You’re viewing a text-only version of this website that uses less data. View the main version of the website including all images and videos.
ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਜਿੱਤ ਤੋਂ ਅਕਾਲੀ ਦਲ, ਕਾਂਗਰਸ ਤੇ ਭਾਜਪਾ ਨੂੰ ਕੀ ਸਿੱਖਣ ਦੀ ਲੋੜ ਹੈ - ਨਜ਼ਰੀਆ
ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਹੂੰਝਾ ਫੇਰ ਜਿੱਤ ਹੋਈ ਹੈ। ਆਮ ਆਦਮੀ ਪਾਰਟੀ ਨੇ ਪੰਜਾਬ ਵਿੱਚ 92 ਸੀਟਾਂ ਜਿੱਤੀਆਂ ਹਨ। ਕਾਂਗਰਸ ਨੂੰ 18 ਸੀਟਾਂ ਮਿਲੀਆਂ ਹਨ ਜਦਕਿ 100 ਸਾਲ ਤੋਂ ਵੱਧ ਪੁਰਾਣੀ ਪਾਰਟੀ ਅਕਾਲੀ ਦਲ ਨੂੰ 3 ਸੀਟਾਂ ਮਿਲੀਆਂ ਹਨ।
ਇਸ ਜਿੱਤ ਨੂੰ ਮਾਹਰਾਂ ਵੱਲੋਂ ਸੂਬੇ ਦੀ ਸਿਆਸਤ ਵਿੱਚ ਆਈ ਵੱਡੇ ਅਤੇ ਇਤਿਹਾਸਿਕ ਬਦਲਾਅ ਵਜੋਂ ਦੇਖਿਆ ਜਾ ਰਿਹਾ ਹੈ।
ਇਨ੍ਹਾਂ ਚੋਣਾਂ ਦੇ ਨਤੀਜਿਆਂ ਦੇ ਮਾਅਨੇ ਅਤੇ ਪਹਿਲੂ ਸਮਝਣ ਲਈ ਬੀਬੀਸੀ ਪੰਜਾਬੀ ਨੇ ਵੱਖ-ਵੱਖ ਮਾਹਰਾਂ ਨਾਲ ਗੱਲਬਾਤ ਕੀਤੀ।
ਇਸ ਕਹਾਣੀ ਵਿੱਚ ਮਾਹਰਾਂ ਦੀ ਨਜ਼ਰ ਤੋਂ ਸਮਝਣ ਦਾ ਯਤਨ ਕਰਦੇ ਹਾਂ ਕਿ ਇਨ੍ਹਾਂ ਚੋਣਾਂ ਦੇ ਅਤੇ ਇਨ੍ਹਾਂ ਨਤੀਜਿਆਂ ਦੇ ਕੀ ਮਾਅਨੇ ਹਨ।
ਇਹ ਵੀ ਪੜ੍ਹੋ:
ਆਮ ਆਦਮੀ ਪਾਰਟੀ ਦੀ ਵੱਡੀ ਜਿੱਤ ਦੇ ਕੀ ਮਾਅਨੇ ਹਨ?
ਪੰਜਾਬ ਵਿੱਚ ਆਮ ਆਦਮੀ ਪਾਰਟੀ ਦੂਜੀਆਂ ਰਵਾਇਤੀ ਪਾਰਟੀਆਂ ਦੇ ਮੁਕਾਬਲਤਨ ਨਵੀਂ ਪਾਰਟੀ ਹੈ। ਉਸ ਨੇ ਅਜੇ ਤੱਕ ਪੰਜਾਬ ਵਿੱਚ ਸਰਕਾਰ ਨਹੀਂ ਚਲਾਈ ਹੈ। ਉਸ ਦੇ ਮੋਢਿਆਂ ’ਤੇ ਅਧੂਰੇ ਵਾਅਦਿਆਂ ਅਤੇ ਭ੍ਰਿਸ਼ਟਾਚਾਰ ਦੀ ਪੰਡ ਨਹੀਂ ਹੈ। ਮਾਹਿਰਾਂ ਦੀ ਰਾਇ ਹੈ ਕਿ ਲੋਕਾਂ ਨੇ ਉਸ ਨੂੰ ਰਵਾਇਤੀ ਪਾਰਟੀਆਂ ਕਾਂਗਰਸ ਅਤੇ ਅਕਾਲੀ ਦਲ ਦੇ ਵਿਰੋਧ ਵਿੱਚ ਵੋਟ ਦਿੱਤੀ ਹੈ।
ਆਮ ਆਦਮੀ ਪਾਰਟੀ ਨੂੰ ਜੱਜ ਕਰਨ ਲਈ ਲੋਕਾਂ ਕੋਲ ਉਨ੍ਹਾਂ ਦਾ ਕੋਈ ਰਿਕਾਰਡ ਨਹੀਂ ਹੈ। ਆਮ ਆਦਮੀ ਪਾਰਟੀ ਨੇ ਲੋਕਾਂ ਨੂੰ ਸਿਰਫ਼ ਵਾਅਦਾ ਕੀਤਾ ਹੈ ਅਤੇ ਕਿਹਾ ਹੈ ਕਿ ਜੋ ਬਦਲਾਅ ਉਹ ਦਿੱਲੀ ਵਿੱਚ ਲਿਆਏ ਹਾਂ ਉਹ ਪੰਜਾਬ ਵਿੱਚ ਵੀ ਲਿਆਵਾਂਗੇ।
ਸਿਆਸੀ ਮਾਮਲਿਆਂ ਦੇ ਮਾਹਿਰ ਪ੍ਰੋਫੈਸਰ ਪ੍ਰਮੋਦ ਕੁਮਾਰ ਦੀ ਰਾਇ ਮੁਤਾਬਕ, ''ਤਿੰਨ ਦਹਾਕਿਆਂ ਵਿੱਚ ਅਜਿਹੀਆਂ ਪਹਿਲੀਆਂ ਚੋਣਾਂ ਹੋਈਆਂ ਹਨ ਜਿਨ੍ਹਾਂ ਵਿੱਚ ਰਵਾਇਤੀ ਸਿਆਸਤ ਨਹੀਂ ਚੱਲੀ ਹੈ। ਕਿਸਾਨ ਅੰਦੋਲਨ ਤੋਂ ਬਾਅਦ ਵੀ ਕਿਸਾਨੀ ਵੱਡਾ ਮੁੱਦਾ ਨਹੀਂ ਬਣੀ ਹੈ। ਆਮ ਆਦਮੀ ਪਾਰਟੀ ਦੀ ਜਿੱਤ ਇਤਿਹਾਸਕ ਹੈ। ਇਸ ਦੇ ਨਾਲ ਹੀ ਕਾਂਗਰਸ ਨੂੰ ਸੋਚਣਾ ਪਵੇਗਾ ਕਿ ਕਿਤੇ ਆਮ ਆਦਮੀ ਪਾਰਟੀ ਉਸ ਦੀ ਥਾਂ ਤਾਂ ਨਹੀਂ ਲੈ ਲਵੇਗੀ।”
ਪ੍ਰੋਫ਼ੈਸਰ ਪ੍ਰਮੋਦ ਅੱਗੇ ਕਹਿੰਦੇ ਹਨ,''ਇਸ ਦੇ ਨਾਲ ਹੀ ਅਕਾਲੀ ਦਲ ਨੂੰ ਸੋਚਣਾ ਪਵੇਗਾ ਕਿ ਆਉਣ ਵਾਲੇ ਸਮੇਂ ਵਿੱਚ ਉਨ੍ਹਾਂ ਦੀ ਕੀ ਰਾਜਨੀਤੀ ਹੋਵੇ। ਲੋਕਾਂ ਦੇ ਪੱਖ ਦੀ ਲੋਕਾਂ ਨਾਲ ਜੁੜੀ ਹੋਈ ਸਿਆਸਤ ਕਿੱਦਾਂ ਦੀ ਹੋਵੇ ਕਿ ਅਕਾਲੀ ਦਲ ਇੱਦਾਂ ਦੀਆਂ ਚੁਣੌਤੀਆਂ ਨੂੰ ਉਹ ਪਾਰ ਕਰ ਸਕੇ।''
ਪ੍ਰੋਫ਼ੈਸਰ ਪ੍ਰਮੋਦ ਮੁਤਾਬਕ,''ਆਮ ਆਦਮੀ ਪਾਰਟੀ ਪੰਜਾਬ ਵਿੱਚ ਨਵੀਂ ਪਾਰਟੀ ਸੀ, ਲੋਕਾਂ ਕੋਲ ਇਸ ਨੂੰ ਜੱਜ ਕਰਨ ਦਾ ਕੋਈ ਪੈਮਾਨਾ ਨਹੀਂ ਸੀ। ਆਮ ਆਦਮੀ ਪਾਰਟੀ ਦੀਆਂ ਗਰੰਟੀਆਂ ਉੱਪਰ ਵੀ ਬਹੁਤ ਲੋਕਾਂ ਨੇ ਯਕੀਨ ਕੀਤਾ ਹੈ।”
ਉਹ ਕਹਿੰਦੇ ਹਨ, ''ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਦਾ ਰੁਝਾਨ ਮੈਨੂੰ ਲਗਦਾ ਹੈ ਕਿ ਇਹ ਹੋਵੇਗਾ ਕਿ ਕਾਂਗਰਸ ਨੂੰ ਰਿਪਲੇਸ ਕਰੋ, ਭਾਜਪਾ ਨੂੰ ਸਾਫ਼ ਕਰੋ। ਖੇਤਰੀ ਪਾਰਟੀਆਂ ਨਾਲ ਗਠਜੋੜ ਕਰੋ ਅਤੇ ਆਪਣੀ ਸਰਕਾਰ ਦੇਸ ਵਿੱਚ ਲੈ ਕੇ ਆਓ।''
ਇਹ ਉਹੀ ਫਾਰਮੂਲਾ ਹੈ ਜਿਸ ਨਾਲ ਕਦੇ ਭਾਜਪਾ ਨੇ ਐੱਨਡੀਏ ਬਣਾਇਆ ਸੀ ਪਰ ਸਮੇਂ ਦੇ ਨਾਲ ਪਾਰਟੀ ਖੇਤਰੀ ਦਲਾਂ ਤੋਂ ਵੱਖ ਹੋ ਗਈ।
ਕਾਂਗਰਸ ਪਾਰਟੀ ਤੋਂ ਕਿੱਥੇ ਗ਼ਲਤੀ ਹੋਈ?
ਪੰਜਾਬ ਯੂਨੀਵਰਸਿਟੀ ਵਿੱਚ ਰਾਜਨੀਤੀ ਸ਼ਾਸਤਰ ਦੇ ਪ੍ਰੋਫ਼ੈਸਰ ਮੁਹੰਮਦ ਖਾਲਿਦ ਨੂੰ ਕਾਂਗਰਸ ਦੇ ਭਵਿੱਖ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਆਖਿਆ, "ਇਨ੍ਹਾਂ ਚੋਣਾਂ ਵਿੱਚ ਕਾਂਗਰਸ ਦੀ ਆਪਸੀ ਲੜਾਈ ਨੇ ਅਹਿਮ ਭੂਮਿਕਾ ਨਿਭਾਈ ਹੈ। ਕਾਂਗਰਸ ਦੇ ਆਗੂਆਂ ਨੇ ਬੜੀ 'ਖ਼ੂਬਸੂਰਤੀ' ਨਾਲ ਇੱਕ ਦੂਜੇ ਨੂੰ ਅਤੇ ਪਾਰਟੀ ਨੂੰ ਹਰਾਇਆ ਹੈ।"
ਉਹ ਅੱਗੇ ਆਖਦੇ ਹਨ,''ਜਿਸ ਤਰੀਕੇ ਨਾਲ ਆਮ ਆਦਮੀ ਪਾਰਟੀ ਦੀ ਇੱਕ ਸੁਨਾਮੀ ਆਈ ਹੈ ਉਸ ਤੋਂ ਲੱਗਦਾ ਹੈ ਕਿ ਲੋਕਾਂ ਨੇ ਬਦਲਾਅ ਨੂੰ ਵੋਟ ਦਿੱਤੀ ਹੈ।''
ਉਨ੍ਹਾਂ ਨੇ ਕਿਹਾ, ''ਇਹ ਬਦਲਾਅ ਸਹੀ ਹੈ ਜਾਂ ਗਲਤ ਭਵਿੱਖ ਹੀ ਦੱਸੇਗਾ। ਬਾਕੀ ਰਾਜਨੀਤਿਕ ਦਲ ਚਿਹਰਿਆਂ ਦੀ ਲੜਾਈ ਲੜਦੇ ਹਨ ਜਦਕਿ ਆਮ ਆਦਮੀ ਪਾਰਟੀ ਨੇ ਮੁੱਦਿਆਂ ਦੀ ਲੜਾਈ ਲੜੀ ਹੈ।''
ਸੀਨੀਅਰ ਪੱਤਰਕਾਰ ਆਦਿਤੀ ਟੰਡਨ ਮੁਤਾਬਕ ਕਾਂਗਰਸ ਨੂੰ ਕੈਪਟਨ ਨੂੰ ਐਨ ਆਖਰੀ ਸਮੇਂ ਉੱਪਰ ਲਾਂਭੇ ਕਰਨਾ ਵੀ ਮਹਿੰਗਾ ਪਿਆ ਹੈ।
ਅਕਾਲੀ ਦਲ ਕਿਉਂ ਮਾਰ ਖਾ ਗਿਆ?
ਪ੍ਰੋਫ਼ੈਸਰ ਪ੍ਰਮੋਦ ਕੁਮਾਰ ਦਾ ਕਹਿਣਾ ਹੈ,''ਸਾਲ 2012 ਦੀਆਂ ਚੋਣਾਂ ਅਕਾਲੀ ਦਲ ਨੇ ਗਵਰਨੈਂਸ ਦੇ ਨਾਮ ਉੱਪਰ ਜਿੱਤੀਆਂ ਸਨ ਪਰ ਅਕਾਲੀ ਦਲ ਉਹ ਭੁੱਲ ਗਿਆ। ਕਾਂਗਰਸ ਨੇ ਗਵਰਨੈਂਸ ਨੂੰ ਪਿੱਛੇ ਸੁੱਟ ਦਿੱਤਾ। ਆਮ ਆਦਮੀ ਪਾਰਟੀ ਨੇ ਲੋਕਾਂ ਨੂੰ ਫਿਰ ਤੋਂ ਯਾਦ ਕਰਵਾਇਆ ਕਿ ਉਹ ਉਨ੍ਹਾਂ ਨੂੰ ਗਵਰਨੈਂਸ ਦੇਣਗੇ।''
“ਅਕਾਲੀ ਪਾਰਟੀ ਨੂੰ ਅਤੇ ਜੋ ਵੀ ਪਾਰਟੀਆਂ ਰਵਾਇਤੀ ਸਿਆਸਤ ਕਰਦੀਆਂ ਹਨ ਉਨ੍ਹਾਂ ਨੂੰ ਸੋਚਣਾ ਚਾਹੀਦਾ ਹੈ ਕਿ ਰਵਾਇਤੀ ਸਿਆਸਤ ਹੁਣ ਕੰਮ ਨਹੀਂ ਕਰ ਰਹੀ ਹੈ। ਅਕਾਲੀ ਦਲ ਨੂੰ ਸੋਚਣਾ ਪਵੇਗਾ ਕਿ ਉਨ੍ਹਾਂ ਨੇ ਪੰਥਕ ਖੇਤਰ ਵਿੱਚ ਰਹਿਣਾ ਹੈ ਜਾਂ ਨਵੇਂ ਖੇਤਰ ਵਿੱਚ ਜਾਣਾ ਹੈ। ਇਨ੍ਹਾਂ ਸਵਾਲਾਂ ਦੇ ਜਵਾਬ ਅਕਾਲੀ ਦਲ ਨੂੰ ਲੱਭਣੇ ਪੈਣਗੇ।”
ਇਨ੍ਹਾਂ ਚੋਣਾਂ ਵਿੱਚ ਮੁੱਦਿਆਂ ਨੇ ਕੋਈ ਭੂਮਿਕਾ ਨਿਭਾਈ ਹੈ?
ਪ੍ਰੋਫ਼ੈਸਰ ਪ੍ਰਮੋਦ ਕੁਮਾਰ ਮੁਤਾਬਕ, ''ਇਨ੍ਹਾਂ ਚੋਣਾਂ ਵਿੱਚ ਗਵਰਨੈਂਸ ਇੱਕ ਮੁੱਦਾ ਬਣੀ ਹੈ, ਨਾ ਕਿ ਜਾਤ-ਧਰਮ, ਨਾ ਹੀ ਮਾਝੇ-ਮਾਲਵੇ ਅਤੇ ਦੁਆਬੇ ਦਾ ਕੋਈ ਮੁੱਦਾ ਚੱਲਿਆ ਹੈ। ਫਾਲਟ ਲਾਈਂਜ਼ ਦੇਖਿਆ ਜਾਵੇ ਤਾਂ ਸਾਰੀਆਂ ਸੁਨਾਮੀ ਵਿੱਚ ਵਹਿ ਗਈਆਂ ਪਰ ਲੋਕਾਂ ਨੇ ਇੱਕ ਚੰਗੀ ਗਵਰਨੈਂਸ ਲਈ ਵੋਟ ਪਾਇਆ। ਭਾਵੇਂ ਕਿ ਲੋਕਾਂ ਨੂੰ ਕੁਝ ਉਮੀਦਵਾਰਾਂ ਦੇ ਨਾਮ ਵੀ ਨਾ ਪਤਾ ਹੋਣ।''
ਉਨ੍ਹਾਂ ਨੇ ਅੱਗੇ ਕਿਹਾ, ''ਇਸ ਵਾਰ ਲੋਕਾਂ ਨੇ ਅਮਰੀਕਾ ਵਾਂਗ ਵੋਟਾਂ ਪਾਈਆਂ ਹਨ ਜਿੱਥੇ ਲੋਕ ਰਾਸ਼ਟਰਪਤੀ ਚੁਣਦੇ ਹਨ ਅਤੇ ਬਾਕੀ ਉਮੀਦਵਾਰਾਂ ਨੂੰ ਉਸ ਹਵਾ ਦਾ ਲਾਭ ਮਿਲਦਾ ਹੈ। ਆਪ ਦੀ ਲਹਿਰ ਵਿੱਚ ਉਹ ਲੋਕ ਵੀ ਜਿੱਤ ਗਏ ਹਨ ਜਿਨ੍ਹਾਂ ਦਾ ਕੋਈ ਨਾਮ ਵੀ ਨਹੀਂ ਜਾਣਦਾ ਸੀ।''
ਭਾਜਪਾ ਤੋਂ ਗਲਤੀ ਕਿੱਥੇ ਹੋਈ?
ਭਾਜਪਾ ਹਾਲਾਂਕਿ ਚੋਣਾਂ ਤੋਂ ਪਹਿਲਾਂ ਸਿੱਖ ਚਿਹਰਿਆਂ ਅਤੇ ਵੱਡੇ ਆਗੂਆਂ ਨੂੰ ਆਪਣੇ ਵਿੱਚ ਮਿਲਾ ਕੇ ਅਤੇ ਕਿਸਾਨ ਅੰਦੋਲਨ ਤੋਂ ਹੋਏ ਨੁਕਸਾਨ ਦੀ ਪੂਰਤੀ ਕਰਦੀ ਨਜ਼ਰ ਆਈ ਹੈ।
ਭਾਜਪਾ ਆਪਣਾ ਅਧਾਰ ਬਣਾਉਣ ਵਿੱਚ ਅਤੇ ਵੋਟ ਸ਼ੇਅਰ ਵਧਾਉਣ ਵਿੱਚ ਤਾਂ ਲੱਗੀ ਰਹੀ ਪਰ ਉਨ੍ਹਾਂ ਨੇ ਇਹ ਨਹੀਂ ਦੇਖਿਆ ਕਿ ਉਨ੍ਹਾਂ ਦਾ ਅਸਲੀ ਮੁਕਾਬਲਾ ਕਾਂਗਰਸ ਜਾਂ ਅਕਾਲੀ ਦਲ ਨਾਲ ਨਹੀਂ ਹੈ ਸਗੋਂ ਆਮ ਆਦਮੀ ਪਾਰਟੀ ਵੱਲੋਂ ਕੀਤੀ ਜਾ ਰਹੀ ਨਵੀਂ ਸਿਆਸਤ ਨਾਲ ਹੈ।
ਡਾ. ਪ੍ਰਮੋਦ ਕਹਿੰਦੇ ਹਨ, “ਭਾਜਪਾ ਨੇ ਜੋ ਆਪਣੇ ਆਪ ਨੂੰ ਖੇਤਰੀ ਪਾਰਟੀਆਂ ਤੋਂ ਅਲਹਿਦਾ ਕੀਤਾ ਉਹ ਮੈਨੂੰ ਲਗਦਾ ਹੈ ਕਿ ਲੰਬੇ ਵਕਤ ਵਿੱਚ ਉਨ੍ਹਾਂ ਦੇ ਜਿਆਦਾ ਕੰਮ ਨਹੀਂ ਆਉਣ ਵਾਲਾ ਹੈ।”
ਪ੍ਰੋਫ਼ੈਸਰ ਮੁਹੰਮਦ ਖਾਲਿਦ ਨੇ ਕਿਹਾ ਕਿ ਭਾਜਪਾ ਅਕਾਲੀ ਦਲ ਦੇ ਆਗੂਆਂ ਨੂੰ ਤੇ ਕਾਂਗਰਸ ਦੇ ਆਗੂਆਂ ਨੂੰ ਆਪਣੇ ਵਿੱਚ ਮਿਲਾ ਕੇ ਆਪਣਾ ਅਧਾਰ ਵਧਾਉਣ ਵਿੱਚ ਤਾਂ ਲੱਗੀ ਰਹੀ ਪਰ ਉਹ ਪੰਜਾਬ ਦੀ ਸਿਆਸਤ ਨੂੰ ਨਹੀਂ ਸਮਝ ਸਕੀ।
ਆਦਿਤੀ ਟੰਡਨ ਦਾ ਕਹਿਣਾ ਹੈ ਕਿ ਪੰਜਾਬ ਦੇ 80 ਫ਼ੀਸਦੀ ਹਿੰਦੂਆਂ ਨੇ ਆਪਣੀ ਮਾਂ ਬੋਲੀ ਪੰਜਾਬੀ ਲਿਖਵਾਈ ਹੈ ਤਾਂ ਇਸ ਤੋਂ ਸਮਝਣਾ ਚਾਹੀਦਾ ਹੈ ਕਿ ਇੱਥੇ ਉਹ ਵਖਰੇਵਾਂ ਨਹੀਂ ਹੈ, ਇਕਮਿਕਤਾ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਇੱਥੇ,'''ਉਹ ਵੰਡ ਨਹੀਂ ਹੈ, ਜੋ ਭਾਜਪਾ ਨੂੰ ਮਦਦ ਕਰਦੀ ਹੈ।''
ਇਹ ਵੀ ਪੜ੍ਹੋ:
ਇਹ ਵੀ ਦੇਖੋ: