You’re viewing a text-only version of this website that uses less data. View the main version of the website including all images and videos.
'ਆਪ' ਵਿਧਾਇਕ ਬਲਜਿੰਦਰ ਕੌਰ ਦੇ ਥੱਪੜ ਮਾਰਨ ਦੀ ਵੀਡੀਓ ਵਾਇਰਲ, ਮਹਿਲਾ ਕਮਿਸ਼ਨ ਲਵੇਗਾ ਨੋਟਿਸ
ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸੀਨੀਅਰ ਲੀਡਰ ਅਤੇ ਵਿਧਾਇਕ ਬਲਜਿੰਦਰ ਕੌਰ ਦੇ ਥੱਪੜ ਮਾਰਨ ਦੀ ਵੀਡੀਓ ਸੋਸ਼ਲ ਮੀਡੀਆ ਉਪਰ ਵਾਇਰਲ ਹੋ ਰਹੀ ਹੈ।
ਤਲਵੰਡੀ ਸਾਬੋ ਤੋਂ ਦੂਜੀ ਵਾਰ ਵਿਧਾਇਕ ਚੁਣੀ ਗਈ ਬਲਜਿੰਦਰ ਕੌਰ ਦੇ ਥੱਪੜ ਮਾਰਨ ਵਾਲਾ ਵਿਆਕਤੀ ਉਹਨਾਂ ਦਾ ਪਤੀ ਸੁਖਰਾਜ ਸਿੰਘ ਦੱਸਿਆ ਦਾ ਰਿਹਾ ਹੈ।
ਖ਼ਬਰ ਏਜੰਸੀ ਪੀਟੀਆਈ ਮੁਤਾਬਕ ਇਹ ਵੀਡੀਓ 10 ਜੁਲਾਈ ਦੀ ਹੈ ਜਿਸ ਵਿੱਚ ਵਿਧਾਇਕ ਬਲਜਿੰਦਰ ਕੌਰ ਆਪਣੇ ਪਤੀ ਸੁਖਰਾਜ ਸਿੰਘ ਨਾਲ ਬਹਿਸ ਕਰਦੇ ਦੇਖੇ ਜਾ ਸਕਦੇ ਹਨ।
ਕੁਝ ਹੀ ਸੈਕਿੰਡ ਵਿੱਚ ਸੁਖਰਾਜ ਸਿੰਘ ਬਲਜਿੰਦਰ ਕੌਰ ਦੇ ਥੱਪੜ ਮਾਰਦੇ ਨਜ਼ਰ ਆ ਰਹੇ ਹਨ।
ਹਾਲਾਂਕਿ ਇਸ ਦੌਰਾਨ ਕੁਝ ਲੋਕ ਮਾਮਲੇ ਵਿੱਚ ਦਖ਼ਲ ਦਿੰਦੇ ਹਨ ਅਤੇ ਸੁਖਰਾਜ ਸਿੰਘ ਨੂੰ ਪਿੱਛੇ ਹਟਾਉਂਦੇ ਹਨ।
ਇਸ ਪੂਰੇ ਘਟਨਾਕਰਮ ਉਪਰ ਬਲਜਿੰਦਰ ਕੌਰ ਜਾਂ ਉਨ੍ਹਾਂ ਦੇ ਪਰਿਵਾਰ ਨੇ ਕੋਈ ਪ੍ਰਤੀਕਰਮ ਨਹੀਂ ਦਿੱਤਾ ਹੈ। ਮੌਜੂਦਾ ਸੱਤਾਧਾਰੀ ਪਾਰਟੀ ਦੀ ਵਿਧਾਇਕ ਵੱਲੋਂ ਹਾਲੇ ਤੱਕ ਇਸ ਮਾਮਲੇ ਉਪਰ ਕੋਈ ਸ਼ਿਕਾਇਤ ਦਰਜ ਨਹੀਂ ਕਰਵਾਈ ਗਈ ਹੈ।
ਇਸ ਘਟਨਾ ਬਾਰੇ ਪਰਿਵਾਰ ਦੇ ਹਾਲੇ ਤੱਕ ਕੋਈ ਪ੍ਰਤੀਕਰਮ ਨਹੀਂ ਆਇਆ।
ਬੀਬੀਸੀ ਇਸ ਵੀਡੀਓ ਦੀ ਤਸਦੀਕ ਨਹੀਂ ਕਰਦਾ ਹੈ।
ਕੀ ਹੈ ਮਾਮਲਾ
- ਆਪ ਆਗੂ ਬਲਜਿੰਦਰ ਕੌਰ ਨੂੰ ਥੱਪੜ ਮਾਰਨ ਦਾ ਵੀਡੀਓ ਹੋਇਆ ਵਾਇਰਲ
- ਥੱਪੜ ਮਾਰਨ ਵਾਲਾ ਵਿਆਕਤੀ ਉਹਨਾਂ ਦਾ ਪਤੀ ਸੁਖਰਾਜ ਸਿੰਘ ਦੱਸਿਆ ਦਾ ਰਿਹਾ ਹੈ
- ਬਲਜਿੰਦਰ ਕੌਰ ਨੇ ਇਸ ਬਾਰੇ ਕੋਈ ਬਿਆਨ ਨਹੀਂ ਦਿੱਤਾ ਹੈ
- ਮਹਿਲਾ ਕਮਿਸ਼ਨ ਦੇ ਮੁੱਖੀ ਮਨੀਸ਼ਾ ਗੁਲਾਟੀ ਨੇ ਕਿਹਾ ਕਿ ਉਹ ਇਸ ਮਾਮਲੇ ਦਾ ਨੋਟਿਸ ਲੈਣਗੇ
- ਐਨਸੀਆਰਬੀ ਦੀ ਤਾਜ਼ਾ ਰਿਪੋਰਟ ਮੁਤਾਬਕ, ਪੰਜਾਬ ਵਿੱਚ ਔਰਤਾਂ ਖਿਲਾਫ ਅਪਰਾਧ ਦੇ 5662 ਮਾਮਾਲੇ ਦਰਜ ਕੀਤੇ ਗਏ ਹਨ
ਮਹਿਲਾ ਕਮਿਸ਼ਨ ਲਵੇਗਾ ਨੋਟਿਸ
ਬੀਬੀਸੀ ਨਾਲ ਫੋਨ 'ਤੇ ਗੱਲਬਾਤ ਕਰਦਿਆਂ ਮਹਿਲਾ ਕਮਿਸ਼ਨ ਦੇ ਮੁੱਖੀ ਮਨੀਸ਼ਾ ਗੁਲਾਟੀ ਨੇ ਕਿਹਾ ਹੈ ਕਿ ਉਹ ਸਭ ਤੋਂ ਪਹਿਲਾਂ ਇਸ ਮਾਮਲੇ ਦੀ ਪ੍ਰਸ਼ਾਸ਼ਨ ਤੋਂ ਰਿਪੋਰਟ ਮੰਗਣੇ ਅਤੇ ਉਸ ਤੋਂ ਬਾਅਦ ਇਸ ਦੀ ਅਗਲੀ ਕਾਰਵਾਈ ਬਾਰੇ ਵਿਚਾਰਨਗੇ।
ਉਨ੍ਹਾਂ ਨੇ ਕਿਹਾ, "ਭਾਵੇਂ ਕਿ ਇਹ ਪਤੀ-ਪਤਨੀ ਦਾ ਨਿੱਜੀ ਮਾਮਲਾ ਹੈ ਪਰ ਜਦੋਂ ਇਸ ਤਰ੍ਹਾਂ ਦੀ ਵੀਡੀਓ ਸਾਹਮਣੇ ਆਉਂਦੀ ਹੈ ਤਾਂ ਕਮਿਸ਼ਨ ਦਾ ਨੋਟਿਸ ਲੈਣਾ ਬਣਦਾ ਹੈ।"
"ਹਾਲਾਂਕਿ ਮੈਂ ਇਸ ਸਮੇਂ ਦੇਸ਼ ਤੋਂ ਬਾਹਰ ਹਾਂ ਪਰ ਜਲਦੀ ਨੋਟਿਸ ਜਾਰੀ ਹੋ ਜਾਵੇਗਾ।"
ਇਹ ਵੀ ਪੜ੍ਹੋ:-
'ਆਪ' ਆਗੂ ਬਲਜਿੰਦਰ ਕੌਰ ਦਾ ਇਹ ਇੰਟਰਵਿਊ 2019 ਦਾ ਹੈ
ਹਰਸਿਮਰਤ ਕੌਰ ਬਾਦਲ ਵੱਲੋਂ ਨਿਖੇਧੀ
ਬਠਿੰਡਾ ਤੋਂ ਲੋਕ ਸਭਾ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਇਸ ਕਥਿਤ ਹਿੰਸਾ ਦੀ ਨਿਖੇਧੀ ਕੀਤੀ ਹੈ।
ਹਰਸਿਮਰਤ ਕੌਰ ਬਾਦਲ ਨੇ ਟਵੀਟ ਕਰ ਕੇ ਕਿਹਾ ਹੈ ਕਿ ਬਲਜਿੰਦਰ ਕੌਰ ਦੇ ਪਤੀ ਜਾਂ ਤਾਂ ਜਨਤਕ ਤੌਰ 'ਤੇ ਮੁਆਫ਼ੀ ਮੰਗਣ ਜਾਂ ਉਨ੍ਹਾਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਕੀ ਕਹਿੰਦੇ ਹਨ ਅੰਕੜੇ?
ਭਾਰਤ ਵਿੱਚ ਅਪਰਾਧ ਦੀ ਸਥਿਤੀ ਬਾਰੇ ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਦੀ ਤਾਜ਼ਾ ਰਿਪੋਰਟ ਮੁਤਾਬਕ ਔਰਤਾਂ ਖਿਲਾਫ ਅਪਰਾਧਾਂ ਦੇ ਮਾਮਲੇ ਕੁਝ ਇਸ ਤਰ੍ਹਾਂ ਹਨ।
ਬਲਜਿੰਦਰ ਕੌਰ ਦੀ ਨਿੱਜੀ ਜ਼ਿੰਦਗੀ ਤੇ ਸਿਆਸੀ ਸਫ਼ਰ
- ਬਲਜਿੰਦਰ ਕੌਰ ਅਤੇ ਸੁਖਰਾਜ ਸਿੰਘ ਦਾ ਵਿਆਹ ਫਰਵਰੀ 2019 ਵਿੱਚ ਹੋਇਆ ਸੀ। ਉਸ ਸਮੇਂ ਉਹ ਆਮ ਆਦਮੀ ਪਾਰਟੀ ਦੇ ਮਾਝਾ ਖੇਤਰ ਦੇ ਯੂਥ ਵਿੰਗ ਦੇ ਕਨਵੀਨਰ ਸਨ।
- ਬਲਜਿੰਦਰ ਕੌਰ ਦਾ ਪਿਛੋਕੜ ਤਲਵੰਡੀ ਸਾਬੋ ਦੇ ਇੱਕ ਜਾਣੇ-ਪਛਾਣੇ ਪੰਥਕ ਪਰਿਵਾਰ ਦਾ ਹੈ, ਉਨ੍ਹਾਂ ਦੇ ਪਿਤਾ ਦਾ ਨਾਂ ਦਰਸ਼ਨ ਸਿੰਘ ਹੈ।
- ਅੰਗਰੇਜੀ ਵਿਚ ਐੱਮਫਿਲ ਬਲਜਿੰਦਰ ਕੌਰ ਮਾਤਾ ਗੁਜਰੀ ਕਾਲਜ ਫਤਹਿਗੜ੍ਹ ਸਾਹਿਬ ਵਿਚ ਪੜ੍ਹਾਉਂਦੇ ਰਹੇ ਹਨ
- 2011 ਵਿਚ ਭ੍ਰਿਸ਼ਟਾਚਾਰ ਵਿਰੋਧ ਮੁਹਿੰਮ ਦਾ ਹਿੱਸਾ ਬਣੀ ਬਲਜਿੰਦਰ 2012 ਦੌਰਾਨ 'ਆਪ' ਵਿਚ ਸ਼ਾਮਲ ਹੋਏ ਸੀ
- 2014 ਵਿਚ ਉਨ੍ਹਾਂ ਤਲਵੰਡੀ ਸਾਬੋ ਹਲਕੇ ਤੋਂ ਜਿਮਨੀ ਚੋਣ ਲੜੀ ਅਤੇ ਹਾਰ ਗਏ
- ਇਹ ਚੋਣ ਕਾਂਗਰਸ ਵਿਧਾਇਕ ਜੀਤ ਮਹਿੰਦਰ ਸਿੱਧੂ ਦੇ ਅਸਤੀਫ਼ਾ ਦੇ ਕੇ ਅਕਾਲੀ ਦਲ ਵਿਚ ਸ਼ਾਮਲ ਹੋਣ ਕਾਰਨ ਖਾਲੀ ਹੋਈ ਸੀ
- ਪਹਿਲਾ ਆਮ ਆਦਮੀ ਪਾਰਟੀ ਨੇ ਇੱਥੋਂ ਗਾਇਕ ਬਲਕਾਰ ਸਿੱਧੂ ਨੂੰ ਮੈਦਾਨ ਵਿਚ ਉਤਾਰਨ ਦਾ ਮਨ ਬਣਾਇਆ ਸੀ, ਪਰ ਐਨ ਮੌਕੇ ਉੱਤੇ ਟਿਕਟ ਬਲਜਿੰਦਰ ਕੌਰ ਨੂੰ ਦੇ ਦਿੱਤੀ ਗਈ
- 2017 ਵਿਚ ਉਨ੍ਹਾਂ ਅਕਾਲੀ ਵਿਧਾਇਕ ਜੀਤਮਹਿੰਦਰ ਸਿੱਧੂ ਨੂੰ ਮਾਤ ਦਿੱਤੀ ਤੇ ਵਿਧਾਇਕ ਬਣੇ, ਇਸ ਨਾਲ ਉਨ੍ਹਾਂ ਪਿਛਲੀ ਹਾਰ ਦਾ ਹਿਸਾਬ ਪੂਰਾ ਕਰ ਲਿਆ ਸੀ
- 2019 ਵਿਚ ਬਲਜਿੰਦਰ ਕੌਰ ਨੇ ਬਠਿੰਡਾ ਲੋਕ ਸਭਾ ਚੋਣ ਲੜੀ ਪਰ ਉਹ ਹਾਰ ਗਏ, ਉਦੋਂ ਸੁਖਪਾਲ ਸਿੰਘ ਖਹਿਰਾ ਇੱਥੋਂ ਪਾਰਟੀ ਦੇ ਬਾਗੀ ਉਮੀਦਵਾਰ ਸਨ
- ਉਹ ਪਾਰਟੀ ਦੇ ਮਹਿਲਾ ਵਿੰਗ ਦੇ ਪੰਜਾਬ ਪ੍ਰਧਾਨ ਵੀ ਬਣੇ
- 2022 ਦੀਆਂ ਚੋਣਾਂ ਵਿਚ ਦੂਜੀ ਵਾਰ ਜਿੱਤ ਦੇ ਬਾਵਜੂਦ ਉਨ੍ਹਾਂ ਨੂੰ ਮੰਤਰੀ ਨਹੀਂ ਬਣਾਇਆ ਗਿਆ
- 2019 ਵਿਚ ਹੀ ਉਨ੍ਹਾਂ ਪਾਰਟੀ ਦੇ ਯੂਥ ਵਿੰਗ ਦੇ ਆਗੂ ਸੁਖਰਾਜ ਸਿੰਘ ਨਾਲ ਵਿਆਹ ਕਰਵਾਇਆ
- ਵਿਧਾਇਕਾ ਬਲਜਿੰਦਰ ਕੌਰ ਇੱਕ ਬੇਟੀ ਦੀ ਮਾਂ ਵੀ ਹਨ
- ਸਿਆਸਤ ਵਿਚ ਉਹ ਆਪਣੀ ਗੱਲ ਧੜੱਲੇ ਨਾਲ ਰੱਖਣ ਲ਼ਈ ਜਾਣੇ ਜਾਂਦੇ ਹਨ, ਇਸੇ ਲਈ ਉਨ੍ਹਾਂ ਦੇ ਥੱਪੜ ਖਾਣ ਦੇ ਬਾਵਜੂਦ ਅਵਾਜ਼ ਨਾ ਚੁੱਕਣ ਤੋਂ ਲੋਕ ਹੈਰਾਨ ਹੋਏ ਹਨ