ਈਰਾਨ ਦੇ ਅਟਾਰਨੀ ਜਨਰਲ ਦਾ ਦਾਅਵਾ, ‘ਨੈਤਿਕਤਾ ਪੁਲਿਸ ਖ਼ਤਮ ਕੀਤੀ ਜਾ ਰਹੀ ਹੈ’

    • ਲੇਖਕ, ਸਾਏਵਾਸ਼ ਅਰਡਲਨ ਅਤੇ ਮਾਰੀਤਾ ਮੋਲੋਨੇ
    • ਰੋਲ, ਬੀਬੀਸੀ ਪਰਸ਼ੀਅਨ

ਈਰਾਨ ਦੇ ਅਟਾਰਨੀ ਜਨਰਲ ਦਾ ਕਹਿਣਾ ਹੈ ਕਿ ਈਰਾਨ ਦੀ ਨੈਤਿਕਤਾ ਪੁਲਿਸ ਨੂੰ ਭੰਗ ਕੀਤਾ ਜਾ ਰਿਹਾ ਹੈ।

ਨੈਤਿਕਤਾ ਪੁਲਿਸ ਨੂੰ ਦੇਸ਼ ਦੇ ਇਸਲਾਮੀ ਡਰੈੱਸ ਕੋਡ ਨੂੰ ਲਾਗੂ ਕਰਨ ਦਾ ਕੰਮ ਸੌਂਪਿਆ ਗਿਆ ਸੀ।

ਮੁਹੰਮਦ ਜਾਫ਼ਰ ਮੋਂਟਾਜ਼ੇਰੀ ਵੱਲੋਂ ਇਹ ਟਿੱਪਣੀਆਂ ਐਤਵਾਰ ਨੂੰ ਇੱਕ ਸਮਾਗਮ ਦੌਰਾਨ ਕੀਤੀਆਂ ਗਈਆਂ ਸਨ। ਹਾਲਾਂਕਿ ਇਸ ਬਾਰੇ ਅਜੇ ਤੱਕ ਹੋਰ ਏਜੰਸੀਆਂ ਵੱਲੋਂ ਪੁਸ਼ਟੀ ਨਹੀਂ ਕੀਤੀ ਗਈ ਹੈ।

ਈਰਾਨ ’ਚ ਹਿਰਾਸਤ ਦੌਰਾਨ ਇੱਕ ਨੌਜਵਾਨ ਔਰਤ ਦੀ ਮੌਤ ਤੋਂ ਬਾਅਦ ਕਈ ਮਹੀਨਿਆਂ ਤੋਂ ਉੱਥੇ ਵਿਰੋਧ ਪ੍ਰਰਦਰਸ਼ਨ ਹੋ ਰਹੇ ਹਨ।

ਮਾਹਸਾ ਅਮੀਨੀ ਨੂੰ ਨੈਤਿਕਤਾ ਪੁਲਿਸ ਵੱਲੋਂ ਕਥਿਤ ਤੌਰ ‘ਤੇ ਸਿਰ ਢੱਕਣ ਦੇ ਸਖ਼ਤ ਨਿਯਮਾਂ ਨੂੰ ਤੋੜਨ ਦੇ ਇਲਜ਼ਾਮ ਹੇਠ ਹਿਰਾਸਤ ‘ਚ ਲਿਆ ਗਿਆ ਸੀ।

ਮੋਂਟਾਜ਼ੇਰੀ ਇੱਕ ਧਾਰਮਿਕ ਸੰਮੇਲਨ ‘ਚ ਸਨ ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕੀ ਨੈਤਿਕਤਾ ਪੁਲਿਸ ਨੂੰ ਭੰਗ ਕੀਤਾ ਜਾ ਰਿਹਾ ਹੈ।

