ਈਰਾਨ ਵਿੱਚ ਕੁੜੀਆਂ ਕਿਉਂ ਸਾੜ ਰਹੀਆਂ ਹਿਜਾਬ ਅਤੇ ਕੱਟ ਰਹੀਆਂ ਆਪਣੇ ਵਾਲ

ਈਰਾਨ ਦੀ ਰਾਜਧਾਨੀ ਸਰਕਾਰ ਵਿਰੋਧੀ ਹਿੰਸਾ ਦੇ ਇੱਕ ਅਜਿਹੇ ਦੌਰ ਵਿੱਚੋਂ ਲੰਘ ਰਹੀ ਹੈ, ਜਿਸ ਤਰ੍ਹਾਂ ਦਾ ਇਸ ਨੇ ਪਿਛਲੇ ਕਈ ਸਾਲਾਂ ਦੌਰਾਨ ਨਹੀਂ ਦੇਖਿਆ ਹੈ।

ਇੱਕ ਵਿਅਕਤੀ ਨੇ ਬੀਬੀਸੀ ਪਰਸ਼ੀਅਨ ਸੇਵਾ ਨੂੰ ਦੱਸਿਆ ਕਿ ਉਨ੍ਹਾਂ ਦਾ ਗੁਆਂਢ ਕਿਸੇ ਜੰਗ ਦੇ ਮੈਦਾਨ ਵਰਗਾ ਲੱਗ ਰਿਹਾ ਸੀ।

ਪ੍ਰਦਰਸ਼ਨ ਚੱਲਦਿਆਂ ਨੂੰ ਸੱਤ ਦਿਨ ਹੋ ਚੁੱਕੇ ਹਨ ਅਤੇ ਦੇਸ ਦੇ ਕਈ ਹੋਰ ਸ਼ਹਿਰਾਂ ਵਿੱਚ ਵੀ ਹੋ ਰਹੇ ਹਨ।

ਈਰਾਨ ਵਿੱਚ ਹੋ ਰਹੇ ਪ੍ਰਦਰਸ਼ਨਾਂ ਦਾ ਵੀਡੀਓ-

ਕਾਰਕੁਨਾਂ ਮੁਤਾਬਕ ਪਿਛਲੀ ਰਾਤ ਸੁਰੱਖਿਆ ਦਸਤਿਆਂ ਵੱਲੋਂ ਅੱਠ ਪ੍ਰਦਰਸ਼ਨਕਾਰੀਆਂ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਹੈ। ਜਦਕਿ ਖ਼ਬਰ ਮੁਤਾਬਕ ਪੈਰਾਮਿਲਟਰੀ ਦੇ ਦੋ ਜਵਾਨਾਂ ਦੀ ਮੌਤ ਹੋਈ ਹੈ।

ਪ੍ਰਦਰਸ਼ਨ ਇੱਕ 21 ਸਾਲਾ ਕੁਰਦ ਮੁਟਿਆਰ ਮਾਹਸਾ ਦੀ ਮੌਰੈਲਿਟੀ ਪੁਲਿਸ ਦੀ ਹਿਰਾਸਤ ਵਿੱਚ ਮੌਤ ਤੋਂ ਬਾਅਦ ਪੂਰੇ ਈਰਾਨ ਵਿੱਚ ਸ਼ੁਰੂ ਹੋ ਗਏ ਸਨ। ਪ੍ਰਸ਼ਾਸਨ ਉਦੋਂ ਤੋਂ ਹੀ ਇਨ੍ਹਾਂ ਨੂੰ ਦਬਾਉਣ ਅਤੇ ਸ਼ਾਂਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।

ਪ੍ਰਦਰਸ਼ਨਾਂ ਵਿੱਚ ਮਾਰੇ ਗਏ ਲੋਕਾਂ ਦੀ ਗਿਣਤੀ ਬਾਰੇ ਜੋ ਰਿਪੋਰਟਾਂ ਆ ਰਹੀਆਂ ਹਨ ਉਹ ਵਿਰੋਧਾਭਾਸੀ ਹਨ।

ਸਰਕਾਰੀ ਮੀਡੀਆ ਪ੍ਰਦਰਸ਼ਨਕਾਰੀਆਂ ਅਤੇ ਸੁਰੱਖਿਆ ਕਰਮਚਾਰੀਆਂ ਸਮੇਤ ਕੁੱਲ ਗਿਆਰਾਂ ਮੌਤਾਂ ਦੱਸ ਰਿਹਾ ਹੈ ਤਾਂ ਕੁਰਦ ਮਨੁੱਖੀ ਹੱਕਾਂ ਲਈ ਕੰਮ ਕਰਨ ਵਾਲੇ ਸੰਗਠਨ ਕਹਿ ਰਹੇ ਹਨ ਕਿ ਇਕੱਲੇ ਪੱਛਮੀ ਈਰਾਨ ਵਿੱਚ ਹੀ 15 ਪ੍ਰਦਰਸ਼ਨਕਾਰੀਆਂ ਦੀ ਮੌਤ ਹੋਈ ਹੈ।

ਪ੍ਰਦਰਸ਼ਨ ਕਿਵੇਂ ਸ਼ੁਰੂ ਹੋਏ?

ਸ਼ੁੱਕਰਵਾਰ ਨੂੰ ਤਿੰਨ ਦਿਨ ਕੌਮਾ ਵਿੱਚ ਰਹਿਣ ਮਗਰੋਂ ਇੱਕ ਕੁਰਦ ਮੁਟਿਆਰ ਮਾਹਸਾ ਦੀ ਤਹਿਰਾਨ ਦੇ ਇੱਕ ਹਸਪਤਾਲ ਵਿੱਚ ਮੌਤ ਹੋ ਗਈ।

ਈਰਾਨ ਵਿੱਚ ਔਰਤਾਂ ਲਈ ਹਿਜਾਬ ਪਾਉਣਾ ਲਾਜ਼ਮੀ ਹੈ ਅਤੇ ਮਾਹਸਾ ਨੂੰ ਸਥਾਨਕ ਮੌਰੈਲਿਟੀ ਪੁਲਿਸ ਨੇ ਹਿਜਾਬ ''ਸਹੀ ਤਰੀਕੇ ਨਾਲ'' ਨਾ ਪਾਉਣ ਦੇ ਇਲਜ਼ਾਮ ਹੇਠ ਗ੍ਰਿਫ਼ਤਾਰ ਕੀਤਾ ਸੀ।

ਹਿਰਾਸਤਗਾਹ ਵਿੱਚ ਲਿਜਾਂਦੇ ਸਮੇਂ ਰਾਹ ਵਿੱਚ ਮਾਹਸਾ ਬੇਹੋਸ਼ ਹੋ ਗਏ ਅਤੇ ਉਨ੍ਹਾਂ ਨੂੰ ਹਸਪਤਾਲ ਭਰਤੀ ਕਰਵਾਉਣਾ ਪਿਆ, ਜਿੱਥੇ ਤਿੰਨ ਦਿਨਾਂ ਬਾਅਦ ਉਨ੍ਹਾਂ ਦੀ ਮੌਤ ਹੋ ਗਈ।

ਰਿਪੋਰਟਾਂ ਹਨ ਕਿ ਪੁਲਿਸ ਵੈਨ ਵਿੱਚ ਉਨ੍ਹਾਂ ਦੇ ਸਿਰ ਨੂੰ ਵੈਨ ਦੀਆਂ ਕੰਧਾਂ ਨਾਲ ਮਾਰਿਆ ਗਿਆ। ਹਾਲਾਂਕਿ ਪੁਲਿਸ ਇਨ੍ਹਾਂ ਇਲਜ਼ਾਮਾ ਦਾ ਖੰਡਨ ਕਰਦੀ ਹੈ ਤੇ ਕਹਿੰਦੀ ਹੈ ਕਿ ਅਜਿਹੇ ਵਿਵਹਾਰ ਦੇ ਕੋਈ ਸਬੂਤ ਨਹੀਂ ਹਨ ਅਤੇ ਮਾਹਸਾ ਦੀ ਮੌਤ ਦਿਲ ਦੀ ਪੁਰਾਣੀ ਬੀਮਾਰੀ ਕਾਰਨ ਹੋਈ ਹੈ।

ਬੀਬੀਸੀ ਪਰਸ਼ੀਅਨ ਨਾਲ ਗੱਲਬਾਤ ਦੌਰਾਨ ਮਾਹਸਾ ਦੇ ਪਿਤਾ ਨੇ ਕਿਹਾ ਕਿ ਉਨ੍ਹਾਂ ਨੂੰ ਦਫ਼ਨਾਉਣ ਤੋਂ ਪਹਿਲਾਂ ਆਪਣੀ ਬੇਟੀ ਦੀ ਲਾਸ਼ ਪੂਰੀ ਨਹੀਂ ਦੇਖਣ ਦਿੱਤੀ ਗਈ। ਉਨ੍ਹਾਂ ਨੇ ਕਿਹਾ ਕਿ ਉਹ ਸਿਰਫ਼ ਉਸ ਦਾ ਮੂੰਹ ਦੇਖ ਸਕੇ ਪਰ ਉਸ ਦੇ ਸਿਰ ਦਾ ਪਿਛਲਾ ਪਾਸਾ, ਨਾ ਹੀ ਲੱਤਾਂ, ਦੋਵਾਂ ਹੀ ਲੱਤਾਂ ਉੱਪਰ ਨੀਲ ਦੇ ਨਿਸ਼ਾਨ ਸਨ।

ਕਿੱਥੇ ਕਿੱਥੇ ਹੋ ਰਹੇ ਹਨ ਪ੍ਰਦਰਸ਼ਨ?

ਇਸ ਤਰ੍ਹਾਂ ਦੇ ਪ੍ਰਦਰਸ਼ਨ ਤਹਿਰਾਨ ਦੀਆਂ ਕਈ ਯੂਨੀਵਰਿਸਟੀਆਂ ਵਿੱਚ ਹੋਣੇ ਸ਼ੁਰੂ ਹੋਏ। ਜੋ ਕਿ ਦੇਖਦੇ ਹੀ ਦੇਖਦੇ ਪੂਰੇ ਈਰਾਨ ਵਿੱਚ ਫੈਲ ਗਏ।

ਬੀਬੀਸੀ ਦੇ ਕਾਸਰਾ ਨਾਜੀ ਨੇ ਦੱਸਿਆ ਹੈ ਕਿ ਬੁੱਧਵਾਰ ਨੂੰ ਤਹਿਰਾਨ ਦੇ ਕੇਂਦਰੀ ਅਤੇ ਕੁਝ ਉੱਤਰੀ ਹਿੱਸਿਆਂ ਵਿੱਚ ਹਰ ਪਾਸੇ ਅੱਥਰੂ ਗੈਸ ਭਰੀ ਹੋਈ ਸੀ। ਦੰਗਾ ਰੋਕੂ ਪੁਲਿਸ ਸਾਦੇ ਕੱਪੜਿਆਂ ਵਿੱਚ ਪੁਲਿਸ ਦੀ ਭੀੜ ਨੂੰ ਤਿਤਰ ਬਿਤਰ ਕਰਨ ਵਿੱਚ ਮਦਦ ਕਰ ਰਹੀ ਸੀ।

ਕਈ ਥਾਈਂ ਪ੍ਰਦਰਸ਼ਨਕਾਰੀਆਂ ਉੱਪਰ ਹਮਲੇ ਵੀ ਕੀਤੇ ਜਾ ਰਹੇ ਸਨ।

ਪ੍ਰਦਰਸ਼ਨਕਾਰੀਆਂ ਵੱਲੋਂ ਥਾਣਿਆਂ ਨੂੰ ਅੱਗ, ਵੱਡੇ ਕੂੜੇਦਾਨਾਂ ਅਤੇ ਸਰਕਾਰੀ ਇਮਾਰਤਾਂ ਨੂੰ ਅੱਗ ਦੇ ਹਵਾਲੇ ਕੀਤੇ ਜਾਣ ਦੀਆਂ ਰਿਪੋਰਟਾਂ ਹਨ।

ਸੋਸ਼ਲ ਮੀਡੀਆ ਉੱਪਰ ਜੋ ਵੀਡੀਓ ਅਤੇ ਤਸਵੀਰਾਂ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ, ਉਨ੍ਹਾਂ ਵਿੱਚ ਦੇਖਿਆ ਜਾ ਸਕਦਾ ਹੈ ਕਿ ਔਰਤਾਂ ਦੇ ਹਜੂਮ ਅੱਗ ਦੀਆਂ ਧੂਣੀਆਂ ਵਿੱਚ ਆਪਣੇ ਹਿਜਾਬ ਸਾੜ ਰਹੀਆਂ ਹਨ, ਨੰਗੇ ਸਿਰ ਧੂਣੀ ਦੇ ਦੁਆਲੇ ਘੇਰਾ ਬਣਾ ਕੇ ਨੱਚ ਰਹੀਆਂ ਹਨ।

ਈਰਾਨ ਵਿੱਚ ਔਰਤਾਂ ਲਈ ਸਿਰ ਦੇ ਵਾਲ ਸਲਾਮਤ ਰੱਖਣਾ ਲਾਜ਼ਮੀ ਹੈ। ਵਿਰੋਧ ਵਿੱਚ ਕਈ ਔਰਤਾਂ ਨੇ ਜਨਤਕ ਤੌਰ ਤੇ ਆਪਣੇ ਵਾਲ ਕੱਟੇ ਹਨ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)