ਜਦੋਂ ਸਮੁੰਦਰ ਵਿਚਾਲੇ ਅਚਾਨਕ ਜਹਾਜ਼ ‘ਲਾਸ਼ ਵਾਂਗ’ ਤੈਰਨ ਲੱਗਾ ਤੇ ਪ੍ਰਸ਼ਾਸਨ ਦੇ ਹੋਸ਼ ਉੱਡ ਗਏ

ਡਾਲੀ ਇੱਕ 948 ਫੁੱਟ ਲੰਬਾ ਮਾਲਵਾਹਕ ਜਹਾਜ਼ ਸੀ। ਜਦੋਂ ਤੱਕ ਜਹਾਜ਼ ਦੇ ਅਮਲੇ ਨੂੰ ਕੁਝ ਸਮਝ ਆਉਂਦਾ ਬਹੁਤ ਦੇਰ ਹੋ ਚੁੱਕੀ ਸੀ।

ਜਹਾਜ਼ ਨੇ ਬਾਲਟੀਮੋਰ ਬੰਦਰਗਾਹ ਤੋਂ ਸ੍ਰੀ ਲੰਕਾ ਲਈ ਆਪਣਾ 27 ਦਿਨਾਂ ਦਾ ਸਫਰ ਸ਼ੁਰੂ ਹੀ ਕੀਤਾ ਸੀ।

ਅਚਾਨਕ ਬਿਜਲੀ ਚਲੀ ਗਈ ਅਤੇ ਜਹਾਜ਼ ਸ਼ਹਿਰ ਦੀ ਪਛਾਣ ਮੰਨੇ ਜਾਂਦੇ ਬਾਲਟੀਮੋਰ ਪੁਲ (ਫਰਾਸਿਸ ਸਕੌਟ ਕੀ ਬਰਿੱਜ) ਵੱਲ ਵਧਿਆ

ਇਹ ਅੱਧੀ ਰਾਤ ਦਾ ਸਮਾਂ ਸੀ ਅਤੇ ਜਹਾਜ਼ ਦੀਆਂ ਲਾਈਟਾਂ ਬੰਦ ਹੋ ਜਾਣ ਨਾਲ ਸਟਾਫ ਬਿਲਕੁਲ ਹੀ ਹਨੇਰੇ ਵਿੱਚ ਚਲਿਆ ਗਿਆ।

ਜਹਾਜ਼ ਇੱਕ ਲਾਸ਼ ਬਣ ਚੁੱਕਿਆ ਸੀ, ਕੋਈ ਬਿਜਲੀ ਨਹੀਂ ਸੀ ਸਭ ਤੋਂ ਅਹਿਮ ਇੰਜਣ ਵਿੱਚ ਵੀ ਬਿਜਲੀ ਨਹੀਂ ਸੀ। ਉਹ ਤੈਰ ਰਹੇ ਸਨ ਪਰ ਜੋ ਹੋ ਰਿਹਾ ਸੀ ਉਸ ਨੂੰ ਰੋਕ ਨਹੀਂ ਸਕਦੇ ਸਨ।

ਕਈ ਅਲਾਰਮ ਬੋਲੇ ਅਤੇ ਅਮਲੇ ਨੇ ਬਿਜਲੀ ਚਾਲੂ ਕਰਨ ਦੀ ਨਾਕਾਮ ਕੋਸ਼ਿਸ਼ ਕੀਤੀ।

ਪਾਇਲਟ ਬੌਖਲਾਹਟ ਵਿੱਚ ਜਹਾਜ਼ ਨੂੰ ਬੰਦਰਗਾਹ ਵੱਲ ਮੋੜ ਕੇ ਲੰਗਰ ਸੁੱਟਣ ਨੂੰ ਕਹਿ ਰਿਹਾ ਸੀ (ਤਾਂ ਜੋ ਜਹਾਜ਼ ਨੂੰ ਇੱਕ ਥਾਂ ਉੱਤੇ ਸਥਿਰ ਕੀਤਾ ਜਾ ਸਕੇ)।

ਭਾਵੇਂ ਕਿ ਮੰਨਿਆ ਜਾ ਰਿਹਾ ਹੈ ਕਿ ਐਮਰਜੈਂਸੀ ਜਨਰੇਟਰ ਚੱਲ ਪਏ ਸਨ ਪਰ ਜਹਾਜ਼ ਦੇ ਇੰਜਣ ਨਹੀਂ ਚੱਲੇ।

ਪਾਇਲਟਾਂ ਕੋਲ ਕੋਈ ਵਿਕਲਪ ਨਹੀਂ ਸੀ। ਸਥਾਨਕ ਸਮੇਂ ਮੁਤਾਬਕ ਸਵੇਰ ਦੇ ਡੇਢ ਵਜੋਂ ਤੋਂ ਕੁਝ ਪਹਿਲਾਂ ਉਨ੍ਹਾਂ ਨੇ ਮੇ ਡੇ ਕਾਲ ਜਾਰੀ ਕੀਤੀ ਕਿ ਟੱਕਰ ਹੋਣੀ ਤੈਅ ਹੈ।

ਮੈਰੀਲੈਂਡ ਟਰਾਂਸਪੋਰਟੇਸ਼ਨ ਅਥਾਰਿਟੀ ਦੇ ਇੱਕ ਅਧਿਕਾਰੀ ਨੂੰ ਕੁਝ ਦੇਰ ਬਾਅਦ ਕਹਿੰਦੇ ਸੁਣਿਆ ਗਿਆ, “ਬਿਨਾਂ ਸੇਟਅਰਿੰਗ ਦੇ ਇੱਕ ਜਹਾਜ਼ ਆ ਰਿਹਾ ਹੈ। ਜਦੋਂ ਤੱਕ ਤੁਸੀਂ ਕਾਬੂ ਨਹੀਂ ਕਰ ਲੈਂਦੇ ਸਾਨੂੰ ਸਾਰੀ ਆਵਾਜਾਈ ਰੋਕਣੀ ਪਵੇਗੀ।”

ਮੈਰੀਲੈਂਡ ਦੇ ਗਵਰਨਰ ਵੈਸ ਮੂਰ ਨੇ ਬਾਅਦ ਵਿੱਚ ਜਹਾਜ਼ ਦੇ ਅਮਲੇ ਨੂੰ ਨਾਇਕ ਕਹਿੰਦਿਆਂ ਕਿਹਾ ਕਿ ਉਨ੍ਹਾਂ ਦੀ ਤੁਰੰਤ ਪ੍ਰਤੀਕਿਆ ਸਦਕਾ ਪ੍ਰਸ਼ਾਸਨ ਉਸ ਪਾਸੇ ਆਵਾਜਾਈ ਨੂੰ ਰੋਕ ਸਕਿਆ ਅਤੇ ਕਈ ਜ਼ਿੰਦਗੀਆਂ ਬਚ ਗਈਆਂ।

ਹਾਲਾਂਕਿ ਜਹਾਜ਼ ਨੂੰ 2.4 ਕਿੱਲੋਮੀਟਰ ਲੰਬੇ ਪੁਲ ਦੇ ਕੰਕਰੀਟ ਦੇ ਥਮਲੇ ਵਿੱਚ ਟਕਰਾਉਣੋ ਨਹੀਂ ਰੋਕਿਆ ਜਾ ਸਕਿਆ। ਪੁਲ ਤੁਰੰਤ ਹੀ ਪਟੈਸਕੋ ਨਦੀ ਦੇ ਹਨੇਰੇ, ਠੰਢੇ ਪਾਣੀਆਂ ਵਿੱਚ ਟੁਕੜੇ-ਟੁਕੜੇ ਹੋ ਕੇ ਢਹਿ ਗਿਆ।

ਮੰਨਿਆ ਜਾ ਰਿਹਾ ਹੈ ਕਿ ਛੇ ਜਣੇ (ਸਾਰੇ ਹੀ ਸੜਕੀ ਸਟਾਫ਼) ਪਾਣੀ ਦੇ ਤਾਪਮਾਨ ਅਤੇ ਸਮਾਂ ਬੀਤਣ ਨਾਲ ਮਾਰੇ ਗਏ ਹਨ।

ਅਮਰੀਕੀ ਕੋਸਟ ਗਾਰਡ ਨੇ ਮੰਗਲਵਾਰ ਦੇਰ ਸ਼ਾਮ ਨੂੰ ਕਿਹਾ ਕਿ ਉਨ੍ਹਾਂ ਮੁਤਾਬਕ ਇਨ੍ਹਾਂ ਦੀ ਮੌਤ ਹੋ ਚੁੱਕੀ ਹੈ ਅਤੇ ਉਹ ਆਪਣਾ ਖੋਜ ਅਭਿਆਨ ਬੰਦ ਕਰਨ ਦੀ ਵਿਚਾਰ ਕਰ ਰਹੇ ਸਨ।

ਸਥਾਨਕ ਮੀਡੀਆ ਮੁਤਾਬਕ ਇਹ ਛੇ ਜਣੇ ਮੈਕਸੀਕੋ, ਗੁਆਤੇਮਾਲਾ, ਹੋਂਡਿਊਰਸ ਅਤੇ ਅਲ ਸੈਲਵੇਡੋਰ ਦੇ ਨਾਗਰਿਕ ਸਨ। ਬੀਬੀਸੀ ਨੇ ਸੁਤੰਤਰ ਰੂਪ ਵਿੱਚ ਇਨ੍ਹਾਂ ਖ਼ਬਰਾਂ ਦੀ ਪੁਸ਼ਟੀ ਨਹੀਂ ਕੀਤੀ ਹੈ।

ਜਹਾਜ਼ ਦਾ ਸਾਰਾ ਸਟਾਫ ਭਾਰਤੀ ਸੀ

ਜਹਾਜ਼ ਦਾ ਸਾਰੇ 22 ਸਟਾਫ਼ ਮੈਂਬਰ ਭਾਰਤੀ ਨਾਗਰਿਕ ਸਨ।

ਜਹਾਜ਼ ਦੇ ਸਾਰੇ ਕਰਮਚਾਰੀ ਪੂਰੇ ਹਨ ਅਤੇ ਕਿਸੇ ਨੂੰ ਵੀ ਵੱਡਾ ਨੁਕਸਾਨ ਨਹੀਂ ਪਹੁੰਚਿਆ ਹੈ।

ਸੰਤਾਲੀ ਸਾਲ ਪੁਰਾਣੇ ਪੁਲ ਦੇ ਢਹਿ ਜਾਣ ਕਾਰਨ ਗਵਰਨਰ ਸਮੇਤ ਕਈ ਸ਼ਹਿਰ ਵਾਸੀ ਸਦਮੇ ਵਿੱਚ ਹਨ।

ਗਵਰਨਰ ਮੂਰ ਨੇ ਮੰਗਲਵਾਰ ਨੂੰ ਇੱਕ ਪ੍ਰੈੱਸ ਕਾਨਫਰੰਸ ਵਿੱਚ ਕਿਹਾ, “ਇਹ ਇੱਕ ਆਮ ਰਸਤਾ ਹੈ, ਜਿੱਥੋਂ ਹਰ ਰੋਜ਼ 30,000 ਜਹਾਜ਼ ਲੰਘਦੇ ਹਨ।”

“ਪਿਛਲੇ 47 ਸਾਲਾਂ ਤੋਂ ਅਸੀਂ ਸਾਰੇ ਜਾਣਦੇ ਹਾਂ।”

ਹਾਲਾਂਕਿ ਜਹਾਜ਼ ਦੀ ਬਿਜਲੀ ਗੁੱਲ ਹੋਣ ਦੇ ਅਸਲ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਚੱਲ ਸਕਿਆ ਹੈ।

ਨੈਸ਼ਨਲ ਟਰਾਂਸਪੋਰਟੇਸ਼ਨ ਸੇਫਟੀ ਬੋਰਡ ਦੇ ਚੇਅਰ ਜੈਨੀਫਰ ਹੋਮੈਂਡੀ ਨੇ ਕਿਹਾ ਕਿ ਜਾਂਚ ਅਧਿਕਾਰੀ ਹੁਣ ਸਫ਼ਰ ਦੇ ਡੇਟਾ ਦੀ ਪੜਤਾਲ ਕਰਨਗੇ।

“ਇਹ ਸਾਡੀ ਪੜਤਾਲ ਦਾ ਇੱਕ ਮਹੱਤਵਪੂਰਨ ਹਿੱਸਾ ਹੈ।" ਉਨ੍ਹਾਂ ਨੇ ਅੱਗੇ ਦੱਸਿਆ ਕਿ ਅਜੇ ਤੱਕ ਜਾਂਚ ਲੋਕਾਂ ਬਾਰੇ ਸੀ।

“ਇਹ ਪਰਿਵਾਰਾਂ ਬਾਰੇ ਅਤੇ ਪ੍ਰਭਾਵਿਤ ਲੋਕਾਂ ਦੀਆਂ ਜ਼ਰੂਰਤਾਂ ਬਾਰੇ ਹੈ।”

ਜਦੋਂ ਬਾਲਟੀਮੋਰ ਵਿੱਚ ਮੰਗਲਵਾਰ ਦਾ ਸੂਰਜ ਚੜ੍ਹਿਆ ਤਾਂ ਸ਼ਹਿਰ ਦੇ ਲੋਕ ਜਿਨ੍ਹਾਂ ਵਿੱਚ ਜ਼ਿਆਦਤਰ ਕੰਮਕਾਜੀ ਹਨ। ਉਹ ਪੁਲ ਟੁੱਟ ਜਾਣ ਨਾਲ ਸਦਮੇ ਨਾਲ ਉੱਠੇ।

ਦਰਿਆ ਦੇ ਕੋਲ ਹੀ ਰਹਿਣ ਵਾਲੇ ਜੌਹਨ ਫਲੈਂਸਬਰਗ ਨੇ ਬੀਬੀਸੀ ਨੂੰ ਦੱਸਿਆ, “ਮੈਂ ਇਸ ਨੂੰ ਮਹਿਸੂਸ ਕੀਤਾ... ਸਾਰਾ ਘਰ ਕੰਬਿਆ, ਅੱਜ ਦਾ ਦਿਨ ਚੰਗਾ ਨਹੀਂ ਜਾਣ ਵਾਲਾ, ਇਹ ਬਹੁਤ ਵੱਡਾ ਦੁਖਾਂਤ ਹੈ।”

ਇੱਕ ਹੋਰ ਸਥਾਨਕ ਵਾਸੀ ਡਾਰਲੇਨ ਇਰਵਿਨ ਨੇ ਕਿਹਾ ਕਿ ਉਨ੍ਹਾਂ ਨੂੰ ਪਹਿਲਾਂ ਲੱਗਿਆ ਕਿ ਕੋਈ ਸਮੱਸਿਆ ਹੈ ਅਤੇ ਫਿਰ ਉਨ੍ਹਾਂ ਨੂੰ “ਕੰਬਣ ਦੀ ਅਵਾਜ਼” ਸੁਣਾਈ ਦਿੱਤੀ।

ਕੁਝ ਘੰਟਿਆਂ ਬਾਅਦ ਜਦੋਂ ਉਨ੍ਹਾਂ ਨੇ ਖਿੜਕੀ ਵਿੱਚੋਂ ਬਾਹਰ ਨਦੀ ਵੱਲ ਦੇਖਿਆ ਤਬਾਹੀ ਦਾ ਮੰਜ਼ਰ ਸਾਫ ਹੋ ਗਿਆ।

ਇੱਕ ਵੱਡਾ ਮਾਲ ਵਾਹਕ ਜਹਾਜ਼ ਜਿਸ ਉੱਤੇ ਕਰੀਬ 3000 ਕੰਟੇਨਰ ਲੱਦੇ ਹੋਏ ਸਨ। ਢਹੇ ਹੋਏ ਪੁਲ ਦੇ ਮਲਬੇ ਵਿੱਚ ਫਸਿਆ ਖੜ੍ਹਾ ਸੀ।

ਉਦੋਂ ਤੱਕ ਸਾਰਾ ਇਲਾਕਾ ਇੱਕ ਬਚਾਅ ਅਤੇ ਖੋਜ ਕਾਰਜ ਦਾ ਮੈਦਾਨ ਬਣ ਚੁੱਕਿਆ ਸੀ। ਪੁਲਿਸ ਅਤੇ ਕੋਸਟ ਗਾਰਡ ਦੀਆਂ ਕਿਸ਼ਤੀਆਂ ਨਦੀ ਵਿੱਚ ਗਸ਼ਤ ਕਰ ਰਹੀਆਂ ਸਨ ਅਤੇ ਹੈਲੀਕਾਪਟਰ ਉੱਡ ਰਹੇ ਸਨ।

ਇੱਕ ਸਥਾਨਕ ਸਕੂਲ ਦੇ ਖੇਡ ਮੈਦਾਨ ਵਿੱਚ ਅਮਰੀਕੀ ਫੌਜ ਦੇ ਦੋ ਬਲੈਕ ਹਾਕ ਹੈਲੀਕਾਪਟਰ ਖੜ੍ਹਾਏ ਹੋਏ ਸਨ।

ਹਾਦਸੇ ਦਾ ਬੰਦਰਗਾਹ ਉੱਤੇ ਵੀ ਅਸਰ ਪਵੇਗਾ

ਇਰਵਿਨ ਨੇ ਕਿਹਾ ਕਿ ਦਿਨ ਦੇ “ਚਾਨਣੇ ਵਿੱਚ ਇਸ ਨੂੰ ਦੇਖਣਾ ਦੁਖਦ ਹੈ।”

ਮਾਹਰਾਂ ਦੀ ਰਾਇ ਹੈ ਕਿ ਟੱਕਰ ਨਾਲ ਅਮਰੀਕਾ ਦੇ ਕੁਝ ਸਭ ਤੋਂ ਵਿਅਸਤ ਮੰਨੀ ਜਾਂਦੀ ਬਾਲਟੀਮੋਰ ਬੰਦਰਗਾਹ ਉੱਪਰ ਵੀ ਜ਼ਰੂਰ ਅਸਰ ਪਿਆ ਹੋਵੇਗਾ।

ਮੈਰੀ ਲੈਂਡ ਦੇ ਸੈਨੇਟਰ ਬੈਨ ਕਾਰਡਿਨ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਸ ਲਾਂਘੇ ਦਾ ਦੁਬਾਰਾ ਖੁੱਲ੍ਹਣਾ ਅਮਰੀਕੀ ਆਰਥਿਕਤਾ ਲਈ ਅਹਿਮ ਹੈ।

ਇਹ ਬੰਦਰਗਾਹ ਕਈ ਵਸਤੂਆਂ ਕਾਰਨ ਮਹੱਤਵਪੂਰਨ ਹੈ। ਇੱਥੋਂ ਸਟੀਲ, ਅਲੂਮੀਨੀਅਮ ਤੋਂ ਲੈ ਕੇ ਖੇਤੀਬਾੜੀ ਦੇ ਉਪਕਰਣ ਆਉਂਦੇ-ਜਾਂਦੇ ਹਨ। ਜਨਰਲ ਮੋਟਰਜ਼ ਅਤੇ ਹੌਂਡਾ ਵਰਗੀਆਂ ਕਾਰ ਕੰਪਨੀਆਂ ਵੀ ਇਸਦੀ ਵਰਤੋਂ ਕਰਦੀਆਂ ਹਨ।

ਮੈਰੀਲੈਂਡ ਪੋਰਟ ਪ੍ਰਸ਼ਾਸਨ ਦੀ ਜਾਣਕਾਰੀ ਮੁਤਾਬਕ ਇੱਥੇ ਹਰ ਸਾਲ ਸਾਢੇ ਸੱਤ ਲੱਖ ਜਹਾਜ਼-ਕਿਸ਼ਤੀਆਂ ਆਉਂਦੀਆਂ ਹਨ।

ਇੰਟੈਲੀਜੈਂਸ ਫਾਰ ਐਵਰ ਸਟਰੀਮ ਨੌਰਫੋਕ ਦੇ ਵਿਸ਼ਵੀ ਨਿਰਦੇਸ਼ਕ ਮਾਰੀਕੋ ਵੋਇਤਜ਼ਿਕ ਦੱਸਦੇ ਹਨ,ਇਸ ਹਾਦਸੇ ਨਾਲ ਜਹਾਜ਼ਾਂ ਦੀ ਸਮਾਂ-ਸਾਰਣੀ ਪ੍ਰਭਾਵਿਤ ਹੋਵੇਗੀ ਅਤੇ ਦੂਜੀਆਂ ਬੰਦਰਗਾਹਾਂ ਜਿਵੇਂ ਫਿਲੇਡੈਲਫੀਆ ਅਤੇ ਨੌਰਫੋਕ ਉੱਤੇ ਦਬਾਅ ਵਧੇਗਾ।

ਇਸ ਦੇ ਨਤੀਜੇ ਵਜੋਂ ਜਲ-ਮਾਰਗ ਬੰਦ ਰਹਿ ਸਕਦੇ ਹਨ।

ਵਾਈ੍ਹਟ ਹਾਊਸ ਵਿੱਚ ਬੋਲਦਿਆਂ ਰਾਸ਼ਟਰਪਤੀ ਜੋ ਬਾਇਡਨ ਨੇ ਕਿਹਾ, ਕਿ ਉਨ੍ਹਾਂ ਨੇ ਖੁਦ ਵੀ ਉਹ ਪੁਲ ਕਈ ਵਾਰ ਪਾਰ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਪੁਲ ਛੇਤੀ ਹੀ ਮੁੜ ਸ਼ੁਰੂ ਕਰਨ ਲਈ ਪੂਰਾ ਜ਼ੋਰ ਲਾ ਦੇਣਗੇ।

ਉਨ੍ਹਾਂ ਨੇ ਕਿਹਾ ਕਿ ਅਸੀਂ ਪੁਲ ਦੁਬਾਰਾ ਬਣਾਵਾਂਗੇ ਅਤੇ ਉਸ ਪੁਲ ਉੱਪਰ 15000 ਨੌਕਰੀਆਂ ਨਿਰਭਰ ਕਰਦੀਆਂ ਹਨ।

ਹਾਲਾਂਕਿ ਅਧਿਕਾਰੀਆਂ ਨੇ ਅਜੇ ਤੱਕ ਇਸ ਲਈ ਕੋਈ ਸਮਾਂ ਸੀਮਾ ਜਾਰੀ ਨਹੀਂ ਕੀਤੀ ਹੈ।

ਪ੍ਰਸ਼ਾਸਨ ਦਾ ਕਹਿਣਾ ਹੈ ਕਿ ਫਿਲਹਾਲ ਉਨ੍ਹਾਂ ਦਾ ਪੂਰਾ ਧਿਆਨ ਬਚਾਅ ਕਾਰਜਾਂ ਉੱਪਰ ਹੈ।

ਗਵਰਨਰ ਦਾ ਕਹਿਣਾ ਹੈ ਕਿ ਇਸ ਵਿੱਚੋਂ ਉੱਭਰਨ ਦੀ ਪ੍ਰਕਿਰਿਆ “ਛੋਟੀ ਨਹੀਂ ਹੋਵੇਗੀ” ਅਤੇ ਉਨ੍ਹਾਂ ਨੇ ਕਿਹਾ ਕਿ ਅੱਗੇ ਇੱਕ “ਲੰਬਾ ਰਾਹ” ਹੈ।

ਇਹ ਪਹਿਲਾ ਸਮਾਂ ਨਹੀਂ ਹੈ ਜਦੋਂ ਡਾਲੀ ਜਹਾਜ਼ ਕਿਸੇ ਹਾਦਸੇ ਵਿੱਚ ਘਿਰਿਆ ਹੋਵੇ।

ਵੈਸਲ ਫਾਈਂਡਰ ਜੋ ਕਿ ਇੱਕ ਮਾਲ ਵਾਹਕ ਜਹਾਜ਼ਾਂ ਉੱਪਰ ਨਜ਼ਰ ਰੱਖਣ ਵਾਲੀ ਵੈਬਸਾਈਟ ਹੈ। ਜਹਾਜ਼ ਦਾ ਸਾਲ 2016 ਵਿੱਚ ਬੈਲਜੀਅਮ ਦੀ ਬੰਦਰਗਾਹ ਉੱਤੇ ਵੀ ਇੱਕ ਹਾਦਸਾ ਹੋਇਆ ਸੀ। ਉਸ ਹਾਦਸੇ ਵਿੱਚ ਕੋਈ ਜਾਨੀ-ਮਾਲੀ ਨੁਕਸਾਨ ਨਹੀਂ ਹੋਇਆ ਸੀ।

ਜਿਵੇਂ ਮੰਗਲਵਾਰ ਦੀ ਰਾਤ ਪੈਣੀ ਸ਼ੁਰੂ ਹੋਈ ਜਹਾਜ਼ ਅਤੇ ਇਸ ਦੇ 3000 ਕੰਟੇਨਰ ਪਾਣੀ ਦੇ ਵਿੱਚ ਹੀ ਖੜ੍ਹੇ ਸਨ। ਇਸ ਦਾ ਨੱਕ ਪੁਲ ਦੇ ਮਲਬੇ ਵਿੱਚ ਫਸਿਆ ਹੋਇਆ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)