ਕੁੜੀਆਂ ਨੂੰ ਸਕੂਲ ਜਾਣ ਤੋਂ ਰੋਕਣ ਲਈ, 650 ਸਕੂਲੀ ਬੱਚੀਆਂ ਨੂੰ ਦਿੱਤੀ ਜ਼ਹਿਰ

    • ਲੇਖਕ, ਮਰੀਅਮ ਅਫ਼ਸ਼ਾਂਗ
    • ਰੋਲ, ਬੀਬੀਸੀ ਪੱਤਰਕਾਰ

ਈਰਾਨ ਵਿੱਚ ਘੱਟੋ- ਘੱਟ 650 ਸਕੂਲੀ ਵਿਦਿਆਰਥਣਾਂ ਨੂੰ ਜ਼ਹਿਰ ਦਿੱਤਾ ਗਿਆ ਤਾਂ ਜੋ ਕੁੜੀਆਂ ਸਕੂਲ ਜਾਣ ਤੋਂ ਡਰਨ ਲੱਗਣ।

ਇਹ ਘਟਨਾ ਕੋਮ ਸ਼ਹਿਰ ਦੀ ਹੈ।

ਬੀਬੀਸੀ ਨੇ ਇੱਕ ਸੀਨੀਅਰ ਸਰਕਾਰੀ ਅਧਿਕਾਰੀ ਜਿਸ ਨੇ ਇਹ ਮੰਨਿਆ ਕਿ ਕੁੜੀਆਂ ਨੂੰ ਜਾਣਬੁੱਝ ਕੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਨਾਲ ਗੱਲਬਾਤ ਦੇ ਆਧਾਰ ’ਤੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ।

ਜ਼ਹਿਰ ਦੇਣ ਦੀ ਇਸ ਘਟਨਾ ਵਿੱਚ ਕਿਸੇ ਵੀ ਸਕੂਲੀ ਵਿਦਿਆਰਥਣ ਦੀ ਮੌਤ ਨਹੀਂ ਹੋਈ ਪਰ ਦਰਜਨਾਂ ਨੂੰ ਸਾਹ ਲੈਣ ਵਿੱਚ ਪਰੇਸ਼ਾਨੀ ਹੋਈ ਸੀ।

ਕਈਆਂ ਨੇ ਉਲਟੀ ਆਉਣ, ਚੱਕਰ ਆਉਣ ਅਤੇ ਥਕਾਵਟ ਦੀ ਸ਼ਿਕਾਇਤ ਕੀਤੀ ਸੀ। ਇਨ੍ਹਾਂ ਵਿਦਿਆਰਥਣਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ।

ਕੁੜੀਆਂ ਨੂੰ ਸਕੂਲਾਂ ਤੋਂ ਦੂਰ ਰੱਖਣ ਦੀ ਕੋਸ਼ਿਸ਼

ਈਰਾਨ ਦੇ ਉਪ-ਸਿਹਤ ਮੰਤਰੀ ਯੂਨੇਸ ਪਾਨਾਹੀ ਨੇ 26 ਫਰਵਰੀ ਨੂੰ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ, “ਇਹ ਸਪੱਸ਼ਟ ਹੋ ਗਿਆ ਹੈ ਕਿ ਕੁਝ ਲੋਕ ਚਾਹੁੰਦੇ ਸਨ ਕਿ ਸਾਰੇ ਸਕੂਲ, ਖ਼ਾਸਕਰ ਕੁੜੀਆਂ ਦੇ ਸਕੂਲ ਬੰਦ ਕੀਤੇ ਜਾਣ।”

ਹੁਣ ਤੱਕ ਇੱਕ ਅਧਿਕਾਰਤ ਬਿਆਨ ਆਇਆ ਹੈ। ਉਸ ਵਿੱਚ ਦੱਸਿਆ ਗਿਆ ਹੈ ਕਿ ਜ਼ਹਿਰ ਦੇਣ ਦੇ ਮਾਮਲੇ ਦੀ ਅਪਰਾਧਿਕ ਜਾਂਚ ਸ਼ੁਰੂ ਕੀਤੀ ਸੀ। ਇਹ ਹੋ ਸਕਦਾ ਹੈ ਕੇ ਜ਼ਹਿਰ ਜਾਣਬੁੱਝ ਕੇ ਦਿੱਤੀ ਗਈ ਹੋਵੇ।

