100 ਸਾਲਾ ਡਾ. ਲਕਸ਼ਮੀਬਾਈ ਨੇ ਜ਼ਿੰਦਗੀ ਭਰ ਦੀ ਬੱਚਤ 3.4 ਕਰੋੜ ਰੁਪਏ ਏਮਜ਼ ਨੂੰ ਦਿੱਤੇ, ਇਸ ਫੈਸਲੇ ਪਿੱਛੇ ਕੀ ਹੈ ਮਕਸਦ?

    • ਲੇਖਕ, ਸੁਬਰਤ ਕੁਮਾਰ ਪਤੀ
    • ਰੋਲ, ਬ੍ਰਹਮਪੁਰ, ਓਡੀਸ਼ਾ ਤੋਂ ਬੀਬੀਸੀ ਲਈ

ਜਿੱਥੇ ਜ਼ਿਆਦਾਤਰ ਲੋਕ 100 ਸਾਲ ਦੀ ਉਮਰ ਵਿੱਚ ਆਪਣੀ ਜ਼ਿੰਦਗੀ ਨੂੰ ਪਿੱਛੇ ਮੁੜ ਕੇ ਦੇਖਣ ਤੱਕ ਸੀਮਤ ਰਹਿ ਜਾਂਦੇ ਹਨ, ਉੱਥੇ ਹੀ ਓਡੀਸ਼ਾ ਦੀ ਇੱਕ ਮਹਿਲਾ ਰੋਗ ਮਾਹਰ ਸੀਨੀਅਰ ਡਾਕਟਰ ਕੇ. ਲਕਸ਼ਮੀਬਾਈ ਨੇ ਭਵਿੱਖ ਲਈ ਨਿਵੇਸ਼ ਕਰਨ ਦਾ ਫ਼ੈਸਲਾ ਕੀਤਾ। ਇਸ ਫ਼ੈਸਲੇ ਨੇ ਉਨ੍ਹਾਂ ਨੂੰ ਰਾਤੋਂ-ਰਾਤ ਸੁਰਖ਼ੀਆਂ ਵਿੱਚ ਲਿਆ ਦਿੱਤਾ।

ਯਕੀਨ ਕਰਨਾ ਭਾਵੇਂ ਮੁਸ਼ਕਲ ਹੋਵੇ, ਪਰ ਓਡੀਸ਼ਾ ਦੇ ਬ੍ਰਹਮਪੁਰ ਦੇ ਮਹਿਲਾ ਡਾਕਟਰ ਕੇ. ਲਕਸ਼ਮੀਬਾਈ ਨੇ ਔਰਤਾਂ ਦੀ ਸਿਹਤ ਨੂੰ ਬਿਹਤਰ ਬਣਾਉਣ ਦੇ ਮਕਸਦ ਨਾਲ ਆਪਣੀ ਸਾਰੀ ਜਾਇਦਾਦ ਦਾਨ ਕਰਨ ਦਾ ਫ਼ੈਸਲਾ ਕੀਤਾ।

ਉਨ੍ਹਾਂ ਨੇ ਨਾ ਸਿਰਫ਼ ਇਹ ਫ਼ੈਸਲਾ ਕੀਤਾ, ਸਗੋਂ ਇਸ ਦੇ ਲਈ ਆਪਣਾ ਘਰ ਵੀ ਵੇਚ ਦਿੱਤਾ।

ਬੈਂਕ ਵਿੱਚ ਜਮ੍ਹਾਂ ਪੈਸੇ ਅਤੇ ਘਰ ਵੇਚਣ ਤੋਂ ਬਾਅਦ ਜਮ੍ਹਾਂ ਹੋਏ ਪੈਸਿਆਂ ਨੂੰ ਮਿਲਾ ਕੇ ਉਨ੍ਹਾਂ ਨੇ ਅਖਿਲ ਭਾਰਤੀ ਆਯੁਰਵਿਗਿਆਨ ਸੰਸਥਾਨ (ਏਮਜ਼) ਦੀ ਭੁਵਨੇਸ਼ਵਰ ਸ਼ਾਖਾ ਨੂੰ ਤਿੰਨ ਕਰੋੜ ਚਾਲੀ ਲੱਖ ਰੁਪਏ ਦਾ ਦਾਨ ਦਿੱਤਾ ਹੈ।

ਡਾਕਟਰ ਲਕਸ਼ਮੀਬਾਈ ਨੇ ਬੀਬੀਸੀ ਨੂੰ ਕਿਹਾ, "ਓਡੀਸ਼ਾ ਵਿੱਚ ਕਈ ਔਰਤਾਂ ਕੈਂਸਰ ਨਾਲ ਪ੍ਰਭਾਵਿਤ ਹੁੰਦੀਆਂ ਹਨ, ਪਰ ਉਹ ਸਹੀ ਇਲਾਜ ਨਹੀਂ ਕਰਵਾ ਪਾਉਂਦੀਆਂ। ਉਨ੍ਹਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਮੈਂ ਸੋਚਿਆ ਕਿ ਮੈਂ ਉਨ੍ਹਾਂ ਲਈ ਕੀ ਕਰ ਸਕਦੀ ਹਾਂ। ਇਸ ਲਈ ਮੈਂ ਆਪਣਾ ਘਰ ਵੇਚ ਦਿੱਤਾ ਅਤੇ ਏਮਜ਼ ਭੁਵਨੇਸ਼ਵਰ ਵਿੱਚ ਇੱਕ ਮਹਿਲਾ ਕੈਂਸਰ ਇਲਾਜ ਕੇਂਦਰ ਦੇ ਲਈ ਸਾਰਾ ਪੈਸਾ ਦੇ ਦਿੱਤਾ।"

ਮੰਨਿਆ ਜਾ ਰਿਹਾ ਹੈ ਕਿ ਇਸ ਰਕਮ ਨਾਲ ਓਡੀਸ਼ਾ ਵਿੱਚ ਔਰਤਾਂ ਦੀ ਸਿਹਤ, ਖ਼ਾਸ ਕਰਕੇ ਔਰਤਾਂ ਦੇ ਕੈਂਸਰ ਦੇ ਇਲਾਜ ਅਤੇ ਇਸ ਸਬੰਧੀ ਖੋਜ ਨੂੰ ਮਜ਼ਬੂਤੀ ਮਿਲੇਗੀ।

ਏਮਜ਼ ਭੁਵਨੇਸ਼ਵਰ ਦੇ ਮੈਡੀਕਲ ਸੁਪਰਿਟੈਂਡੈਂਟ ਡਾਕਟਰ ਦਿਲੀਪ ਪਰਿਦਾ ਨੇ ਕਿਹਾ, "ਇਹ ਰਾਸ਼ੀ ਕੈਂਸਰ ਨਾਲ ਪੀੜਤ ਮਹਿਲਾ ਮਰੀਜ਼ਾਂ ਦੀ ਦੇਖਭਾਲ, ਖੋਜ, ਟ੍ਰੇਨਿੰਗ ਅਤੇ ਭਾਈਚਾਰਕ ਸਿਹਤ ਸੇਵਾਵਾਂ 'ਤੇ ਖਰਚ ਕੀਤੀ ਜਾਵੇਗੀ। ਇਸ ਤੋਂ ਇਲਾਵਾ ਔਰਤਾਂ ਨੂੰ ਕੈਂਸਰ ਪ੍ਰਤੀ ਜਾਗਰੂਕ ਕਰਨ ਅਤੇ ਸਰਵਾਈਕਲ ਕੈਂਸਰ ਟੀਕਾਕਰਨ ਲਈ ਵੀ ਇਸ ਪੈਸੇ ਨੂੰ ਵਰਤਿਆ ਜਾਵੇਗਾ।"

ਉਂਝ ਡਾਕਟਰ ਲਕਸ਼ਮੀਬਾਈ ਨੇ ਏਮਜ਼ ਭੁਵਨੇਸ਼ਵਰ ਨੂੰ ਦਾਨ ਦੇਣ ਦਾ ਫ਼ੈਸਲਾ ਅਚਾਨਕ ਨਹੀਂ ਕੀਤਾ ਹੈ।

ਉਹ ਕਾਫ਼ੀ ਸਮੇਂ ਤੋਂ ਇਹ ਵਿਚਾਰ ਕਰ ਰਹੇ ਸਨ ਕਿ ਜ਼ਿੰਦਗੀ ਭਰ ਦੀ ਕਮਾਈ ਦੀ ਉਚਿਤ ਵਰਤੋਂ ਕਿਵੇਂ ਕੀਤੀ ਜਾਵੇ, ਜਿਸ ਨਾਲ ਸਮਾਜ 'ਚ ਉਸ ਦਾ ਅਸਰ ਲੰਮੇ ਸਮੇਂ ਤੱਕ ਰਹੇ।

ਉਨ੍ਹਾਂ ਦੇ ਪਰਿਵਾਰ ਵਿੱਚ ਕੋਈ ਨਹੀਂ ਹੈ। ਉਨ੍ਹਾਂ ਦੇ ਪਤੀ ਪਹਿਲਾਂ ਹੀ ਗੁਜ਼ਰ ਚੁੱਕੇ ਹਨ। ਇਸ ਲਈ ਉਨ੍ਹਾਂ ਨੇ ਆਪਣੀ ਜਾਇਦਾਦ ਨੂੰ ਸਿਹਤ ਸੇਵਾਵਾਂ ਲਈ ਦਾਨ ਕਰਨਾ ਬਿਹਤਰ ਸਮਝਿਆ।

ਉਨ੍ਹਾਂ ਨੇ ਏਮਜ਼ ਵਰਗੇ ਸੰਸਥਾਨ ਨੂੰ ਹੀ ਕਿਉਂ ਚੁਣਿਆ? ਇਸ ਬਾਰੇ ਲਕਸ਼ਮੀਬਾਈ ਕਹਿੰਦੇ ਹਨ ਕਿ ਇਹ ਨਾ ਸਿਰਫ਼ ਓਡੀਸ਼ਾ, ਸਗੋਂ ਨੇੜਲੇ ਸੂਬਿਆਂ ਦੇ ਲੱਖਾਂ ਮਰੀਜ਼ਾਂ ਲਈ ਇੱਕ ਮੁੱਖ ਰੈਫ਼ਰਲ ਸੈਂਟਰ ਹੈ।

ਕੌਣ ਹਨ ਡਾਕਟਰ ਕੇ. ਲਕਸ਼ਮੀਬਾਈ?

ਡਾਕਟਰ ਕੇ. ਲਕਸ਼ਮੀਬਾਈ ਦੀ ਉਮਰ 100 ਸਾਲ ਹੈ। ਉਹ ਓਡੀਸ਼ਾ ਦੇ ਬ੍ਰਹਮਪੁਰ ਸ਼ਹਿਰ ਵਿੱਚ ਰਹਿੰਦੇ ਹਨ। ਉਨ੍ਹਾਂ ਦੇ ਪਤੀ ਡਾਕਟਰ ਪ੍ਰਕਾਸ਼ ਰਾਓ ਵੀ ਪੇਸ਼ੇ ਤੋਂ ਡਾਕਟਰ ਸਨ। 30 ਸਾਲ ਪਹਿਲਾਂ ਉਨ੍ਹਾਂ ਦਾ ਦੇਹਾਂਤ ਹੋ ਗਿਆ ਸੀ।

ਉਹ ਆਪਣੇ ਘਰ ਵਿੱਚ ਇੱਕਲੇ ਰਹਿੰਦੇ ਹਨ। ਹਾਲਾਂਕਿ ਉਨ੍ਹਾਂ ਦੇ ਕੁਝ ਰਿਸ਼ਤੇਦਾਰ ਦੇਸ਼ ਤੋਂ ਬਾਹਰ ਰਹਿੰਦੇ ਹਨ, ਜੋ ਕਦੇ-ਕਦਾਈਂ ਉਨ੍ਹਾਂ ਨੂੰ ਮਿਲਣ ਲਈ ਆਉਂਦੇ ਹਨ। ਪਰ ਵਧਦੀ ਉਮਰ ਦੇ ਬਾਵਜੂਦ ਉਹ ਆਪਣੇ ਆਪ ਨੂੰ ਮਸਰੂਫ਼ ਰੱਖਦੇ ਹਨ।

ਡਾਕਟਰ ਕੇ. ਲਕਸ਼ਮੀਬਾਈ 100 ਸਾਲ ਦੀ ਉਮਰ ਵਿੱਚ ਵੀ ਸਿਹਤਮੰਦ ਜੀਵਨ ਜੀ ਰਹੇ ਹਨ। ਉਹ ਤੁਰ-ਫਿਰ ਸਕਦੇ ਹਨ ਅਤੇ ਆਪਣੇ ਕੰਮ ਆਪ ਕਰ ਸਕਦੇ ਹਨ। ਹਾਲਾਂਕਿ ਘਰ ਵਿੱਚ ਖਾਣਾ ਬਣਾਉਣ ਅਤੇ ਹੋਰ ਕੰਮਾਂ ਲਈ ਇੱਕ ਸਹਾਇਕ ਰੱਖੀ ਹੋਈ ਹੈ, ਜੋ ਉਨ੍ਹਾਂ ਦੀ ਦੇਖਭਾਲ ਵੀ ਕਰਦੇ ਹਨ।

ਉਨ੍ਹਾਂ ਦੀ ਲਿਖਾਈ ਸੁੰਦਰ ਹੈ ਅਤੇ ਉਹ ਇਸ ਦਾ ਇਸਤੇਮਾਲ ਆਪਣੀ ਜਾਣ-ਪਛਾਣ ਦੇ ਲੋਕਾਂ ਨੂੰ ਚਿੱਠੀਆਂ ਲਿਖਣ ਲਈ ਕਰਦੇ ਹਨ। ਉਹ ਕਿਤਾਬਾਂ ਪੜ੍ਹਦੇ ਹਨ ਅਤੇ ਪੂਜਾ-ਪਾਠ ਵਿੱਚ ਸਮਾਂ ਬਿਤਾਉਂਦੇ ਹਨ।

ਲਗਭਗ ਹਰ ਰੋਜ਼ ਹੀ ਉਨ੍ਹਾਂ ਦੇ ਪੁਰਾਣੇ ਵਿਦਿਆਰਥੀ ਆ ਜਾਂਦੇ ਹਨ। ਉਹ ਉਨ੍ਹਾਂ ਨਾਲ ਦੇਸ਼-ਦੁਨੀਆ ਦੇ ਮੁੱਦਿਆਂ 'ਤੇ ਗੱਲਬਾਤ ਕਰਦੇ ਹਨ।

ਉਨ੍ਹਾਂ ਨੂੰ ਮਿਲਣ ਲਈ ਸਥਾਨਕ ਸਮਾਜਿਕ ਕਾਰਕੁਨ ਵੀ ਆਉਂਦੇ ਰਹਿੰਦੇ ਹਨ। ਡਾਕਟਰ ਲਕਸ਼ਮੀ ਕਈ ਐੱਨਜੀਓਜ਼ ਦਾ ਮਾਰਗਦਰਸ਼ਨ ਵੀ ਕਰਦੇ ਹਨ ਅਤੇ ਸਮੇਂ-ਸਮੇਂ 'ਤੇ ਆਰਥਿਕ ਮਦਦ ਵੀ ਕਰਦੇ ਰਹਿੰਦੇ ਹਨ।

ਡਾਕਟਰ ਲਕਸ਼ਮੀ ਦਾ ਜਨਮ 5 ਦਸੰਬਰ 1926 ਨੂੰ ਹੋਇਆ ਸੀ। ਇਹ ਉਹ ਸਮਾਂ ਸੀ ਜਦੋਂ ਭਾਰਤ ਵਿੱਚ ਔਰਤਾਂ ਲਈ ਉੱਚ ਸਿੱਖਿਆ ਹਾਸਲ ਕਰਨਾ ਸੌਖਾ ਨਹੀਂ ਸੀ।

ਇਸ ਦੇ ਬਾਵਜੂਦ ਉਨ੍ਹਾਂ ਨੇ ਕਟਕ ਸਥਿਤ ਐੱਸਸੀਬੀ ਮੈਡੀਕਲ ਕਾਲਜ ਤੋਂ ਐੱਮਬੀਬੀਐੱਸ ਦੀ ਪੜ੍ਹਾਈ ਕੀਤੀ ਅਤੇ ਬਾਅਦ ਵਿੱਚ ਮਦਰਾਸ ਮੈਡੀਕਲ ਕਾਲਜ ਤੋਂ ਮਹਿਲਾ ਅਤੇ ਮੈਟਰਨਿਟੀ ਰੋਗ ਵਿਸ਼ੇ ਵਿੱਚ ਮਾਸਟਰ ਦੀ ਡਿਗਰੀ ਹਾਸਲ ਕੀਤੀ।

ਰਿਟਾਇਰਮੈਂਟ ਤੋਂ ਬਾਅਦ ਵੀ ਸਰਗਰਮ

ਸਰਕਾਰੀ ਨੌਕਰੀ ਵਿੱਚ ਆਉਣ ਤੋਂ ਬਾਅਦ ਡਾਕਟਰ ਲਕਸ਼ਮੀ ਨੇ ਆਪਣੇ ਕਰੀਅਰ ਦਾ ਜ਼ਿਆਦਾਤਰ ਸਮਾਂ ਪਿੰਡਾਂ ਦੇ ਸਰਕਾਰੀ ਹਸਪਤਾਲਾਂ ਵਿੱਚ ਬਿਤਾਇਆ।

ਉਨ੍ਹਾਂ ਨੇ ਬ੍ਰਹਮਪੁਰ ਸਥਿਤ ਐੱਮਕੇਸੀਜੀ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਪ੍ਰੋਫੈਸਰ ਵਜੋਂ ਕਈ ਸਾਲ ਕੰਮ ਕੀਤਾ ਅਤੇ 1986 ਵਿੱਚ ਸੇਵਾਮੁਕਤ ਹੋਏ।

ਇਸ ਲੰਬੀ ਨੌਕਰੀ ਦੌਰਾਨ ਉਨ੍ਹਾਂ ਨੇ ਅਣਗਿਣਤ ਔਰਤਾਂ ਦਾ ਇਲਾਜ ਕੀਤਾ ਅਤੇ ਹਜ਼ਾਰਾਂ ਜਣੇਪੇ ਕਰਵਾਏ।

ਉਹ ਦੱਸਦੇ ਹਨ ਕਿ ਇੱਕ ਡਾਕਟਰ ਵਜੋਂ ਉਨ੍ਹਾਂ ਨੇ ਦੇਖਿਆ ਕਿ ਜਾਣਕਾਰੀ ਅਤੇ ਜਾਗਰੂਕਤਾ ਦੀ ਘਾਟ, ਸਮਾਜਿਕ ਝਿਜਕ ਅਤੇ ਆਰਥਿਕ ਸਮੱਸਿਆਵਾਂ ਔਰਤਾਂ ਨੂੰ ਗੰਭੀਰ ਬਿਮਾਰੀਆਂ ਦਾ ਸ਼ਿਕਾਰ ਬਣਾਉਂਦੀਆਂ ਹਨ।

ਨੌਕਰੀ ਤੋਂ ਸੇਵਾਮੁਕਤ ਹੋਣ ਮਗਰੋਂ ਵੀ ਡਾਕਟਰ ਲਕਸ਼ਮੀਬਾਈ ਸਮਾਜ ਨਾਲ ਜੁੜੇ ਰਹੇ।

ਉਹ ਸਿਹਤ ਕੈਂਪਾਂ, ਸਲਾਹ ਸਬੰਧੀ ਪ੍ਰੋਗਰਾਮਾਂ ਅਤੇ ਔਰਤਾਂ ਦੀ ਸਿਹਤ ਨਾਲ ਜੁੜੇ ਮੁੱਦਿਆਂ 'ਤੇ ਚਰਚਾਵਾਂ ਵਿੱਚ ਐਕਟਿਵ ਰਹੇ। ਉਮਰ ਵਧਣ ਦੇ ਨਾਲ-ਨਾਲ ਉਨ੍ਹਾਂ ਦੀਆਂ ਸਰੀਰਕ ਗਤਿਵਿਧੀਆਂ ਭਾਵੇਂ ਘੱਟ ਹੋ ਗਈਆਂ, ਪਰ ਉਨ੍ਹਾਂ ਦੀ ਚਿੰਤਾ ਅਤੇ ਸਮਰਪਣ ਕਦੇ ਘੱਟ ਨਹੀਂ ਹੋਇਆ।

ਸਾਲ 1969 ਵਿੱਚ ਉਨ੍ਹਾਂ ਦੀ ਵਿਦਿਆਰਥਣ ਰਹੀ ਡਾਕਟਰ ਪੀ. ਭਾਰਤੀ ਅੱਜ ਡਾਕਟਰ ਲਕਸ਼ਮੀ ਦੇ ਗੁਆਂਢਣ ਹਨ। ਉਹ ਲਗਭਗ ਹਰ ਦਿਨ ਉਨ੍ਹਾਂ ਨੂੰ ਮਿਲਣ ਆਉਂਦੇ ਹਨ।

ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ, "ਡਾਕਟਰ ਲਕਸ਼ਮੀਬਾਈ ਓਡੀਸ਼ਾ ਦੇ ਪਹਿਲੇ ਲੈਪਾਰੋਸਕੋਪਿਕ ਸਰਜਨ ਹਨ। ਉਨ੍ਹਾਂ ਨੇ ਕਈ ਮੈਡੀਕਲ ਵਿਦਿਆਰਥੀਆਂ ਨੂੰ ਲੈਪਾਰੋਸਕੋਪਿਕ ਸਰਜਰੀ ਸਿਖਾਈ ਹੈ। ਉਨ੍ਹਾਂ ਦੇ ਬਹੁਤ ਸਾਰੇ ਵਿਦਿਆਰਥੀ ਅੱਜ ਬਹੁਤ ਕਾਮਯਾਬ ਹਨ।"

ਡਾਕਟਰ ਭਾਰਤੀ ਮੁਤਾਬਕ, "ਉਹ ਹਮੇਸ਼ਾਂ ਲੋਕਾਂ ਦੀ ਮਦਦ ਕਰਦੇ ਰਹੇ ਹਨ।"

ਉਨ੍ਹਾਂ ਨੇ ਕਿਹਾ, "ਆਪਣੀ ਜ਼ਿੰਦਗੀ ਵਿੱਚ ਉਨ੍ਹਾਂ ਨੇ ਜੋ ਵੀ ਕਮਾਇਆ, ਉਹ ਦਾਨ ਕਰ ਚੁੱਕੇ ਹਨ। ਮੈਨੂੰ ਯਾਦ ਹੈ ਕਿ ਬ੍ਰਹਮਪੁਰ ਵਿੱਚ ਨਾਬਾਲਿਗ ਕੁੜੀਆਂ ਲਈ ਕੈਂਸਰ-ਰੋਕਥਾਮ ਟੀਕਾਕਰਨ ਮੁਹਿੰਮ ਲਈ ਵੀ ਉਨ੍ਹਾਂ ਨੇ ਤਿੰਨ ਲੱਖ ਰੁਪਏ ਦਾਨ ਦਿੱਤੇ ਸਨ।"

ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਸ਼ਲਾਘਾ ਕੀਤੀ

ਜਦੋਂ ਡਾਕਟਰ ਲਕਸ਼ਮੀ ਨੇ ਆਪਣਾ ਘਰ ਵੇਚ ਦਿੱਤਾ, ਤਾਂ ਹੁਣ ਉਹ ਕਿੱਥੇ ਰਹਿ ਰਹੇ ਹਨ?

ਉਸੇ ਘਰ ਵਿੱਚ।

ਦਰਅਸਲ, ਉਨ੍ਹਾਂ ਨੇ ਆਪਣਾ ਘਰ ਇੱਕ ਸਥਾਨਕ ਵਿਅਕਤੀ ਨੂੰ ਵੇਚ ਦਿੱਤਾ ਹੈ। ਵਿਕਰੀ ਦੇ ਇਸ ਸਮਝੌਤੇ ਮੁਤਾਬਕ, ਦੋ ਮੰਜ਼ਿਲਾਂ ਵਾਲੀ ਇਸ ਇਮਾਰਤ ਦੇ ਉੱਪਰੀ ਮੰਜ਼ਿਲ 'ਤੇ ਡਾਕਟਰ ਲਕਸ਼ਮੀ ਜ਼ਿੰਦਗੀ ਭਰ ਰਹਿ ਸਕਦੇ ਹਨ।

ਘਰ ਦੇ ਗਰਾਊਂਡ ਫ਼ਲੋਰ ਨੂੰ ਨਵੇਂ ਮਾਲਕ ਵੱਲੋਂ ਇੱਕ ਨਿੱਜੀ ਹਸਪਤਾਲ ਲਈ ਵਰਤਿਆ ਜਾ ਰਿਹਾ ਹੈ।

ਨੌਕਰੀ ਤੋਂ ਰਿਟਾਇਰਮੈਂਟ ਤੋਂ ਬਾਅਦ ਡਾਕਟਰ ਲਕਸ਼ਮੀ ਨੂੰ ਸਰਕਾਰ ਵੱਲੋਂ ਹਰ ਮਹੀਨੇ ਪੈਨਸ਼ਨ ਮਿਲਦੀ ਹੈ।

ਓਲਡ ਪੈਨਸ਼ਨ ਸਕੀਮ ਮੁਤਾਬਕ, 100 ਸਾਲ ਦੀ ਉਮਰ ਪੂਰੀ ਕਰਨ ਵਾਲੇ ਲੋਕਾਂ ਦੀ ਪੈਨਸ਼ਨ ਦੁੱਗਣੀ ਹੋ ਜਾਂਦੀ ਹੈ। ਇਸ ਦਾ ਲਾਭ ਉਨ੍ਹਾਂ ਨੂੰ ਵੀ ਮਿਲਿਆ ਹੈ।

ਸਾਦਗੀ ਨਾਲ ਜੀਵਨ ਬਤੀਤ ਕਰਨ ਵਿੱਚ ਭਰੋਸਾ ਰੱਖਣ ਵਾਲੀਆਂ ਡਾਕਟਰ ਲਕਸ਼ਮੀ ਇਸ ਰਕਮ ਨੂੰ ਵੀ ਪੂਰੀ ਤਰ੍ਹਾਂ ਖ਼ਰਚ ਨਹੀਂ ਕਰਦੇ। ਇਸ ਪੈਸੇ ਨਾਲ ਹੋਣ ਵਾਲੀ ਬੱਚਤ ਨੂੰ ਉਹ ਸਮੇਂ-ਸਮੇਂ 'ਤੇ ਦਾਨ ਕਰਦੇ ਰਹਿੰਦੇ ਹਨ।

ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਡਾਕਟਰ ਲਕਸ਼ਮੀ ਦੇ ਇਸ ਕਦਮ ਦੀ ਸ਼ਲਾਘਾ ਕੀਤੀ ਹੈ।

ਪਿਛਲੇ ਪੰਜ ਦਸੰਬਰ ਨੂੰ ਉਨ੍ਹਾਂ ਦੇ ਸੌਵੇਂ ਜਨਮ ਦਿਨ 'ਤੇ ਵਧਾਈ ਦਿੰਦਿਆਂ ਰਾਸ਼ਟਰਪਤੀ ਨੇ ਲਿਖਿਆ,

"ਮੈਨੂੰ ਇਹ ਜਾਣ ਕੇ ਖੁਸ਼ੀ ਹੋਈ ਕਿ ਹਾਲ ਹੀ ਵਿੱਚ ਤੁਸੀਂ ਆਪਣੀ ਬੱਚਤ ਵਿਚੋਂ ਏਮਜ਼ ਭੁਵਨੇਸ਼ਵਰ ਵਿੱਚ ਔਰਤਾਂ ਦੇ ਕੈਂਸਰ ਨਾਲ ਸੰਬੰਧਿਤ (ਗਾਇਨਾਕੋਲੋਜਿਕਲ ਔਂਕੋਲੋਜੀ) ਕੋਰਸ ਸ਼ੁਰੂ ਕਰਨ ਦੇ ਨੇਕ ਉਦੇਸ਼ ਲਈ ਵੱਡਾ ਦਾਨ ਦਿੱਤਾ ਹੈ।"

"ਇਹ ਔਰਤਾਂ ਦੇ ਸਸ਼ਕਤੀਕਰਨ ਦੀ ਦਿਸ਼ਾ ਵਿੱਚ ਇੱਕ ਬਹੁਤ ਅਹਿਮ ਕਦਮ ਹੈ ਅਤੇ ਮੈਂ ਤੁਹਾਡੇ ਇਸ ਵਿਚਾਰਸ਼ੀਲ ਯੋਗਦਾਨ ਦੀ ਗਹਿਰਾਈ ਨਾਲ ਸ਼ਲਾਘਾ ਕਰਦੀ ਹਾਂ। ਮੈਨੂੰ ਵਿਸ਼ਵਾਸ ਹੈ ਕਿ ਤੁਹਾਡੇ ਵਰਗੇ ਦਰਿਆ ਦਿਲ ਨਾਗਰਿਕਾਂ ਦੀ ਭਾਗੀਦਾਰੀ ਹੋਰ ਲੋਕਾਂ ਨੂੰ ਵੀ ਅੱਗੇ ਆਉਣ ਅਤੇ ਸਰਕਾਰੀ ਪਹਿਲਕਦਮੀਆਂ ਦਾ ਸਮਰਥਨ ਕਰਨ ਲਈ ਪ੍ਰੇਰਿਤ ਕਰੇਗੀ।"

ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਲਿਖਿਆ, "ਮੈਂ ਸਮਝਦੀ ਹਾਂ ਕਿ ਤੁਸੀਂ ਲਗਭਗ ਚਾਰ ਦਹਾਕਿਆਂ ਦੇ ਲੰਮੇ ਕਰੀਅਰ ਦੌਰਾਨ ਹਮੇਸ਼ਾ ਕੁੜੀਆਂ ਅਤੇ ਔਰਤਾਂ ਦੇ ਸਸ਼ਕਤੀਕਰਨ ਲਈ ਕੰਮ ਕੀਤਾ ਹੈ। ਤੁਹਾਡੀ ਜ਼ਿੰਦਗੀ ਇਸ ਗੱਲ ਦੀ ਰੌਸ਼ਨ ਮਿਸਾਲ ਹੈ ਕਿ ਸਿੱਖਿਆ ਕਿਸ ਤਰ੍ਹਾਂ ਕਿਸੇ ਵਿਅਕਤੀ ਨੂੰ ਲਾਭ ਪਹੁੰਚਾ ਸਕਦੀ ਹੈ ਅਤੇ ਅੱਗੇ ਚੱਲ ਕੇ ਸਮਾਜ ਵਿੱਚ ਸਕਾਰਾਤਮਕ ਬਦਲਾਅ ਲਿਆ ਸਕਦੀ ਹੈ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)