ਸਾਬਕਾ ਆਈਜੀ ਅਮਰ ਸਿੰਘ ਚਾਹਲ ਵੱਲੋਂ ਕਥਿਤ ਤੌਰ 'ਤੇ 'ਖੁਦਕੁਸ਼ੀ ਦੀ ਕੋਸ਼ਿਸ਼', ਪੰਜਾਬ ਦੇ ਕਿਹੜੇ ਵੱਡੇ ਮਾਮਲੇ ਨਾਲ ਜੁੜਿਆ ਸੀ ਉਨ੍ਹਾਂ ਦਾ ਨਾਮ

    • ਲੇਖਕ, ਗੁਰਮਿੰਦਰ ਗਰੇਵਾਲ
    • ਰੋਲ, ਬੀਬੀਸੀ ਸਹਿਯੋਗੀ

ਪਟਿਆਲਾ ਪੁਲਿਸ ਮੁਤਾਬਕ ਪੰਜਾਬ ਪੁਲਿਸ ਦੇ ਸਾਬਕਾ ਆਈਜੀ ਅਤੇ ਆਈਪੀਐੱਸ ਅਧਿਕਾਰੀ ਅਮਰ ਸਿੰਘ ਚਾਹਲ ਨੇ ਕਥਿਤ ਤੌਰ 'ਤੇ ਖੁਦਕੁਸ਼ੀ ਦੀ ਕੋਸ਼ਿਸ ਕੀਤੀ ਜਿਸ ਤੋਂ ਬਾਅਦ ਉਨ੍ਹਾਂ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।

ਐੱਸਪੀ ਸਿਟੀ, ਪਟਿਆਲਾ ਪਲਵਿੰਦਰ ਸਿੰਘ ਚੀਮਾ ਮੁਤਾਬਕ, "ਪੁਲਿਸ ਨੂੰ ਸਾਬਕਾ ਆਈਜੀ ਅਮਰ ਸਿੰਘ ਚਾਹਲ ਦੇ ਕੁਝ ਦੋਸਤਾਂ ਨੇ ਜਾਣਕਾਰੀ ਦਿੱਤੀ ਸੀ ਕਿ ਉਹ ਖੁਦਕੁਸ਼ੀ ਕਰ ਸਕਦੇ ਹਨ। ਇਸ ਲਈ ਪੁਲਿਸ ਤੁਰੰਤ ਉਨ੍ਹਾਂ ਦੇ ਘਰ ਪਹੁੰਚੀ ਜਿੱਥੇ ਅਸੀਂ ਉਨ੍ਹਾਂ ਨੂੰ ਜ਼ਖਮੀ ਹਾਲਾਤ ਵਿੱਚ ਦੇਖਿਆ।"

ਚੀਮਾ ਨੇ ਦੱਸਿਆ, "ਅਸੀਂ ਨਾਲ ਦੀ ਨਾਲ ਉਨ੍ਹਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ। ਅਸੀਂ ਘਰੋਂ ਸਾਰੇ ਦਸਤੇਵਾਜ਼ ਲੈ ਲਏ ਹਨ। ਉਨ੍ਹਾਂ ਦੀ ਹਾਲਾਤ ਕਾਫ਼ੀ ਨਾਜ਼ੁਕ ਬਣੀ ਹੋਈ ਹੈ।"

ਅਮਰ ਸਿੰਘ ਚਾਹਲ ਸਾਲ 2015 ਦੇ ਫਰੀਦਕੋਟ ਗੋਲੀਬਾਰੀ ਮਾਮਲੇ ਦੇ ਮੁਲਜ਼ਮ ਹਨ। ਫਰਵਰੀ 2023 ਵਿੱਚ, ਪੰਜਾਬ ਪੁਲਿਸ ਦੀ ਇੱਕ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਨੇ ਫਰੀਦਕੋਟ ਦੀ ਇੱਕ ਅਦਾਲਤ ਵਿੱਚ ਚਾਰਜਸ਼ੀਟ ਦਾਇਰ ਕੀਤੀ ਸੀ, ਜਿਸ ਵਿੱਚ ਚਾਹਲ ਸਣੇ ਕਈ ਸਿਆਸੀ ਆਗੂਆਂ ਅਤੇ ਸੀਨੀਅਰ ਪੁਲਿਸ ਅਧਿਕਾਰੀਆਂ ਦਾ ਨਾਮ ਸ਼ਾਮਲ ਸੀ।

ਪੁਲਿਸ ਨੇ ਹੋਰ ਕੀ ਦੱਸਿਆ

ਪੁਲਿਸ ਮੁਤਾਬਕ ਆਈਜੀ ਅਮਰ ਸਿੰਘ ਚਾਹਲ ਆਪਣੇ ਪਰਿਵਾਰ ਨਾਲ ਪਟਿਆਲਾ ਸ਼ਹਿਰ ਵਿੱਚ ਰਹਿੰਦੇ ਹਨ ਅਤੇ ਘਟਨਾ ਸਮੇਂ ਉਨ੍ਹਾਂ ਦੇ ਬੱਚੇ ਵੀ ਆਪਣੇ ਘਰ ਬਣੇ ਦਫ਼ਤਰ ਵਿੱਚੋਂ ਵਰਕ ਫਰੋਮ ਹੋਮ ਕਰ ਰਹੇ ਸਨ।

ਐੱਸਪੀ ਪਲਵਿੰਦਰ ਸਿੰਘ ਚੀਮਾ ਨੇ ਦੱਸਿਆ, "ਪੁਲਿਸ ਨੂੰ ਘਟਨਾ ਵਾਲੀ ਥਾਂ ਤੋਂ ਇੱਕ ਖੁਦਕੁਸ਼ੀ ਨੋਟ ਵੀ ਮਿਲਿਆ ਹੈ। ਪਰ ਫਿਲਹਾਲ ਉਨ੍ਹਾਂ ਦੀ ਜਾਨ ਬਚਾਉਣਾ ਸਾਡੇ ਲਈ ਜ਼ਰੂਰੀ ਹੈ। ਡਾਕਟਰਾਂ ਦੀ ਟੀਮ ਉਨ੍ਹਾਂ ਦਾ ਇਲਾਜ ਕਰ ਰਹੀ ਹੈ ਅਤੇ ਉਨ੍ਹਾਂ ਦੇ ਇਲਾਜ ਦੀ ਅਗਲੀ ਪ੍ਰਕਿਰਿਆ ਬਾਰੇ ਫੈਸਲਾ ਲੈ ਰਹੀ ਹੈ।"

ਚੀਮਾ ਨੇ ਕਿਹਾ, "ਇਸ ਮਾਮਲੇ ਵਿੱਚ ਹਾਲੇ ਕੁਝ ਵੀ ਕਹਿਣਾ ਜਲਦਬਾਜ਼ੀ ਹੋਵੇਗੀ ਪਰ ਪੁਲਿਸ ਐੱਫ਼ਆਈਆਰ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰੇਗੀ।"

ਸਾਬਕਾ ਆਈਜੀ ਅਮਰ ਸਿੰਘ ਚਾਹਲ ਕੌਣ ਹਨ?

ਅਮਰ ਸਿੰਘ ਚਾਹਲ ਪੰਜਾਬ ਕੈਡਰ ਦੇ ਆਈਪੀਐੱਸ ਅਧਿਕਾਰੀ ਹਨ ਜਿਨ੍ਹਾਂ ਨੇ ਪੰਜਾਬ ਪੁਲਿਸ ਦੇ ਕਈ ਅਹਿਮ ਅਹੁਦਿਆਂ ਉੱਪਰ ਕੰਮ ਕੀਤਾ ਹੈ।

ਚਾਹਲ ਦੇ ਪਰਿਵਾਰ ਦੇ ਇੱਕ ਜਾਣਕਾਰ ਮੁਤਾਬਕ ਉਹ ਮਾਨਸਾ ਜ਼ਿਲ੍ਹੇ ਦੇ ਪਿੰਡ ਮੱਤੀ ਨਾਲ ਸਬੰਧ ਰੱਖਦੇ ਹਨ। ਉਹਨਾਂ ਨੇ ਪਹਿਲਾਂ ਥੋੜ੍ਹੇ ਸਮੇਂ ਲਈ ਨੇਵੀ ਵਿੱਚ ਵੀ ਸੇਵਾਵਾਂ ਨਿਭਾਈਆਂ ਸਨ। ਉਹ ਪੰਜਾਬ ਪੁਲਿਸ ਵਿੱਚ ਡੀਐੱਸਪੀ ਭਰਤੀ ਹੋਏ ਸਨ।

ਉਹ ਫਿਰੋਜ਼ਪੁਰ, ਬਠਿੰਡਾ ਅਤੇ ਪਟਿਆਲਾ ਰੇਂਜਾਂ ਦੇ ਡਿਪਟੀ ਇੰਸਪੈਕਟਰ ਜਨਰਲ (ਡੀ.ਆਈ.ਜੀ.) ਵਜੋਂ ਸੇਵਾ ਨਿਭਾ ਚੁੱਕੇ ਹਨ।

ਚਾਹਲ ਸਾਲ 2016 ਵਿੱਚ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਵੀ ਰਹਿ ਚੁੱਕੇ ਹਨ।

ਉਨ੍ਹਾਂ ਦਾ ਨਾਂ 2015 ਵਿੱਚ ਪੰਜਾਬ ਦੇ ਫਰੀਦਕੋਟ ਜ਼ਿਲ੍ਹੇ ਵਿੱਚ ਬਹਿਬਲ ਕਲਾਂ ਅਤੇ ਕੋਟਕਪੂਰਾ ਪੁਲਿਸ ਗੋਲੀਬਾਰੀ ਦੀਆਂ ਘਟਨਾਵਾਂ ਵਿੱਚ ਮੁਲਜ਼ਮ ਵਜੋਂ ਸ਼ਾਮਲ ਸੀ।

ਇਹ ਘਟਨਾਵਾਂ ਗੁਰੂ ਗ੍ਰੰਥ ਸਾਹਿਬ ਦੀ ਕਥਿਤ ਬੇਅਦਬੀ ਦੇ ਵਿਰੋਧ ਵਿੱਚ ਹੋਏ ਵਿਰੋਧ ਪ੍ਰਦਰਸ਼ਨਾਂ ਦੌਰਾਨ ਵਾਪਰੀਆਂ, ਜਿਸ ਦੇ ਨਤੀਜੇ ਵਜੋਂ ਕਈ ਮੌਤਾਂ ਹੋਈਆਂ।

ਇੱਕ ਵਿਸ਼ੇਸ਼ ਜਾਂਚ ਟੀਮ (SIT) ਨੇ ਫਰਵਰੀ 2023 ਵਿੱਚ ਇੱਕ ਚਾਰਜਸ਼ੀਟ ਦਾਇਰ ਕੀਤੀ ਸੀ ਜਿਸ ਅਮਰ ਸਿੰਘ ਚਾਹਲ, ਮਰਹੂਮ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਣੇ ਕਈ ਅਧਿਕਾਰੀਆਂ ਨੂੰ ਨਾਮਜ਼ਦ ਕੀਤਾ ਗਿਆ ਸੀ।

ਮਹੱਤਵਪੂਰਨ ਸੂਚਨਾ

(ਖੁਦਕੁਸ਼ੀ ਇੱਕ ਗੰਭੀਰ ਮਨੋਵਿਗਿਆਨਕ ਅਤੇ ਸਮਾਜਿਕ ਸਮੱਸਿਆ ਹੈ। ਜੇਕਰ ਤੁਸੀਂ ਵੀ ਤਣਾਅ ਵਿੱਚੋਂ ਗੁਜ਼ਰ ਰਹੇ ਹੋ, ਤਾਂ ਤੁਸੀਂ ਭਾਰਤ ਸਰਕਾਰ ਦੀ ਜੀਵਨਸਾਥੀ ਹੈਲਪਲਾਈਨ 18002333330 ਤੋਂ ਮਦਦ ਲੈ ਸਕਦੇ ਹੋ। ਤੁਹਾਨੂੰ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਨਾਲ ਵੀ ਗੱਲ ਕਰਨੀ ਚਾਹੀਦੀ ਹੈ।)

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)