ਪੰਜਾਬ ਚੋਣਾਂ: ਪਹਿਲੀ ਵਾਰ ਵਿਧਾਨ ਸਭਾ ਪਹੁੰਚਣ ਵਾਲੀਆਂ ਇਹ ਬੀਬੀਆਂ ਇੰਝ ਸਿਆਸਤ 'ਚ ਆਈਆਂ

    • ਲੇਖਕ, ਪ੍ਰਿਅੰਕਾ ਧੀਮਾਨ
    • ਰੋਲ, ਬੀਬੀਸੀ ਪੱਤਰਕਾਰ

ਪੰਜਾਬ ਦੇ ਚੋਣ ਨਤੀਜਿਆਂ ਨੇ ਇਸ ਵਾਰ ਇੱਕ ਨਵਾਂ ਹੀ ਇਤਿਹਾਸ ਰਚਿਆ ਹੈ। ਰਵਾਇਤੀ ਪਾਰਟੀਆਂ ਤੇ ਵੱਡੇ ਆਗੂਆਂ ਨੂੰ ਪਛਾੜਦੇ ਹੋਏ ਆਮ ਆਦਮੀ ਪਾਰਟੀ ਨੇ 92 ਸੀਟਾਂ ਨਾਲ ਵੱਡੀ ਜਿੱਤ ਹਾਸਲ ਕੀਤੀ ਹੈ।

ਇਨ੍ਹਾਂ ਵਿੱਚ ਔਰਤਾਂ ਦੀ ਹਿੱਸੇਦਾਰੀ ਵੀ ਚੰਗੀ ਹੈ। ਆਮ ਆਦਮੀ ਪਾਰਟੀ ਦੀਆਂ 11 ਔਰਤ ਉਮੀਦਵਾਰਾਂ ਨੇ ਜਿੱਤ ਦਰਜ ਕੀਤੀ ਹੈ ਜਿਨ੍ਹਾਂ ਵਿੱਚੋਂ 9 ਅਜਿਹੀਆਂ ਬੀਬੀਆਂ ਹਨ ਜੋ ਪਹਿਲੀ ਵਾਰ ਵਿਧਾਨ ਸਭਾ ਵਿੱਚ ਬੈਠਣਗੀਆਂ। ਹਾਲਾਂਕਿ ਜਗਰਾਓਂ ਤੋਂ ਸਰਬਜੀਤ ਕੌਰ ਮਾਣੂਕੇ ਤੇ ਤਲਵੰਡੀ ਸਾਬੋ ਤੋਂ ਡਾ. ਬਲਜਿੰਦਰ ਕੌਰ ਦੂਜੀ ਵਾਰ ਵਿਧਾਇਕ ਚੁਣੇ ਗਏ ਹਨ।

ਇਸ ਤੋਂ ਇਲਾਵਾ ਕਾਂਗਰਸ ਅਤੇ ਅਕਾਲੀ ਦਲ ਵਿੱਚ 1-1 ਇੱਕ ਮਹਿਲਾ ਉਮੀਦਵਾਰ ਨੇ ਜਿੱਤ ਦਰਜ ਕੀਤੀ ਹੈ। ਦੀਨਾਨਗਰ ਤੋਂ ਕਾਂਗਰਸ ਦੇ ਅਰੁਣਾ ਚੌਧਰੀ ਜਿੱਤੇ ਹਨ ਜੋ ਪਿਛਲੀ ਸਰਕਾਰ ਵਿੱਚ ਮੰਤਰੀ ਵੀ ਰਹੇ ਹਨ।

ਅਕਾਲੀ ਦਲ ਦੇ ਮਜੀਠਾ ਤੋਂ ਚੁਣੇ ਗਏ ਗਨੀਵ ਕੌਰ ਨਵਾਂ ਚਿਹਰਾ ਹਨ... ਗੱਲ ਉਨ੍ਹਾਂ 10 ਚਿਹਰਿਆਂ ਦੀ ਕਰਦੇ ਹਾਂ ਜੋ ਪਹਿਲੀ ਵਾਰ ਵਿਧਾਇਕ ਚੁਣੇ ਗਏ ਹਨ।

ਜੀਵਨਜੋਤ ਕੌਰ- ਅੰਮ੍ਰਿਤਸਰ ਪੂਰਬੀ

ਜੀਵਨਜੋਤ ਕੌਰ ਨੇ ਅੰਮ੍ਰਿਤਸਰ ਪੂਰਬੀ ਸੀਟ ਤੋਂ ਨਵਜੋਤ ਸਿੰਘ ਸਿੱਧੂ ਤੇ ਬਿਕਰਮ ਸਿੰਘ ਮਜੀਠੀਆ ਨੂੰ ਹਰਾ ਕੇ ਜਿੱਤ ਹਾਸਲ ਕੀਤੀ ਹੈ।

ਜੀਵਨਜੋਤ ਕੌਰ ਪਿਛਲੇ ਕਰੀਬ 20 ਸਾਲਾਂ ਤੋਂ ਸਮਾਜਿਕ ਕੰਮਾਂ 'ਚ ਕਾਫੀ ਸਰਗਰਮ ਹਨ। ਉਨ੍ਹਾਂ ਨੇ ਪਹਿਲੀ ਵਾਰ ਚੋਣ ਲੜੀ ਹੈ ਤੇ ਉਹ ਇੱਕ ਸਾਧਾਰਨ ਪਰਿਵਾਰ ਨਾਲ ਸਬੰਧ ਰੱਖਦੇ ਹਨ..

ਸ਼੍ਰੀ ਹੇਮਕੁੰਟ ਐਜੂਕੇਸ਼ਨ ਸੁਸਾਇਟੀ ਸੰਸਥਾ ਵਿੱਚ 1992 'ਚ ਇੱਕ ਸਕੂਲ ਖੋਲ੍ਹਿਆ ਗਿਆ ਸੀ ਅਤੇ ਉਸ ਦੌਰਾਨ ਜੀਵਨਜੋਤ ਆਪ ਵੀ ਪੜ੍ਹਾਈ ਕਰ ਰਹੇ ਸਨ। ਹਾਲਾਂਕਿ ਉਸ ਸਮੇਂ ਉਨ੍ਹਾਂ ਨੇ ਵੀ ਉਸ ਸਕੂਲ ਵਿੱਚ ਬੱਚਿਆਂ ਨੂੰ ਪੜ੍ਹਾਉਣਾ ਸ਼ੁਰੂ ਕਰ ਦਿੱਤਾ ਸੀ।

ਔਰਤਾਂ ਵਿੱਚ ਪੈਡਜ਼ ਦੇ ਇਸਤੇਮਾਲ ਲਈ ਜਾਗਰੂਕਤਾ ਫੈਲਾਉਣ ਲਈ ਜੀਵਨਜੋਤ ਨੇ 'ਇਕੋਸ਼ੀ' ਨਾਮ ਦਾ ਇੱਕ ਪ੍ਰੋਜੈਕਟ ਵੀ ਚਲਾਇਆ ਹੈ। ਉਨ੍ਹਾਂ ਨੂੰ ਪੈਡ ਵੁਮੈਨ ਆਫ਼ ਪੰਜਾਬ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਅਤੇ ਉਹ ਰੀਯੂਜ਼ੇਬਲ ਸੈਨੇਟਰੀ ਪੈਡ ਪਰਮੋਟ ਕਰਦੇ ਹਨ।

ਇਹ ਵੀ ਪੜ੍ਹੋ:

ਨਰਿੰਦਰ ਕੌਰ ਭਰਾਜ- ਸੰਗਰੂਰ

ਨਰਿੰਦਰ ਕੌਰ ਭਰਾਜ ਨੇ ਸੰਗਰੂਰ ਵਿਧਾਨ ਸਭਾ ਸੀਟ ਤੋਂ ਕਾਂਗਰਸ ਦੇ ਮੰਤਰੀ ਵਿਜੇਂਦਰ ਸਿੰਗਲਾ ਨੂੰ ਹਰਾਇਆ ਹੈ।

ਨਰਿੰਦਰ ਕੌਰ ਇੱਕ ਜਿਮੀਦਾਰ ਪਰਿਵਾਰ ਨਾਲ ਸਬੰਧ ਰਖਦੇ ਹਨ ਤੇ ਖੇਤੀਬਾੜੀ ਦਾ ਸਾਰਾ ਕੰਮ ਵੀ ਖੁਦ ਦੇਖਦੇ ਰਹੇ ਹਨ। ਪਸ਼ੂਆਂ ਨੂੰ ਸਾਂਭਣ ਦਾ ਕੰਮ ਹੋਵੇ ਜਾਂ ਆੜਤੀਆਂ ਨਾਲ ਹਿਸਾਬ-ਕਿਤਾਬ, ਸਭ ਉਹੀ ਦੇਖਦੇ ਹਨ.. ਪਿਤਾ ਦੇ ਬੀਮਾਰ ਹੋਣ ਕਰਕੇ ਉਨ੍ਹਾਂ ਨੇ ਬਹੁਤ ਹੀ ਛੋਟੀ ਉਮਰ ਵਿੱਚ ਘਰ ਦੀਆਂ ਜਿੰਮੇਵਾਰੀਆਂ ਸਾਂਭ ਲਈਆਂ ਸਨ.. ਨਰਿੰਦਰ ਕੌਰ ਨੇ ਕਾਨੂੰਨ ਦੀ ਪੜ੍ਹਾਈ ਵੀ ਕੀਤੀ ਹੈ...

