You’re viewing a text-only version of this website that uses less data. View the main version of the website including all images and videos.
ਈਰਾਨ ਵਿੱਚ ਜਾਰੀ ਪ੍ਰਦਰਸ਼ਨਾਂ ਦੌਰਾਨ ਮਾਰੇ ਗਏ ਨੌਜਵਾਨ ਬੀਬੀਸੀ ਨੇ ਇਸ ਤਰ੍ਹਾਂ ਪਛਾਣੇ
ਈਰਾਨ ਵਿੱਚ ਜੋ ਕੁਝ ਅੱਜ-ਕੱਲ੍ਹ ਚੱਲ ਰਿਹਾ ਹੈ, ਉਹ ਸਾਲ 1979 ਵਿੱਚ ਜਦੋਂ ਈਰਾਨ ਇੱਕ ਇਸਲਾਮਿਕ ਗਣਤੰਤਰ ਬਣਿਆ ਉਦੋਂ ਤੋਂ ਲੈ ਕੇ ਹੁਣ ਤੱਕ ਦਾ ਸਭ ਤੋਂ ਜੁਝਾਰੂ ਲੋਕ-ਵਿਦਰੋਹ ਹੈ।
ਇਸ ਲੋਕ-ਲਹਿਰ ਵਿੱਚ ਹੁਣ ਤੱਕ ਕਈ ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਿਨ੍ਹਾਂ ਵਿੱਚੋਂ ਕਈ ਜਣੇ ਸਕੂਲੀ ਬੱਚੇ ਅਤੇ ਨੌਜਵਾਨ ਸਨ।
ਈਰਾਨ ਦੀ ਮਨੁੱਖੀ ਹੱਕਾਂ ਦੀ ਕਾਰਕੁਨ ਖ਼ਬਰ ਏਜੰਸੀ (ਐਚਆਰਏਐਨਏ) ਦਾ ਕਿਆਸ ਹੈ ਕਿ ਹੁਣ ਤੱਕ ਇਨ੍ਹਾਂ ਪ੍ਰਦਰਸ਼ਨਾਂ ਵਿੱਚ 222 ਮੌਤਾਂ ਹੋ ਚੁੱਕੀਆਂ ਹਨ।
ਸਰਕਾਰ ਵਿਰੋਧੀ ਇਹ ਪ੍ਰਦਰਸ਼ਨ ਇੱਕ 22 ਸਾਲਾ ਕੁਰਦ ਮੁਟਿਆਰ ਮਹਾਸਾ ਅਮੀਨੀ ਦੀ ਉੱਥੋਂ ਦੀ ਨੈਤਿਕਤਾ ਪੁਲਿਸ ਦੀ ਹਿਰਾਸਤ ਵਿੱਚ ਕਥਿਤ ਮੌਤ ਤੋਂ ਬਾਅਦ ਸ਼ੁਰੂ ਹੋਏ।
ਕਿਹਾ ਗਿਆ ਕਿ ਅਮੀਨੀ ਨੇ ਆਪਣਾ ਹਿਜਾਬ ਸਹੀ ਤਰ੍ਹਾਂ ਨਹੀਂ ਪਾਇਆ ਹੋਇਆ ਸੀ।
ਪ੍ਰਸ਼ਾਸਨ ਵੱਲੋਂ ਵਰਤੀ ਜਾ ਰਹੀ ਸਖਤੀ ਕਾਰਨ ਮਰਨ ਵਾਲਿਆਂ ਦੀ ਸਟੀਕ ਗਿਣਤੀ ਪਤਾ ਕਰਨਾ ਅਤੇ ਪੁਸ਼ਟੀ ਕਰਨਾ ਮੁਸ਼ਕਲ ਹੈ।