ਉਨ੍ਹਾਂ ਨੇ ਜਵਾਬ ਦਿੰਦਿਆਂ ਕਿਹਾ, “ਨੈਤਿਕਤਾ ਪੁਲਿਸ ਦਾ ਨਿਆਂਪਾਲਿਕਾ ਨਾਲ ਕੋਈ ਲੈਣਾ ਦੇਣਾ ਨਹੀਂ ਸੀ ਅਤੇ ਜਿੱਥੋਂ ਉਨ੍ਹਾਂ ਨੂੰ ਸਥਾਪਿਤ ਕੀਤਾ ਗਿਆ ਸੀ ਉੱਥੋਂ ਹੀ ਬੰਦ ਕਰ ਦਿੱਤਾ ਗਿਆ ਹੈ।”

“ਫੋਰਸ ਦਾ ਕੰਟਰੋਲ ਗ੍ਰਹਿ ਮੰਤਰਾਲੇ ਕੋਲ ਹੈ ਨਾ ਕਿ ਨਿਆਂਪਾਲਿਕਾ ਦੇ ਕੋਲ।”

ਸ਼ਨੀਵਾਰ ਨੂੰ ਮੋਂਟਾਜ਼ੇਰੀ ਨੇ ਈਰਾਨ ਦੀ ਸੰਸਦ ਨੂੰ ਇਹ ਵੀ ਦੱਸਿਆ ਕਿ ਔਰਤਾਂ ਨੂੰ ਹਿਜਾਬ ਪਹਿਣਨ ਦੀ ਜ਼ਰੂਰਤ ਵਾਲੇ ਕਾਨੂੰਨ ‘ਤੇ ਧਿਆਨ ਦਿੱਤਾ ਜਾਵੇਗਾ।

ਭਾਵੇਂ ਕਿ ਨੈਤਿਕਤਾ ਪੁਲਿਸ ਬੰਦ ਹੋ ਜਾਵੇ ਪਰ ਇਸ ਦਾ ਮਤਲਬ ਇਹ ਨਹੀਂ ਕਿ ਦਹਾਕਿਆਂ ਤੋਂ ਚੱਲਿਆ ਆ ਰਿਹਾ ਕਾਨੂੰਨ ਬਦਲ ਦਿੱਤਾ ਜਾਵੇਗਾ।

ਤਹਿਰਾਨ ‘ਚ ਨੈਤਿਕਤਾ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਜਾਣ ਤੋਂ ਤਿੰਨ ਬਾਅਦ 16 ਸਤੰਬਰ ਨੂੰ 22 ਸਾਲਾ ਅਮੀਨੀ ਦੀ ਹਿਰਾਸਤ ‘ਚ ਮੌਤ ਤੋਂ ਬਾਅਦ ਔਰਤਾਂ ਦੀ ਅਗਵਾਈ ਵਾਲੇ ਵਿਰੋਧ ਪ੍ਰਦਰਸ਼ਨ ਨੂੰ ਅਧਿਕਾਰੀਆਂ ਵੱਲੋਂ ‘ਦੰਗਿਆਂ’ ਦਾ ਨਾਮ ਦਿੱਤਾ ਗਿਆ ਹੈ।

ਉਸ ਦੀ ਮੌਤ ਨੇ ਅਸ਼ਾਂਤੀ ਅਤੇ ਬੈਚੇਨੀ ਪੈਦਾ ਕੀਤੀ ਸੀ ਪਰ ਇਹ ਗਰੀਬੀ, ਬੇਰੁਜ਼ਗਾਰੀ ਅਸਮਾਨਤਾ, ਬੇਇਨਸਾਫੀ ਅਤੇ ਭ੍ਰਿਸ਼ਟਾਚਾਰ ‘ਤੇ ਅਸੰਤੁਸ਼ਟੀ ਦੀ ਤਰਜਮਾਨੀ ਕਰਦੀ ਹੈ।

ਜੇਕਰ ਪੁਸ਼ਟੀ ਹੋ ਜਾਂਦੀ ਹੈ ਤਾਂ ਨੈਤਿਕਤਾ ਪੁਲਿਸ ਨੂੰ ਖ਼ਤਮ ਕਰਨਾ ਇੱਕ ਰਿਆਇਤ ਹੋਵੇਗੀ ਪਰ ਇਸ ਗੱਲ ਦੀ ਕੋਈ ਗਰੰਟੀ ਨਹੀਂ ਹੈ ਕਿ ਇਹ ਵਿਰੋਧ ਪ੍ਰਦਰਸ਼ਨਾਂ ਨੂੰ ਰੋਕਣ ਲਾਈ ਕਾਫ਼ੀ ਹੋਵੇਗਾ।

ਇਸ ਪ੍ਰਦਰਸ਼ਨ ਨੇ ਪ੍ਰਦਰਸ਼ਨਕਾਰੀਆਂ ਨੂੰ ਆਪਣਾ ਸਿਰ ਢੱਕਣ ਵਾਲੇ ਕੱਪੜੇ ਨੂੰ ਸਾੜਦਿਆਂ ਵੇਖਿਆ ਹੈ।

1979 ਦੀ ਇਸਲਾਮਿਕ ਕ੍ਰਾਂਤੀ ਤੋਂ ਬਾਅਦ ਹੀ ਈਰਾਨ ਕੋਲ ‘ਨੈਤਿਕਤਾ ਪੁਲਿਸ’ ਦੇ ਵੱਖ-ਵੱਖ ਰੂਪ ਮੌਜੂਦ ਰਹੇ ਹਨ, ਪਰ ਇਸ ਦੇ ਨਵੇਂ ਰੂਪ ਨੂੰ ਰਸਮੀ ਤੌਰ ‘ਤੇ ‘ਗਸ਼ਤ-ਏ-ਇਰਸ਼ਾਦ’ ਵੱਜੋਂ ਜਾਣਿਆ ਜਾਂਦਾ ਹੈ।

ਇਹ ਵਰਤਮਾਨ ਸਮੇਂ ‘ਚ ਈਰਾਨ ਦੀ ਇਸਲਾਮੀ ਆਚਾਰ ਸੰਹਿਤਾ ਨੂੰ ਲਾਗੂ ਕਰਨ ਲਈ ਮੁੱਖ ਏਜੰਸੀ ਹੈ।

ਉਨ੍ਹਾਂ ਨੇ ਡ੍ਰੈਸ ਕੋਡ ਨੂੰ ਲਾਗੂ ਕਰਨ ਲਈ 2006 ‘ਚ ਆਪਣੀ ਗਸ਼ਤ ਸ਼ੁਰੂ ਕੀਤੀ ਸੀ, ਜਿਸ ‘ਚ ਔਰਤਾਂ ਨੂੰ ਲੰਮੇ ਕੱਪੜੇ ਪਹਿਨਣ ਲਈ ਜ਼ੋਰ ਦਿੱਤਾ ਗਿਆ ਹੈ ਅਤੇ ਸ਼ਾਰਟਸ, ਰਿਪਡ ਜੀਨਸ (ਫਟੀ ਜੀਨਸ) ਅਤੇ ਦੂਜੇ ਕੱਪੜਿਆਂ ਨੂੰ ‘ਅਨੈਤਿਕ’ ਮੰਨਿਆ ਜਾਂਦਾ ਹੈ।

ਵਿਰੋਧ ਪ੍ਰਦਰਸ਼ਨਾਂ ਵਿੱਚ ਹੁਣ ਤੱਕ 300 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ

ਮਾਹਸਾ ਅਮੀਨੀ ਨੂੰ ਤਹਿਰਾਨ ਦੀ ਨੈਤਿਕਤਾ ਪੁਲਿਸ ਨੇ ਕਥਿਤ ਤੌਰ 'ਤੇ 'ਸਹੀ ਤਰੀਕੇ ਨਾਲ ਹਿਜਾਬ' ਨਾ ਪਹਿਨਣ ਕਾਰਨ ਹਿਰਾਸਤ ਵਿੱਚ ਲਿਆ ਸੀ ਅਤੇ ਬਾਅਦ ਵਿੱਚ ਉਸ ਦੀ ਮੌਤ ਹੋ ਗਈ ਸੀ।

ਈਰਾਨ ਦੇ ਸਖ਼ਤ ਕਾਨੂੰਨਾਂ ਮੁਤਾਬਕ ਔਰਤਾਂ ਲਈ ਹਿਜਾਬ ਜਾਂ ਸਿਰ ਦਾ ਸਕਾਰਫ਼ ਪਹਿਨਣਾ ਲਾਜ਼ਮੀ ਹੈ।

ਹਾਲਾਂਕਿ, ਬੀਬੀਸੀ ਫਾਰਸੀ ਸਰਵਿਸ ਦੇ ਰਿਪੋਰਟਰ ਸਿਵਸ਼ ਅਰਦਲਾਨ ਨੇ ਕਿਹਾ ਕਿ ਨੈਤਿਕਤਾ ਪੁਲਿਸ ਨੂੰ ਭੰਗ ਕਰਨ ਦਾ ਇਹ ਮਤਲਬ ਨਹੀਂ ਹੈ ਕਿ ਹਿਜਾਬ ਲਈ ਕਾਨੂੰਨ ਬਦਲ ਜਾਵੇਗਾ।

ਉਨ੍ਹਾਂ ਨੇ ਇਸ ਨੂੰ ਬਹੁਤ ਦੇਰ ਨਾਲ ਚੁੱਕਿਆ ਗਿਆ ਇੱਕ ਛੋਟਾ ਕਦਮ ਦੱਸਿਆ ਹੈ।

ਨੈਤਿਕਤਾ ਪੁਲਿਸ ਕੀ ਹੈ?

1979 ਦੀ ਕ੍ਰਾਂਤੀ ਤੋਂ ਬਾਅਦ, ਈਰਾਨ ਵਿੱਚ ਸਮਾਜਿਕ ਮੁੱਦਿਆਂ ਨਾਲ ਨਜਿੱਠਣ ਲਈ 'ਨੈਤਿਕਤਾ ਪੁਲਿਸ' ਵੱਖ-ਵੱਖ ਰੂਪਾਂ ਵਿੱਚ ਮੌਜੂਦ ਹੈ।

ਉਨ੍ਹਾਂ ਦੇ ਅਧਿਕਾਰ ਖੇਤਰ ਵਿੱਚ ਔਰਤਾਂ ਦੇ ਹਿਜਾਬ ਤੋਂ ਲੈ ਕੇ ਮਰਦਾਂ ਅਤੇ ਔਰਤਾਂ ਦੇ ਆਪਸ ਵਿੱਚ ਘੁੱਲਣ ਮਿਲਣ ਦਾ ਮੁੱਦਾ ਵੀ ਸ਼ਾਮਲ ਕੀਤਾ ਗਿਆ ਹੈ।

ਮਾਹਸਾ ਦੀ ਮੌਤ ਲਈ ਜ਼ਿੰਮੇਵਾਰ ਦੱਸੀ ਜਾਂਦੀ ਸਰਕਾਰੀ ਏਜੰਸੀ 'ਗਸ਼ਤ-ਏ-ਇਰਸ਼ਾਦ' ਹੀ ਉਹ ਨੈਤਿਕਤਾ ਪੁਲਿਸ ਹੈ, ਜਿਸ ਦਾ ਕੰਮ ਈਰਾਨ 'ਚ ਜਨਤਕ ਤੌਰ 'ਤੇ ਇਸਲਾਮਿਕ ਜ਼ਾਬਤੇ ਨੂੰ ਲਾਗੂ ਕਰਨਾ ਹੈ।

'ਗਸ਼ਤ-ਏ-ਇਰਸ਼ਾਦ' ਸਾਲ 2006 ਵਿੱਚ ਬਣਾਈ ਗਈ ਸੀ। ਇਹ ਨਿਆਂਪਾਲਿਕਾ ਅਤੇ ਇਸਲਾਮਿਕ ਰੈਵੋਲਿਊਸ਼ਨਰੀ ਗਾਰਡਜ਼ ਨਾਲ ਜੁੜੇ ਪੈਰਾਮਿਲਿਟਰੀ ਫ਼ੋਰਸ ‘ਬਾਸਿਜ’ ਦੇ ਨਾਲ ਮਿਲਕੇ ਕੰਮ ਕਰਦੀ ਹੈ। 