ਬੀਤੇ ਤਿੰਨ ਮਹੀਨਿਆਂ ਵਿੱਚ ਸਕੂਲ ਦੀਆਂ ਵਿਦਿਆਰਥਣਾਂ ਨੇ ਕਈ ਵਾਰ ਸੜੇ ਹੋਏ ਕਿਨੂੰਆਂ ਜਾਂ ਮੱਛੀ ਦੀ ਬਦਬੂ ਆਉਣ ਦੀ ਗੱਲ ਆਖੀ ਸੀ ਤੇ ਬਾਅਦ ਵਿੱਚ ਉਹ ਬਿਮਾਰ ਪੈ ਗਈਆਂ ਸਨ।

ਯੂਨੇਸ ਪਾਨਾਹੀ ਨੇ ਦੱਸਿਆ, "ਵਰਤੇ ਗਏ ਰਸਾਇਣ ਮਿਲਟਰੀ ਗਰੇਡ ਦੇ ਨਹੀਂ ਹਨ ਅਤੇ ਜਨਤਕ ਤੌਰ 'ਤੇ ਉਪਲੱਬਧ ਹਨ।"

"ਵਿਦਿਆਰਥੀਆਂ ਨੂੰ ਕਿਸੇ ਖ਼ਾਸ ਇਲਾਜ ਦੀ ਲੋੜ ਨਹੀਂ ਹੈ ਪਰ ਸ਼ਾਂਤ ਰਹਿਣਾ ਬਹੁਤ ਜ਼ਰੂਰੀ ਹੈ।"

ਡਾਕਟਰ ਨੇ ਬਾਅਦ ਵਿੱਚ ਕਿਹਾ ਕਿ ਉਨ੍ਹਾਂ ਦੇ ਬਿਆਨ ਨੂੰ ਗ਼ਲਤ ਤਰੀਕੇ ਨਾਲ ਦੱਸਿਆ ਗਿਆ ਸੀ।

ਇਹ ਘਟਨਾਕ੍ਰਮ ਅਧਿਕਾਰੀਆਂ ਵਿੱਚਲੀ ਫੁੱਟ ਦਾ ਸੰਕੇਤ ਦਿੰਦੀ ਹੈ। ਦੋਵੇਂ ਧਿਰਾਂ ਆਮ ਲੋਕਾਂ ਦੇ ਗੁੱਸੇ ਨਾਲ ਨਜਿੱਠਣ ਦੇ ਮਸਲੇ ਉੱਤੇ ਦੋਫ਼ਾੜ ਹਨ। ਉਹ ਵੀ ਅਜਿਹੀ ਸਥਿਤੀ ਵਿੱਚ ਜਦੋਂ ਕਿ ਹਾਲੇ ਤੱਕ ਮੁਲਜ਼ਿਮਾਂ ਦੇ ਨਾਮ ਜਨਤਕ ਤੌਰ 'ਤੇ ਸਾਹਮਣੇ ਨਹੀਂ ਆਏ ਹਨ।

ਧਾਰਮਿਕ ਸ਼ਹਿਰ ਕੋਮ ਸਮੂਹਿਕ ਜ਼ਹਿਰ ਦਾ ਕੇਂਦਰ ਹੈ ਪਰ ਈਰਾਨ ਦੇ ਅੱਠ ਸ਼ਹਿਰਾਂ ਵਿੱਚ ਹਮਲੇ ਹੋਏ ਹਨ।

2022 ਵਿੱਚ ਸ਼ੁਰੂ ਹੋਈਆਂ ਜ਼ਹਿਰ ਦੇਣ ਦੀਆਂ ਘਟਨਾਵਾਂ

ਲੋਕਾਂ ਵਿੱਚ ਦਿਲ ਪ੍ਰਤੀ ਦਿਨ ਹੋਣ ਵਾਲੀਂ ਘਟਨਾਵਾਂ ਦੇ ਚਲਦਿਆਂ ਨਿਰਾਸ਼ਾ ਲਗਾਤਾਰ ਵਧ ਰਹੀ ਹੈ।

ਵਿਦਿਆਰਥਣਾਂ ਨੂੰ ਜ਼ਹਿਰ ਦੇਣ ਦਾ ਪਹਿਲਾ ਮਾਮਲਾ 30 ਨਵੰਬਰ, 2022 ਨੂੰ ਸਾਹਮਣੇ ਆਇਆ ਸੀ।

ਉਸ ਸਮੇਂ ਕੋਮ ਸ਼ਹਿਰ ਦੇ ਨੂਰ ਤਕਨੀਕੀ ਸਕੂਲ ਦੀਆਂ 18 ਬੱਚੀਆਂ ਨੂੰ ਸਿਹਤ ਠੀਕ ਹੋਣ ਦੀ ਸ਼ਿਕਾਇਤ ’ਤੇ ਹਸਪਤਾਲ ਲੈ ਜਾਇਆ ਗਿਆ ਸੀ।

ਜਾਂਚ ਤੋਂ ਉਨ੍ਹਾਂ ਨੂੰ ਜ਼ਹਿਰ ਦਿੱਤੇ ਜਾਣ ਦੀ ਪੁਸ਼ਟੀ ਹੋਈ ਸੀ।

ਉਸ ਸਮੇਂ ਵੀ ਸੂਬੇ ਵਿੱਚ ਲੜਕੀਆਂ ਦੇ 10 ਤੋਂ ਵੱਧ ਸਕੂਲਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ।

ਫ਼ਰਵਰੀ ਵਿੱਚ ਕਰੀਬ 100 ਲੋਕਾਂ ਨੇ ਕੋਮ ਵਿੱਚ ਰਾਜਪਾਲ ਦੇ ਦਫ਼ਤਰ ਬਾਹਰ ਵਿਰੋਧ ਪ੍ਰਦਰਸ਼ਨ ਕੀਤਾ ਸੀ।

ਮਾਪਿਆਂ ਦੀ ਬੇਬਸੀ

ਦੋ ਧੀਆਂ ਦੇ ਬਾਪ ਨੇ ਸੋਸ਼ਲ ਮੀਡੀਆ ’ਤੇ ਇੱਕ ਵੀਡੀਓ ਸਾਂਝੀ ਕਰ ਕਿਹਾ ਸੀ,"ਤੁਸੀਂ ਮੇਰੇ ਬੱਚਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਜ਼ਿੰਮੇਵਾਰ ਹੋ! ਮੇਰੀਆਂ ਦੋ ਧੀਆਂ ਹਨ।"

"ਦੋ ਧੀਆਂ... ਅਤੇ ਮੈਂ ਸਿਰਫ਼ ਇੰਨਾ ਕਰ ਸਕਦਾ ਹਾਂ ਕਿ ਉਨ੍ਹਾਂ ਨੂੰ ਸਕੂਲ ਨਾ ਜਾਣ ਦੇਵਾਂ।"

ਉਸੇ ਦੌਰਾਨ ਇੱਕ ਔਰਤ ਨੇ ਕਿਹਾ ਸੀ,"ਇਹ ਇੱਕ ਜੰਗ ਹੈ!"

"ਉਹ ਸਾਨੂੰ ਘਰ ਬੈਠਣ ਲਈ ਮਜ਼ਬੂਰ ਕਰਨ ਲਈ ਕੋਮ ਦੇ ਇੱਕ ਕੁੜੀਆਂ ਦੇ ਹਾਈ ਸਕੂਲ ਵਿੱਚ ਅਜਿਹਾ ਕਰ ਰਹੇ ਹਨ। ਉਹ ਚਾਹੁੰਦੇ ਹਨ ਕਿ ਕੁੜੀਆਂ ਘਰ ਵਿੱਚ ਹੀ ਰਹਿਣ।"

ਕੁਝ ਮਾਪਿਆਂ ਦਾ ਕਹਿਣਾ ਹੈ ਕਿ ਜ਼ਹਿਰ ਖਾਣ ਤੋਂ ਬਾਅਦ ਉਨ੍ਹਾਂ ਦੇ ਬੱਚੇ ਕਈ ਹਫ਼ਤਿਆਂ ਤੱਕ ਬਿਮਾਰ ਰਹੇ ਸਨ।

ਇੱਕ ਹਸਪਤਾਲ ਤੋਂ ਇੱਕ ਹੋਰ ਵੀਡੀਓ ਵਿੱਚ ਦਿਖਾਇਆ ਗਿਆ ਕਿ ਇੱਕ ਕਿਸ਼ੋਰ ਕੁੜੀ ਆਪਣੀ ਮਾਂ ਦੇ ਨਾਲ ਇੱਕ ਮੰਜੇ 'ਤੇ ਲੇਟੀ ਹੋਈ ਸੀ।

ਇੱਕ ਪਰੇਸ਼ਾਨ ਮਾਂ ਨੇ ਕਿਹਾ,"ਪਿਆਰੀਓ ਮਾਂਓਂ, ਮੈਂ ਇੱਕ ਮਾਂ ਹਾਂ ਅਤੇ ਮੇਰਾ ਬੱਚਾ ਹਸਪਤਾਲ ਦੇ ਬਿਸਤਰੇ ’ਤੇ ਪਿਆ ਹੈ ਅਤੇ ਉਸ ਦਾ ਸਰੀਰ ਕਮਜ਼ੋਰ ਹੈ।"

"ਮੈਂ ਉਸ ਦੇ ਚੂੰਡੀ ਵੱਢਦੀ ਹਾਂ ਪਰ ਉਸਨੂੰ ਕੁਝ ਮਹਿਸੂਸ ਨਹੀਂ ਹੁੰਦਾ। ਕ੍ਰਿਪਾ ਕਰਕੇ ਆਪਣੇ ਬੱਚਿਆਂ ਨੂੰ ਸਕੂਲ ਨਾ ਭੇਜੋ।"

ਧਾਰਮਿਕ ਆਗੂਆਂ ਦਾ ਇਲਾਕਾ

ਇਹ ਹਮਲੇ ਉਸ ਇਲਾਕੇ ਵਿੱਚ ਹੋ ਰਹੇ ਹਨ ਜਿਸ ਵਿੱਚ ਇਸਲਾਮੀ ਰੀਪਬਲਿਕ ਦੀ ਰੀੜ੍ਹ ਦੀ ਹੱਡੀ ਕਹੇ ਜਾਂਦੇ ਸ਼ੀਆ ਇਸਲਾਮ ਦੇ ਧਾਰਮਿਕ ਆਗੂਆਂ ਦੇ ਘਰ ਹਨ।

ਕੋਮ ਇਨ੍ਹਾਂ ਹਮਲਿਆਂ ਦਾ ਕੇਂਦਰ ਹੈ।

ਪਰ ਪਿਛਲੇ ਸਾਲ ਸਤੰਬਰ ਵਿੱਚ ਕਥਿਤ ਤੌਰ 'ਤੇ ਹਿਜ਼ਾਬ 'ਸਹੀ ਢੰਗ ਨਾਲ' ਨਾ ਪਹਿਨਣ ਬਦਲੇ ਇੱਕ ਜਵਾਨ ਕੁਰਦਿਸ਼ ਕੁੜੀ ਮਾਹਸਾ ਅਮੀਨੀ ਨੂੰ ਪੁਲਿਸ ਹਿਰਾਸਤ ਵਿੱਚ ਲੈ ਲਿਆ ਗਿਆ ਸੀ।