ਬੀਬੀਸੀ ਨੇ ਜਾਂਚ ਦੇ ਕਈ ਤਰੀਕਿਆਂ ਦੀ ਵਰਤੋਂ ਕਰਕੇ ਕੁੱਲ 45 ਮਰਦਾਂ, ਔਰਤਾਂ ਅਤੇ ਬੱਚਿਆਂ ਦੀ ਗਿਣਤੀ ਕੀਤੀ ਹੈ। ਜ਼ਿਆਦਾਤਰ ਦੀ ਮੌਤ ਗੋਲੀ ਲੱਗਣ ਨਾਲ ਹੋਈ।
ਔਰਤਾਂ
ਈਰਾਨ ਵਿੱਚ ਹੁਣ ਤੱਕ ਹੋਏ ਜ਼ਿਆਦਾਤਰ ਪ੍ਰਦਰਸ਼ਨ ਆਰਥਿਕ ਮੰਦਹਾਲੀ ਕਾਰਨ ਹੁੰਦੇ ਰਹੇ ਹਨ।
ਇਹ ਪਹਿਲੀ ਵਾਰ ਹੈ ਕਿ ਦੇਸ਼ ਦੀਆਂ ਔਰਤਾਂ ਖ਼ਾਸ ਕਰ ਮੁਟਿਆਰਾਂ ਸੜਕਾਂ ਉੱਪਰ ਆਈਆਂ ਹਨ ਤੇ ਪੂਰਾ ਦੇਸ਼ ਉਨ੍ਹਾਂ ਦੀ ਹਮਾਇਤ ਵਿੱਚ ਅਵਾਜ਼ ਚੁੱਕ ਰਿਹਾ ਹੈ।
ਲੋਕਾਂ ਦਾ ਨਾਅਰਾ ਹੈ- ਔਰਤਾਂ, ਜਿੰਦਗੀ, ਅਜ਼ਾਦੀ।
ਸੁਰੱਖਿਆ ਦਸਤਿਆਂ ਨੇ ਕਾਰਵਾਈ ਕੀਤੀ ਹੈ ਅਤੇ ਕਈ ਔਰਤਾਂ ਦੀ ਗੋਲੀ ਲੱਗਣ ਨਾਲ ਮੌਤ ਹੋਈ ਹੈ।
ਨਿਕ੍ਹਾ ਸ਼ਕਰਮੀ ਅਤੇ ਸਰੀਨਾ ਇਸਮਾਇਲਜ਼ਿਦਾਹ 16-16 ਸਾਲਾਂ ਦੀਆਂ ਇਨ੍ਹਾਂ ਦੋ ਅਲੜ੍ਹਾਂ ਦੀ ਮੌਤ ਰਾਜਧਾਨੀ ਤਹਿਰਾਨ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਹੋਈ।
ਨਿਕ੍ਹਾ ਸ਼ਕਰਮੀ 20 ਸਤੰਬਰ ਨੂੰ ਲਾਪਤਾ ਹੋਏ ਸਨ। ਆਖਰੀ ਵਾਰ ਉਨ੍ਹਾਂ ਨੇ ਆਪਣੇ ਇੱਕ ਦੋਸਤ/ਸਹੇਲੀ ਨੂੰ ਦੱਸਿਆ ਸੀ ਕਿ ਇੱਕ ਪੁਲਿਸ ਵਾਲਾ ਉਨ੍ਹਾਂ ਦਾ ਪਿੱਛਾ ਕਰ ਰਿਹਾ ਹੈ।
ਇਹ ਵੀ ਪੜ੍ਹੋ-
ਬੀਬੀਸੀ ਫਾਰਸੀ ਨੂੰ ਉਨ੍ਹਾਂ ਦੀ ਮੌਤ ਦਾ ਜੋ ਸਰਟੀਫਿਕੇਟ ਮਿਲਿਆ ਹੈ ਉਸ ਮੁਤਾਬਕ ਕਿਸੇ ਸਖਤ ਚੀਜ਼ ਨਾਲ ਵਾਰ-ਵਾਰ ਮਾਰੇ ਜਾਣ ਕਾਰਨ ਉਨ੍ਹਾਂ ਦੀ ਮੌਤ ਹੋਈ।
ਮਨੁੱਖੀ ਹਕੂਕ ਸਮੂਹਾਂ ਦਾ ਕਹਿਣਾ ਹੈ ਕਿ ਸਰੀਨਾ ਇਸਮਾਇਲ ਜ਼ਿਦਾਹ ਜੋ ਕਿ ਇੱਕ ਯੂਟਿਊਬਰ ਸਨ ਦੀ ਮੌਤ ਸੁਰੱਖਿਆ ਦਸਤਿਆਂ ਵੱਲੋਂ ਬੇਟਨ ਨਾਲ ਕੁੱਟੇ ਜਾਣ ਮਗਰੋਂ ਹੋਈ।
ਇਸੇ ਤਰ੍ਹਾਂ ਕੇਂਦਰੀ ਈਰਾਨ ਵਿੱਚ ਇੱਕ 18 ਸਾਲਾ ਮਹਾਸਾ ਮੌਗੁਈ ਦੀ ਮੌਤ ਹੋਈ।
ਇਸ ਸੰਘਰਸ਼ ਦੌਰਾਨ 20 ਤੋਂ 30 ਸਾਲ ਦੀਆਂ ਔਰਤਾਂ ਦੀ ਵੀ ਮੌਤ ਹੋਈ ਹੈ ਅਤੇ ਮਿਨੂ ਮਜੀਦੀ ਵਰਗੀਆਂ 62 ਸਾਲ ਦੀਆਂ ਬਜ਼ੁਰਗ ਔਰਤਾਂ ਵੀ ਭੇਂਟ ਚੜ੍ਹੀਆਂ ਹਨ।
ਬੀਬੀਸੀ ਨੇ ਮ੍ਰਿਤਕਾਂ ਦੀ ਕਿਵੇਂ ਪਛਾਣ ਕੀਤੀ
ਈਰਾਨ ਵਿੱਚ ਸੂਚਨਾ ਉੱਪਰ ਸਖਤ ਨਜ਼ਰ ਰੱਖੀ ਜਾ ਰਹੀ ਹੈ। ਇੰਟਰਨੈੱਟ ਨੂੰ ਸੈਂਸਰ ਕੀਤਾ ਜਾ ਰਿਹਾ ਹੈ ਅਤੇ ਉਸ ਦੀ ਸਪੀਡ ਵਾਰ-ਵਾਰ ਮੱਧਮ ਕੀਤੀ ਜਾਂਦੀ ਹੈ।
ਸਰਕਾਰ ਦੇ ਖਿਲਾਫ਼ ਰਿਪੋਰਟ ਕਰਨ ਵਾਲੇ ਅਤੇ ਤੱਥ ਬਿਆਨ ਕਰਨ ਵਾਲੇ ਪੱਤਰਕਾਰਾਂ ਨੂੰ ਸਰਕਾਰੀ ਦਮਨ ਦਾ ਸਾਹਮਣਾ ਕਰਨਾ ਪੈਂਦਾ ਹੈ।
ਇੰਟਰਨੈਸ਼ਨਲ ਫੈਡਰੇਸ਼ਨ ਆਫ਼ ਜਰਨਲਿਸਟਸ ਮੁਤਾਬਕ, ਜਦੋਂ ਤੋਂ ਪ੍ਰਦਰਸ਼ਨ ਸ਼ੁਰੂ ਹੋਏ ਹਨ, 24 ਪੱਤਰਕਾਰਾਂ ਦੀ ਜਾਨ ਜਾ ਚੁੱਕੀ ਹੈ।
ਸੱਚ ਦੀ ਖੋਜ ਵਿੱਚ ਲੱਗੀਆਂ ਸੰਸਥਾਵਾਂ ਵੱਲੋਂ ਸਰਕਾਰ ਵੱਲੋਂ ਵੱਡੇ ਪੱਧਰ ਤੇ ਝੂਠੀ ਜਾਣਕਾਰੀ ਫੈਲਾਈ ਜਾ ਰਹੀ ਹੈ।
ਬੀਬੀਸੀ ਮੌਨੀਟਰਿੰਗ, ਡਿਸਇਨਫਰਮੇਸ਼ਨ ਅਤੇ ਫਾਰਸੀ ਦੀਆਂ ਟੀਮਾਂ ਨੇ ਭਰੋਸੇਯੋਗ ਸੂਤਰਾਂ ਤੋਂ ਮਿਲੇ ਨਾਵਾਂ ਦੀ ਵਰਤੋਂ ਕੀਤੀ।