ਇਸਲਾਮੀ ਕ੍ਰਾਂਤੀ ਤੋਂ ਬਾਅਦ ਦੇ ਫ਼ਰਮਾਨ

1979 ਦੀ ਇਸਲਾਮੀ ਕ੍ਰਾਂਤੀ ਤੋਂ ਬਾਅਦ ਤੁਰੰਤ "ਗਲਤ ਹਿਜਾਬ" ਦੇ ਵਿਰੁੱਧ ਈਰਾਨੀ ਅਧਿਕਾਰੀਆਂ ਦੀ ਲੜਾਈ ਸ਼ੁਰੂ ਹੋਈ ਜਿਸ ਵਿੱਚ ਸਿਰ ਦਾ ਸਕਾਰਫ਼ ਜਾਂ ਹੋਰ ਲਾਜ਼ਮੀ ਕੱਪੜੇ ਗਲਤ ਢੰਗ ਨਾਲ ਪਹਿਨਣਾ ਸ਼ਾਮਲ ਸੀ।

ਇਸ ਦਾ ਮੁੱਖ ਉਦੇਸ਼ ਔਰਤਾਂ ਨੂੰ ਨਿਮਰਤਾ ਵਾਲਾ ਪਹਿਰਾਵਾ ਪਵਾਉਣਾ ਸੀ ਜਦਕਿ ਉਸ ਸਮੇਂ ਬਹੁਤ ਸਾਰੀਆਂ ਔਰਤਾਂ ਅਜਿਹਾ ਕਰ ਰਹੀਆਂ ਸਨ।

ਪੱਛਮ ਪੱਖੀ ਸ਼ਾਹ ਮੁਹੰਮਦ ਰਜ਼ਾ ਪਹਿਲਵੀ ਦਾ ਤਖ਼ਤਾ ਪਲਟਣ ਤੋਂ ਪਹਿਲਾਂ ਤਹਿਰਾਨ ਦੀਆਂ ਸੜਕਾਂ 'ਤੇ ਮਿੰਨੀ ਸਕਰਟ ਅਤੇ ਨੰਗੇ ਵਾਲ ਕੋਈ ਅਸਧਾਰਨ ਦ੍ਰਿਸ਼ ਨਹੀਂ ਸਨ।

ਉਨ੍ਹਾਂ ਦੀ ਪਤਨੀ ਫਰਾਹ ਜੋ ਅਕਸਰ ਪੱਛਮੀ ਕੱਪੜੇ ਪਾਉਂਦੀ ਸੀ, ਉਸ ਨੂੰ ਇੱਕ ਆਧੁਨਿਕ ਔਰਤ ਦੀ ਉਦਾਹਰਣ ਵਜੋਂ ਰੱਖਿਆ ਗਿਆ ਸੀ।

ਇਸਲਾਮੀ ਗਣਰਾਜ ਦੀ ਸਥਾਪਨਾ ਦੇ ਕੁਝ ਮਹੀਨਿਆਂ ਦੇ ਅੰਦਰ ਸ਼ਾਹ ਦੇ ਅਧੀਨ ਸਥਾਪਿਤ ਕੀਤੇ ਗਏ ਔਰਤਾਂ ਦੇ ਅਧਿਕਾਰਾਂ ਦੀ ਰੱਖਿਆ ਕਰਨ ਵਾਲੇ ਕਾਨੂੰਨਾਂ ਨੂੰ ਰੱਦ ਕੀਤਾ ਜਾਣਾ ਸ਼ੁਰੂ ਹੋ ਗਿਆ।

ਮਨੁੱਖੀ ਅਧਿਕਾਰਾਂ ਦੀ ਵਕੀਲ ਅਤੇ ਕਾਰਕੁਨ ਮਹਿਰਾਂਗੀਜ਼ ਕਾਰ (78) ਨੇ ਕਿਹਾ, "ਇਹ ਰਾਤੋ-ਰਾਤ ਨਹੀਂ ਵਾਪਰਿਆ। ਇਹ ਕਦਮ-ਦਰ-ਕਦਮ ਦੀ ਪ੍ਰਕਿਰਿਆ ਸੀ।"

"ਕ੍ਰਾਂਤੀ ਦੇ ਤੁਰੰਤ ਬਾਅਦ ਸੜਕਾਂ 'ਤੇ ਮਰਦ ਅਤੇ ਔਰਤਾਂ ਸਨ ਜੋ ਤੋਹਫ਼ੇ ਦੇ ਕਾਗਜ਼ ਵਿੱਚ ਔਰਤਾਂ ਨੂੰ ਮੁਫ਼ਤ ਹੈੱਡ ਸਕਾਰਫ਼ ਦੀ ਪੇਸ਼ਕਸ਼ ਕਰ ਰਹੇ ਸਨ।"

7 ਮਾਰਚ 1979 ਨੂੰ ਕ੍ਰਾਂਤੀ ਦੇ ਨੇਤਾ ਅਯਾਤੁੱਲਾ ਰੂਹੁੱਲਾ ਖੋਮੇਨੀ ਨੇ ਹੁਕਮ ਦਿੱਤਾ ਕਿ ਸਾਰੀਆਂ ਔਰਤਾਂ ਲਈ ਉਹਨਾਂ ਦੇ ਕੰਮ ਦੇ ਸਥਾਨਾਂ 'ਤੇ ਹਿਜਾਬ ਲਾਜ਼ਮੀ ਹੋਵੇਗਾ ਅਤੇ ਉਹ ਬੇਪਰਦਾ ਔਰਤਾਂ ਨੂੰ "ਨੰਗੀਆਂ" ਮੰਨਦੇ ਹਨ।

ਫ਼ਿਲਹਾਲ ਵਾਸ਼ਿੰਗਟਨ ਡੀਸੀ ਵਿੱਚ ਰਹਿਣ ਵਾਲੀ ਇੱਕ ਕਾਰਕੁਨ ਕਹਿੰਦੀ ਹੈ, "ਇਹ ਭਾਸ਼ਣ ਬਹੁਤ ਸਾਰੇ ਕ੍ਰਾਂਤੀਕਾਰੀਆਂ ਵੱਲੋਂ ਔਰਤਾਂ ਦੇ ਸਿਰਾਂ 'ਤੇ ਹਿਜਾਬ ਨੂੰ ਜ਼ਬਰਦਸਤੀ ਕਰਨ ਦੇ ਆਦੇਸ਼ ਵਜੋਂ ਲਿਆ ਗਿਆ ਸੀ।"

"ਕਈਆਂ ਨੇ ਸੋਚਿਆ ਕਿ ਇਹ ਰਾਤੋਂ-ਰਾਤ ਵਾਪਰ ਜਾਵੇਗਾ ਇਸ ਲਈ ਔਰਤਾਂ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ।"

ਉਨ੍ਹਾਂ ਨੇ ਤੁਰੰਤ ਜਵਾਬ ਦਿੱਤਾ। ਲਗਭਗ 100,000 ਤੋਂ ਵੱਧ ਲੋਕ ਜਿਨ੍ਹਾਂ ਵਿੱਚ ਜ਼ਿਆਦਾਤਰ ਔਰਤਾਂ ਸਨ ਅਗਲੇ ਦਿਨ ਕੌਮਾਂਤਰੀ ਮਹਿਲਾ ਦਿਵਸ ਮੌਕੇ ਵਿਰੋਧ ਕਰਨ ਲਈ ਤਹਿਰਾਨ ਦੀਆਂ ਗਲੀਆਂ ਵਿੱਚ ਇਕੱਠੀਆਂ ਹੋਈਆਂ ਸਨ।

(ਬੀਬੀਸੀ ਪੰਜਾਬੀ ਨਾਲ FACEBOOKINSTAGRAMTWITTERਅਤੇ YouTube 'ਤੇ ਜੁੜੋ।)