ਹਿਰਾਸਤ ਵਿੱਚ ਹੀ ਮਾਹਸਾ ਦੀ ਮੌਤ ਹੋ ਗਈ ਸੀ। ਉਸ ਤੋਂ ਬਾਅਦ ਵੀ ਲੋਕ ਵਿਰੋਧ ਵਿੱਚ ਸੜਕਾਂ ’ਤੇ ਉੱਤਰ ਆਏ ਸਨ।

ਕੁਝ ਈਰਾਨੀ ਲੋਕ ਇਹ ਸ਼ੱਕ ਕਰ ਰਹੇ ਹਨ ਕਿ ਸਕੂਲੀ ਬੱਚੀਆਂ ’ਤੇ ਹਮਲਾ ਉਨ੍ਹਾਂ ਦੀ ਸਰਕਾਰ ਵਿਰੋਧ ਪ੍ਰਦਰਸ਼ਨਾਂ ਵਿੱਚ ਭੂਮਿਕਾ ਦਾ ਨਤੀਜਾ ਹੀ ਹੈ।

ਵਿਦਿਆਰਥਣਾਂ ਨੂੰ ਜ਼ਹਿਰ ਦੇਣ ਦਾ ਮਾਮਲਾ, ਅਧਿਕਾਰੀਆਂ ਨੇ ਕੀ ਕਿਹਾ

  • ਵਿਦਿਆਰਥਣਾਂ ਨੂੰ ਜ਼ਹਿਰ ਦੇਣ ਦਾ ਪਹਿਲਾ ਮਾਮਲਾ 30 ਨਵੰਬਰ, 2022 ਨੂੰ ਸਾਹਮਣੇ ਆਇਆ
  • ਬੀਬੀਸੀ ਨੇ ਇਸ ਤੱਥ ਨੂੰ ਸਥਾਪਿਤ ਕੀਤਾ ਕਿ ਹੁਣ ਤੱਕ 650 ਕੁੜੀਆਂ ਨੂੰ ਜ਼ਹਿਰ ਦਿੱਤੀ ਗਈ
  • ਬੱਚੀਆਂ ਮਰਨ ਤੋਂ ਬਚ ਗਈਆਂ ਪਰ ਬਿਮਾਰੀ ਦੇ ਹਾਲਾਤ ਵਿੱਚ ਹਸਪਤਾਲ ਭਰਤੀ ਹਨ
  • ਈਰਾਨ ਦੀਆਂ ਯੂਨੀਵਰਸਿਟੀਆਂ ਵਿੱਚ ਕੁੜੀਆਂ ਦੀ ਗਿਣਤੀ ਘੱਟ ਰਹੀ ਹੈ
  • ਅਧਿਕਾਰੀਆਂ ਨੇ ਜ਼ਹਿਰ ਦੇਣ ਵਰਗੇ ਇਲਜ਼ਾਮਾਂ ਤੋਂ ਇਨਕਾਰ ਕੀਤਾ ਹੈ ਤੇ ਕੁੜੀਆਂ ਦੀ ਵਿਦਿਅਕ ਅਧਿਕਾਰੀਆਂ ਵਿੱਚ ਘੱਟਦੀ ਗਿਣਤੀ ਦੇ ਅੰਕੜਿਆਂ ਨੂੰ ਗੁੰਮਰਾਹਕੁੰਨ ਦੱਸਿਆ ਹੈ

ਸਕੂਲੀ ਬੱਚੀਆਂ ਤੇ ਹਿਜ਼ਾਬ

ਸੋਸ਼ਲ ਮੀਡੀਆ 'ਤੇ ਸਕੂਲੀ ਵਿਦਿਆਰਥਣਾਂ ਦੀਆਂ ਕਈ ਤਸਵੀਰਾਂ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ ਜਿਨ੍ਹਾਂ ਵਿੱਚ ਉਹ ਆਪਣੇ ਹਿਜ਼ਾਬ ਲਾਹ ਰਹੀਆਂ ਹਨ।

ਕਈਆਂ ਨੇ ਇਹ ਵੀ ਅੰਦਾਜ਼ਾ ਲਗਾਇਆ ਹੈ ਕਿ ਇਹ ਹਮਲੇ ਉਨ੍ਹਾਂ ਕੱਟੜਪੰਥੀਆਂ ਦਾ ਕੰਮ ਹਨ ਜੋ ਅਫ਼ਗਾਨਿਸਤਾਨ ਵਿੱਚ ਤਾਲਿਬਾਨ ਅਤੇ ਨਾਈਜੀਰੀਆ ਵਿਚ ਅੱਤਵਾਦੀ ਇਸਲਾਮੀ ਸਮੂਹ ‘ਬੋਕੋ ਹਰਮ’ ਦੀ 'ਨਕਲ' ਕਰਨਾ ਚਾਹੁੰਦੇ ਹਨ।

ਮਾਪਿਆਂ ਨੂੰ ਡਰਾਇਆ ਜਾ ਰਿਹਾ ਹੈ ਤਾਂ ਜੋ ਉਹ ਕੁੜੀਆਂ ਨੂੰ ਸਕੂਲ ਭੇਜਣਾ ਬੰਦ ਕਰ ਦੇਣ।

ਸਿਆਸੀ ਪੱਖ

ਈਰਾਨ ਦੇ ਸਾਬਕਾ ਉਪ-ਰਾਸ਼ਟਰਪਤੀ ਮੁਹੰਮਦ ਅਲੀ ਅਬਤਾਹੀ ਨੇ ਇੱਕ ਇੰਸਟਾਗ੍ਰਾਮ ਪੋਸਟ ਵਿੱਚ ਪੁੱਛਿਆ, "ਕੀ ਬੋਕੋ ਹਰਮ ਈਰਾਨ ਆਇਆ ਹੈ?"

ਸੁਧਾਰਵਾਦੀ ਸਿਆਸਤਦਾਨ ਨੇ ਇਹ ਵੀ ਚੇਤਾਵਨੀ ਦਿੱਤੀ ਕਿ "ਅਤਿਵਾਦੀ ਸਰਕਾਰ ਅਤੇ ਧਰਮ ਦੀਆਂ ਹੱਦਾਂ ਨੂੰ ਆਪਣੇ ਹੱਕਾਂ ਮੁਤਾਬਕ ਹੀ ਬਿਆਨ ਕਰਨਗੇ।"

ਈਰਾਨੀ ਸ਼ਾਸਨ ਨੇ ਰਵਾਇਤੀ ਤੌਰ 'ਤੇ ਔਰਤਾਂ ਉੱਤੇ ਲਗਾਈਆਂ ਪਾਬੰਦੀਆਂ ਦੀ ਆਲੋਚਨਾ ਨੂੰ ਮੁੱਢੋਂ ਰੱਦ ਕੀਤਾ ਹੈ।

ਇੰਨਾਂ ਪਾਬੰਦੀਆਂ ਵਿੱਚ ਲਾਜ਼ਮੀ ਹਿਜਾਬ ਵੀ ਸ਼ਾਮਲ ਹੈ। ਇੰਨਾਂ ਹੀ ਨਹੀਂ ਈਰਾਨੀ ਅਧਿਕਾਰੀਆਂ ਨੇ ਯੁਨੀਵਰਸਿਟੀਆਂ ਵਿੱਚ ਔਰਤਾਂ ਦੀ ਗਿਣਤੀ ਘੱਟਣ ਦੇ ਅੰਕੜਿਆਂ ਨੂੰ ਵੀ ਗ਼ਲਤ ਤੇ ਗੁੰਮਰਾਹ ਕਰਨ ਵਾਲੇ ਦੱਸਿਆ ਹੈ।

ਸਕੂਲੀ ਬੱਚੀਆਂ ਨੂੰ ਪੜ੍ਹਾਈ ਤੋਂ ਵਾਂਝਾ ਰੱਖਣ ਲਈ ਸਖ਼ਤ ਢੰਗ ਤਰੀਕੇ ਵਰਤੇ ਜਾ ਰਹੇ ਹਨ।

ਪਰ ਜੇ ਕੁੜੀਆਂ ਸਕੂਲ ਨਹੀਂ ਜਾਂਦੀਆਂ ਤਾਂ ਕਾਲਜ ਸਿਰਫ਼ ਸੁਪਨਾ ਹੀ ਰਹਿ ਜਾਵੇਗਾ।

ਇੱਕ ਸਕੂਲੀ ਵਿਦਿਆਰਥਣ ਨੇ ਇਲਜ਼ਾਮ ਲਗਾਇਆ ਕੇ ਉਸ ਨੂੰ ਦੋ ਵਾਰ ਜ਼ਹਿਰ ਪਿਲਾਇਆ ਗਿਆ ਹੈ।

ਇਸ ਤਰ੍ਹਾਂ ਦੇ ਖੁਲਾਸੇ ਦਰਸਾਉਂਦੇ ਹਨ ਕਿ ਕੋਮ ਦੇ ਗਵਰਨਰ ਨਾਲ ਹੋਈ ਮੀਟਿੰਗ ਵਿੱਚ ਅਧਿਕਾਰੀਆਂ ਨੇ ਜੋ ਬਿਆਨ ਦਿੱਤੇ ਉਹ ਬਹੁਤ ਹੀ ਅਸਪਸ਼ਟ ਤੇ ਗੁੰਮਰਾਹ ਕਰਨ ਵਾਲੇ ਹਨ।

ਉਸ ਬੱਚੀ ਨੇ ਗਵਰਨਰ ਨਾਲ ਹੋਈ ਮੀਟਿੰਗ ਵਿੱਚ ਦੱਸਿਆ ਸੀ,"ਸਾਨੂੰ ਕਹਿੰਦੇ ਹਨ ਕਿ ਸਭ ਕੁਝ ਠੀਕ ਹੈ, ਅਸੀਂ ਆਪਣੀ ਜਾਂਚ ਕਰ ਲਈ ਹੈ।”

“ਪਰ ਅਜਿਹਾ ਨਹੀਂ ਹੈ, ਜਦੋਂ ਮੇਰੇ ਪਿਤਾ ਨੇ ਮੇਰੇ ਸਕੂਲ ਤੋਂ ਪੁੱਛਿਆ, ਤਾਂ ਉਨ੍ਹਾਂ ਨੇ ਇਸ ਗੱਲ ਤੋਂ ਮੁਆਫ਼ੀ ਮੰਗੀ ਤੇ ਕਿਹਾ ਕਿ ਸੀਸੀਟੀਵੀ ਇੱਕ ਹਫ਼ਤੇ ਤੋਂ ਬੰਦ ਹਨ ਅਤੇ ਅਸੀਂ ਇਸਦੀ ਕੋਈ ਜਾਂਚ ਨਹੀਂ ਚੱਲ ਰਹੀ ਹੈ।"

"ਅਤੇ ਜਦੋਂ ਮੈਨੂੰ ਐਤਵਾਰ ਨੂੰ ਦੂਜੀ ਵਾਰ ਜ਼ਹਿਰ ਦਿੱਤੇ ਜਾਣ ਤੋਂ ਬਾਅਦ ਹਸਪਤਾਲ ਦਾਖ਼ਲ ਕਰਵਾਇਆ ਗਿਆ ਤਾਂ ਸਕੂਲ ਦੇ ਪ੍ਰਿੰਸੀਪਲ ਨੇ ਝੂਠ ਕਿਹਾ,“ਉਸ ਨੂੰ ਦਿਲ ਦੀ ਬਿਮਾਰੀ ਹੈ, ਇਸ ਲਈ ਉਹ ਹਸਪਤਾਲ ਵਿੱਚ ਦਾਖਲ ਹੈ।”

“ਪਰ ਮੈਨੂੰ ਦਿਲ ਦੀ ਕੋਈ ਬਿਮਾਰੀ ਨਹੀਂ ਹੈ।"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)