ਸਾਲ 2014 ਦੀਆਂ ਚੋਣਾਂ ਦੌਰਾਨ ਉਨ੍ਹਾਂ ਨੇ ਆਪਣੇ ਪਿੰਡ ਵਿੱਚ ਆਮ ਆਦਮੀ ਪਾਰਟੀ ਲਈ ਬੂਥ ਉਸ ਵੇਲੇ ਲਗਾਇਆ ਸੀ ਜਦੋਂ ਉੱਥੇ ਕੋਈ ਬੂਥ ਲਗਾਉਣ ਲਈ ਤਿਆਰ ਨਹੀਂ ਸੀ। ਤੇ ਇਸ ਤਰ੍ਹਾਂ ਪੋਲਿੰਗ ਏਜੰਟ ਦੇ ਤੌਰ 'ਤੇ ਆਪਣੀ ਸ਼ੁਰੂਆਤ ਕੀਤੀ ਸੀ

ਅਨਮੋਲ ਗਗਨ ਮਾਨ- ਖਰੜ

ਖਰੜ ਸੀਟ ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਅਨਮੋਲ ਗਗਨ ਮਾਨ ਨੇ ਸ਼੍ਰੋਮਣੀ ਅਕਾਲੀ ਦਲ ਦੇ ਰਣਜੀਤ ਸਿੰਘ ਗਿੱਲ ਨੂੰ 37000 ਤੋਂ ਵੱਧ ਵੋਟਾਂ ਨਾਲ ਹਰਾਇਆ ।

31 ਸਾਲਾ ਅਨਮੋਲ ਗਗਨ ਮਾਨ ਨੇ ਬਾਰਵੀਂ ਤੱਕ ਹੀ ਪੜ੍ਹਾਈ ਕੀਤੀ ਹੈ... ਉਹ ਪੇਸ਼ੇ ਤੋਂ ਇੱਕ ਪੰਜਾਬੀ ਗਾਇਕਾ ਹਨ।

ਉਨ੍ਹਾਂ ਨੇ ਸਾਲ 2020 ਵਿਚ ਆਪਣੀ ਮਾਂ ਸਮੇਤ ਆਮ ਆਦਮੀ ਪਾਰਟੀ ਜੁਆਇਨ ਕੀਤੀ ਸੀ ਜਿਸ ਤੋਂ ਬਾਅਦ ਪਾਰਟੀ ਹਾਈਕਮਾਂਡ ਨੇ ਉਨ੍ਹਾਂ ਨੂੰ ਪੰਜਾਬ ਯੂਥ ਵਿੰਗ ਦੇ ਪ੍ਰਧਾਨ ਦੀ ਜਿੰਮੇਵਾਰੀ ਦਿੱਤੀ।

ਅਨਮੋਲ ਗਗਨ ਮਾਨ ਨੇ ਪਹਿਲੀ ਵਾਰ ਚੋਣ ਲੜੀ ਤੇ ਜਿੱਤੀ।

ਅਨਮੋਲ ਗਗਨ ਨੇ ਕਈ ਗਾਣੇ ਗਾਏ ਹਨ ਪਰ ਕਾਲਾ ਸ਼ੇਰ ਗਾਣੇ ਨਾਲ ਉਨ੍ਹਾਂ ਨੂੰ ਕਾਫੀ ਪ੍ਰਸਿੱਧੀ ਮਿਲੀ ਸੀ।

ਇੰਦਰਜੀਤ ਕੌਰ ਮਾਨ- ਨਕੋਦਰ ਸੀਟ

ਨਕੋਦਰ ਤੋਂ ਅਕਾਲੀ ਦਲ ਦੇ ਗੁਰਪਰਤਾਪ ਸਿੰਘ ਵਡਾਲਾ ਨੂੰ ਹਰਾਉਣ ਵਾਲੀ ਇੰਦਰਜੀਤ ਕੌਰ ਮਾਨ ਪਿਛਲੇ ਦੋ ਦਹਾਕਿਆਂ ਤੋਂ ਸਮਾਜ ਸੇਵਾ ਵਿੱਚ ਸਰਗਰਮ ਹਨ।

ਸਾਲ 2002 ਵਿੱਚ ਉਹ ਅਕਾਲੀ ਦਲ ਵਿੱਚ ਸ਼ਾਮਲ ਹੋਏ ਤੇ ਨਕੋਦਰ ਹਲਕੇ ਦੇ ਬੀਰ ਪਿੰਡ ਤੋਂ ਤਿੰਨ ਵਾਰ ਸਰਪੰਚੀ ਜਿੱਤੀ। ਉਨ੍ਹਾਂ ਨੇ ਪਿੰਡ ਦੇ ਪਰਵਾਸੀ ਪੰਜਾਬੀਆਂ ਦੀ ਮਦਦ ਨਾਲ ਪਿੰਡ ਦੇ ਸਕੂਲ ਦੀ ਹਾਲਤ ਕਾਫੀ ਸੁਧਾਰੀ ਤੇ ਸ਼ਮਸ਼ਾਨਘਾਟ ਨੂੰ ਵੀ ਬਿਹਤਰ ਬਣਾਉਣ ਲਈ ਕੰਮ ਕੀਤਾ।

ਇਲਾਕੇ ਦੀਆਂ 6000 ਦੇ ਕਰੀਬ ਔਰਤਾਂ ਨੂੰ ਉਨ੍ਹਾਂ ਨੇ ਸਵੈ-ਰੁਜ਼ਗਾਰ ਸਮੇਤ ਹੋਰ ਹੁਨਰ ਵਾਲੇ ਕੰਮ ਸਿਖਾਉਣ ਵਿੱਚ ਮਦਦ ਕੀਤੀ ਤੇ ਕੰਨਿਆ-ਭਰੂਣ ਹੱਤਿਆ ਵਿਰੁੱਧ ਮੁਹਿੰਮ ਵੀ ਛੇੜੀ।

ਸਮਾਜ ਸੇਵਾ ਕਾਰਨ ਉਨ੍ਹਾਂ ਨੇ ਸਿਆਸਤ ਤੋਂ ਵੀ ਕਿਨਾਰਾ ਕਰ ਲਿਆ ਸੀ ਪਰ 11 ਅਕਤੂਬਰ 2021 ਨੂੰ ਉਨ੍ਹਾਂ ਨੇ ਅਰਵਿੰਦ ਕੇਜਰੀਵਾਲ ਦੀ ਜਲੰਧਰ ਫੇਰੀ ਦੌਰਾਨ ਆਪ ਦਾ ਪੱਲਾ ਫੜ ਲਿਆ। ਵਿਧਾਇਕ ਦੀ ਚੋਣ ਉਨ੍ਹਾਂ ਨੇ ਪਹਿਲੀ ਵਾਰ ਲੜੀ ਤੇ ਜਿੱਤੀ।

ਉਨ੍ਹਾਂ ਦੇ ਪਤੀ ਪਹਿਲਾਂ ਇੰਗਲੈਂਡ ਵਸ ਗਏ ਸਨ ਪਰ ਅੱਜ-ਕੱਲ੍ਹ ਪਿੰਡ ਵਿੱਚ ਹੀ ਰਹਿ ਰਹੇ ਹਨ। ਇੰਦਰਜੀਤ ਕੌਰ ਮਾਨ ਵੀ ਵਿਆਹ ਤੋਂ ਬਾਅਦ ਕੁਝ ਸਮਾਂ ਇੰਗਲੈਂਡ ਰਹੇ ਸਨ।

ਰਜਿੰਦਰ ਪਾਲ ਕੌਰ ਛੀਨਾ- ਲੁਧਿਆਣਾ ਦੱਖਣੀ

ਲੁਧਿਆਣਾ ਦੱਖਣੀ ਤੋਂ ਆਮ ਆਦਮੀ ਪਾਰਟੀ ਦੀ ਰਜਿੰਦਰ ਪਾਲ ਕੌਰ ਛੀਨਾ ਨੇ ਭਾਜਪਾ ਦੇ ਸਤਿੰਦਰਪਾਲ ਸਿੰਘ ਤਾਜਪੁਰੀ ਨੂੰ 26 ਹਜਾਰ ਤੋਂ ਵੱਧ ਵੋਟਾਂ ਦੇ ਫਰਕ ਨਾਲ ਹਰਾਇਆ।

56 ਸਾਲਾ ਰਜਿੰਦਰਪਾਲ ਨੇ ਗ੍ਰੈਜੂਏਸ਼ਨ ਤੱਕ ਪੜ੍ਹਾਈ ਕੀਤੀ ਹੈ।

ਰਜਿੰਦਰ ਪਾਲ ਕੌਰ 2011 ਵਿੱਚ ਦਿੱਲੀ ਦੇ ਜੰਤਰ-ਮੰਤਰ 'ਤੇ ਅੰਨਾ ਹਜ਼ਾਰੇ ਦੇ ਅਨਸ਼ਨ ਵਿੱਚ ਸ਼ਾਮਲ ਹੋਏ ਸਨ।

ਉਹ ਉਦੋਂ ਤੋਂ ਆਮ ਆਦਮੀ ਪਾਰਟੀ ਨਾਲ ਜੁੜੇ ਹਨ ਜਦੋਂ ਪਾਰਟੀ ਕੋਲ ਚੋਣ ਨਿਸ਼ਾਨ ਨਹੀਂ ਸੀ।

ਨੀਨਾ ਮਿੱਤਲ- ਰਾਜਪੁਰਾ

ਨੀਨਾ ਮਿੱਤਲ ਨੇ ਰਾਜਪੁਰਾ ਸੀਟ ਤੋਂ ਭਾਜਪਾ ਦੇ ਜਗਦੀਸ਼ ਜੱਗਾ ਨੂੰ ਹਰਾਇਆ ਹੈ। ਨੀਨਾ ਮਿੱਤਲ ਪਹਿਲਾਂ ਬਠਿੰਡਾ ਰਹਿੰਦੇ ਸਨ ਪਰ ਹੁਣ ਪਿਛਲੇ 10 ਸਾਲ ਤੋਂ ਰਾਜਪੁਰਾ ਵਿੱਚ ਵੱਸ ਗਏ ਸਨ।

ਉਨ੍ਹਾਂ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪੋਸਟ ਗ੍ਰੈਜੁਏਸ਼ਨ ਕੀਤੀ ਹੈ। ਉਨ੍ਹਾਂ ਦੀ ਧੀ ਸਪੇਨ ਵਿੱਚ ਪੜ੍ਹ ਰਹੀ ਹੈ ਤੇ ਪੁੱਤਰ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਵਕੀਲ ਹਨ।

ਨੀਨਾ ਮਿੱਤਲ ਦੇ ਪਤੀ ਕਾਰੋਬਾਰੀ ਹਨ ਜਿਨ੍ਹਾਂ ਦੇ ਦਿੱਲੀ ਤੇ ਮੁਹਾਲੀ ਵਰਗੇ ਸ਼ਹਿਰਾਂ ਵਿੱਚ ਪੈਟਰੋਲ ਪੰਪ ਹਨ।

ਸੰਤੋਸ਼ ਕਟਾਰੀਆ- ਬਲਾਚੌਰ ਸੀਟ

ਸੰਤੋਸ਼ ਕਟਾਰੀਆ ਨੇ ਬਲਾਚੌਰ ਸੀਟ ਤੋਂ ਅਕਾਲੀ ਦਲ ਦੀ ਸੁਨੀਤਾ ਰਾਣੀ ਨੂੰ ਹਰਾਇਆ ਹੈ।

ਸੰਤੋਸ਼ ਕੁਮਾਰੀ ਕਟਾਰੀਆ ਨੂੰ ਸਿਆਸਤ ਵਿੱਚ ਆਉਣ ਲਈ ਖਾਸ ਮੁਸ਼ੱਕਤ ਨਹੀਂ ਕਰਨੀ ਪਈ ਕਿਉਂਕਿ ਉਨ੍ਹਾਂ ਦਾ ਪਰਿਵਾਰਕ ਪਿਛੋਕੜ ਸਿਆਸੀ ਹੀ ਹੈ।

ਉਨ੍ਹਾਂ ਦੇ ਸਹੁਰਾ ਰਾਮ ਕਿਸ਼ਨ ਕਟਾਰੀਆ 1977 ਵਿੱਚ ਜਨਤਾ ਪਾਰਟੀ ਤੇ 1985 ਵਿੱਚ ਸ਼੍ਰੋਮਣੀ ਅਕਾਲੀ ਵੱਲੋਂ ਚੋਣ ਲੜੇ ਤੇ ਵਿਧਾਇਕ ਚੁਣੇ ਗਏ। ਸਾਲ 1966 ਵਿੱਚ ਪਿੰਡ ਚਾਂਦਪੁਰ ਰੁੜਕੀ ਵਿੱਚ ਜੰਮੀ ਸੰਤੋਸ਼ ਕੁਮਾਰੀ ਨੇ ਦੱਸਵੀ ਪਾਸ ਕਰਨ ਤੋਂ ਬਾਅਦ ਆਈਟੀਆਈ ਵਿੱਚ ਡਿਪਲੋਮਾ ਕੀਤਾ। 1987 ਵਿੱਚ ਅਸ਼ੋਕ ਕਟਾਰੀਆ ਨਾਲ ਉਨ੍ਹਾਂ ਦਾ ਵਿਆਹ ਹੋ ਗਿਆ। ਉਨ੍ਹਾਂ ਦੇ 3 ਬੱਚੇ ਹਨ ਤੇ ਪਤੀ ਨੌਕਰੀ ਕਰਦੇ ਹਨ।

ਸੰਤੋਸ਼ ਕਟਾਰੀਆ ਸ਼ਹੀਦ ਭਗਤ ਸਿੰਘ ਨਗਰ ਦੇ 2003 ਤੋਂ 2007 ਤੱਕ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਪਰਸਨ ਰਹੇ।

ਸਾਲ 2007 ਵਿੱਚ ਉਨ੍ਹਾਂ ਨੇ ਕਾਂਗਰਸ ਦੀ ਟਿਕਟ 'ਤੇ ਚੋਣ ਲੜੀ ਪਰ 1100 ਵੋਟਾਂ ਦੇ ਫਰਕ ਨਾਲ ਹਾਰ ਗਏ। 2017 ਵਿੱਚ ਪਾਰਟੀ ਨੇ ਉਨ੍ਹਾਂ ਨੂੰ ਟਿਕਟ ਨਹੀਂ ਦਿੱਤੀ ਤੇ 2019 ਦੀਆਂ ਲੋਕ ਸਭਾ ਚੋਣਾਂ ਵੇਲੇ ਉਨ੍ਹਾਂ ਨੇ ਆਮ ਆਦਮੀ ਪਾਰਟੀ ਜੁਆਇਨ ਕਰ ਲਈ।

ਬਲਜੀਤ ਕੌਰ- ਮਲੌਟ

ਮਲੌਟ ਸੀਟ 'ਤੇ ਬਲਜੀਤ ਕੌਰ ਨੇ ਅਕਾਲੀ ਦਲ ਦੇ ਹਰਪ੍ਰੀਤ ਸਿੰਘ ਨੂੰ 40 ਹਜ਼ਾਰ ਤੋਂ ਵੀ ਵੱਧ ਵੋਟਾਂ ਦੇ ਫਰਕ ਨਾਲ ਹਰਾਇਆ ਹੈ।

ਬਲਜੀਤ ਕੌਰ ਫਰੀਦਕੋਟ ਤੋਂ ਸੰਸਦ ਮੈਂਬਰ ਰਹਿ ਚੁੱਕੇ ਸਾਧੂ ਸਿੰਘ ਦੀ ਧੀ ਹਨ ਤੇ ਉਨਾਂ ਨੇ 2014 ਦੀਆਂ ਲੋਕ ਸਭਾ ਚੋਣਾਂ ਵਿੱਚ ਆਪਣੇ ਪਿਤਾ ਲਈ ਪ੍ਰਚਾਰ ਵੀ ਕੀਤਾ ਸੀ।

ਬਲਜੀਤ ਕੌਰ ਨੇ ਕਰੀਬ 4 ਸਾਲ ਪਹਿਲਾਂ ਹੀ ਆਮ ਆਦਮੀ ਪਾਰਟੀ ਜੁਆਇਨ ਕੀਤੀ ਤੇ ਪਹਿਲੀ ਵਾਰ ਵਿਧਾਨ ਸਭਾ ਚੋਣ ਲੜੀ ਹੈ। ਬਲਜੀਤ ਕੌਰ ਅੱਖਾਂ ਦੇ ਡਾਕਟਰ ਹਨ।

ਉਨ੍ਹਾਂ ਨੂੰ ਭਾਰਤ ਸਰਕਾਰ ਵੱਲੋਂ ਬੈਸਟ ਸਰਜਨ ਦਾ ਐਵਾਰਡ ਵੀ ਮਿਲਿਆ ਸੀ। ਸਿਵਿਲ ਹਸਪਤਾਲ ਮੁਕਤਸਰ ਵਿੱਚ ਅੱਖਾਂ ਦੀ ਮਾਹਿਰ ਡਾਕਟਰ ਵਜੋਂ ਡਿਊਟੀ ਨਿਭਾ ਰਹੇ ਬਲਜੀਤ ਕੌਰ ਨੇ 4 ਮਹੀਨੇ ਪਹਿਲਾਂ ਪ੍ਰੀ-ਰਿਟਾਇਰਮੈਂਟ ਲੈ ਲਈ ਸੀ।

ਸੇਵਾ ਮੁਕਤ ਹੋਣ ਮਗਰੋਂ ਉਹ ਪ੍ਰਾਈਵੇਟ ਕਲੀਨਿਕ ਸ਼ੁਰੂ ਕਰਕੇ ਆਪਣੀਆਂ ਸੇਵਾਵਾਂ ਦੇ ਰਹੇ ਹਨ। ਚੋਣਾਂ ਦੌਰਾਨ ਉਨ੍ਹਾਂ ਬਾਰੇ ਇਹ ਗੱਲ ਚਰਚਿਤ ਰਹੀ ਕਿ ਉਹ ਰੋਜ਼ ਚੋਣ ਪ੍ਰਚਾਰ ਸ਼ੁਰ ਕਰਨ ਤੋਂ ਪਹਿਲਾ ਮਰੀਜ਼ਾਂ ਦਾ ਚੈੱਕਅੱਪ ਕਰਦੇ ਸਨ। ਉਨ੍ਹਾਂ ਨੇ ਐਮਬੀਬੀਐਸ ਤੇ ਐਮਐਸ ਦੀ ਪੜ੍ਹਾਈ ਕੀਤੀ ਹੈ।

ਡਾ਼ ਅਮਨਦੀਪ ਅਰੋੜਾ- ਮੋਗਾ

ਮੋਗਾ ਸ਼ਹਿਰੀ ਸੀਟ ਤੋਂ ਆਪ ਦੇ ਅਮਨਦੀਪ ਕੌਰ ਅਰੋੜਾ ਨੇ ਅਦਾਕਾਰ ਸੋਨੂੰ ਸੂਦ ਦੀ ਭੈਣ ਮਾਲਵਿਕਾ ਸੂਦ ਨੂੰ ਹਰਾਇਆ ਹੈ। ਅਮਨਦੀਪ ਕੌਰ ਅਰੋੜਾ ਪੇਸ਼ੇ ਤੋਂ ਡਾਕਟਰ ਹਨ...

ਅਮਨਦੀਪ ਕੌਰ ਅਰੋੜਾ ਦੇ ਪਿਤਾ ਇੱਕ ਫੌਜੀ ਅਫਸਰ ਸਨ। ਸਾਲ 2010 ਵਿੱਚ ਅਮਨਦੀਪ ਕੌਰ ਦਾ ਵਿਆਹ ਮੋਗਾ ਦੇ ਡਾ. ਰਾਕੇਸ਼ ਅਰੋੜਾ ਨਾਲ ਹੋਇਆ।

ਉਹ ਵੀ ਐੱਮਬੀਬੀਐੱਸ ਹਨ ਤੇ ਸਰਕਾਰੀ ਨੌਕਰੀ ਕਰਦੇ ਹਨ। ਅਮਨਦੀਪ ਕੌਰ ਨੇ ਵਿਆਹ ਮਗਰੋਂ ਮੋਗਾ ਦੇ ਆਰਮੀ ਹਸਪਤਾਲ ਵਿੱਚ ਬਤੌਰ ਡਾਕਟਰ ਵਜੋਂ ਸੇਵਾਵਾਂ ਦੇਣੀਆ ਸ਼ੁਰੂ ਕੀਤੀਆਂ ਤੇ ਪਿਛਲੇ 8 ਸਾਲਾਂ ਤੋਂ ਇੱਥੇ ਹੀ ਕੰਮ ਕਰ ਰਹੇ ਹਨ। ਉਨ੍ਹਾਂ ਦੇ ਦੋ ਬੱਚੇ ਹਨ।

ਡਾਕਟਰੀ ਦੇ ਨਾਲ-ਨਾਲ ਅਮਨਦੀਪ ਕੌਰ ਇੱਕ ਸੋਸ਼ਲ ਵਰਕਰ ਵਜੋਂ ਵੀ ਐਕਟਿਵ ਸਨ ਹਾਲਾਂਕਿ ਸਿਆਸਤ ਨਾਲ ਉਨ੍ਹਾਂ ਦਾ ਕੋਈ ਵਾਹ-ਵਾਸਤਾ ਨਹੀਂ ਸੀ। ਉਨ੍ਹਾਂ ਨੇ ਪਹਿਲੀ ਵਾਰ ਆਮ ਆਦਮੀ ਪਾਟੀ ਵਿੱਚ ਹੀ ਸ਼ਮੂਲੀਅਤ ਕੀਤੀ ਤੇ ਵਿਧਾਇਕ ਵਜੋਂ ਚੋਣ ਲੜ ਕੇ ਜਿੱਤ ਹਾਸਲ ਕੀਤੀ।

ਗਨੀਵ ਕੌਰ- ਮਜੀਠਾ

ਅਕਾਲੀ ਦਲ ਵੱਲੋਂ ਪਹਿਲੀ ਵਾਰ ਚੋਣ ਲੜ ਰਹੇ ਗਨੀਵ ਕੌਰ ਨੇ ਆਮ ਆਦਮੀ ਪਾਰਟੀ ਦੇ ਸੁਖਜਿੰਦਰ ਰਾਜ ਸਿੰਘ ਲਾਲੀ ਨੂੰ ਹਰਾਇਆ ਹੈ। ਗਨੀਵ ਕੌਰ ਅਕਾਲੀ ਦਲ ਦੇ ਸੀਨੀਅਰ ਲੀਡਰ ਤੇ ਸੁਖਬੀਰ ਸਿੰਘ ਬਾਦਲ ਦੇ ਸਾਲੇ ਬਿਕਰਮ ਸਿੰਘ ਮਜੀਠੀਆ ਦੀ ਪਤਨੀ ਹਨ।

46 ਸਾਲਾ ਗਨੀਵ ਕੌਰ ਦੀ ਆਪਣੀ ਵੋਟ ਸੰਗਰੂਰ ਦੇ ਸੁਨਾਮ ਹਲਕੇ ਦੀ ਹੈ। ਉਨ੍ਹਾਂ ਦੇ ਪਿਤਾ ਅਵਿਨਾਸ਼ ਸਿੰਘ ਇੱਕ ਵਪਾਰੀ ਹਨ ਅਤੇ ਉਹ ਡੇਰਾ ਬਿਆਸ ਦੇ ਮੁਖੀ ਦੇ ਨਜ਼ਦੀਕੀ ਰਿਸ਼ਤੇਦਾਰ ਵੀ ਹਨ। ਗਨੀਵ ਕੌਰ ਨੇ ਆਪਣੀ ਗ੍ਰੈਜੂਏਸ਼ਨ ਦਿੱਲੀ ਦੇ ਜੀਸਸ ਐਂਡ ਮੈਰੀ ਕਾਲਜ ਤੋਂ ਕੀਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਲੰਡਨ ਦੇ ਕ੍ਰਿਸਟੀ ਐਜੂਕੇਸ਼ਨ ਤੋਂ ਵੀ ਪੜ੍ਹਾਈ ਕੀਤੀ ਹੈ ਅਤੇ ਖੋਜ ਨਾਮ ਦੀ ਕਮਰਸ਼ਲ ਆਰਟ ਗੈਲਰੀ ਲਈ ਵੀ ਕੰਮ ਕੀਤਾ ਹੈ।

ਉਨ੍ਹਾਂ ਨੇ ਆਕਸ਼ਨ ਹਾਊਸ 'ਕ੍ਰਿਸਟੀ' ਦੇ ਨੁਮਾਇੰਦੇ ਵਜੋਂ ਭਾਰਤ ਵਿੱਚ ਕੰਮ ਕੀਤਾ ਹੈ। ਅੰਗਰੇਜ਼ੀ ਅਖ਼ਬਾਰ ਡੀਐੱਨਏ ਦੀ ਰਿਪੋਰਟ ਮੁਤਾਬਕ ਉਹ ਬਚਪਨ ਤੋਂ ਹੀ ਕਲਾ ਕ੍ਰਿਤੀਆਂ ਨਾਲ ਜੁੜੇ ਹਨ।

ਉਨ੍ਹਾਂ ਦੇ ਦਾਦਾ ਜਦੋਂ ਕਲਾਕ੍ਰਿਤੀਆਂ ਖ਼ਰੀਦਦੇ ਸਨ ਤਾਂ ਇਸ ਬਾਰੇ ਉਹ ਚਰਚਾ ਵੀ ਕਰਦੇ ਸਨ। ਸ਼੍ਰੋਮਣੀ ਅਕਾਲੀ ਦਲ ਆਗੂ ਬਿਕਰਮ ਸਿੰਘ ਮਜੀਠੀਆ ਨਾਲ ਉਨ੍ਹਾਂ ਦਾ ਵਿਆਹ 2009 ਵਿੱਚ ਹੋਇਆ ਸੀ। ਉਨ੍ਹਾਂ ਦੇ ਦੋ ਬੱਚੇ ਹਨ। ਗਨੀਵ ਕੌਰ ਕਾਰੋਬਾਰੀ ਵਜੋਂ ਇਕ ਸਕਿਓਰਿਟੀ ਕੰਪਨੀ ਦੇ ਡਾਇਰੈਕਟਰ ਵੀ ਰਹੇ ਹਨ।

(ਇਸ ਰਿਪੋਰਟ ਵਿੱਚ ਪਾਲ ਸਿੰਘ ਨੌਲੀ, ਪਰਦੀਪ ਪੰਡਿਤ, ਭਰਤ ਭੂਸ਼ਣ ਅਜ਼ਾਦ, ਗੁਰਮਿੰਦਰ ਗਰੇਵਾਲ ਤੇ ਜਸਬੀਰ ਸ਼ੇਤਰਾ ਵੱਲੋਂ ਵੀ ਜਾਣਕਾਰੀ ਦਿੱਤੀ ਗਈ ਹੈ।)

ਇਹ ਵੀ ਪੜ੍ਹੋ:

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)