ਇਨ੍ਹਾਂ ਸੂਤਰਾਂ ਵਿੱਚ ਮਨੁੱਖੀ ਹਕੂਕ ਸਮੂਹਾਂ ਵੱਲੋਂ ਦਿੱਤੇ ਨਾਮ ਸਨ। ਜਿਨ੍ਹਾਂ ਦੀ ਪੁਸ਼ਟੀ ਉਨ੍ਹਾਂ ਨੇ ਖੁਦ ਕੀਤੀ ਹੋਈ ਸੀ।
ਫਿਰ ਇਨ੍ਹਾਂ ਨਾਵਾਂ ਦਾ ਮ੍ਰਿਤਕਾਂ ਵੱਲੋਂ ਖ਼ੁਦ ਅਤੇ ਪਰਿਵਾਰਕ ਮੈਂਬਰਾਂ ਵੱਲੋਂ ਪਾਈਆਂ ਗਈਆਂ ਸੋਸ਼ਲ ਮੀਡੀਆ ਪੋਸਟਾਂ ਨਾਲ ਮਿਲਾਨ ਕੀਤਾ ਗਿਆ।
ਇਨ੍ਹਾਂ ਟੀਮਾਂ ਨੇ ਉਪਲਭੱਧ ਆਡੀਓ-ਵੀਜ਼ੂਅਲ ਸਮੱਗਰੀ ਦੀ ਡੁੰਘਾਈ ਨਾਲ ਨਿਰੀਖਣ ਕੀਤਾ। ਜਿਵੇਂ ਮ੍ਰਿਤਕਾਂ ਦੀਆਂ ਅੰਤਿਮ ਰਸਮਾਂ ਅਤੇ ਫਿਰ ਇਸ ਨੂੰ ਮੌਤ ਦੇ ਸਰਟੀਫਿਕੇਟਾਂ ਅਤੇ ਇੰਟਰਨੈੱਟ ਉੱਪਰ ਮਿਲਦੇ ਸਰਕਾਰੀ ਰਿਕਾਰਡ ਨਾਲ ਮਿਲਿਆਇਆ ਗਿਆ।
ਕੁਝ ਪਰਿਵਾਰ ਜੋ ਡਰ ਕਾਰਨ ਪੱਤਰਕਾਰਾਂ ਨਾਲ ਗੱਲ ਨਹੀਂ ਕਰ ਰਹੇ ਸਨ, ਉਨ੍ਹਾਂ ਨੂੰ ਵਿਸ਼ਾਵਾਸ ਵਿੱਚ ਲੈ ਕੇ ਗੱਲ ਕੀਤੀ ਗਈ।
ਸਕੂਲੀ ਬੱਚੇ
ਸੜਕਾਂ ਅਤੇ ਸਕੂਲਾਂ ਵਿੱਚ ਕੁੜੀਆਂ ਵੱਡੇ ਪੱਧਰ 'ਤੇ ਆਪਣੇ ਹਿਜਾਬ ਸਾੜ ਰਹੀਆਂ ਸਨ। ਇਹ ਸੱਤਾਧਾਰੀ ਪੁਜਾਰੀ ਸ਼੍ਰੇਣੀ ਦੀ ਵਿਚਾਰਧਾਰਾ ਨੂੰ ਉਨ੍ਹਾਂ ਦੀ ਸਿੱਧੀ ਚੁਣੌਤੀ ਸੀ।
ਕੁੜੀਆਂ ਜਿਨ੍ਹਾਂ ਨੇ ਆਪਣੇ ਹਿਜਾਬ ਲਾਹ ਕੇ ਵੀਡੀਓ ਬਣਾਈਆਂ ਅਤੇ ਸੋਸ਼ਲ ਮੀਡੀਆ ਉੱਪਰ ਪਾਈਆਂ, ਉਹ ਸੜਕਾਂ ਉੱਪਰ ਵੀ ਉੱਤਰੀਆਂ। ਉਹ ਵਿਰੋਧ ਦੀਆਂ ਪ੍ਰਤੀਕ ਬਣ ਕੇ ਉੱਭਰੀਆਂ ਹਨ।
ਹਾਈ ਸਕੂਲ ਦੇ ਵਿਦਿਆਰਥੀਆਂ ਵੱਲੋਂ ਅਜਿਹੇ ਬਾਗੀ ਪ੍ਰਦਰਸ਼ਨ ਈਰਾਨ ਵਿੱਚ ਕਦੇ ਦੇਖੇ ਨਹੀਂ ਗਏ।
ਦੱਖਣ-ਪੂਰਬੀ ਈਰਾਨ ਦੇ ਸਿਸਤਾਨ ਬਲੂਚਿਸਤਾਨ ਸੂਬੇ ਵਿੱਚ 30 ਸਤੰਬਰ ਨੂੰ ਬਹੁਤ ਸਾਰੇ ਬੱਚਿਆਂ ਦੀ ਮੌਤ ਹੋਈ। ਇਹ ਖਿੱਤਾ ਬਲੋਚ ਭਾਈਚਾਰੇ ਦਾ ਗੜ੍ਹ ਹੈ।
ਮਨੁੱਖੀ ਹਕੂਕ ਸੰਗਠਨ ਐਮਨੈਸਿਟੀ ਇੰਟਰਨੈਸ਼ਨਲ ਦਾ ਇਲਜ਼ਾਮ ਹੈ ਕਿ ਪ੍ਰਸ਼ਾਸਨ ਵੱਲੋਂ ਉਸ ਦਿਨ ਦਰਜਣਾਂ ਲੋਕਾਂ ਨੂੰ ਮਾਰਿਆ ਗਿਆ।
ਓਮਿਦ ਸਰਾਨੀ (13), ਸੋਦੇਇ ਕੇਸ਼ਨੀ ਅਤੇ ਅਲੀ ਬਰਾਹੋਈ ਦੋਵੇਂ 14 ਸਾਲ ਦੇ, ਅਤੇ ਸਮੇਰ ਹਾਸ਼ਮੇਜ਼ੀ (16) ਦੀ ਵੀ ਇਸੇ ਦਿਨ ਮੌਤ ਹੋਈ ਸੀ।
ਇੱਕ ਹੋਰ ਥਾਂ 15 ਸਾਲਾ ਸਕੂਲੀ ਵਿਦਿਆਰਥਣ ਅਮੀਰਹੋਸਿਨ ਬਸਾਤੀ ਦੀ ਵੀ ਉੱਤਰ-ਪੱਛਮੀ ਈਰਾਨ ਦੇ ਕੇਰਮਾਂਸ਼ ਸੂਬੇ ਵਿੱਚ ਮੌਤ ਹੋਈ।
ਜਦਕਿ ਜ਼ਕਰੀਆ ਖਿਆਲ, ਆਮਿਨ ਮਾਰੇਫਤ ਜੋ ਕੇ ਦੋਵੇਂ 16 ਸਾਲ ਦੇ ਸਨ ਦੀ ਉੱਤਰ-ਪੱਛਮੀ ਈਰਾਨ ਦੇ ਪੱਛਮੀ ਅਜ਼ਰਬਾਈਜਾਨ ਵਿੱਚ ਜਾਨ ਗਈ।
ਘੱਟ ਗਿਣਤੀ ਸਮੂਹਾਂ ਨੂੰ ਬਣਾਇਆ ਜਾ ਰਿਹਾ ਨਿਸ਼ਾਨਾ
ਬੀਬੀਸੀ ਨੇ ਪੁਸ਼ਟੀ ਕੀਤੀ ਹੈ ਕਿ ਪੂਰੇ ਦੇਸ਼ ਵਿੱਚ ਹੀ ਸੁਰੱਖਿਆ ਦਸਤਿਆਂ ਵੱਲੋਂ ਲੋਕਾਂ ਨੂੰ ਮਾਰਿਆ ਗਿਆ ਹੈ।
ਫਿਰ ਵੀ ਨਸਲੀ ਘੱਟ ਗਿਣਤੀ ਭਾਈਚਾਰੇ ਦੇ ਲੋਕ ਜੋ ਲੰਬੇ ਸਮੇਂ ਤੋਂ ਸਰਕਾਰੀ ਦਮਨ ਦੇ ਸ਼ਿਕਾਰ ਹਨ ਨੂੰ ਖਾਸ ਤੌਰ 'ਤੇ ਨਿਸ਼ਾਨਾ ਬਣਾਇਆ ਗਿਆ ਹੈ।
ਜਿਵੇਂ ਕਿ ਸਿਸਤਾਨ ਬਲੋਚਿਸਤਾਨ ਵਿੱਚ, ਬੀਬੀਸੀ ਨੇ ਪੁਸ਼ਟੀ ਕੀਤੀ ਹੈ ਕਿ ਮਰਨ ਵਾਲਿਆਂ ਵਿੱਚ ਵੱਡੀ ਗਿਣਤੀ ਸਥਾਨਕ ਕੁਰਦ ਲੋਕਾਂ ਦੀ ਸੀ।
ਇਸ ਇਲਾਕੇ ਵਿੱਚ ਤਣਾਅ ਆਮ ਤੌਰ 'ਤੇ ਹੀ ਉੱਚਾ ਰਹਿੰਦਾ ਹੈ।
ਇੱਥੇ ਮਾਰੇ ਜਾਣ ਵਾਲਿਆਂ ਵਿੱਚ ਸ਼ਾਮਲ ਹਨ-
- ਕੇਰਮਾਨਸ਼ਾਹ ਵਿੱਚ 20 ਸਾਲਾ ਰੇਜ਼ਾ ਸ਼ਾਹਪਰਨੀਆ, ਅਤੇ 21 ਸਾਲਾ ਮੋਹਮੰਦੀ।
- ਕੁਰਦਿਸਤਾਨ ਸੂਬੇ ਵਿੱਚ ਵੀਹਵਿਆਂ ਵਿੱਚ ਰੇਜ਼ਾ ਲੋਫ਼ਤੀ, ਮੋਹਸੇਨ ਮੁਹੰਮਦੀ (28), ਫੇਰਿਦੁਨ ਮੁਹੰਮਦੀ (32) ਅਤੇ ਆਪਣੇ ਚਾਲੀਵਿਆਂ ਵਿੱਚ ਫੋਆਦ ਘਾਦੀਮੀ ਸ਼ਾਮਲ ਹਨ।
ਅਮੀਨੀ ਦੀ 16 ਸਤੰਬਰ ਨੂੰ ਨੈਤਿਕਤਾ ਪੁਲਿਸ ਦੀ ਹਿਰਾਸਤ ਵਿੱਚ ਹੋਈ ਮੌਤ ਤੋਂ ਬਾਅਦ ਹੋਈਆਂ ਮੌਤਾਂ ਨੂੰ ਜਦੋਂ ਬੀਬੀਸੀ ਵੱਲੋਂ ਨਕਸ਼ੇ ਉੱਪਰ ਰੱਖਿਆ ਗਿਆ ਤਾਂ ਇਹ ਮੌਤਾਂ ਪੂਰੇ ਦੇਸ਼ ਵਿੱਚ ਹੀ ਹੋਈਆਂ ਹਨ। ਪਰ ਇਨ੍ਹਾਂ ਵਿੱਚੋਂ ਜ਼ਿਆਦਾਤਰ ਮੌਤਾਂ ਉੱਤਰ-ਪੱਛਮ ਅਤੇ ਰਾਜਧਾਨੀ ਤਹਿਰਾਨ ਦੇ ਆਲੇ-ਦੁਆਲੇ ਅਤੇ ਦੱਖਣ-ਪੂਰਬੀ ਸਿਸਤਨ ਬਲੂਚਿਸਤਾਨ ਵਿੱਚ ਹੋਈਆਂ ਹਨ।
ਸਰੁੱਖਿਆ ਕਰਮੀ
ਸਰਕਾਰ ਨੇ ਸ਼ਾਂਤਮਈ ਪ੍ਰਦਰਸ਼ਨਕਾਰੀਆਂ ਨੂੰ ਮਾਰਨ ਤੋਂ ਇਨਕਾਰ ਕੀਤਾ ਹੈ। ਇਸ ਦੇ ਨਾਲ ਹੀ ਸਰਕਾਰ ਦਾ ਦਾਅਵਾ ਕਿ ਇਸ ਦੌਰਾਨ 20 ਤੋਂ ਜ਼ਿਆਦਾ ਸੁਰੱਖਿਆ ਕਰਮੀਆਂ ਦੀ ਮੌਤ ਹੋਈ ਹੈ।
ਰਿਪੋਰਟਿੰਗ: ਕਾਵਿਆਨ ਹੁਸੈਨੀ, ਸ਼ਾਇਆਨ ਸਰਦਾਰੀਜ਼ਾਦੇਹ, ਅਤੇ ਨੌਸ਼ੀਨ ਖਾਵਰਜ਼ਮੀਨ, ਮਾਰਕ ਬਰਾਇਸ, ਮੈਟ ਥੌਮਸ ਅਤੇ ਇਰਵਨ ਰਿਵਾਲਟ ਨੇ ਗਰਾਫਿਕਸ ਬਣਾਏ ਹਨ।
ਇਹ ਵੀ ਪੜ੍ਹੋ-