ਸਨੈਕਸ ਨੇ ਕਿਵੇਂ ਸਾਡੀਆਂ ਖਾਣ ਦੀਆਂ ਆਦਤਾਂ ਨੂੰ ਬਦਲਿਆ, ਇਸ ਦੀ ਸ਼ੁਰੂਆਤ ਦੀ ਦਿਲਚਸਪ ਕਹਾਣੀ ਪੜ੍ਹੋ

    • ਲੇਖਕ, ਦਿ ਫੂਡ ਚੇਨ
    • ਰੋਲ, ਬੀਬੀਸੀ ਵਰਲਡ ਸਰਵਿਸ

ਭੁੰਨੀ ਹੋਈ ਮੂੰਗਫਲੀ, ਕ੍ਰਿਸਪਸ, ਮਠਿਆਈਆਂ, ਚਾਕਲੇਟ, ਰਾਈਸ ਕ੍ਰੈਕਰਸ, ਸੀਵੀਡ, ਬੰਬੇ ਮਿਕਸ, ਕੂਕੀਜ਼, ਡੋਨਟਸ, ਕੇਕ, ਮਿੱਠੇ ਜਾਂ ਨਮਕੀਨ, ਦੁਨੀਆ ਭਰ ਵਿੱਚ ਸਨੈਕਸ ਫੂਡਜ਼ ਦੀਆਂ ਬਹੁਤ ਸਾਰੀਆਂ ਕਿਸਮਾਂ ਹਨ।

ਇਨਸਾਨ ਹਜ਼ਾਰਾਂ ਸਾਲਾਂ ਤੋਂ ਸਨੈਕਸ ਖਾ ਰਹੇ ਹਨ ਪਰ ਅੱਜਕੱਲ੍ਹ ਇਹ ਇੱਕ ਵੱਡਾ ਉਦਯੋਗ ਬਣ ਗਿਆ ਹੈ, ਜਿਸਦੀ ਸਾਲਾਨਾ ਕੀਮਤ ਇੱਕ ਟ੍ਰਿਲੀਅਨ ਡਾਲਰ ਤੋਂ ਵੀ ਵੱਧ ਹੈ।

ਸਾਡੇ ਵਿੱਚੋਂ ਬਹੁਤ ਸਾਰੇ ਹੁਣ ਦਿਨ ਵਿੱਚ ਦੋ ਜਾਂ ਤਿੰਨ ਵਾਰ ਖਾਣਾ ਖਾਣ ਦੀ ਬਜਾਏ ਸਨੈਕਸ ਤੋਂ ਜ਼ਿਆਦਾ ਕੈਲੋਰੀ ਲੈਂਦੇ ਹਨ।

ਪਰ ਸਿਰਫ਼ ਸਾਡੀ ਕ੍ਰੇਵਿੰਗ ਅਤੇ ਵਿਅਸਤ ਜੀਵਨ ਸ਼ੈਲੀ ਹੀ ਇਸ ਵੱਡੇ ਕਾਰੋਬਾਰ ਨੂੰ ਬਣਾਉਣ ਦੀ ਵਜ੍ਹਾ ਨਹੀਂ ਹੈ, ਫੂਡ ਕੰਪਨੀਆਂ ਦੀਆਂ ਚਲਾਕ ਮਾਰਕੀਟਿੰਗ ਨੀਤੀਆਂ ਨੇ ਵੀ ਸਾਡੀ ਖੁਰਾਕ ਵਿੱਚ ਸਨੈਕਸ ਨੂੰ ਸ਼ਾਮਲ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ।

ਸਭ ਤੋਂ ਪੁਰਾਣਾ ਸਨੈਕਸ ਕਿਹੜਾ ਹੈ?

ਕੈਂਬਰਿਜ ਇੰਗਲਿਸ਼ ਡਿਕਸ਼ਨਰੀ ਦੇ ਅਨੁਸਾਰ ਸਨੈਕ "ਥੋੜ੍ਹਾ ਜਿਹਾ ਖਾਣਾ ਹੈ, ਜੋ ਭੋਜਨ ਦੇ ਵਿਚਕਾਰ ਖਾਦਾ ਜਾਂਦਾ ਹੈ ਜਾਂ ਬਹੁਤ ਘੱਟ ਭੋਜਨ" ਹੈ।

ਦੂਜੇ ਸ਼ਬਦਾਂ ਵਿੱਚ ਇੱਕ ਸਨੈਕ ਦਾ ਮਤਲਬ ਜੰਕ ਫੂਡ ਹੋਣਾ ਜ਼ਰੂਰੀ ਨਹੀਂ ਹੈ, ਜੋ ਪਹਿਲਾਂ ਤੋਂ ਤਿਆਰ ਹੋਵੇ ਅਤੇ ਜਿਸਦਾ ਪੌਸ਼ਟਿਕ ਮੁੱਲ ਘੱਟ ਹੋਵੇ।

ਬ੍ਰਿਟਿਸ਼ ਭੋਜਨ ਇਤਿਹਾਸਕਾਰ ਅਤੇ ਲੇਖਕ ਡਾ. ਐਨੀ ਗ੍ਰੇ ਕਹਿੰਦੇ ਹਨ ਕਿ ਸਨੈਕਸ ਬਾਰੇ ਅੱਜ ਦੀ ਸਮਝ ਅਕਸਰ "ਕਾਫ਼ੀ ਨਕਾਰਾਤਮਕ" ਹੁੰਦੀ ਹੈ।

ਡਾ. ਗ੍ਰੇ ਕਹਿੰਦੇ ਹਨ, "ਅਸੀਂ ਸਨੈਕ ਫੂਡਜ਼ ਨੂੰ ਅਜਿਹੀ ਚੀਜ਼ ਸਮਝਦੇ ਹਾਂ ਜਿਸਨੂੰ ਅਸੀਂ ਆਸਾਨੀ ਨਾਲ ਲੈ ਲੈਂਦੇ ਹਾਂ ਅਤੇ ਖਾਣੇ ਦੇ ਵਿਚਕਾਰ ਖਾਂਦੇ ਹਾਂ ਅਤੇ ਮੈਨੂੰ ਲੱਗਦਾ ਹੈ ਕਿ ਇਸ ਬਾਰੇ ਅਕਸਰ ਥੋੜ੍ਹਾ ਜਿਹਾ ਅਫਸੋਸ ਹੁੰਦਾ ਹੈ।"

ਉਹ ਕਹਿੰਦੇ ਹਨ ਕਿ ਸਨੈਕਿੰਗ ਕੋਈ ਨਵੀਂ ਗੱਲ ਨਹੀਂ ਹੈ, ਇਹ ਬਹੁਤ ਲੰਬੇ ਸਮੇਂ ਤੋਂ ਚੱਲੀ ਆ ਰਹੀ ਹੈ।

ਡਾ. ਗ੍ਰੇ ਕਹਿੰਦੀ ਹੈ, "ਸਭ ਤੋਂ ਪੁਰਾਣੇ ਸਨੈਕਸ ਨਟਸ, ਬੇਰੀਆਂ ਅਤੇ ਫਲ ਹੋਣਗੇ। ਪਰ ਜੇਕਰ ਅਸੀਂ ਆਧੁਨਿਕ ਸਨੈਕ ਫੂਡਜ਼ ਬਾਰੇ ਗੱਲ ਕਰੀਏ ਤਾਂ ਸਭ ਤੋਂ ਪੁਰਾਣਾ ਸ਼ਾਇਦ ਪੌਪਕਾਰਨ ਹੈ। ਪੁਰਾਤੱਤਵ-ਵਿਗਿਆਨੀਆਂ ਨੇ ਦੱਖਣੀ ਅਮਰੀਕਾ ਦੀਆਂ ਗੁਫਾਵਾਂ ਵਿੱਚ ਮੱਕੀ ਦੇ ਦਾਣੇ ਖੋਜੇ ਹਨ, ਜੋ ਲਗਭਗ 7,000 ਸਾਲ ਪੁਰਾਣੇ ਹਨ।"

ਉਹ ਅੱਗੇ ਕਹਿੰਦੇ ਹਨ, "ਇਤਿਹਾਸ ਦੇ ਵੱਖ-ਵੱਖ ਸਮਿਆਂ 'ਤੇ, ਦੁਨੀਆ ਭਰ ਦੇ ਬਹੁਤ ਸਾਰੇ ਲੋਕਾਂ ਕੋਲ ਰਸਮੀ ਭੋਜਨ ਲਈ ਸਮਾਂ ਨਹੀਂ ਹੁੰਦਾ ਸੀ, ਜਿਸਦਾ ਮਤਲਬ ਹੈ ਕਿ ਅਸਲ ਵਿੱਚ ਅਸੀਂ ਹਮੇਸ਼ਾ ਉਸ ਸਮੇਂ ਹੀ ਖਾਂਦੇ ਹਾਂ ਜਦੋਂ ਭੁੱਖ ਲੱਗਦੀ ਹੈ।"

ਜਲਦੀ ਨਾਸ਼ਤਾ ਕਰਨਾ

ਜੇਕਰ ਮਨੁੱਖੀ ਇਤਿਹਾਸ ਦੇ ਜ਼ਿਆਦਾਤਰ ਸਮੇਂ ਦੌਰਾਨ ਸਨੈਕਿੰਗ ਆਮ ਸੀ ਤਾਂ ਅਸੀਂ ਇਸਨੂੰ ਖਾਣੇ ਦੇ ਵਿਚਕਾਰ ਖਾਣ ਵਾਲੀ ਚੀਜ਼ ਵਜੋਂ ਕਦੋਂ ਸੋਚਣਾ ਸ਼ੁਰੂ ਕੀਤਾ?

ਡਾ. ਗ੍ਰੇ ਕਹਿੰਦੇ ਹਨ, "'ਸਨੈਕ' ਸ਼ਬਦ ਸ਼ੁਰੂਆਤੀ ਆਧੁਨਿਕ ਸਮੇਂ ਤੋਂ ਹੈ ਅਤੇ ਜਦੋਂ ਇਸਨੂੰ ਪਹਿਲੀ ਵਾਰ ਅੰਗਰੇਜ਼ੀ ਵਿੱਚ ਵਰਤਿਆ ਗਿਆ ਤਾਂ ਇਸਦਾ ਅਰਥ ਸੀ 'ਕਿਸੇ ਚੀਜ਼ ਦਾ ਇੱਕ ਹਿੱਸਾ'।" "ਇਸ ਲਈ ਇਹ ਸਾਂਝਾ ਕਰਨ ਦਾ ਇੱਕ ਅੰਦਰੂਨੀ ਵਿਚਾਰ ਹੈ। ਇਹ ਸਿਰਫ਼ ਖਾਣੇ ਦਾ ਇੱਕ ਹਿੱਸਾ ਨਹੀਂ ਹੈ, ਸਗੋਂ ਤੁਸੀਂ ਪੈਸੇ ਦਾ ਸਨੈਕ ਜਾਂ ਲਾਭ ਦਾ ਸਨੈਕ ਵੀ ਹੋ ਸਕਦਾ ਹੈ।"

ਉੱਥੋਂ ਇਹ ਸ਼ਬਦ ਜਲਦੀ ਹੀ ਭੋਜਨ ਨਾਲ ਜੁੜ ਗਿਆ।

ਡਾ. ਗ੍ਰੇ ਅੱਗੇ ਕਹਿੰਦੇ ਹਨ, "ਇੱਕ ਖੇਤ ਮਜ਼ਦੂਰ ਕਹਿ ਸਕਦਾ ਹੈ, ਓਹ, ਮੈਨੂੰ ਭੁੱਖ ਲੱਗੀ ਹੈ, ਮੈਂ ਕੇਕ ਦਾ ਇੱਕ ਸਨੈਕ ਖਾਣ ਜਾ ਰਿਹਾ ਹਾਂ।"

ਉਹ ਕਹਿੰਦੇ ਹਨ, "18ਵੀਂ ਸਦੀ ਦੇ ਮੱਧ ਤੱਕ 'ਸਨੈਕ' ਸ਼ਬਦ ਪੂਰੀ ਤਰ੍ਹਾਂ ਭੋਜਨ ਨਾਲ ਜੁੜ ਗਿਆ ਅਤੇ ਰਸਮੀ ਖਾਣ-ਪੀਣ ਦੀਆਂ ਆਦਤਾਂ ਤੋਂ ਬਹੁਤ ਵੱਖ ਹੋ ਗਿਆ।"

ਇਹ ਉਹ ਸਮਾਂ ਸੀ ਜਦੋਂ ਦੁਨੀਆ ਦੇ ਮਸ਼ਹੂਰ ਸਨੈਕਸ ਵਿੱਚੋਂ ਇੱਕ, 'ਸੈਂਡਵਿਚ', ਦੀ ਸ਼ੁਰੂਆਤ ਹੋਈ। ਕਿਹਾ ਜਾਂਦਾ ਹੈ ਕਿ ਸਾਲ 1762 ਵਿੱਚ ਇੱਕ ਸ਼ਾਮ ਜੌਨ ਮੋਂਟਾਗੂ, ਦਿ ਫੌਰਥ ਅਰਲ ਆਫ਼ ਸੈਂਡਵਿਚ, ਤੇਜ਼ ਭੁੱਖ ਲੱਗਣ ਦੇ ਬਾਵਜੂਦ ਤਾਸ਼ ਦਾ ਖੇਡ ਛੱਡਣ ਲਈ ਤਿਆਰ ਨਹੀਂ ਸੀ।

ਤਾਸ਼ ਛੱਡਣ ਦੀ ਬਜਾਏ, ਉਨ੍ਹਾਂ ਨੇ ਆਪਣੇ ਨੌਕਰ ਨੂੰ ਹੁਕਮ ਦਿੱਤਾ ਕਿ ਦੋ ਬ੍ਰੈੱਡ ਦੇ ਟੁਕੜਿਆਂ ਵਿਚਕਾਰ ਮੀਟ ਰੱਖ ਕੇ ਲਿਆਉਣ, ਤਾਂ ਜੋ ਉਹ ਖੇਡ ਜਾਰੀ ਰੱਖਦੇ ਹੋਏ ਇਸ ਨੂੰ ਖਾਂਦੇ ਰਹਿਣ। ਇਹੀ ਸੀ ਸਨੈਕ ਦੀ ਅਸਲ ਪਰਿਭਾਸ਼ਾ।

ਸ਼ੁਰੂਆਤੀ ਉਦਯੋਗਿਕ ਯੁੱਗ ਵਿੱਚ ਅਮਰੀਕਾ ਵਿੱਚ ਸਨੈਕ ਕੰਪਨੀਆਂ ਫੈਕਟਰੀ ਵਰਕਰਾਂ ਨੂੰ ਨਿਸ਼ਾਨਾ ਬਣਾ ਰਹੀਆਂ ਸਨ। ਪਹਿਲੇ ਸਨੈਕ ਬਾਰ ਫੈਕਟਰੀ ਦੇ ਗੇਟਾਂ ਦੇ ਨੇੜੇ ਖੁੱਲ੍ਹੇ, ਜੋ ਸੀਪ, ਅਚਾਰ ਵਾਲੇ ਘੋਗੇ ਅਤੇ ਸੈਂਡਵਿਚ ਵਰਗੀਆਂ ਚੀਜ਼ਾਂ ਵੇਚਦੇ ਸਨ।

19ਵੀਂ ਸਦੀ ਵਿੱਚ ਅਮਰੀਕਾ ਵਿੱਚ ਪੌਪਕੌਰਨ ਇੱਕ ਪ੍ਰਸਿੱਧ ਸਨੈਕ ਬਣ ਕੇ ਉਭਰਿਆ ਅਤੇ ਇਸ ਤੋਂ ਬਾਅਦ ਹੋਰ ਸਨੈਕ ਆਏ।

ਡਾ. ਗ੍ਰੇ ਦੱਸਦੇ ਹਨ, "ਕ੍ਰਿਸਪਸ ਪਹਿਲੀ ਵਾਰ 1910 ਵਿੱਚ ਵਪਾਰਕ ਬਣ ਗਏ। ਇਹ ਉਹ ਯੁੱਗ ਸੀ ਜਦੋਂ ਬਹੁਤ ਸਾਰੇ ਬਣੇ ਬਣਾਏ ਅਤੇ ਉਦਯੋਗਿਕ ਭੋਜਨ ਸਾਹਮਣੇ ਆਏ।"

ਦੂਜੇ ਵਿਸ਼ਵ ਯੁੱਧ ਤੋਂ ਬਾਅਦ ਫੂਡ ਪ੍ਰੋਸੈਸਿੰਗ ਵਿੱਚ ਇੱਕ ਵੱਡਾ ਵਿਸਥਾਰ ਹੋਇਆ ਅਤੇ ਪੈਕੇਜਿੰਗ ਵਿੱਚ ਹੋਏ ਸੁਧਾਰਾਂ ਨੇ ਸਨੈਕਸ ਨੂੰ ਖਪਤਕਾਰਾਂ ਲਈ ਪਹੁੰਚਯੋਗ ਬਣਾਉਣ ਵਿੱਚ ਮਦਦ ਕੀਤੀ, ਜਿਨ੍ਹਾਂ ਦੀ ਆਮਦਨ ਵੀ ਤੇਜ਼ੀ ਨਾਲ ਵੱਧ ਰਹੀ ਸੀ।

ਡਾ. ਗ੍ਰੇ ਅੱਗੇ ਕਹਿੰਦੇ ਹਨ, "ਜ਼ਿਆਦਾ ਲੋਕ ਘਰ ਤੋਂ ਬਾਹਰ ਕੰਮ ਕਰ ਰਹੇ ਸਨ, ਉਹ ਲੋਕ ਜੋ ਸ਼ਿਫਟਾਂ ਵਿੱਚ ਕੰਮ ਕਰਦੇ ਸਨ ਅਤੇ ਖਾਣ ਲਈ ਸਮਾਂ ਨਹੀਂ ਕੱਢ ਸਕਦੇ ਸਨ।"

"ਉਦਯੋਗ ਦਾ ਵਿਸਥਾਰ ਹੋਇਆ, ਮੱਧ ਵਰਗ ਵਧਿਆ, ਖਰਚ ਕਰਨ ਲਾਇਕ ਆਮਦਨ ਵਧੀ ਅਤੇ ਇਸ ਲਈ ਲੋਕ ਸਨੈਕਸ 'ਤੇ ਵੱਧ ਤੋਂ ਵੱਧ ਖਰਚ ਕਰਨ ਲੱਗੇ।"

ਸਨੈਕਸ ਮਾਰਕਿਟ ਹੁਣ ਕਿੰਨੀ ਵੱਡੀ ਹੈ?

ਇਸ ਦੇ ਨਾਲ ਹੀ ਪੈਕੇਜਿੰਗ ਤਕਨਾਲੋਜੀ ਵੀ ਅੱਗੇ ਵਧ ਰਹੀ ਸੀ।

ਕ੍ਰਿਪਸ ਬੈਗ ਵਿੱਚ ਨਾਈਟ੍ਰੋਜਨ ਗੈਸ ਭਰਨਾ ਵਰਗੀਆਂ ਛੋਟੀਆਂ-ਛੋਟੀਆਂ ਕਾਢਾਂ ਨਾਲ ਚਿਪਸ ਨੂੰ ਟੁੱਟਣ ਤੋਂ ਰੋਕਣ ਅਤੇ ਆਵਾਜਾਈ ਦੌਰਾਨ ਉਨ੍ਹਾਂ ਨੂੰ ਸੁਰੱਖਿਅਤ ਰੱਖਣ ਵਿੱਚ ਮਦਦ ਮਿਲੀ।

ਨਤੀਜੇ ਵਜੋਂ ਮੈਨਿਊਫੈਕਚਰਿੰਗ ਨੂੰ ਇੱਕ ਥਾਂ 'ਤੇ ਇਕੱਠਾ ਕਰਨਾ ਫਾਇਦੇਮੰਦ ਸਾਬਤ ਹੋਇਆ ਅਤੇ ਅਤੇ ਛੋਟੀਆਂ ਥਾਵਾਂ 'ਤੇ ਵੱਡੀਆਂ ਫੈਕਟਰੀਆਂ ਬਣਨ ਲੱਗੀਆਂ।

ਜਦੋਂ 1979 ਵਿੱਚ ਪੌਲ ਪੋਲਮੈਨ ਅਮਰੀਕੀ ਕੰਪਨੀ ਪ੍ਰੋਕਟਰ ਐਂਡ ਗੈਂਬਲ ਵਿੱਚ ਸ਼ਾਮਲ ਹੋਇਆ, ਉਦੋਂ ਤੱਕ ਮਾਮੂਲੀ ਕ੍ਰਿਸਪ ਸਨੈਕਿੰਗ ਦੀ ਦੁਨੀਆ ਵਿੱਚ ਇੱਕ ਬਹੁਤ ਵੱਡੀ ਚੀਜ਼ ਬਣ ਗਿਆ ਸੀ।

ਪੋਲਮੈਨ ਜਲਦੀ ਹੀ ਇੱਕ ਨਵੀਂ ਕਿਸਮ ਦੇ ਆਲੂ ਚਿੱਪ 'ਤੇ ਕੰਮ ਕਰਨ ਲੱਗ ਗਏ, ਜੋ ਡੀਹਾਈਡ੍ਰੇਟਿਡ ਆਲੂਆਂ ਤੋਂ ਬਣਿਆ ਇੱਕ ਕੈਨ ਵਿੱਚ ਮਿਲਣ ਵਾਲਾ ਸਨੈਕ ਸੀ।

ਇਸ ਦੌਰਾਨ ਵੱਡੀਆਂ ਕੰਪਨੀਆਂ ਛੋਟੇ ਕਾਰੋਬਾਰਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਰਹੀਆਂ ਸਨ ਅਤੇ ਬ੍ਰਾਂਡ-ਬਿਲਡਿੰਗ ਅਤੇ ਇਸ਼ਤਿਹਾਰਬਾਜ਼ੀ ਵਿੱਚ ਪੈਸਾ ਲਗਾ ਰਹੀਆਂ ਸਨ।

ਅੱਜ-ਕੱਲ੍ਹ ਪੌਲਮੈਨ ਇਸ ਇੰਡਸਟਰੀ ਦੀ ਤੁਲਨਾ "ਮਿਲਟਰੀ ਆਪਰੇਸ਼ਨ" ਨਾਲ ਕਰਦੇ ਹਨ।

ਉਹ ਕਹਿੰਦੇ ਹਨ, "ਸਫਲਤਾ ਜਲਦੀ ਮਿਲ ਸਕਦੀ ਹੈ ਪਰ ਓਨੀ ਹੀ ਜਲਦੀ ਗਾਇਬ ਵੀ ਹੋ ਸਕਦੀ ਹੈ ਅਤੇ ਤੁਹਾਨੂੰ ਸੰਪੂਰਨ ਐਗਜੀਕਿਊਸ਼ਨ ਦੇ ਕਾਰੋਬਾਰ ਵਿੱਚ ਹੋਣਾ ਚਾਹੀਦਾ ਹੈ।" ਤੁਹਾਡਾ ਉਤਪਾਦ ਸਹੀ ਗੁਣਵੱਤਾ, ਸਹੀ ਕੀਮਤ, ਸਹੀ ਪੈਕੇਜਿੰਗ ਦਾ, ਸਟੋਰ ਵਿੱਚ ਸਹੀ ਸਥਾਨ 'ਤੇ ਅਤੇ ਲੋੜ ਪੈਣ 'ਤੇ ਸਹੀ ਪ੍ਰਮੋਸ਼ਨ ਵਾਲਾ ਹੋਣਾ ਚਾਹੀਦਾ ਹੈ।"

ਪਰ ਲਾਭ ਬਹੁਤ ਜ਼ਿਆਦਾ ਹੋ ਸਕਦੇ ਹਨ ਕਿਉਂਕਿ ਸਨੈਕ ਦੀ ਖਪਤ ਸਿਰਫ ਵਧ ਰਹੀ ਹੈ।

ਦੁਨੀਆ ਭਰ ਦੇ ਕੁਝ ਪਸੰਦੀਦਾ ਸਨੈਕਸ ਕਿਹੜੇ ਹਨ?

ਬੀਬੀਸੀ ਵਰਲਡ ਸਰਵਿਸ ਨੇ ਸਨੈਕਸ ਪ੍ਰਤੀ ਸਾਡੇ ਪਿਆਰ ਬਾਰੇ ਪੜਚੋਲ ਕੀਤੀ ਹੈ ਅਤੇ ਸਰੋਤਿਆਂ ਤੋਂ ਪੁੱਛਿਆ ਕਿ ਜਦੋਂ ਉਹ ਭੁੱਖੇ ਹੁੰਦੇ ਹਨ ਤਾਂ ਉਹ ਕੀ ਖਾਣਾ ਪਸੰਦ ਕਰਦੇ ਹਨ।

ਅਰਜਨਟੀਨਾ ਤੋਂ ਬਾਰਬਰਾ ਓਏਵਰੀ ਕਹਿੰਦੇ ਹਨ, "ਮੇਰਾ ਮਨਪਸੰਦ ਸਨੈਕ ਚਿਪਾ ਹੈ। ਇਹ ਕਸਾਵਾ, ਪਨੀਰ, ਮੱਖਣ, ਦੁੱਧ ਅਤੇ ਨਮਕ ਤੋਂ ਬਣਿਆ ਇੱਕ ਛੋਟਾ ਗੋਲ ਬਨ ਜਿਹਾ ਹੁੰਦਾ ਹੈ। ਤੁਸੀਂ ਇਸ ਤੋਂ ਆਟੇ ਦੇ ਗੋਲਫ ਬਾਲ ਦੇ ਆਕਾਰ ਦੇ ਗੋਲੇ ਬਣਾਉਂਦੇ ਹੋ ਅਤੇ ਉਨ੍ਹਾਂ ਨੂੰ ਬੇਕ ਕਰਦੇ ਹੋ।"

ਓਏਵਰੀ ਆਪਣੇ ਸਨੈਕਸ ਖੁਦ ਬਣਾਉਣਾ ਪਸੰਦ ਕਰਦੀ ਹੈ ਪਰ ਉਸਦਾ ਪੁੱਤਰ ਰੈਡੀਮੇਡ ਸਨੈਕਸ ਪਸੰਦ ਕਰਦਾ ਹੈ।

"ਮਜ਼ੇ ਦੀ ਗੱਲ ਇਹ ਹੈ ਕਿ ਇਹ ਪਨੀਰ ਨਾਲ ਬਣੀ ਚੀਜ਼ ਹੈ, ਜੋ ਮੈਨੂੰ ਪਸੰਦ ਹੈ। ਇਹ ਮਜ਼ੇਦਾਰ ਹੈ ਕਿ ਉਸਨੂੰ ਨਮਕੀਨ, ਪਨੀਰ ਵਾਲੇ ਸਨੈਕਸ ਲਈ ਉਹੀ ਸੁਆਦ ਵਿਰਾਸਤ ਵਿੱਚ ਮਿਲਿਆ ਹੈ ਜੋ ਮੈਨੂੰ ਬਚਪਨ ਵਿੱਚ ਪਸੰਦ ਸੀ, ਪਰ ਮੈਨੂੰ ਉਸਦਾ ਪੁਰਾਣਾ ਵਰਜਨ ਪਸੰਦ ਸੀ।"

ਡਾ. ਸਵਾਤੀ ਮਿਸ਼ਰਾ ਨਵੀਂ ਦਿੱਲੀ ਵਿੱਚ ਰਹਿੰਦੇ ਹਨ ਅਤੇ ਉਹ ਉਬਲੇ ਹੋਏ ਆਲੂ, ਬਹੁਤ ਸਾਰਾ ਧਨੀਆ, ਪਿਆਜ਼ ਅਤੇ ਮਟਰ ਨਾਲ ਭਰੇ ਸਮੋਸੇ ਖਾਣਾ ਪਸੰਦ ਕਰਦੇ ਹਨ।

ਉਹ ਕਹਿੰਦੇ ਹਨ, "ਕੋਈ ਵੀ ਪਾਰਟੀ ਜਾਂ ਵਿਆਹ ਇਨ੍ਹਾਂ ਤੋਂ ਬਿਨਾਂ ਪੂਰਾ ਨਹੀਂ ਹੁੰਦਾ।"

ਉਹ ਇਹ ਵੀ ਦੇਖਦੇ ਹਨ ਕਿ ਲੋਕ ਹੌਲੀ-ਹੌਲੀ ਤਾਜ਼ੇ ਬਣੇ ਸਨੈਕਸ ਤੋਂ ਜ਼ਿਆਦਾ ਪਹਿਲਾਂ ਤੋਂ ਤਿਆਰ ਉਤਪਾਦਾਂ ਨੂੰ ਖਾਣ ਦੀ ਤਰਜ਼ੀਹ ਦਿੰਦੇ ਹਨ ਅਤੇ ਉਹ ਕਹਿੰਦੇ ਹਨ ਕਿ ਬੱਚਿਆਂ ਨੂੰ ਪੈਕ ਕੀਤੇ ਭੋਜਨ ਤੋਂ ਦੂਰ ਰੱਖਣਾ ਮੁਸ਼ਕਲ ਹੈ।

ਸਟੈਲਾ ਓਸੀਗਬੂ ਕਹਿੰਦੇ ਹਨ, "ਮੈਂ ਰੋਜ਼ਾਨਾ ਆਪਣੀ ਸਥਾਨਕ ਮਿੰਨੀ ਮਾਰਕਿਟ ਜਾਂਦੀ ਹਾਂ ਅਤੇ ਫਿਸ਼ ਰੋਲ ਖਰੀਦਦੀ ਹਾਂ। ਇਹ ਆਟਾ, ਮੱਛੀ, ਨਮਕ ਅਤੇ ਮਡੀਗਾ (ਚਪਟੀ ਰੋਟੀ) ਤੋਂ ਬਣਿਆ ਹੁੰਦਾ ਹੈ, ਜੋ ਕਿ ਕਸਾਵਾ ਦੇ ਆਟੇ, ਨਮਕ ਅਤੇ ਖੰਡ ਤੋਂ ਤਿਆਰ ਕੀਤਾ ਜਾਂਦਾ ਹੈ।"

ਓਸੀਗਬੂ ਅੱਗੇ ਕਹਿੰਦੇ ਹਨ, "ਮਡੀਗਾ ਨਾਈਜੀਰੀਆ ਦੇ ਦੱਖਣ-ਪੱਛਮ ਵਿੱਚ ਇੱਕ ਬਹੁਤ ਮਸ਼ਹੂਰ ਸਥਾਨਕ ਰੋਟੀ ਹੈ। ਇਹ ਆਪਣੀ ਸੰਘਣੀ ਬਣਤਰ ਅਤੇ ਅਮੀਰ ਸੁਆਦ ਲਈ ਜਾਣੀ ਜਾਂਦੀ ਹੈ।"

ਬੈਂਕਾਕ ਦੀ ਪਪਾਤਚਾਇਆ ਨਿਪਾਨਨ ਕਹਿੰਦੇ ਹੈ, "ਮੈਂ ਹਰ ਰੋਜ਼ ਸਨੈਕਸ ਖਾਂਦੀ ਹਾਂ।"

"ਇਹ ਆਮ ਤੌਰ 'ਤੇ ਕੁਝ ਕਰਿਸਪੀ ਹੁੰਦਾ ਹੈ, ਜਾਂ ਕਈ ਵਾਰ ਚਾਕਲੇਟ, ਪਰ ਕਈ ਵਾਰ ਮੈਂ ਨਾਚੋਸ ਖਾ ਲੈਂਦੀ ਹਾਂ।"

ਉਹ ਆਪਣੀਆਂ ਛੁੱਟੀਆਂ ਵਾਲੇ ਦਿਨਾਂ ਵਿੱਚ ਸਨੈਕਸ ਨੂੰ ਸਟੋਰ ਕਰ ਲੈਂਦੇ ਹਨ ਅਤੇ ਕੰਮ ਵਾਲੇ ਦਿਨਾਂ ਵਿੱਚ ਜਦੋਂ ਵੀ ਉਨ੍ਹਾਂ ਕੋਲ ਖਾਲੀ ਸਮਾਂ ਹੁੰਦਾ ਹੈ ਤਾਂ ਉਨ੍ਹਾਂ ਨੂੰ ਖਾਂਦੇ ਹਨ।

ਤੇਜ਼ੀ ਨਾਲ ਵਾਧਾ

ਮਾਰਕੀਟ ਰਿਸਰਚ ਕੰਪਨੀ ਸਰਕਾਨਾ ਦੇ ਅੰਕੜਿਆਂ ਅਨੁਸਾਰ, ਲਗਭਗ ਅੱਧੇ ਅਮਰੀਕੀ ਬਾਲਗ ਹਰ ਰੋਜ਼ ਤਿੰਨ ਜਾਂ ਉਸ ਤੋਂ ਵੱਧ ਸਨੈਕਸ ਖਾਂਦੇ ਹਨ।

ਇਹ ਇੱਕ ਅਜਿਹਾ ਰੁਝਾਨ ਹੈ ਜੋ ਕਈ ਹੋਰ ਦੇਸ਼ਾਂ ਵਿੱਚ ਦੇਖਿਆ ਜਾਂਦਾ ਹੈ ਅਤੇ ਸਨੈਕ ਫੂਡ ਇੱਕ ਅਜਿਹੀ ਚੀਜ਼ ਹੈ, ਜਿਸ ਲਈ ਸਾਡੀ ਭੁੱਖ ਦਾ ਕੋਈ ਅੰਤ ਨਹੀਂ ਹੈ।

ਪੋਲਮੈਨ ਬਾਅਦ ਵਿੱਚ ਇੰਡਸਟਰੀ ਦੀ ਦਿੱਗਜ ਕੰਪਨੀ ਯੂਨੀਲੀਵਰ ਦੇ ਸੀਈਓ ਬਣੇ, ਉਹ ਕਹਿੰਦੇ ਹਨ, "ਜਦੋਂ ਮੈਂ ਸਨੈਕ ਮਾਰਕੀਟ ਵਿੱਚ ਸ਼ੁਰੂਆਤ ਕੀਤੀ ਸੀ, ਤਾਂ ਇਹ ਕਾਫੀ ਛੋਟਾ ਸੀ - $300 ਬਿਲੀਅਨ ਤੋਂ ਵੀ ਘੱਟ। ਇਸ ਵੇਲੇ, ਮੈਂ ਕਹਾਂਗਾ ਕਿ ਸਨੈਕਿੰਗ ਕੈਟੇਗਰੀ ਵਿੱਚ ਲਗਭਗ 1.2 ਤੋਂ 1.5 ਟ੍ਰਿਲੀਅਨ ਡਾਲਰ ਦਾ ਸਮਾਨ ਵੇਚਿਆ ਜਾ ਰਿਹਾ ਹੈ।"

ਉਨ੍ਹਾਂ ਨੂੰ ਉਮੀਦ ਹੈ ਕਿ ਇਹ ਵਿਸ਼ਾਲ ਇੰਡਸਟਰੀ 2035 ਤੱਕ ਦੋਗੁਣਾ ਹੋ ਜਾਵੇਗੀ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)