ਪੰਜਾਬ ਚੋਣ ਨਤੀਜੇ: ਐੱਸਐੱਸਐੱਮ ਦਾ ਸਿਰਫ ਇੱਕ ਉਮੀਦਵਾਰ ਬਚਾ ਸਕਿਆ ਆਪਣੀ ਜ਼ਮਾਨਤ - ਪ੍ਰੈਸ ਰਿਵੀਊ

ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਕਿਸਾਨੀ ਜਥੇਬੰਦੀਆਂ ਵਾਲੇ ਸੰਯੁਕਤ ਸਮਾਜ ਮੋਰਚਾ (ਐੱਸਐੱਸਐੱਮ) ਦੇ 94 ਉਮੀਦਵਾਰਾਂ ਵਿੱਚੋਂ 93 ਨੇ ਆਪਣੀ ਜ਼ਮਾਨਤ ਗੁਆ ਦਿੱਤੀ ਹੈ।

ਦਿ ਇੰਡੀਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਕ, ਚੋਣ ਨਿਸ਼ਾਨ ਨਾ ਮਿਲ ਸਕਣ ਕਾਰਨ ਐੱਸਐੱਸਐੱਮ ਦੇ ਮੈਂਬਰ ਆਜ਼ਾਦ ਉਮੀਦਵਾਰਾਂ ਵਜੋਂ ਚੋਣ ਲੜ ਰਹੇ ਸਨ।

ਐੱਸਐੱਸਐੱਮ ਦੇ 79 ਸਾਲਾ ਮੁਖੀ ਬਲਬੀਰ ਸਿੰਘ ਰਾਜੇਵਾਲ ਵੀ ਉਨ੍ਹਾਂ ਉਮੀਦਵਾਰਾਂ 'ਚ ਸ਼ਾਮਲ ਹਨ ਜੋ ਸਮਰਾਲਾ ਤੋਂ ਚੋਣ ਹਾਰ ਜਾਣ ਕਾਰਨ ਆਪਣੀ ਜ਼ਮਾਨਤ ਨਹੀਂ ਬਚਾ ਸਕੇ। ਰਾਜੇਵਾਲ ਨੂੰ ਸਿਰਫ਼ 4,676 ਵੋਟਾਂ ਮਿਲੀਆਂ - ਜੋ ਕਿ ਕੁੱਲ ਪਈਆਂ ਵੋਟਾਂ ਦਾ 3.5% ਬਣਦਾ ਹੈ।

ਮੋਰਚੇ ਵਿੱਚੋਂ ਸਿਰਫ ਲਖਬੀਰ ਸਿੰਘ ਲੱਖਾ ਸਿਧਾਣਾ ਹੀ ਆਪਣੀ ਜ਼ਮਾਨਤ ਬਚਾ ਸਕੇ। ਉਨ੍ਹਾਂ ਨੂੰ ਮੌੜ ਤੋਂ 28,091 ਵੋਟਾਂ (ਕੁੱਲ ਪੋਲ ਹੋਈਆਂ ਵੋਟਾਂ ਦਾ 20.64%) ਪਈਆਂ। ਸਿਧਾਣਾ ਦਾ ਨਾਮ ਲਾਲ ਕਿਲ੍ਹਾ ਹਿੰਸਾ ਮਾਮਲੇ 'ਚ ਵੀ ਸ਼ਾਮਲ ਹੈ।

ਐੱਸਐੱਸਐੱਮ ਦੇ ਸੀਨੀਅਰ ਆਗੂ ਪ੍ਰੇਮ ਸਿੰਘ ਭੰਗੂ ਨੇ ਕਿਹਾ, "ਲੋਕ ਬਦਲਾਅ ਦੀ ਤਲਾਸ਼ ਕਰ ਰਹੇ ਸਨ ਅਤੇ ਉਨ੍ਹਾਂ ਨੇ 'ਆਪ' ਵਿੱਚ ਇਹ ਬਦਲਾਅ ਦੇਖਿਆ। ਉਨ੍ਹਾਂ ਪੁਰਾਣੀਆਂ ਪਾਰਟੀਆਂ ਨੂੰ ਨਕਾਰ ਦਿੱਤਾ। ਰਾਜਨੀਤੀ ਵਿੱਚ ਐੱਸਐੱਸਐੱਮ ਦਾ ਪ੍ਰਵੇਸ਼ ਦੇਰ ਨਾਲ ਹੋਇਆ ਸੀ ਅਤੇ ਸ਼ਾਇਦ ਇਹੀ ਕਾਰਨ ਸੀ ਕਿ ਅਸੀਂ ਇਸਨੂੰ ਵੋਟਾਂ ਵਿੱਚ ਤਬਦੀਲ ਨਹੀਂ ਕਰ ਸਕੇ। ਅਸੀਂ ਲੋਕਾਂ ਦੇ ਫੈਸਲੇ ਨੂੰ ਸਵੀਕਾਰ ਕਰਦੇ ਹਾਂ।''

ਇਹ ਵੀ ਪੜ੍ਹੋ:

ਜਿਸ ਵਿਅਕਤੀ ਨੂੰ ਲਗਾਇਆ ਗਿਆ ਸੀ ਸੂਰ ਦਾ ਦਿਲ, ਉਸਦੀ ਹੋਈ ਮੌਤ

ਜੈਨੇਟਿਕ ਤੌਰ 'ਤੇ ਸੋਧੇ ਹੋਏ ਸੂਰ ਦਾ ਦਿਲ ਟ੍ਰਾਂਸਪਲਾਂਟ ਕਰਵਾਉਣ ਵਾਲੇ ਦੁਨੀਆ ਦੇ ਪਹਿਲੇ ਵਿਅਕਤੀ ਦੀ ਮੌਤ ਹੋ ਗਈ ਹੈ।

ਬੀਬੀਸੀ ਡਾਟ ਕਾਮ ਦੀ ਖ਼ਬਰ ਮੁਤਾਬਕ, 57 ਸਾਲਾ ਡੇਵਿਡ ਬੇਨੇਟ ਨੂੰ ਦਿਲ ਦੀ ਬਿਮਾਰੀ ਸੀ ਅਤੇ ਅਮਰੀਕਾ ਵਿੱਚ ਆਪਣੀ ਇਸ ਸਰਜਰੀ ਤੋਂ ਬਾਅਦ ਉਹ ਦੋ ਮਹੀਨਿਆਂ ਤੱਕ ਜ਼ਿੰਦਾ ਰਹੇ।

ਪਰ ਡਾਕਟਰਾਂ ਮੁਤਾਬਕ, ਕਈ ਦਿਨ ਪਹਿਲਾਂ ਉਨ੍ਹਾਂ ਦੀ ਹਾਲਤ ਵਿਗੜਨੀ ਸ਼ੁਰੂ ਹੋ ਗਈ ਸੀ ਅਤੇ 8 ਮਾਰਚ ਨੂੰ ਉਨ੍ਹਾਂ ਦੀ ਮੌਤ ਹੋ ਗਈ।

ਡੇਵਿਡ ਬੇਨੇਟ ਇਸ ਖਾਸ ਸਰਜਰੀ ਨਾਲ ਜੁੜੇ ਜੋਖਮਾਂ ਨੂੰ ਜਾਣਦੇ ਸਨ ਅਤੇ ਪ੍ਰਕਿਰਿਆ ਤੋਂ ਪਹਿਲਾਂ ਉਨ੍ਹਾਂ ਕਿਹਾ ਸੀ ਕਿ ਇਹ "ਹਨ੍ਹੇਰੇ ਵਿੱਚ ਤੀਰ ਚਲਾਉਣ ਵਰਗਾ" ਸੀ।

ਟ੍ਰਾਂਸਪਲਾਂਟ ਕਰਨ ਵਾਲੇ ਸਰਜਨ ਬਾਰਟਲੇ ਗ੍ਰਿਫਿਥ ਨੇ ਹਸਪਤਾਲ ਵੱਲੋਂ ਜਾਰੀ ਬਿਆਨ ਵਿੱਚ ਕਿਹਾ, "ਉਹ ਇੱਕ ਬਹਾਦਰ ਅਤੇ ਨੇਕ ਮਰੀਜ਼ ਸਾਬਤ ਹੋਏ, ਜਿਨ੍ਹਾਂ ਨੇ ਅੰਤ ਤੱਕ ਲੜਾਈ ਲੜੀ।

ਡਬਲਿਊਐੱਚਓ ਨੇ ਓਮੀਕਰੋਨਤੇ ਡੈਲਟਾ ਰੀਕੌਂਬੀਨੈਂਟ ਵਾਇਰਸ ਬਾਰੇ ਦਿੱਤੀ ਚੇਤਾਵਨੀ

ਇੱਕ ਤਾਜ਼ਾ ਅਧਿਐਨ ਵਿੱਚ ਖੁਲਾਸਾ ਹੋਇਆ ਹੈ ਕਿ ਇੱਕ ਡੈਲਟਾ ਅਤੇ ਓਮਾਈਕਰੋਨ ਰੀਕੌਂਬੀਨੈਂਟ ਵਾਇਰਸ ਲਈ ਪਹਿਲਾ ਠੋਸ ਸਬੂਤ ਪਾਇਆ ਗਿਆ ਹੈ।

ਵਿਸ਼ਵ ਸਿਹਤ ਸੰਗਠਨ (ਡਬਲਯੂਐੱਚਓ) ਨੇ ਕਿਹਾ ਹੈ ਕਿ ਕੋਵਿਡ ਦੇ ਵਿਆਪਕ ਤੌਰ 'ਤੇ ਫੈਲਣ ਵਾਲੇ ਓਮੀਕਰੋਨ ਅਤੇ ਡੈਲਟਾ, ਦੋਵਾਂ ਰੂਪਾਂ ਨਾਲ ਅਜਿਹਾ ਹੋਣ ਦੀ ਉਮੀਦ ਸੀ। ਡਬਲਯੂਐੱਚਓ ਨੇ ਇਹ ਭਰੋਸਾ ਵੀ ਦਿਵਾਇਆ ਹੈ ਕਿ ਇਸਦੀ ਗੰਭੀਰਤਾ ਅਤੇ ਪ੍ਰਸਾਰਣਯੋਗਤਾ ਨੂੰ ਸਮਝਣ ਲਈ ਕਈ ਅਧਿਐਨ ਚੱਲ ਰਹੇ ਹਨ।

ਲਾਈਵ ਮਿੰਟ ਦੀ ਖ਼ਬਰ ਮੁਤਾਬਕ, ਜਨਵਰੀ 2022 ਦੀ ਸ਼ੁਰੂਆਤ ਵਿੱਚ ਫ੍ਰਾਂਸ ਦੇ ਕਈ ਖੇਤਰਾਂ ਵਿੱਚ ਰੀਕੌਂਬੀਨੈਂਟ ਵਾਇਰਸ ਦੀ ਪਛਾਣ ਕੀਤੀ ਗਈ ਸੀ। ਡੈਨਮਾਰਕ ਅਤੇ ਨੀਦਰਲੈਂਡਜ਼ ਵਿੱਚ ਵੀ ਸਮਾਨ ਪ੍ਰੋਫਾਈਲ ਵਾਲੇ ਵਾਇਰਲ ਜੀਨੋਮ ਦੀ ਪਛਾਣ ਕੀਤੀ ਗਈ ਹੈ।

ਡਬਲਯੂਐੱਚਓ ਦੇ ਅਧਿਕਾਰੀ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਕਿਹਾ, ਫਿਲਹਾਲ ਇਸਦੀ ਗੰਭੀਰਤਾ ਅਤੇ ਸੰਚਾਰਨ ਵਿੱਚ ਕੋਈ ਬਦਲਾਅ ਨਹੀਂ ਦੇਖਿਆ ਜਾ ਰਿਹਾ ਹੈ, ਪਰ ਇਸ ਵਿਸ਼ੇ 'ਤੇ ਕਈ ਅਧਿਐਨ ਚੱਲ ਰਹੇ ਹਨ। ਇਸ ਪੜਾਅ 'ਤੇ ਜਾਂਚ ਗੰਭੀਰ ਰਹਿੰਦੀ ਹੈ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)