ਪੰਜਾਬ ਵਿਧਾਨ ਸਭਾ ਚੋਣ ਨਤੀਜੇ : ਬਾਦਲ, ਕੈਪਟਨ, ਚੰਨੀ , ਸਿੱਧੂ, ਸੁਖਬੀਰ ਅਤੇ ਮਨਪ੍ਰੀਤ ਵਰਗੇ ਦਿੱਗਜਾਂ ਨੂੰ ਹਰਾਉਣ ਵਾਲੇ ਨਵੇਂ ਚਿਹਰੇ

ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਸੂਬੇ ਦੀਆਂ ਪੁਰਾਣੀਆਂ ਤੇ ਰਵਾਇਤੀ ਪਾਰਟੀਆਂ ਨੂੰ ਪਿੱਛੇ ਛੱਡਦੇ ਹੋਏ ਆਮ ਆਦਮੀ ਪਾਰਟੀ ਸੱਤਾ ਵਿਚ ਆ ਰਹੀ ਹੈ।

ਇਸ ਵਾਰ ਦੇ ਚੋਣ ਨਤੀਜੇ ਕਿਸੇ ਸਿਆਸੀ ਸੁਨਾਮੀ ਤੋਂ ਘੱਟ ਨਹੀਂ ਹਨ, ਜਿਸ ਨੇ ਪ੍ਰਕਾਸ਼ ਸਿੰਘ ਬਾਦਲ, ਕੈਪਟਨ ਅਮਰਿੰਦਰ ਸਿੰਘ, ਚਰਨਜੀਤ ਸਿੰਘ ਚੰਨੀ ਅਤੇ ਨਵਜੋਤ ਸਿੰਘ ਸਿੱਧੂ ਵਰਗੇ ਦਿੱਗਜਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਹੈ।

ਪਰ ਰੋਚਕ ਗੱਲ ਇਹ ਹੈ ਕਿ ਪੰਜਾਬ ਨੂੰ ਹਰਾਉਣ ਵਾਲੇ ਆਮ ਆਦਮੀ ਦੇ ਉਮੀਦਵਾਰ ਬਿਲਕੁੱਲ ਨਵੇਂ ਚਿਹਰੇ ਹਨ।

ਆਓ ਜਾਣਦੇ ਹਾਂ ਉਨ੍ਹਾਂ ਕੁਝ ਚਿਹਰਿਆਂ ਬਾਰੇ ਜਿਨ੍ਹਾਂ ਪੰਜਾਬ ਦੀ ਸਿਆਸਤ ਦੇ ਮਹਾਰਥੀਆਂ ਨੂੰ ਚਿੱਤ ਕੀਤਾ ਹੈ।

ਜੀਵਨਜੋਤ ਕੌਰ - ਅੰਮ੍ਰਿਤਸਰ ਪੂਰਬੀ ਸੀਟ

ਜੀਵਨਜੋਤ ਕੌਰ ਪੰਜਾਬ ਦੀ ਅੰਮ੍ਰਿਤਸਰ ਪੂਰਬੀ ਸੀਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸਨ। ਇਸੇ ਸੀਟ ਤੋਂ ਪੰਜਾਬ ਦੀ ਸਿਆਸਤ ਦੇ ਦੋ ਵੱਡੇ ਚਿਹਰਿਆਂ, ਕਾਂਗਰਸ ਦੇ ਨਵਜੋਤ ਸਿੰਘ ਸਿੱਧੂ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਬਿਕਰਮ ਸਿੰਘ ਮਜੀਠੀਆ ਨੇ ਵੀ ਚੋਣਾਂ ਲੜੀਆਂ ਹਨ।

ਜੀਵਨਜੋਤ ਕੌਰ ਮੁਤਾਬਕ ਉਹ ਪਿਛਲੇ 20-25 ਸਾਲਾਂ ਤੋਂ ਸਮਾਜਿਕ ਕੰਮਾਂ 'ਚ ਕਾਫੀ ਸਰਗਰਮ ਰਹੇ ਹਨ।

ਬੀਬੀਸੀ ਨਾਲ ਇੱਕ ਖਾਸ ਇੰਟਰਵਿਊ ਦੌਰਾਨ ਉਨ੍ਹਾਂ ਦੱਸਿਆ ਸੀ ਕਿ ਉਨ੍ਹਾਂ ਨੇ ਕਦੇ ਸਿਆਸਤ ਬਾਰੇ ਤਾਂ ਨਹੀਂ ਸੋਚਿਆ ਸੀ ਪਰ ਉਨ੍ਹਾਂ ਨੂੰ ਸਕੂਲ ਦੇ ਦਿਨਾਂ ਤੋਂ ਹੀ ਇਸ ਤਰ੍ਹਾਂ ਜਾਣਿਆ ਜਾਂਦਾ ਸੀ ਕਿ ਜਦੋਂ ਉਹ ਪ੍ਰਿੰਸੀਪਲ ਦਫਤਰ ਜਾਂਦੇ ਸਨ ਤਾਂ ਸੋਚਿਆ ਜਾਂਦਾ ਸੀ ਕਿ ਜ਼ਰੂਰ ਕੋਈ ਪੰਗਾ ਹੋਵੇਗਾ, ਜਿਹੜਾ ਜੀਵਨਜੋਤ ਉੱਥੇ ਆਏ ਹਨ।

ਉਹ ਕਹਿੰਦੇ ਹਨ ਕਿ ਇੱਕ ਔਰਤ ਦਾ ਇੱਥੋਂ ਤੱਕ ਆ ਜਾਣਾ ਪਰਿਵਾਰ ਦੇ ਸਹਿਯੋਗ ਬਿਨਾਂ ਸੰਭਵ ਨਹੀਂ ਅਤੇ ਉਨ੍ਹਾਂ ਨੂੰ ਵਿਆਹ ਤੋਂ ਬਾਅਦ ਵੀ ਇਹ ਸਹਿਯੋਗ ਮਿਲਦਾ ਰਿਹਾ।

ਸ਼੍ਰੀ ਹੇਮਕੁੰਟ ਐਜੂਕੇਸ਼ਨ ਸੁਸਾਇਟੀ ਸੰਸਥਾ ਵਿੱਚ 1992 'ਚ ਇੱਕ ਸਕੂਲ ਖੋਲ੍ਹਿਆ ਗਿਆ ਸੀ ਅਤੇ ਉਸ ਦੌਰਾਨ ਜੀਵਨਜੋਤ ਆਪ ਵੀ ਪੜ੍ਹਾਈ ਕਰ ਰਹੇ ਸਨ। ਉਨ੍ਹਾਂ ਮੁਤਾਬਕ, ਉਸੇ ਸਮੇਂ ਉਨ੍ਹਾਂ ਨੇ ਉਸ ਸਕੂਲ ਵਿੱਚ ਬੱਚਿਆਂ ਨੂੰ ਪੜ੍ਹਾਉਣਾ ਸ਼ੁਰੂ ਕਰ ਦਿੱਤਾ ਸੀ।

ਜੀਵਨਜੋਤ ਮੁਤਾਬਕ, ਉਨ੍ਹਾਂ ਨੇ 'ਇਕੋਸ਼ੀ' ਨਾਮ ਦਾ ਇੱਕ ਪ੍ਰੋਜੈਕਟ ਵੀ ਚਲਾਇਆ ਹੈ। ਉਨ੍ਹਾਂ ਨੂੰ ਪੈਡ ਵੁਮੈਨ ਆਫ਼ ਪੰਜਾਬ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਅਤੇ ਉਹ ਰੀਯੂਜ਼ੇਬਲ ਸੈਨੇਟਰੀ ਪੈਡ ਪਰਮੋਟ ਕਰਦੇ ਹਨ।

ਇਹ ਵੀ ਪੜ੍ਹੋ:

ਗੁਰਮੀਤ ਸਿੰਘ ਖੁੱਡੀਆਂ - ਲੰਬੀ

ਗੁਰਮੀਤ ਸਿੰਘ ਖੁੱਡੀਆਂ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਅਧੀਨ ਪੈਂਦੇ ਪਿੰਡ ਖੁੱਡੀਆਂ ਮਹਾਂ ਸਿੰਘ ਦੇ ਰਹਿਣ ਵਾਲੇ ਹਨ। ਉਹ 59 ਸਾਲਾਂ ਦੇ ਹਨ ਅਤੇ ਪਲੱਸ ਟੂ ਪਾਸ ਹਨ।

ਗੁਰਮੀਤ ਸਿੰਘ ਖੁੱਡੀਆਂ ਦੇ ਪਿਤਾ ਜਗਦੇਵ ਸਿੰਘ ਖੁੱਡੀਆਂ 1989 ਵਿੱਚ ਫ਼ਰੀਦਕੋਟ ਲੋਕ ਸਭਾ ਹਲਕੇ ਤੋਂ ਮੈਂਬਰ ਪਾਰਲੀਮੈਂਟ ਚੁਣੇ ਗਏ ਸਨ।

ਗੁਰਮੀਤ ਸਿੰਘ ਖੁੱਡੀਆ ਆਪਣੇ ਪਿਤਾ ਦੀ ਮੌਤ ਤੋਂ ਬਾਅਦ ਕਾਂਗਰਸ ਪਾਰਟੀ ਵਿਚ ਸ਼ਾਮਿਲ ਹੋ ਗਏ ਸਨ।

ਲੰਮਾ ਸਮਾਂ ਕਾਂਗਰਸ ਵਿਚ ਰਹਿਣ ਤੋਂ ਬਾਅਦ ਉਹ ਹਾਲ ਹੀ ਵਿਚ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਸਨ।

ਆਮ ਆਦਮੀ ਪਾਰਟੀ ਵੱਲੋਂ ਉਨ੍ਹਾਂ ਨੂੰ ਵਿਧਾਨ ਸਭਾ ਹਲਕਾ ਲੰਬੀ ਤੋਂ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਸੀ ਅਤੇ ਉਨ੍ਹਾਂ ਦਾ ਮੁਕਾਬਲਾ 5 ਵਾਰ ਮੁੱਖ ਮੰਤਰੀ ਰਹੇ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਨਾਲ ਸੀ।

ਜਿਸ ਵਿਚ ਖੁੱਡੀਆਂ ਵਰਗੇ ਪੰਜਾਬ ਦੇ ਨਹੀਂ ਬਲਕਿ ਭਾਰਤ ਦੇ ਸੀਨੀਅਰ ਸਿਆਸਤਦਾਨ ਸਮਝੇ ਜਾਂਦੇ ਪ੍ਰਕਾਸ਼ ਸਿੰਘ ਬਾਦਲ ਨੂੰ ਹਰਾਉਣ ਵਿਚ ਕਾਮਯਾਬੀ ਹਾਸਲ ਕੀਤੀ ਹੈ।

ਲਾਭ ਸਿੰਘ ਉੱਗੋਕੇ - ਭਦੌੜ

ਲਾਭ ਸਿੰਘ ਉੱਗੋਕੇ (35 ਸਾਲ) ਆਮ ਆਦਮੀ ਪਾਰਟੀ ਦੇ ਭਦੌੜ ਤੋਂ ਉਮੀਦਵਾਰ ਹਨ।ਲਾਭ ਸਿੰਘ ਉੱਗੋਕੇ ਭਦੌੜ ਹਲਕੇ ਦੇ ਪਿੰਡ ਉਗੋਕੇ ਵਿੱਚ ਹੀ ਰਹਿੰਦੇ ਹਨ। ਉਗੋਕੇ ਸਿਆਸਤ ਵਿੱਚ ਆਉਣ ਤੋਂ ਪਹਿਲਾਂ ਮੋਬਾਇਲਾਂ ਦੀ ਦੁਕਾਨ ਚਲਾਉਂਦੇ ਸਨ।

ਲਾਭ ਸਿੰਘ ਦੇ ਪਿਤਾ ਡਰਾਈਵਰ ਹਨ ਅਤੇ ਉਨ੍ਹਾਂ ਦੀ ਮਾਤਾ ਪਿੰਡ ਦੇ ਹੀ ਸਕੂਲ ਵਿੱਚ ਸਫਾਈ ਸੇਵਕ ਦੇ ਤੌਰ ਤੇ ਕੰਮ ਕਰਦੇ ਹਨ।ਉੱਗੋਕੇ ਨੇ ਸਾਲ 2013 ਵਿੱਚ ਆਮ ਆਦਮੀ ਪਾਰਟੀ ਵਿੱਚ ਸ਼ਮੂਲੀਅਤ ਕੀਤੀ ਸੀ।

ਸਾਲ 2017 ਵਿੱਚ ਉਸਨੇ ਭਦੌੜ ਤੋਂ 'ਆਪ' ਦੇ ਪਿਰਮਲ ਸਿੰਘ ਖ਼ਾਲਸਾ ਦੀ ਚੋਣ ਮੁਹਿੰਮ ਵਿੱਚ ਸਰਗਰਮੀ ਨਾਲ ਹਿੱਸਾ ਲਿਆ ਸੀ।ਪਿਰਮਲ ਸਿੰਘ ਖ਼ਾਲਸਾ ਪਹਿਲਾਂ ਖਹਿਰਾ ਧੜੇ ਨਾਲ ਚਲੇ ਗਏ ਸਨ ਅਤੇ ਬਾਅਦ ਵਿੱਚ ਉਨ੍ਹਾਂ ਕਾਂਗਰਸ ਜੁਆਇਨ ਕਰ ਲਈ ਸੀ।

ਇਸ ਵਾਰ ਆਮ ਆਦਮੀ ਪਾਰਟੀ ਵੱਲੋਂ ਉੱਗੋਕੇ ਨੂੰ ਟਿਕਟ ਦਿੱਤੀ ਗਈ ਸੀ ਅਤੇ ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਵੱਡੇ ਮਾਰਜਨ ਨਾਲ ਹਰਾਇਆ।

ਜਗਦੀਪ ਕੰਬੋਜ ਗੋਲਡੀ - ਜਲਾਲਾਬਾਦ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਮੁਕਾਬਲੇ ਚੋਣ ਲੜਨ ਵਾਲੇ ਜਗਦੀਪ ਸਿੰਘ ਗੋਲਡੀ ਕੰਬੋਜ ਜਲਾਲਾਬਾਦ ਦੇ ਰਹਿਣ ਵਾਲੇ ਹਨ।

ਉਹ ਐਲਐਲਬੀ ਪਾਸ ਹਨ ਅਤੇ ਆਲ ਇੰਡੀਆ ਯੂਥ ਕਾਂਗਰਸ ਦੇ ਅਹੁਦੇਦਾਰ ਵੀ ਰਹਿ ਚੁੱਕੇ ਹਨ।

ਪਿਛਲੀਆਂ ਵਿਧਾਨ ਸਭਾ ਚੋਣਾਂ ਵੇਲੇ ਉਨ੍ਹਾਂ ਨੂੰ ਪਾਰਟੀ ਵੱਲੋਂ ਟਿਕਟ ਨਾ ਦਿੱਤੇ ਜਾਣ ਕਾਰਨ ਉਨ੍ਹਾਂ ਨੇ ਜਲਾਲਾਬਾਦ ਤੋਂ ਆਜ਼ਾਦ ਰੂਪ ਵਿੱਚ ਵੀ ਚੋਣ ਲੜੀ ਸੀ ਅਤੇ ਹੁਣ ਉਹ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਸਨ।

2017 ਦੀਆਂ ਵਿਧਾਨ ਸਭਾ ਚੋਣਾਂ ਵੇਲੇ ਆਜ਼ਾਦ ਤੌਰ ਤੇ ਚੋਣ ਲੜਨ ਵਜੋਂ ਉਨ੍ਹਾਂ ਨੂੰ ਅਠਵੰਜਾ ਸੌ ਵੋਟ ਮਿਲੇ ਸਨ ਅਤੇ ਇਸ ਵਾਰ ਉਨ੍ਹਾਂ ਨੇ ਸੁਖਬੀਰ ਸਿੰਘ ਬਾਦਲ ਨੂੰ ਚੋਣ ਵਿਚ ਹਰਾਇਆ ਹੈ।

ਜਗਰੂਪ ਸਿੰਘ ਗਿੱਲ - ਬਠਿੰਡਾ ਸ਼ਹਿਰੀ

ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਹਰਾਉਣ ਵਾਲੇ ਜਗਰੂਪ ਸਿੰਘ ਗਿੱਲ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਰਹਿ ਚੁੱਕੇ ਹਨ।

ਕਿਸੇ ਵੇਲੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਕਰੀਬੀ ਰਹੇ ਜਗਰੂਪ ਸਿੰਘ ਗਿੱਲ 1979 ਤੋਂ ਕੌਂਸਲਰ ਬਣਦੇ ਆ ਰਹੇ ਹਨ। ਇਸ ਵਾਰ ਉਹ ਸੱਤਵੀਂ ਵਾਰ ਕੌਂਸਲਰ ਚੁਣੇ ਗਏ ਸਨ।

ਜਗਰੂਪ ਸਿੰਘ ਗਿੱਲ 1992 ਤੋਂ ਲੈ ਕੇ 1997 ਤੱਕ ਨਗਰਪਾਲਿਕਾ ਬਠਿੰਡਾ ਦੇ ਪ੍ਰਧਾਨ ਵੀ ਰਹੇ ਹਨ।

ਹਾਲ ਹੀ ਵਿਚ ਉਹ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਸਨ ਅਤੇ ਪਾਰਟੀ ਨੇ ਉਨ੍ਹਾਂ ਨੂੰ ਬਠਿੰਡਾ ਸ਼ਹਿਰੀ ਤੋਂ ਮਨਪ੍ਰੀਤ ਸਿੰਘ ਬਾਦਲ ਦੇ ਖਿਲਾਫ ਉਮੀਦਵਾਰ ਬਣਾਇਆ ਸੀ।

ਅਜੀਤਪਾਲ ਕੋਹਲੀ - ਪਟਿਆਲਾ ਸ਼ਹਿਰੀ

ਅਜੀਤਪਾਲ ਕੋਹਲੀ ਪੁਰਾਣੇ ਅਕਾਲੀ ਦਲ ਨਾਲ ਜੁੜੇ ਪਰਿਵਾਰ 'ਚੋਂ ਹਨ ਅਤੇ ਪਹਿਲਾਂ ਅਕਾਲੀ ਦਲ ਦੀ ਸਰਕਾਰ ਵੇਲੇ 2007 ਤੋਂ 2012 ਤੱਕ ਪਟਿਆਲਾ ਦੇ ਮੇਅਰ ਵੀ ਰਹੇ ਹਨ।

ਕੁੱਝ ਸਮਾਂ ਪਹਿਲਾਂ ਹੀ ਉਹ ਆਮ ਆਦਮੀ ਪਾਰਟੀ 'ਚ ਸ਼ਾਮਲ ਹੋਏ ਹਨ। ਅਜੀਤਪਾਲ ਕੋਹਲੀ ਨੇ ਪਟਿਆਲਾ ਸ਼ਹਿਰੀ ਤੋਂ ਕੈਪਟਨ ਦੇ ਖਿਲਾਫ 'ਆਪ' ਤੋਂ ਚੋਣ ਲੜੀ 'ਤੇ ਜਿੱਤੇ।

ਉਨ੍ਹਾਂ ਦੇ ਪਿਤਾ ਸੁਰਜੀਤ ਸਿੰਘ ਕੋਹਲੀ ਐਮਐਲਏ ਰਹਿ ਚੁੱਕੇ ਹਨ। ਅਜੀਤਪਾਲ ਕੋਹਲੀ ਪੋਸਟ ਗਰੇਜੂਏਟ ਹਨ ਅਤੇ ਉਨ੍ਹਾਂ ਨੇ 2006 ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਐਮਏ ਰਾਜਨੀਤੀ ਸਾਸ਼ਤਰ ਵਿਚ ਕੀਤੀ ਹੈ।

43 ਸਾਲਾ ਕੋਹਲੀ ਅਪਣਾ ਟਰਾਂਸਪੋਰਟ ਦਾ ਬਿਜ਼ਨਸ ਕਰਦੇ ਹਨ।

ਡਾਕਟਰ ਚਰਨਜੀਤ ਸਿੰਘ - ਚਮਕੌਰ ਸਾਹਿਬ

ਚਮਕੌਰ ਸਾਹਿਬ ਸੀਟ ਤੋਂ ਮੌਜੂਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਹਰਾਉਣ ਵਾਲੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਦਾ ਨਾਂ ਵੀ ਚਰਨਜੀਤ ਸਿੰਘ ਹੀ ਹੈ।

ਉਹ ਇਲ਼ਾਕੇ ਦੇ ਹੀ ਜੰਮਪਲ ਹਨ ਅਤੇ ਪੇਸ਼ੇ ਵਜੋਂ ਅੱਖਾਂ ਦਾ ਡਾਕਟਰ ਹਨ। ਉਹ ਇਲਾਕੇ ਵਿਚ ਲੰਬੇ ਸਮੇਂ ਤੋਂ ਸਮਾਜ ਸੇਵਾ ਕਰਦੇ ਆ ਰਹੇ ਹਨ। ਜਿਸ ਕਾਰਨ ਉਨ੍ਹਾਂ ਦਾ ਇਲਾਕੇ ਵਿਚ ਕਾਫੀ ਸਤਿਕਾਰ ਹੈ।

ਡਾਕਟਰ ਚਰਨਜੀਤ ਸਿੰਘ ਅੱਖਾਂ ਦੇ ਮਾਹਿਰ ਡਾਕਟਰ ਹਨ ਅਤੇ ਨੇਤਰ ਵਿਗਿਆਨ ਵਿੱਚ ਐਮ ਐਸ ਹਨ ਅਤੇ ਪੀ ਜੀ ਆਈ ਚੰਡੀਗੜ੍ਹ ਵਿਖੇ ਡਿਊਟੀ ਨਿਭਾ ਚੁੱਕੇ ਹਨ।

ਉਹ ਹਰ ਵਕਤ ਲੋਕਾਂ ਦੀ ਮਦਦ ਲਈ ਤਿਆਰ ਰਹਿਦੇ ਹਨ ਅਤੇ ਲੋਕ ਮੁੱਦਿਆਂ ਨੂੰ ਸਮੇਂ ਸਮੇਂ ਉਠਾਉਂਦੇ ਰਹਿੰਦੇ ਹਨ। ਉਹ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਖ਼ਿਲਾਫ਼ ਚਮਕੌਰ ਸਾਹਿਬ ਤੋਂ ਚੋਣ ਲੜੇ ਹਨ।

( ਇਹ ਰਿਪੋਰਟ ਸੁਰਿੰਦਰ ਮਾਨ, ਸੁਖਚਰਨ ਪ੍ਰੀਤ, ਗੁਰਮਿੰਦਰ ਗਰੇਵਾਲ ਵਲੋਂ ਦਿੱਤੀ ਜਾਣਕਾਰੀ ਉੱਤੇ ਅਧਾਰਿਤ ਹੈ।)

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)