆਦਾ ਸਮਾਂ ਪਹਿਲਾਂ ਨਿੱਕੇ ਬੱਚਿਆਂ ਦੀ ਸਿੱਖਿਆ ਬਾਰੇ ਆਪਣੇ ਮਸ਼ਹੂਰ ਸਿਧਾਂਤ ਤਿਆਰ ਕੀਤੇ ਸਨ।

ਆਪਣੇ ਸਿਧਾਂਤਾਂ ਵਿੱਚ ਉਨ੍ਹਾਂ ਨੇ ਬੱਚਿਆਂ ਵਿੱਚ ਛੋਟੀ ਉਮਰ ਤੋਂ ਹੀ ਖੁਦਮੁਖਤਿਆਰੀ ਵਿਕਸਿਤ ਕਰਨ 'ਤੇ ਜ਼ੋਰ ਦਿੱਤਾ।

ਉਨ੍ਹਾਂ ਦਾ ਜੀਵਨ ਇੱਕ ਪ੍ਰੇਰਨਾਦਾਇਕ ਕਹਾਣੀ ਹੈ। ਉਨ੍ਹਾਂ ਨੇ ਆਪਣੇ ਸੁਪਨੇ ਦੀ ਪ੍ਰਾਪਤੀ ਵਿੱਚ ਫਾਸੀਵਾਦੀ ਸ਼ਾਸਨ ਦਾ ਸਾਹਮਣਾ ਕੀਤਾ।

ਕੁਝ ਅਨੁਮਾਨਾਂ ਦੇ ਅਨੁਸਾਰ, ਹੁਣ ਦੁਨੀਆ ਭਰ ਵਿੱਚ ਘੱਟੋ-ਘੱਟ 60,000 ਸਕੂਲ ਮੌਂਟੇਸਰੀ ਵਿਧੀ ਦੀ ਵਰਤੋਂ ਕਰ ਰਹੇ ਹਨ।

ਹਾਲਾਂਕਿ, ਮੌਂਟੇਸਰੀ ਸਿੱਖਿਆ ਦੇ ਲਾਭ ਅਕਾਦਮਿਕ ਖੇਤਰ ਵਿੱਚ ਹਮੇਸ਼ਾ ਹੀ ਬਹਿਸ ਦਾ ਵਿਸ਼ਾ ਬਣੇ ਰਹਿੰਦੇ ਹਨ।

ਇਸ ਵਿਵਾਦ ਦਾ ਇੱਕ ਕਾਰਨ ਕਲਾਸਰੂਮ ਵਿੱਚ ਵਿਗਿਆਨਕ ਖੋਜ ਕਰਨ ਸਮੇਂ ਪੇਸ਼ ਆਉਂਦੀਆਂ ਮੁਸ਼ਕਲਾਂ ਹਨ। ਵਿਗਿਆਨਕ ਤੱਥਾਂ ਦੀ ਕਮੀ ਕਰਕੇ ਮੌਂਟੇਸਰੀ ਵਿਧੀ ਨੂੰ ਕਈ ਵਾਰ ਸਖ਼ਤ ਆਲੋਚਨਾ ਦਾ ਸਾਹਮਣਾ ਕਰਨਾ ਪੈਂਦਾ ਹੈ।

ਇਹ ਹਾਲ ਹੀ ਵਿੱਚ ਵਿੱਦਿਅਕ ਖੋਜ ਦੇ ਪਾਂਧੀਆਂ ਨੇ ਮੌਂਟੇਸਰੀ ਵਿਧੀ ਨਾਲ ਜੁੜੇ ਕੁਝ ਅਹਿਮ ਸਵਾਲਾਂ ਦੇ ਜਵਾਬ ਦਿੱਤੇ ਹਨ।

ਉਨ੍ਹਾਂ ਵੱਲੋਂ ਕੱਢੇ ਸਿੱਟੇ ਅਧਿਆਪਕਾਂ, ਮਾਪਿਆਂ, ਵਿਦਿਆਰਥੀਆਂ ਅਤੇ ਬੱਚਿਆਂ ਦੇ ਬੌਧਿਕ ਵਿਕਾਸ ਵਿੱਚ ਦਿਲਚਸਪੀ ਰੱਖਣ ਵਾਲੇ ਹਰ ਬਸ਼ਰ ਲਈ ਦਿਲਚਸਪ ਹਨ।

ਬਰੈੱਡ ਦੇ ਟੁੱਕੜਿਆਂ ਨਾਲ ਖੇਡਣ ਵਿੱਚ ਮਸਤ ਬੱਚੇ

ਮੈਡਮ ਮੌਂਟੇਸਰੀ ਦਾ ਜਨਮ 1870 ਵਿੱਚ ਇੱਕ ਛੋਟੇ ਜਿਹੇ ਇਤਾਲਵੀ ਕੇ ਕਸਬੇ ਚਿਆਰਾਵਲੇ ਵਿੱਚ ਹੋਇਆ। ਉਨ੍ਹਾਂ ਦੇ ਪ੍ਰਗਤੀਸ਼ੀਲ ਮਾਪਿਆਂ ਦਾ ਦੇਸ਼ ਦੇ ਪ੍ਰਮੁੱਖ ਚਿੰਤਕਾਂ ਅਤੇ ਵਿਦਵਾਨਾਂ ਨਾਲ ਉੱਠਣਾ ਬੈਠਣਾ ਸੀ।

ਇਸ ਗਿਆਨਮੁਖੀ ਪਰਿਵਾਰਕ ਮਾਹੌਲ ਨੇ ਮੌਂਟੇਸਰੀ ਦੇ ਅਨੁਭਵ ਨੂੰ ਬਹੁਤ ਵਿਸ਼ਾਲ ਕੀਤਾ ਅਤੇ ਸੋਚਣ ਸਮਝਣ ਦੀ ਕਾਬਲੀਅਤ ਵਿੱਚ ਵੀ ਵਾਧਾ ਕੀਤਾ ਹੈ। ਉਨ੍ਹਾਂ ਦੀ ਸੋਚ ਅਪਣੀਆਂ ਹਾਣੀ ਕੁੜੀਆਂ ਨਾਲੋਂ ਕਾਫ਼ੀ ਵਿਕਸਤ ਸੀ।

ਰੋਮ, ਇਟਲੀ ਵਿੱਚ ਓਪੇਰਾ ਨਾਜ਼ੀਓਨਲੇ ਮੌਂਟੇਸਰੀ ਦੇ ਬੋਰਡ ਆਫ਼ ਡਾਇਰੈਕਟਰਜ਼ ਦੀ ਮੈਂਬਰ ਐਲੀਡ ਤਾਵੀਆਨੀ ਮੁਤਾਬਕ, "ਕੁਝ ਮਹੱਤਵਪੂਰਨ ਫ਼ੈਸਲਿਆਂ ਲਈ ਉਨ੍ਹਾਂ ਦੀ ਮਾਂ ਦਾ ਸਾਥ ਬਹੁਤ ਮਹੱਤਵਪੂਰਨ ਸੀ, ਜਿਵੇਂ ਕਿ ਮੁੱਢਲੀ ਸਿੱਖਿਆ ਤੋਂ ਬਾਅਦ ਇੱਕ ਤਕਨੀਕੀ ਸਕੂਲ ਵਿੱਚ ਉਨ੍ਹਾਂ ਦਾ ਦਾਖਲਾ।"

ਓਪੇਰਾ ਨਾਜ਼ੀਓਨਲੇ ਮੌਂਟੇਸਰੀ, ਮੈਡਮ ਮੌਂਟੇਸਰੀ ਵੱਲੋਂ ਆਪਣੇ ਵਿਦਿਅਕ ਤਰੀਕਿਆਂ ਦੀ ਖੋਜ ਅਤੇ ਪ੍ਰਚਾਰ ਲਈ ਸਥਾਪਿਤ ਕੀਤਾ ਗਿਆ ਸੀ।

ਮਾਤਾ-ਪਿਤਾ ਦਾ ਸਾਥ ਡਾਕਟਰੀ ਦੀ ਪੜ੍ਹਾਈ (ਅਜਿਹੇ ਖੇਤਰ ਜਿਸ ਵਿੱਚ ਮਰਦਾਂ ਦਾ ਦਬਦਬਾ ਸੀ।) ਕਰਨ ਦੇ ਉਨ੍ਹਾਂ ਦੇ ਫ਼ੈਸਲੇ ਵਿੱਚ ਵੀ ਅਹਿਮ ਸਾਬਤ ਹੋਇਆ।

ਤਾਵੀਆਨੀ ਅੱਗੇ ਦੱਸਦੇ ਹਨ, "ਮਾਰੀਆ ਮੌਂਟੇਸਰੀ ਦਾ ਪਰਿਵਾਰ ਸਮਾਜਿਕ ਮੁੱਦਿਆਂ ਪ੍ਰਤੀ ਬਹੁਤ ਸੰਵੇਦਨਸ਼ੀਲ ਸੀ," ਜਿਵੇਂ ਕਿ ਨਾਰੀ ਮੁਕਤੀ ਲਈ ਲੜਾਈ, ਜੋ ਮੌਂਟੇਸਰੀ ਨੇ ਅਗਲੀ ਉਮਰ ਵਿੱਚ ਵੀ ਜਾਰੀ ਰੱਖੀ।"

ਸਾਲ 1896 ਵਿੱਚ, ਗ੍ਰੈਜੂਏਸ਼ਨ ਮੁਕੰਮਲ ਹੋਣ ਤੋਂ ਤੁਰੰਤ ਬਾਅਦ, ਮੌਂਟੇਸਰੀ ਨੇ ਰੋਮ ਯੂਨੀਵਰਸਿਟੀ ਦੇ ਇੱਕ ਮਨੋਵਿਗਿਆਨਕ ਕਲੀਨਿਕ ਵਿੱਚ ਇੱਕ ਵਲੰਟੀਅਰ ਸਹਾਇਕ ਵਜੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ।

ਇੱਥੇ ਉਹ ਸਿੱਖਣ ਵਿੱਚ ਮੁਸ਼ਕਲਾਂ ਵਾਲੇ ਬੱਚਿਆਂ ਦੀ ਦੇਖਭਾਲ ਕਰਦੇ ਸਨ।

ਇਨ੍ਹਾਂ ਬੱਚਿਆਂ ਦੀਆਂ ਜਮਾਤਾਂ ਵਿੱਚ ਸਿਵਾਏ ਥੋੜ੍ਹੇ ਬਹੁਤ ਫਰਨੀਚਰ ਦੇ ਹੋਰ ਕੁਝ ਨਹੀਂ ਹੁੰਦਾ ਸੀ।

ਸਪੇਨ ਦੀ ਨਾਵਾਰਾ ਯੂਨੀਵਰਸਿਟੀ ਵਿੱਚ ਮਨੋਵਿਗਿਆਨ ਅਤੇ ਸਿੱਖਿਆ ਦੀ ਖੋਜਾਰਥੀ ਅਤੇ ਦਿ ਵੈਂਡਰ ਅਪਰੋਚ ਦੀ ਲੇਖਕਾ ਕੈਥਰੀਨ ਲਾਇਕੁਅਰ ਦੱਸਦੇ ਹਨ ਕਿ ਇੱਕ ਦਿਨ, ਮੋਂਟੇਸਰੀ ਨੇ ਦੇਖਿਆ ਕਿ ਬਰੈੱਡ ਦੇ ਕੁਝ ਟੁਕੜੇ ਫਰਸ਼ 'ਤੇ ਡਿੱਗ ਗਏ ਸਨ। ਇਨ੍ਹਾਂ ਟੁਕੜਿਆਂ ਨਾਲ ਬੱਚੇ ਬਹੁਤ ਜੋਸ਼ ਨਾਲ ਖੇਡ ਰਹੇ ਸਨ।

ਇਸ ਸਮੇਂ "ਉਨ੍ਹਾਂ ਨੂੰ ਇਹ ਮਹਿਸੂਸ ਹੋਇਆ ਕਿ ਕੁਝ ਬੌਧਿਕ ਕਮਜ਼ੋਰੀਆਂ ਦਾ ਮੂਲ ਕਾਰਨ ਗਰੀਬੀ ਹੋ ਸਕਦੀ ਹੈ।" ਮੌਂਟੇਸਰੀ ਨੇ ਸਿੱਟਾ ਕੱਢਿਆ, ਸਹੀ ਸਿੱਖਣ ਸਮੱਗਰੀ ਦੇ ਨਾਲ, ਅਜਿਹੇ ਬੱਚਿਆਂ ਦੇ ਦਿਮਾਗਾਂ ਦਾ ਪਾਲਣ-ਪੋਸ਼ਣ ਕੀਤਾ ਜਾ ਸਕਦਾ ਹੈ।

ਇਸ ਖ਼ਿਆਲ ਨੇ ਮੌਂਟੇਸਰੀ ਦੀ ਸਿੱਖਿਆ ਦੀ ਇੱਕ ਨਵੀਂ ਵਿਧੀ ਵਿਕਸਿਤ ਕਰਨ ਲਈ ਅਗਵਾਈ ਕੀਤੀ ਜੋ ਬਚਪਨ ਦੇ ਸੰਵੇਦਨਸ਼ੀਲ ਦੌਰ ਦੌਰਾਨ ਬੱਚਿਆਂ ਨੂੰ ਵੱਧ ਤੋਂ ਵੱਧ ਉਤੇਜਨਾ ਪ੍ਰਦਾਨ ਕਰਨ 'ਤੇ ਕੇਂਦਰਿਤ ਹੋਵੇਗੀ।

ਬਾਲ ਕੇਂਦਰਿਤ ਵਿਧੀ

ਇਸ ਵਿਧੀ ਦੇ ਕੇਂਦਰ ਵਿੱਚ ਇਹ ਸਿਧਾਂਤ ਸੀ ਕਿ ਸਾਰੀਆਂ ਸਿੱਖਣ-ਸਮੱਗਰੀਆਂ ਬੱਚਿਆਂ ਦੇ ਅਨੁਸਾਰੀ ਅਤੇ ਉਨ੍ਹਾਂ ਦੀਆਂ ਸਾਰੀਆਂ ਇੰਦਰੀਆਂ ਨੂੰ ਖਿੱਚ ਪਾਉਣ ਵਾਲੀਆਂ ਹੋਣੀਆਂ ਚਾਹੀਦੀਆਂ ਹਨ।

ਇਸ ਤੋਂ ਇਲਾਵਾ, ਹਰੇਕ ਬੱਚੇ ਨੂੰ ਖੁੱਲ੍ਹ ਕੇ ਘੁੰਮਣ ਅਤੇ ਕੰਮ ਕਰਨ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ ਅਤੇ ਉਨ੍ਹਾਂ ਨੂੰ ਰਚਨਾਤਮਿਕਤਾ ਅਤੇ ਸਮੱਸਿਆ ਹੱਲ ਕਰਨ ਦੇ ਹੁਨਰ ਦੀ ਵਰਤੋਂ ਕਰਨ ਦੇਣੀ ਚਾਹੀਦੀ ਹੈ।

ਅਧਿਆਪਕ ਇੱਕ ਗਾਈਡ ਦੀ ਭੂਮਿਕਾ ਵਿੱਚ ਬਿਨਾਂ ਕਿਸੇ ਜ਼ਬਰ ਜਾਂ ਕੰਟਰੋਲ ਦੇ ਬੱਚਿਆਂ ਦਾ ਸਾਥ ਦਿੰਦੇ ਸਨ।

ਮੌਂਟੇਸਰੀ ਨੇ 1907 ਵਿੱਚ ਆਪਣਾ ਪਹਿਲਾ "ਕਾਸਾ ਦੇਈ ਬੈਂਬਿਨੀ" ਦਾ ਨਾਮ ਦਾ "ਚਿਲਡਰਨ ਹਾਊਸ" ਖੋਲ੍ਹਿਆ। ਜਲਦੀ ਹੀ ਇਸ ਦੀਆਂ ਹੋਰ ਕਈ ਸ਼ਾਖਾਵਾਂ ਵੀ ਖੁੱਲ੍ਹ ਗਈਆਂ।

ਸਮੇਂ ਪਾ ਕੇ ਮੌਂਟੇਸਰੀ ਨੇ ਗਾਂਧੀ ਸਮੇਤ ਦੁਨੀਆ ਭਰ ਦੇ ਦੂਰਦਰਸ਼ੀਆਂ ਨਾਲ ਵੀ ਸੰਪਰਕ ਬਣਾ ਲਿਆ।

ਹੈਰਾਨੀਜਨਕ ਰੂਪ ਵਿੱਚ ਜਦੋਂ 1922 ਵਿੱਚ ਇਟਲੀ ਵਿਚ ਫਾਸ਼ੀਵਾਦੀ ਪਹਿਲੀ ਵਾਰ ਸੱਤਾ ਵਿੱਚ ਆਏ ਤਾਂ ਉਨ੍ਹਾਂ ਨੇ ਸ਼ੁਰੂ ਵਿੱਚ ਤਾਂ ਮੌਂਟੇਸਰੀ ਦੀ ਲਹਿਰ ਨੂੰ ਅਪਣਾ ਲਿਆ।

ਫਿਰ ਜਲਦੀ ਹੀ ਉਹ ਬੱਚਿਆਂ ਦੇ ਪ੍ਰਗਟਾਵੇ ਦੀ ਆਜ਼ਾਦੀ 'ਤੇ ਜ਼ੋਰ ਦੇਣ ਦਾ ਵਿਰੋਧ ਕਰਨ ਲੱਗ ਪਏ।

ਤਾਵੀਆਨੀ ਦੇ ਅਨੁਸਾਰ, ਮੋਂਟੈਸਰੀ ਦੀਆਂ ਕਦਰਾਂ-ਕੀਮਤਾਂ ਹਮੇਸ਼ਾ ਮਨੁੱਖੀ ਸਨਮਾਨ ਅਤੇ "ਬੱਚਿਆਂ ਅਤੇ ਔਰਤਾਂ ਦੇ ਅਧਿਕਾਰਾਂ ਬਾਰੇ ਸਨ। ਪਰ ਫਾਸ਼ੀਵਾਦੀ ਉਨ੍ਹਾਂ ਦੇ ਕੰਮ ਅਤੇ ਉਸ ਦੀ ਪ੍ਰਸਿੱਧੀ ਦਾ ਲਾਹਾ ਲੈਣਾ ਚਾਹੁੰਦੇ ਸਨ।"

ਜਦੋਂ ਫਾਸ਼ੀਵਾਦੀ ਸ਼ਾਸਨ ਨੇ ਸਕੂਲਾਂ ਦੇ ਪਾਠਕ੍ਰਮ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਸਰਕਾਰ ਅਤੇ ਮੌਂਟੇਸਰੀ ਦੇ ਰਿਸ਼ਤਿਆਂ ਵਿੱਚ ਖਟਾਈ ਵਿੱਚ ਆ ਗਈ।

ਖੀਰ ਸਾਲ 1934 ਵਿੱਚ ਮੌਂਟੇਸਰੀ ਅਤੇ ਉਨ੍ਹਾਂ ਦੇ ਪੁੱਤਰ ਨੇ ਇਟਲੀ ਛੱਡਣ ਦਾ ਫੈਸਲਾ ਕੀਤਾ।

ਉਹ 1947 ਵਿੱਚ ਆਪਣੇ ਵਤਨ ਪਰਤ ਆਏ ਅਤੇ ਉਨ੍ਹਾਂ ਨੇ 81 ਸਾਲ ਦੀ ਉਮਰ, 1952 ਵਿੱਚ ਆਪਣੀ ਮੌਤ ਤੱਕ ਆਪਣੀ ਵਿਧੀ ਬਾਰੇ ਲਿਖਣਾ ਅਤੇ ਇਸ ਨੂੰ ਵਿਕਸਤ ਕਰਨਾ ਜਾਰੀ ਰੱਖਿਆ।

ਬੱਚੇ ਕੇਂਦਰ ਵਿੱਚ ਹਨ

ਅੱਜ ਵੱਖ-ਵੱਖ ਕਿਸਮਾਂ ਦੇ ਬਹੁਤ ਸਾਰੇ ਮੌਂਟੇਸਰੀ ਸਕੂਲ ਹਨ, ਜਿਨ੍ਹਾਂ ਵਿੱਚੋਂ ਸਾਰੇ ਓਪੇਰਾ ਮੌਂਟੇਸਰੀ ਦੁਆਰਾ ਮਾਨਤਾ ਪ੍ਰਾਪਤ ਨਹੀਂ ਹਨ, ਪਰ ਕੁਝ ਬੁਨਿਆਦੀ ਸਿਧਾਂਤ ਸਾਰਿਆਂ ਵਿੱਚ ਹੀ ਬਰਕਰਾਰ ਹਨ।

ਮੌਂਟੇਸਰੀ ਵਿਧੀ ਦਾ ਇੱਕ ਕੇਂਦਰੀ ਵਿਚਾਰ ਅਧਿਆਪਕਾਂ ਦੀ ਕੋਮਲ ਮਾਰਗਦਰਸ਼ਕ ਵਜੋਂ ਭੂਮਿਕਾ ਹੈ, ਦੂਜੇ ਬੱਚਿਆਂ ਨੂੰ ਜਿੰਨਾ ਸੰਭਵ ਹੋ ਸਕੇ ਘੱਟ ਤੋਂ ਘੱਟ ਬਾਲਗ ਦਖਲਅੰਦਾਜ਼ੀ ਨਾਲ ਅਪਣੀਆਂ ਗਤੀਵਿਧੀਆਂ ਨੂੰ ਪੂਰਾ ਕਰਨ ਲਈ ਉਤਸ਼ਾਹਿਤ ਕਰਨਾ ਹੈ।

ਮਰੀਅਮ ਫੇਰੋ, ਪਾਲਰਮੋ, ਸਿਸਲੀ ਵਿੱਚ ਈਕੋਸਕੂਲਾ ਇੱਕ ਮੌਂਟੇਸਰੀ ਸਕੂਲ ਦੀ ਮੁੱਖ ਅਧਿਆਪਕਾ ਹਨ। ਉਹ ਦੱਸਦੇ ਹਨ, "ਸਾਡੇ ਬੱਚੇ ਆਪਣਾ ਧਿਆਨ ਰੱਖਣਾ ਸਿੱਖਦੇ ਹਨ।"

ਉਨ੍ਹਾਂ ਦੀ ਮੌਂਟੇਸਰੀ ਆਂਗਨਵਾੜੀ ਵਿੱਚ ਬੱਚੇ ਆਪਣੇ ਬਚਪਨ ਦੇ ਸ਼ੁਰੂਆਤੀ ਛੇ ਸਾਲ ਬਿਤਾਉਂਦੇ ਹਨ।

ਇਕੋਸਕੂਲਾ ਵਿੱਚ ਵੀ ਦੂਜੇ ਪ੍ਰੀ-ਸਕੂਲਾਂ ਵਾਂਗ ਹੀ ਗਣਿਤ ਅਤੇ ਸੰਗੀਤ ਵਰਗੇ ਕੁਝ ਵਿਸ਼ੇ ਸ਼ਾਮਲ ਹਨ।

ਇਨ੍ਹਾਂ ਤੋਂ ਇਲਾਵਾ "ਵਿਹਾਰਕ ਜੀਵਨ" ਨਾਂ ਦਾ ਇੱਕ ਹਿੱਸਾ ਵੀ ਹੈ ਜੋ ਬੱਚਿਆਂ ਦੀ ਖੁਦਮੁਖਤਿਆਰੀ ਦੇ ਮੌਂਟੇਸਰੀ ਦੇ ਅਸਲ ਸਿਧਾਂਤ ਜੁੜਦਾ ਹੈ। ਇਸ ਵਿੱਚ ਅਸਲ-ਜੀਵਨ ਨਾਲ਼ ਜੁੜੀਆਂ ਗਤੀਵਿਧੀਆਂ ਕੰਮ ਸ਼ਾਮਲ ਹੁੰਦੀਆਂ ਹਨ, ਜਿਵੇਂ ਕਿ ਸਹਿਪਾਠੀਆਂ ਨੂੰ ਡਰਿੰਕ ਪਰੋਸਣਾ।

ਸੁਰੱਖਿਆ ਦੇ ਮੱਦੇਨਜ਼ਰ ਪਾਣੀ ਨੂੰ ਉਬਾਲਣ ਦੀ ਜ਼ਿੰਮੇਵਾਰੀ ਅਧਿਆਪਕ ਲੈਂਦੇ ਹਨ ਪਰ ਕੰਮ ਦੀ ਥਾਂ ਨੂੰ ਸਾਫ਼ ਕਰਨ ਅਤੇ ਫਿਰ ਦੂਜਿਆਂ ਨੂੰ ਡਰਿੰਕਸ ਵਰਤਾਉਣ ਵਿੱਚ ਸਰਗਰਮ ਭੂਮਿਕਾ ਬੱਚੇ ਨਿਭਾਉਂਦੇ ਹਨ।

ਫੇਰੋ ਦੱਸਦੇ ਹਨ, "ਨਾਸ਼ਤੇ ਅਤੇ ਦੁਪਹਿਰ ਦੇ ਖਾਣੇ ਦੇ ਦੌਰਾਨ ਉਹ ਸਵੈ-ਨਿਰਦੇਸ਼ਿਤ ਵੀ ਹੁੰਦੇ ਹਨ, ਮੇਜ਼ ਵਿਛਾਉਣ ਅਤੇ ਆਪਣੇ ਸਹਿਪਾਠੀਆਂ ਦੀ ਸੇਵਾ ਵਾਰੋ-ਵਾਰੀ ਕਰਦੇ ਹਨ।"

ਮੌਂਟੇਸਰੀ ਵਿਧੀ ਬੱਚਿਆਂ ਵਿੱਚ ਸੁਤੰਤਰਤਾ ਦੇ ਨਾਲ-ਨਾਲ ਆਪਸੀ ਸਹਿਯੋਗ ਦੀ ਵੀ ਸਿੱਖਿਆ ਦਿੱਤੀ ਜਾਂਦੀ ਹੈ।

ਇਸ ਲਈ ਵੱਖ-ਵੱਖ ਉਮਰ ਦੇ ਬੱਚਿਆਂ ਨੂੰ ਇੱਕੋ ਕਲਾਸਰੂਮ ਵਿੱਚ ਪੜ੍ਹਾਇਆ ਜਾਂਦਾ ਹੈ, ਤਾਂ ਜੋ ਮਿਸਾਲ ਵਜੋਂ, ਛੇ ਸਾਲ ਦੇ ਬੱਚੇ, ਤਿੰਨ ਸਾਲ ਦੇ ਬੱਚਿਆਂ ਦੀ ਮਦਦ ਕਰ ਸਕਣ।

ਵਿਦਿਆਰਥੀਆਂ ਵਿਚਕਾਰ ਮੁਕਾਬਲੇ ਤੋਂ ਬਚਣ ਲਈ ਕੋਈ ਟੈਸਟ ਜਾਂ ਗ੍ਰੇਡ ਨਹੀਂ ਹਨ।

ਹਰ ਸੈਸ਼ਨ ਤਿੰਨ ਘੰਟੇ ਦਾ ਹੁੰਦਾ ਹੈ, ਤਾਂ ਜੋ ਬੱਚੇ ਆਪਣੇ-ਆਪ ਨੂੰ ਹੱਥਲੇ ਕੰਮ ਵਿੱਚ ਲੀਨ ਕਰ ਸਕਣ। ਸਿੱਖਣ ਦੀ ਸਮੱਗਰੀ ਨੂੰ ਇਸ ਤਰ੍ਹਾਂ ਤਿਆਰ ਕੀਤਾ ਜਾਂਦਾ ਹੈ ਕਿ ਉਹ ਬੱਚਿਆਂ ਦੀਆਂ ਸਾਰੀਆਂ ਇੰਦਰੀਆਂ ਨੂੰ ਖਿੱਚ ਪਾਵੇ।

ਜਿਵੇਂ ਕਿ ਸੈਂਡਪੇਪਰ ਦੇ ਬਣੇ ਅੱਖਰ ਅਤੇ ਸੰਖਿਆਵਾਂ, ਜਿਨ੍ਹਾਂ ਨੂੰ ਬੱਚੇ ਆਪਣੀਆਂ ਉਂਗਲਾਂ ਨਾਲ ਟਰੇਸ ਕਰ ਸਕਦੇ ਹਨ।

ਪੜ੍ਹਨ ਸੁਣਨ ਨੂੰ ਤਾਂ ਇਹ ਸਭ ਬਹੁਤ ਵਧੀਆ ਲਗਦਾ ਹੈ ਪਰ ਕੀ ਇਹ ਇੱਕ ਆਮ ਕਲਾਸਰੂਮ ਤੋਂ ਜ਼ਿਆਦਾ ਕਾਰਗਰ ਵੀ ਹੈ ਜਾਂ ਨਹੀਂ? ਇਹ ਸਵਾਲ ਜਿੰਨਾ ਸੌਖਾ ਲਗਦਾ ਹੈ ਇਸ ਦਾ ਜਵਾਬ ਉਨਾਂ ਹੀ ਮੁਸ਼ਕਲ ਹੈ।

ਖੋਜ ਸੁਝਾਅ ਦਿੰਦੀ ਹੈ ਕਿ ਮੌਂਟੇਸਰੀ ਸਿੱਖਿਆ ਦੇ ਕੁਝ ਪਹਿਲੂਆਂ ਦੇ ਕੁਝ ਲਾਭਦਾਇਕ ਹੋ ਸਕਦੇ" ਸਪੇਨ ਵਿੱਚ ਯੂਨੀਵਰਸਿਟੀ ਆਫ ਨਾਵਾਰਾ ਦੇ ਇੰਸਟੀਚਿਊਟ ਫਾਰ ਕਲਚਰ ਐਂਡ ਸੋਸਾਇਟੀ ਦੇ ਜੇਵੀਅਰ ਬਰਨੇਸਰ ਦੱਸਦੇ ਹਨ।

ਹਲਾਂਕਿ ਨਤੀਜਿਆਂ ਉੱਪਰ ਪੂਰਨ ਵਿਸ਼ਵਾਸ ਕਰਨ ਤੋਂ ਪਹਿਲਾਂ ਇਹ ਜਾਨਣਾ ਵੀ ਜ਼ਰੂਰੀ ਹੈ ਕਿ, ਕਲਾਸਰੂਮ ਵਿੱਚ ਖੋਜ ਦੀਆਂ ਵਿਗਿਆਨਕ ਵਿਧੀਆਂ ਦੀ ਵਰਤੋਂ ਮੁਸ਼ਕਲ ਹੈ।

ਮੌਂਟੇਸਰੀ ਸਕੂਲ ਦੇ ਵਿਦਿਆਰਥੀਆਂ ਵਿੱਚ ਸਾਖਰਤਾ, ਅੰਕਾਂ ਦੀ ਜਾਣਕਾਰੀ ਅਤੇ ਕਥਾ ਦੇ ਹੁਨਰ ਦੂਜੇ ਸਕੂਲਾਂ ਦੇ ਵਿਦਿਆਰਥੀਆਂ ਦੇ ਮੁਕਾਬਲੇ ਵਧੀਆ ਦੇਖੇ ਗਏ ਸਨ।

ਯਕੀਨਨ, ਕੁਝ ਅਧਿਐਨਾਂ ਨੇ ਬੱਚਿਆਂ ਦੇ ਵਿਕਾਸ ਲਈ ਮੌਂਟੇਸਰੀ ਵਿਧੀ ਦੇ ਬਹੁਤ ਸਾਰੇ ਲਾਭਾਂ ਦਾ ਪ੍ਰਦਰਸ਼ਨ ਕੀਤਾ ਸੀ, ਪਰ ਅਸੀਂ ਨਿਸ਼ਚਤ ਨਹੀਂ ਹੋ ਸਕਦੇ ਕਿ ਇਹ ਮੋਂਟੇਸਰੀ ਵਿਧੀ ਦਾ ਨਤੀਜਾ ਹੈ ਜਾਂ ਕੀ ਇਹ ਸਿਰਫ਼ ਉਹਨਾਂ ਦੇ ਪਾਲਣ ਪੋਸ਼ਣ ਦੇ ਕਾਰਨ ਹੈ।

ਚਾਰਲੋਟਸਵਿਲੇ ਵਿੱਚ ਵਰਜੀਨੀਆ ਯੂਨੀਵਰਸਿਟੀ ਵਿੱਚ ਮਨੋਵਿਗਿਆਨ ਦੀ ਪ੍ਰੋਫੈਸਰ ਐਂਜਲੀਨ ਲਿਲਾਰਡ ਨੇ ਅਮਰੀਕਾ ਦੇ ਮਿਲਵਾਕੀ ਵਿੱਚ ਇੱਕ ਮੋਂਟੇਸਰੀ ਸਕੂਲ ਦੇ ਅਧਿਐਨ ਰਾਹੀਂ ਨੂੰ ਇਨ੍ਹਾਂ ਮੁੱਦਿਆਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕੀਤੀ ਹੈ।

ਸਕੂਲ ਲਈ ਅਪਲਾਈ ਕਰਨ ਵਾਲੇ ਬੱਚਿਆਂ ਦੀ ਚੋਣ ਲਾਟਰੀ ਪ੍ਰਣਾਲੀ ਦੁਆਰਾ ਕੀਤੀ ਗਈ। ਇਸ ਬੇਤਰਤੀਬ (ਰੈਂਡਮਾਈਜ਼ਡ) ਚੋਣ ਨੂੰ ਉਨ੍ਹਾਂ ਹੋਰ ਕਾਰਕਾਂ ਦੇ ਪ੍ਰਭਾਵ ਨੂੰ ਖਤਮ ਕਰਨਾ ਚਾਹੀਦਾ ਹੈ, ਜੋ ਕਿ ਨਤੀਜਿਆਂ ਉੱਪਰ ਅਸਰ ਪਾ ਸਕਦੇ ਸਨ।

ਇਸ ਤਰ੍ਹਾਂ ਲਿਲਾਰਡ ਨੇ ਸੁਨਿਸ਼ਚਿਤ ਕਰਨ ਦੀ ਕੋਸ਼ਿਸ਼ ਕੀਤੀ ਕਿ ਬੱਚਿਆਂ ਵਿੱਚ ਆਏ ਬਦਲਾਅ ਮੌਂਟੇਸਰੀ ਵਿਧੀ ਕਰਨ ਹੀ ਸਨ।

ਪੰਜ ਸਾਲ ਦੀ ਉਮਰ ਵਿੱਚ ਉਨ੍ਹਾਂ ਦੀ ਤਰੱਕੀ ਦਾ ਵਿਸ਼ਲੇਸ਼ਣ ਕਰਦੇ ਹੋਏ, ਲਿਲਾਰਡ ਨੇ ਪਾਇਆ ਕਿ ਜੋ ਬੱਚੇ ਮੌਂਟੇਸਰੀ ਸਕੂਲ ਗਏ ਸਨ ਉਹਨਾਂ ਵਿੱਚ ਹੋਰ ਸਕੂਲਾਂ ਵਿੱਚ ਪੜ੍ਹੇ ਬੱਚਿਆਂ ਦੇ ਮੁਕਾਬਲੇ ਬਿਹਤਰ ਸਾਖਰਤਾ, ਸੰਖਿਆ, ਕਾਰਜਕਾਰੀ ਕਾਰਜ ਅਤੇ ਸਮਾਜਿਕ ਹੁਨਰ ਸਨ।

ਇਸ ਤੋਂ ਇਲਾਵਾ 12 ਸਾਲ ਦੀ ਉਮਰ ਵਿੱਚ, ਉਨ੍ਹਾਂ ਨੇ ਬਿਹਤਰ ਕਹਾਣੀ ਸੁਣਾਉਣ ਦੀ ਕਾਬਲੀਅਤ ਦਿਖਾਈ।

ਵਿਗਿਆਨਕ ਕਸੌਟੀ

ਇਹ ਨਤੀਜੇ ਭਾਵੇਂ ਬਹੁਤ ਹਾਂ ਮੁੱਖੀ ਹਨ ਪਰ ਧਿਆਨ ਦੇਣ ਯੋਗ ਹੈ ਕਿ ਇਹ ਸਿੱਟੇ ਵਿਦਿਆਰਥੀਆਂ ਦੇ ਇੱਕ ਬਹੁਤ ਛੋਟੇ ਸੈਂਪਲ 'ਤੇ ਆਧਾਰਿਤ ਸੀ।

ਯੂਨੀਵਰਸਿਟੀ ਕਾਲਜ ਆਫ਼ ਲੰਡਨ ਇੰਸਟੀਚਿਊਟ ਆਫ਼ ਐਜੂਕੇਸ਼ਨ ਦੇ ਕਲੋਏ ਮਾਰਸ਼ਲ ਦਾ ਕਹਿਣਾ ਹੈ ਕਿ ਲਿਲਾਰਡ ਦੇ ਨਤੀਜੇ ਅਜੇ ਤੱਕ ਸਭ ਤੋਂ ਅਧਿਐਨ ਉਪਰ ਅਧਾਰਿਤ ਹਨ, "ਪਰ ਇਹ ਸਬੂਤ ਦਾ ਸਿਰਫ਼ ਇੱਕ ਟੁਕੜਾ ਹੈ, ਅਤੇ ਸਾਨੂੰ ਵਿਗਿਆਨ ਵਿੱਚ ਦੁਹਰਾਅ ਦੀ ਲੋੜ ਹੈ।"

ਮਤਲਬ ਕਿ ਜੇਕਰ ਹੋਰ ਪ੍ਰੀਖਣਾਂ ਵਿੱਚ ਵੀ ਸਥਿਤੀਆਂ ਸਮਾਨ ਰੱਖੇ ਜਾਣ 'ਤੇ ਇਹੀ ਨਤੀਜੇ ਆਉਣ ਤਾਂ ਇਨ੍ਹਾਂ ਨਤੀਜਿਆਂ ਨੂੰ ਭਰੋਸੇਯੋਗ ਕਿਹਾ ਜਾ ਸਕਦਾ ਹੈ।

ਸਿੱਖਿਆ ਅਤੇ ਮਨੋਵਿਗਿਆਨ ਸਾਹਿਤ ਦੇ ਸਰਸਰੀ ਅਧਿਐਨ ਤੋਂ ਹਾਲਾਂਕਿ, ਮਾਰਸ਼ਲ ਨੂੰ ਲਗਦਾ ਹੈ ਕਿ ਇਹ ਵਿਧੀ ਬਿਨਾਂ ਕਿਸੇ ਨੁਕਸਾਨ ਦੇ, ਕੁਝ ਲਾਭ ਲਿਆਉਂਦੀ ਹੈ। ਹੋ ਸਕਦਾ ਕਿ ਕੋਈ ਨੁਕਸਾਨ ਹੋਵੇ ਹੀ ਨਾ ਅਤੇ ਸਿਰਫ਼ ਫ਼ਾਇਦੇ ਹੀ ਹੋਣ।

ਉਦਾਹਰਨ ਲਈ, ਕੁਝ ਤਾਜ਼ਾ ਸਬੂਤ ਹਨ ਕਿ ਬੱਚਿਆਂ ਨੂੰ ਬਿਨਾਂ ਕਿਸੇ ਯੋਜਨਾ ਦੇ ਖੁੱਲ੍ਹਾ ਸਮਾਂ ਦੇਣਾ, ਜਿਸ ਵਿੱਚ ਉਨ੍ਹਾਂ ਨੂੰ ਕਿਸੇ ਬਾਲਗ ਦੀ ਬਹੁਤ ਜ਼ਿਆਦਾ ਦਖਲਅੰਦਾਜ਼ੀ ਤੋਂ ਬਿਨਾਂ ਆਪਣੀਆਂ ਗਤੀਵਿਧੀਆਂ ਕਰਨ ਦੀ ਇਜਾਜ਼ਤ ਦਿੱਤੀ ਜਾਂਦੀ ਹੈ, ਵਧੇਰੇ ਸੁਤੰਤਰ ਅਤੇ ਆਪਣੇ ਆਪ ਨੂੰ ਸਵੈ- ਨਿਰਦੇਸ਼ਨ ਵੱਲ ਲਿਜਾਂਦਾ ਹੈ। ਇਹ ਪਹੁੰਚ ਇੱਥੇ ਹੈ ਮੌਂਟੇਸਰੀ ਵਿਧੀ ਦਾ ਦਿਲ ਹੈ।

ਇਸ ਗੱਲ ਦੇ ਕੁਝ ਸਬੂਤ ਵੀ ਹਨ ਕਿ ਕਲਾਸਰੂਮਾਂ ਦੇ ਬੱਚੇ ਜੋ ਸਿਰਫ ਪ੍ਰਮਾਣਿਤ ਮੌਂਟੇਸਰੀ ਸਿੱਖਣ ਸਮੱਗਰੀ ਦੀ ਵਰਤੋਂ ਕਰਦੇ ਹਨ, ਹੋਰ ਕਿਸਮ ਦੀਆਂ ਵਿਦਿਅਕ ਵਸਤੂਆਂ ਵਾਲੇ ਕਲਾਸਰੂਮਾਂ ਨਾਲੋਂ ਬਿਹਤਰ ਪ੍ਰਦਰਸ਼ਨ ਕਰਦੇ ਹਨ।

ਇਸ ਮੁਤਾਬਕ ਕਿਹਾ ਜਾ ਸਕਦਾ ਹੈ ਕਿ ਇਨ੍ਹਾਂ ਵਸਤੂਆਂ ਦੇ ਵਿਲੱਖਣ ਡਿਜ਼ਾਈਨ ਬੱਚਿਆਂ ਲਈ ਸਿੱਖਣ ਵਿੱਚ ਮਦਦਗਾਰ ਹੈ।

ਸੋਲੈਂਜ ਡੇਨਰਵੌਡ, ਸਵਿਟਜ਼ਰਲੈਂਡ ਵਿੱਚ ਸੈਂਟਰ ਹਾਸਪਿਟਲੀਅਰ ਯੂਨੀਵਰਸਿਟੇਅਰ ਵੌਡੋਇਸ ਦੇ ਇੱਕ ਦਿਮਾਗ ਵਿਗਿਆਨੀ ਅਤੇ ਖੁਦ ਇੱਕ ਸਾਬਕਾ ਮੋਂਟੇਸਰੀ ਅਧਿਆਪਕ, ਉਹ ਵੀ ਸਕਾਰਾਤਮਕ ਹਨ।

ਇੱਕ ਤਾਜ਼ਾ ਅਧਿਐਨ ਵਿੱਚ ਉਨ੍ਹਾਂ ਨੇ ਪਾਇਆ ਕਿ ਜੋ ਬੱਚੇ ਮੌਂਟੇਸਰੀ ਸਕੂਲਾਂ ਵਿੱਚ ਪੜ੍ਹਦੇ ਹਨ ਉਹਨਾਂ ਵਿੱਚ ਵਧੇਰੇ ਰਚਨਾਤਮਕਤਾ ਹੁੰਦੀ ਹੈ, ਜੋ ਬਿਹਤਰ ਅਕਾਦਮਿਕ ਨਤੀਜਿਆਂ ਨਾਲ ਵੀ ਜੁੜੀ ਹੁੰਦੀ ਹੈ।

(ਹਾਲਾਂਕਿ ਉਹ ਵਿਦਿਆਰਥੀਆਂ ਦਾ ਪੂਰੀ ਤਰ੍ਹਾਂ ਬੇਤਰਤੀਬ ਨਮੂਨਾ ਪ੍ਰਾਪਤ ਕਰਨ ਵਿੱਚ ਅਸਮਰੱਥ ਸੀ, ਉਨ੍ਹਾਂ ਨੇ ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਕੀਤੀ ਕਿ ਉਹ ਨਤੀਜਿਆਂ ਉੱਪਰ ਅਸਰ ਪਾਸਕਣ ਵਾਲੇ ਹੋਰ ਕਰਕਾਂ ਕੁਝ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਵਿੱਚ ਸਮਾਨ ਬੁੱਧੀ ਅਤੇ ਸਮਾਜਿਕ-ਆਰਥਿਕ ਪਿਛੋਕੜ ਵਾਲੇ ਬੱਚਿਆਂ ਦੀ ਤੁਲਨਾ ਕਰ ਰਹੇ ਸੀ।)

ਡੇਨਰਵੌਡ ਨੂੰ ਲਗਦਾ ਹੈ ਕਿ ਛੋਟੀ ਉਮਰ ਤੋਂ ਹੀ ਬੱਚਿਆਂ ਨੂੰ ਸਿੱਖਣ ਦੀਆਂ ਗਤੀਵਿਧੀਆਂ ਵਿੱਚ ਮੋਹਰੀ ਭੂਮਿਕਾ ਨਿਭਾਉਣ ਦੇ ਤਜ਼ਰਬੇ, ਅਤੇ ਸਮੱਸਿਆਵਾਂ ਦੇ ਆਪ ਹੱਲ ਕੱਢਣ ਦੇ ਮਿਲੇ ਮੌਕਿਆਂ ਅਤੇ ਇਸ ਦੌਰਾਨ ਅਪਣੀਆਂ ਗਲਤੀਆਂ ਤੋਂ ਸਿੱਖਣ ਦੇ ਮੌਕੇ ਮਿਲਦੇ ਹਨ।

ਇਸ ਨਾਲ ਉਨ੍ਹਾਂ ਦੀ ਸੋਚ ਲਚਕੀਲੀ ਬਣਦੀ ਹੈ। ਉਨ੍ਹਾਂ ਮੁਤਾਬਕ ਮੌਂਟੇਸਰੀ ਸਕੂਲ ਬੱਚਿਆਂ ਦੇ, "ਪ੍ਰਯੋਗ ਅਤੇ ਗਲਤੀਆਂ ਕਰਨ ਲਈ ਇੱਕ ਸੁਰੱਖਿਅਤ ਜਗ੍ਹਾ ਹੈ।"

ਕੀ ਮੌਂਟੇਸਰੀ ਦੇ ਪੁਰਾਣੇ ਵਿਦਿਆਰਥੀਆਂ ਦੀ ਸਫ਼ਲਤਾ ਵਿੱਚੋਂ ਇਨ੍ਹਾਂ ਗੁਣਾਂ ਦੀ ਝਲਕ ਮਿਲਦੀ ਹੈ?

ਮਾਰਸ਼ਲ ਦਾ ਕਹਿਣਾ ਹੈ ਕਿ ਸਾਨੂੰ ਫ਼ੈਸਲਾ ਰਾਖਵਾਂ ਰੱਖਣ ਦੀ ਲੋੜ ਹੈ, ਕਿਉਂਕਿ ਸਾਡੇ ਕੋਲ ਅਜੇ ਠੋਸ ਸਬੂਤ ਨਹੀਂ ਹਨ।

ਡੇਨਰਵੌਡ ਵਧੇਰੇ ਸਕਾਰਾਤਮਕ ਹੈ: ਆਪਣੇ ਨਤੀਜਿਆਂ ਨੂੰ ਦੇਖਦੇ ਹੋਏ, ਉਹ ਮੰਨਦੇ ਹਨ ਕਿ ਮੌਂਟੇਸਰੀ ਸਿੱਖਿਆ ਲੋਕਾਂ ਨੂੰ ਰਚਨਾਤਮਕ ਕਿੱਤਿਆਂ ਵਿੱਚ ਤਰੱਕੀ ਕਰਨ ਵਿੱਚ ਮਦਦ ਕਰ ਸਕਦੀ ਹੈ।

ਉਹ ਕਹਿੰਦੇ ਹਨ,"ਜਦੋਂ ਤੁਸੀਂ ਸਕੂਲ ਵਿੱਚ ਹੁੰਦੇ ਹੋ, ਤਾਂ ਤੁਸੀਂ ਆਪਣੇ ਦਿਮਾਗ ਦਾ ਨਿਰਮਾਣ ਕਰ ਰਹੇ ਹੁੰਦੇ ਹੋ।"

ਉਹ ਕਹਿੰਦੇ ਹਨ ਕਿ ਜਿਨ੍ਹਾਂ ਲੋਕਾਂ ਨੇ ਛੋਟੀ ਉਮਰ ਵਿੱਚ ਸਵੈ-ਪ੍ਰੇਰਿਤ, ਲਚਕਦਾਰ ਅਤੇ ਸਹਿਯੋਗੀ ਬਣਨਾ ਸਿੱਖਿਆ ਹੈ, ਉਨ੍ਹਾਂ ਨੂੰ ਅੱਗੇ ਜਾ ਕੇ ਇਸ ਦਾ ਫ਼ਾਇਦਾ ਜ਼ਰੂਰ ਹੁੰਦਾ ਹੈ।

ਮੌਂਟੇਸਰੀ ਵਿਧੀ ਇੱਕ ਬ੍ਰਾਂਡ ਬਣ ਚੁੱਕੀ ਹੈ

ਵਿਧੀ ਦੇ ਅਸਲ ਫ਼ਾਇਦੇ ਜੋ ਵੀ ਹੋਣ, ਇਸ ਦਾ ਕੇਂਦਰੀ ਵਿਚਾਰ ਜ਼ਰੂਰ ਆਕਰਸ਼ਕ ਹੈ।

ਇਸਦੇ ਪ੍ਰਚਾਰਕਾਂ ਨੇ ਇਸ ਨੂੰ ਇੱਕ ਖੁੱਲ੍ਹ ਦਿਲੇ, ਰਵਾਇਤੀ ਪ੍ਰਣਾਲੀ ਦੀ ਕਰੂਰਤਾ ਤੋਂ ਮੁਕਤ ਅਤੇ ਬੱਚਿਆਂ ਨੂੰ ਆਤਮ ਨਿਰਭਰ ਫ਼ੈਸਲੇ ਲੈਣਾ ਸਿਖਾਉਣ ਵਾਲੇ ਸਿਸਟਮ ਵਜੋਂ ਪ੍ਰਚਾਰਿਤ ਕਰਨ ਵਿੱਚ ਕਾਫ਼ੀ ਸਫ਼ਲਤਾ ਹਾਸਲ ਕੀਤੀ ਹੈ।

ਮਾਰੀਆ ਮੋਂਟੇਸਰੀ ਜਿੱਥੇ ਖ਼ੁਦ ਵੀ ਆਪਣੀ ਵਿਧੀ ਦੇ ਪ੍ਰਚਾਰ ਵਿੱਚ ਅਣਥੱਕ ਮਿਹਨਤ ਕਰਦੇ ਸੀ ਤਾਂ ਉਨ੍ਹਾਂ ਦੇ ਚੇਲੇ ਵੀ ਸੰਸਾਰ ਭਰ ਵਿੱਚ ਇਸ ਨੂੰ ਫੈਲਾਉਂਦੇ ਰਹੇ ਹਨ।

ਪਲੇਰਮੋ ਯੂਨੀਵਰਸਿਟੀ ਵਿੱਚ ਪ੍ਰੋਫ਼ੈਸਰ, ਗਿਆਨਫ੍ਰੈਂਕੋ ਮੈਰੋਨ ਮੁਤਾਬਕ, "ਇਹ ਸੰਜੋਗ ਨਾਲ ਹੀ ਇੱਕ 'ਬ੍ਰਾਂਡ' ਨਹੀਂ ਬਣ ਗਈ ਹੈ।"

ਉਹ 1980 ਦੇ ਦਹਾਕੇ ਤੋਂ ਬ੍ਰਾਂਡਾਂ ਦੇ ਅਤੇ ਮਾਰਕੀਟਿੰਗ ਦੇ ਉਭਾਰ ਵੱਲ ਇਸ਼ਾਰਾ ਕਰਦੇ ਹਨ। ਹੁਣ ਇਹ ਰੁਝਾਨ ਵਿਦਿਅਕ ਸੰਸਥਾਵਾਂ ਤੱਕ ਵੀ ਫੈਲ ਗਿਆ ਹੈ।

ਉਹ ਕਹਿੰਦੇ ਹਨ ਕਿ ਮੌਂਟੇਸਰੀ ਨਾਮ ਹੁਣ ਉੱਚ ਪੱਧਰੀ ਸਿੱਖਿਆ ਨਾਲ ਜੁੜਿਆ ਹੋਇਆ ਹੈ। ਇਹ ਇੱਕ ਜੀਵਨ ਦਰਸ਼ਨ ਬਣ ਗਿਆ ਹੈ, ਜਿਸਨੇ ਬਹੁਤ ਸਾਰੇ ਮਾਪਿਆਂ ਨੂੰ ਆਪਣੇ ਵੱਲ ਖਿੱਚਿਆ ਹੈ।

ਹਾਲਾਂਕਿ, ਅੱਜ ਬਹੁਤ ਸਾਰੇ ਸਕੂਲ ਮਾਰੀਆ ਮੌਂਟੇਸਰੀ ਦਾ ਨਾਮ ਵਰਤਦੇ ਹਨ ਜਦਕਿ ਅਜਿਹੇ ਸਕੂਲ ਬਹੁਤ ਥੋੜ੍ਹੇ ਰੂਪ ਵਿੱਚ ਉਨ੍ਹਾਂ ਦੀਆਂ ਵਿਧੀਆਂ ਦਾ ਪਾਲਣ ਕਰਦੇ ਹੋਏ। ਇਹ ਇਸ ਲਈ ਹੈ ਕਿਉਂਕਿ ਸ਼ਬਦ ਕੋਈ ਟ੍ਰੇਡਮਾਰਕ ਨਹੀਂ ਹੈ।

ਹਾਲਾਂਕਿ ਵੱਖ-ਵੱਖ ਦੇਸ਼ਾਂ ਵਿੱਚ ਸਰਕਾਰੀ ਮੌਂਟੇਸਰੀ ਸੰਸਥਾਵਾਂ ਹਨ ਜੋ ਅਧਿਆਪਕ ਸਿਖਲਾਈ ਅਤੇ ਮਾਨਤਾ ਪ੍ਰਦਾਨ ਕਰਦੀਆਂ ਹਨ, ਸਕੂਲਾਂ ਲਈ ਇਸ ਸ਼ਬਦ ਦੀ ਵਰਤੋਂ ਕਰਨਾ ਜ਼ਰੂਰੀ ਨਹੀਂ ਹੈ।

ਲ'ਇਕਯੂਅਰ ਮੁਤਾਬਕ, "ਪ੍ਰਮਾਣਿਕ ਮੌਂਟੇਸਰੀ ਸਿੱਖਿਆ ਦੀ ਭਾਲ ਕਰ ਸਕਣਾ ਮੁਸ਼ਕਲ ਹੁੰਦਾ ਜਾ ਰਿਹਾ ਹੈ।"

ਲ'ਇਕਯੂਅਰ ਦੀ ਚਿੰਤਾ ਹੈ ਕਿ ਕੁਝ ਸਕੂਲ ਬੱਚਿਆਂ ਦੀ ਖੁਦਮੁਖਤਿਆਰੀ, ਜਾਂ ਸਿੱਖਣ ਦੇ ਸੈਸ਼ਨਾਂ ਦੀ ਲੰਬਾਈ ਦੇ ਸਿਧਾਂਤਾਂ ਨੂੰ ਅਸਲ ਵਿੱਚ ਅਪਣਾਏ ਬਿਨਾਂ, ਇੱਕ ਭੇਡ ਚਾਲ ਕਰਦੇ ਹਨ। ਇਹ ਸਭ ਇਸ ਵਿਧੀ ਤੋਂ ਮਿਲਣ ਵਾਲੇ ਨਤੀਜਿਆਂ ਨੂੰ ਪ੍ਰਭਾਵਿਤ ਕਰਦਾ ਹੈ।

ਵਿਧੀ ਲਾਗੂ ਕਰਨ ਵਿੱਚ ਇਕਸਾਰਤਾ ਦੀ ਘਾਟ ਇਹ ਦੱਸ ਸਕਦੀ ਹੈ ਕਿ ਮੌਂਟੇਸਰੀ ਵਿਧੀ ਦੇ ਲਾਭ ਇੱਕਸਾਰ ਕਿਉਂ ਨਹੀਂ ਮਿਲਦੇ ਹਨ। ਇਸ ਕਾਰਨ ਰਵਾਇਤੀ ਸਿੱਖਿਆ ਦੇ ਫ਼ਾਇਦੇ ਵੀ ਚੰਗੀ ਤਰ੍ਹਾਂ ਸਾਹਮਣੇ ਨਹੀਂ ਆਉਂਦੇ ਹਨ।

ਮਾਰਸ਼ਲ ਇਸ ਗੱਲ ਨਾਲ ਸਹਿਮਤ ਹਨ ਕਿ ਮੌਂਟੇਸਰੀ ਵਿਧੀ ਨੂੰ ਅਪਣਾਉਣ ਵਿਚਲੇ ਅੰਤਰ ਕਈ ਵਾਰ ਮੌਂਟੇਸਰੀ ਵਿਧੀ ਦੇ ਮੁਲਾਂਕਣਾਂ ਨੂੰ ਘਟਾ ਸਕਦੇ ਹਨ। ਉਨ੍ਹਾਂ ਦਾ ਇਹ ਵੀ ਮੰਨਣਾ ਹੈ ਕਿ ਮੌਂਟੇਸਰੀ ਵਿਧੀ ਨੂੰ ਬਦਲਦੇ ਸਮਾਜ ਅਤੇ ਤਕਨੀਕੀ ਤਬਦੀਲੀਆਂ ਦੇ ਅਨੁਕੂਲ ਹੋਣ ਦੀ ਲੋੜ ਹੈ।

ਮਿਸਾਲ ਵਜੋਂ ਬਿਜਲਈ ਉਪਕਰਨਾਂ ਅਤੇ ਸਿੱਖਿਆ ਵਿੱਚ ਉਨ੍ਹਾਂ ਦੀ ਵੰਨ ਸੁਵੰਨੀ ਵਰਤੋਂ ਨੂੰ ਲਓ: "ਇਹ ਉਹ ਚੀਜ਼ ਹੈ ਜਿਸ ਬਾਰੇ ਉਹ (ਮੌਂਟੇਸਰੀ) ਨਹੀਂ ਲਿਖ ਸਕਦੇ ਸੀ।"

ਇਹ ਮੌਂਟੇਸਰੀ ਦੇ ਕੰਮ ਦਾ ਹੀ ਪ੍ਰਮਾਣ ਹੈ ਕਿ, ਉਨ੍ਹਾਂ ਵੱਲੋਂ ਆਪਣਾ ਪਹਿਲਾ ਸਕੂਲ ਖੋਲ੍ਹਣ ਤੋਂ 100 ਸਾਲਾਂ ਬਾਅਦ ਵੀ, ਅਧਿਆਪਕ ਅਜੇ ਵੀ ਉਨ੍ਹਾਂ ਦੇ ਸਿਧਾਂਤ ਨਾਲ ਕੁਸ਼ਤੀ ਕਰ ਰਹੇ ਹਨ। ਉਨ੍ਹਾਂ ਦਾ ਸਿੱਧਾਂਤ ਇੰਨੇ ਸਾਲ ਬਾਅਦ ਵੀ ਗੰਭੀਰ ਖੋਜ ਨੂੰ ਉਤਸ਼ਾਹਿਤ ਕਰ ਰਿਹਾ ਹੈ।

ਇਸ ਖੋਜ ਤੋਂ ਜਿਹੜੇ ਦਿਲਚਸਪ ਨਤੀਜੇ ਸਹਮਣੇ ਆ ਰਹੇ ਹਨ, ਉਨ੍ਹਾਂ ਨੂੰ ਦੇਖ ਕੇ ਇਹ ਕਿਹਾ ਜਾ ਸਕਦਾ ਹੈ ਕਿ ਮੌਂਟੇਸਰੀ ਵਿਧੀ ਆਉਣ ਵਾਲੇ ਸੌ ਸਾਲ ਵੀ ਆਪਣਾ ਪ੍ਰਭਾਵ ਕਾਇਮ ਰੱਖੇਗੀ।

ਲੇਖਕਾਂ ਬਾਰੇ:

ਅਲੀਸਾ ਫਰੈਂਕੋ ਇੱਕ ਲੇਖਕ ਤੇ ਪੱਤਰਕਾਰ ਹਨ ਜੋ ਇਤਿਹਾਸ, ਸੱਭਿਆਚਾਰ, ਸਮਾਜ, ਕਥਾਕਾਰੀ ਅਤੇ ਇਸ ਦੇ ਲੋਕਾਂ ਉਪਰ ਪ੍ਰਭਾਵ ਬਾਰੇ ਲਿਖਦੇ ਹਨ।

ਡੇਵਿਡ ਰੌਬਸਨ ਲੰਡਨ ਵਿੱਚ ਰਹਿੰਦੇ ਹਨ। ਉਨ੍ਹਾਂ ਦੀ ਸਭ ਤੋਂ ਤਾਜ਼ਾ ਕਿਤਾਬ The Expectation Effect: How Your Mindset Can Transform Your Life ਹੈ ਜੋ ਕਿ 2022 ਵਿੱਚ ਪ੍ਰਕਾਸ਼ਿਤ ਹੋਈ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ)