You’re viewing a text-only version of this website that uses less data. View the main version of the website including all images and videos.
ਪੰਜਾਬ ਚੋਣਾਂ 2022: ਗਨੀਵ ਕੌਰ ਬਾਰੇ ਖ਼ਾਸ ਗੱਲਾਂ: ‘ਬਿਕਰਮ ਨੇ ਜਦੋਂ ਚੋਣ ਲੜਨ ਲਈ ਕਿਹਾ ਤਾਂ ਮੈਨੂੰ ਲੱਗਿਆ ਉਹ ਮਖੌਲ ਕਰ ਰਹੇ ਹਨ’
- ਲੇਖਕ, ਅਰਸ਼ਦੀਪ ਕੌਰ
- ਰੋਲ, ਬੀਬੀਸੀ ਪੱਤਰਕਾਰ
ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਵੱਲੋਂ ਅੰਮ੍ਰਿਤਸਰ ਪੂਰਬੀ ਤੋਂ ਚੋਣਾਂ ਲੜਨ ਦੇ ਐਲਾਨ ਤੋਂ ਬਾਅਦ ਹੁਣ ਮਜੀਠਾ ਹਲਕਾ ਤੋਂ ਉਨ੍ਹਾਂ ਦੀ ਪਤਨੀ ਗਨੀਵ ਕੌਰ ਪਾਰਟੀ ਦੇ ਉਮੀਦਵਾਰ ਹਨ।
ਅਚਾਨਕ ਬਦਲੇ ਸਿਆਸੀ ਸਮੀਕਰਨਾਂ ਕਾਰਨ ਰਾਜਨੀਤੀ ਵਿੱਚ ਪ੍ਰਵੇਸ਼ ਕਰਨ ਵਾਲੇ ਗਨੀਵ ਕੌਰ ਨੇ ਕੱਥੂਨੰਗਲ ਵਿਖੇ ਬਾਬਾ ਬੁੱਢਾ ਜੀ ਦੇ ਜਨਮ ਸਥਾਨ ’ਤੇ ਮੱਥਾ ਟੇਕਣ ਤੋਂ ਬਾਅਦ ਚੋਣ ਪ੍ਰਚਾਰ ਦੀ ਸ਼ੁਰਆਤ ਕੀਤੀ ਸੀ।
ਗਨੀਵ ਕੌਰ ਦਾ ਚੋਣ ਪ੍ਰਚਾਰ: ਸਰਬਜੀਤ ਧਾਲੀਵਾਲ ਅਤੇ ਰਵਿੰਦਰ ਸਿੰਘ ਰੌਬਿਨ ਦੀ ਰਿਪੋਰਟ
ਜ਼ਿਕਰਯੋਗ ਹੈ ਕਿ 2017 ’ਚ ਬਿਕਰਮ ਸਿੰਘ ਮਜੀਠੀਆ ਮਜੀਠਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਬਣੇ ਸਨ। ਪਾਰਟੀ ਵੱਲੋਂ ਜਦੋਂ ਉਨ੍ਹਾਂ ਨੂੰ ਅੰਮ੍ਰਿਤਸਰ ਪੂਰਬੀ ਤੋਂ ਉਮੀਦਵਾਰ ਐਲਾਨਿਆ ਗਿਆ ਤਾਂ ਇਸ ਤੋਂ ਬਾਅਦ ਉਨ੍ਹਾਂ ਨੇ ਮਜੀਠਾ ਸੀਟ ਛੱਡ ਦਿੱਤੀ। ਹੁਣ ਇਸ ਸੀਟ ਤੋਂ ਗਨੀਵ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਹਨ।
ਰਾਜਨੀਤੀ ਵਿੱਚ ਆਪਣੀ ਐਂਟਰੀ ਬਾਰੇ ਗਨੀਵ ਕੌਰ ਨੇ ਕਿਹਾ ਕਿ ਕਦੀ ਸੋਚਿਆ ਨਹੀਂ ਸੀ ਪਰ ਹਾਲਾਤ ਅਜਿਹੇ ਬਣੇ ਕਿ ਹੁਣ ਉਹ ਚੋਣ ਮੈਦਾਨ ਵਿੱਚ ਹਨ।
"ਮਜੀਠਾ ਹਲਕਾ ਬਿਕਰਮ ਦੇ ਪਰਿਵਾਰ ਵਰਗਾ ਹੈ। ਇਹ ਫੈਸਲਾ ਲੈਣਾ ਉਨ੍ਹਾਂ ਲਈ ਕਾਫ਼ੀ ਮੁਸ਼ਕਿਲ ਸੀ ਪਰ ਹਾਲਾਤ ਅਜਿਹੇ ਬਣੇ ਕਿ ਉਨ੍ਹਾਂ ਨੂੰ ਇਹ ਹਲਕਾ ਮੈਨੂੰ ਸੌਂਪਣਾ ਪਿਆ। ਉਨ੍ਹਾਂ ਨੂੰ ਇਸ ਦਾ ਕਾਫੀ ਦੁੱਖ ਹੈ ਪਰ ਜਿਸ ਤਰ੍ਹਾਂ ਮੈਂ ਆਪਣੇ ਬੱਚਿਆਂ ਨੂੰ ਸੰਭਾਲਦੀ ਹਾਂ, ਉਸੇ ਤਰ੍ਹਾਂ ਇਸ ਹਲਕੇ ਨੂੰ ਸੰਭਾਲਾਂਗੀ।"
ਹਲਕੇ ਦੀਆਂ ਔਰਤਾਂ ਗਨੀਵ ਕੌਰ ਤੋਂ ਕੀ ਚਾਹੁੰਦੀਆਂ: ਸਰਬਜੀਤ ਦੀ ਰਿਪੋਰਟ
'ਚੋਣਾਂ ਲੜਨ ਤੋਂ ਛੋਟਾ ਬੇਟਾ ਹੋਇਆ ਨਰਾਜ਼'
ਆਪਣੇ ਚੋਣ ਪ੍ਰਚਾਰ ਦੇ ਪਹਿਲੇ ਦਿਨ ਗਨੀਵ ਕੌਰ ਚਵਿੰਡਾ ਦੇਵੀ ਮੰਦਿਰ ਗਏ।
ਸਥਾਨਕ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੇ ਕਦੇ ਬਿਕਰਮ ਮਜੀਠੀਆ ਨੂੰ ਨਾ ਵੋਟ ਪਾਈ ਹੈ ਅਤੇ ਨਾ ਹੀ ਉਨ੍ਹਾਂ ਲਈ ਚੋਣ ਪ੍ਰਚਾਰ ਕੀਤਾ ਹੈ। ਜ਼ਿਕਰਯੋਗ ਹੈ ਕਿ ਗਨੀਵ ਦੀ ਵੋਟ ਸੰਗਰੂਰ ਦੇ ਸੁਨਾਮ ਵਿਖੇ ਹੈ।
ਉਨ੍ਹਾਂ ਨੇ ਦੱਸਿਆ ਕਿ ਅਚਾਨਕ ਬਣੇ ਹਾਲਾਤਾਂ ਕਾਰਨ ਉਹ ਚੋਣਾਂ ਲੜ ਰਹੇ ਹਨ ਅਤੇ ਉਨ੍ਹਾਂ ਨੂੰ ਇਸ ਬਾਰੇ ਜਾਣਕਾਰੀ ਬਿਕਰਮ ਮਜੀਠੀਆ ਨੇ ਹੀ ਦਿੱਤੀ ਸੀ।
"ਜਦੋਂ ਬਿਕਰਮ ਜੀ ਨੇ ਮੈਨੂੰ ਦੱਸਿਆ ਤਾਂ ਮੈਨੂੰ ਲੱਗਿਆ ਕਿ ਉਹ ਮੇਰੇ ਨਾਲ ਮਖੌਲ ਕਰ ਰਹੇ ਹਨ। ਚੋਣਾਂ ਲੜਨ ਕਰਕੇ ਮੇਰਾ ਛੋਟਾ ਬੇਟਾ ਕਾਫੀ ਨਾਰਾਜ਼ ਹੈ ਅਤੇ ਗੱਲ ਨਹੀਂ ਕਰ ਰਿਹਾ। ਹਲਕੇ ਵਿੱਚ ਲੋਕਾਂ ਤੋਂ ਮੈਨੂੰ ਬਹੁਤ ਪਿਆਰ ਮਿਲ ਰਿਹਾ ਹੈ ਅਤੇ ਹੁਣ ਸਮਝ ਆਉਂਦੀ ਹੈ ਕਿ ਬਿਕਰਮ ਕਿਉਂ ਇੱਥੇ ਰਹਿਣਾ ਪਸੰਦ ਕਰਦੇ ਹਨ।"
ਉਧਰ ਅੰਮ੍ਰਿਤਸਰ ਪੂਰਬੀ ਵਿੱਚ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਬਿਕਰਮ ਸਿੰਘ ਮਜੀਠੀਆ ਨੇ ਵੀ ਆਖਿਆ ਕਿ ਚੋਣਾਂ ਕਰਕੇ ਉਨ੍ਹਾਂ ਦਾ ਛੋਟਾ ਬੇਟਾ ਨਾਰਾਜ਼ ਹੈ ਅਤੇ ਉਨ੍ਹਾਂ ਨਾਲ ਗੱਲ ਨਹੀਂ ਕਰ ਰਿਹਾ। ਨਾਲ ਹੀ ਕਿਹਾ ਕਿ ਉਮੀਦ ਹੈ ਕਿ ਉਨ੍ਹਾਂ ਦੇ ਅਤੇ ਗਨੀਵ ਕੌਰ ਦੇ ਜਿੱਤਣ ਤੋਂ ਬਾਅਦ ਉਹ ਬੇਟੇ ਨੂੰ ਮਨਾ ਲੈਣਗੇ।
ਬਿਕਰਮ ਮਜੀਠੀਆ ਨੇ ਇਸ ਬਾਰੇ ਕਿਹਾ, "ਮੈਂ ਆਸ ਕਰਦਾ ਹਾਂ ਕਿ ਗਨੀਵ ਤੇ ਮੈਂ ਅਸੀਂ ਦੋਵੇਂ ਵਿਧਾਨ ਸਭਾ ਵਿੱਚ ਜਿੱਤ ਕੇ ਪਹੁੰਚੀਏ ਫਿਰ ਅਸੀਂ ਬੱਚੇ ਨੂੰ ਵੀ ਮਨਾ ਲਵਾਂਗੇ।"
ਅੰਮ੍ਰਿਤਸਰ ਪੂਰਬੀ ਤੋਂ ਚੋਣ ਪ੍ਰਚਾਰ ਬਾਰੇ ਪੁੱਛੇ ਜਾਣ 'ਤੇ ਗਨੀਵ ਨੇ ਆਖਿਆ ਕਿ ਉਹ ਪਹਿਲੀ ਵਾਰ ਰਾਜਨੀਤੀ ਵਿੱਚ ਆਏ ਹਨ ਅਤੇ ਉਹ ਮਜੀਠਾ ਹਲਕੇ ਤੇ ਹੀ ਆਪਣਾ ਧਿਆਨ ਕੇਂਦਰਿਤ ਕਰਨਗੇ।
ਇਸ ਨਾਲ ਹੀ ਉਨ੍ਹਾਂ ਨੇ ਕਿਹਾ, "ਮੈਨੂੰ ਏਨਾ ਪਿਆਰ ਕਦੇ ਨਹੀਂ ਮਿਲਿਆ ਜਿਨ੍ਹਾਂ ਹੁਣ ਹਲਕੇ ਵਿੱਚੋਂ ਮਿਲ ਰਿਹਾ ਹੈ।"
ਇਹ ਵੀ ਪੜ੍ਹੋ:
ਕਲਾ ਅਤੇ ਕਲਾਕ੍ਰਿਤੀਆਂ ਵਿੱਚ ਡੂੰਘੀ ਦਿਲਚਸਪੀ
- 46 ਸਾਲਾ ਗਨੀਵ ਕੌਰ ਦੀ ਆਪਣੀ ਵੋਟ ਸੰਗਰੂਰ ਦੇ ਸੁਨਾਮ ਹਲਕੇ ਦੀ ਹੈ।
- ਉਨ੍ਹਾਂ ਦੇ ਪਿਤਾ ਅਵਿਨਾਸ਼ ਸਿੰਘ ਇੱਕ ਵਪਾਰੀ ਹਨ ਅਤੇ ਉਹ ਡੇਰਾ ਬਿਆਸ ਦੇ ਮੁਖੀ ਦੇ ਨਜ਼ਦੀਕੀ ਰਿਸ਼ਤੇਦਾਰ ਵੀ ਹਨ।
- ਗਨੀਵ ਕੌਰ ਨੇ ਆਪਣੀ ਗ੍ਰੈਜੂਏਸ਼ਨ ਦਿੱਲੀ ਦੇ ਜੀਸਸ ਐਂਡ ਮੈਰੀ ਕਾਲਜ ਤੋਂ ਪ੍ਰਾਪਤ ਕੀਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਲੰਡਨ ਦੇ ਕ੍ਰਿਸਟੀ ਐਜੂਕੇਸ਼ਨ ਤੋਂ ਵੀ ਪੜ੍ਹਾਈ ਕੀਤੀ ਹੈ ਅਤੇ ਖੋਜ ਨਾਮ ਦੀ ਕਮਰਸ਼ਲ ਆਰਟ ਗੈਲਰੀ ਲਈ ਵੀ ਕੰਮ ਕੀਤਾ ਹੈ।
- ਉਨ੍ਹਾਂ ਨੇ ਆਕਸ਼ਨ ਹਾਊਸ 'ਕ੍ਰਿਸਟੀ' ਦੇ ਨੁਮਾਇੰਦੇ ਵਜੋਂ ਭਾਰਤ ਵਿੱਚ ਕੰਮ ਕੀਤਾ ਹੈ। ਅੰਗਰੇਜ਼ੀ ਅਖ਼ਬਾਰ ਡੀਐੱਨਏ ਦੀ ਰਿਪੋਰਟ ਮੁਤਾਬਕ ਉਹ ਬਚਪਨ ਤੋਂ ਹੀ ਕਲਾ ਕ੍ਰਿਤੀਆਂ ਨਾਲ ਜੁੜੇ ਹਨ। ਉਨ੍ਹਾਂ ਦੇ ਦਾਦਾ ਜਦੋਂ ਕਲਾਕ੍ਰਿਤੀਆਂ ਖ਼ਰੀਦਦੇ ਸਨ ਤਾਂ ਇਸ ਬਾਰੇ ਉਹ ਚਰਚਾ ਵੀ ਕਰਦੇ ਸਨ।
- ਸ਼੍ਰੋਮਣੀ ਅਕਾਲੀ ਦਲ ਆਗੂ ਬਿਕਰਮ ਸਿੰਘ ਮਜੀਠੀਆ ਨਾਲ ਉਨ੍ਹਾਂ ਦਾ ਵਿਆਹ 2009 ਵਿੱਚ ਹੋਇਆ ਸੀ। ਉਨ੍ਹਾਂ ਦੇ ਦੋ ਬੱਚੇ ਹਨ।
- ਚੋਣ ਕਮਿਸ਼ਨ ਨੂੰ ਦਿੱਤੇ ਗਏ ਐਫੀਡੇਵਿਟ ਮੁਤਾਬਕ ਉਨ੍ਹਾਂ ਦੀ ਚੱਲ ਅਚੱਲ ਜਾਇਦਾਦ ਛੇ ਕਰੋੜ ਰੁਪਏ ਤੋਂ ਜ਼ਿਆਦਾ ਹੈ। ਇਸ ਦੇ ਨਾਲ ਹੀ ਐਫੀਡੇਵਿਟ ਵਿੱਚ ਉਨ੍ਹਾਂ ਨੇ ਆਪਣੇ ਆਪ ਨੂੰ ਖੇਤੀਬਾੜੀ ਅਤੇ ਵਪਾਰ ਨਾਲ ਜੁੜੇ ਹੋਣ ਦੀ ਜਾਣਕਾਰੀ ਵੀ ਮੁਹੱਈਆ ਕਰਵਾਈ ਹੈ।
- ਗਨੀਵ ਕੌਰ ਕਾਰੋਬਾਰੀ ਵਜੋਂ ਇਕ ਸਕਿਓਰਿਟੀ ਕੰਪਨੀ ਦੇ ਡਾਇਰੈਕਟਰ ਵੀ ਰਹੇ ਹਨ।
ਇਹ ਵੀ ਪੜ੍ਹੋ:
ਇਹ ਵੀ ਦੇਖੋ: