You’re viewing a text-only version of this website that uses less data. View the main version of the website including all images and videos.
ਸੰਗਰੂਰ ’ਚ 20 ਮੌਤਾਂ ਦਾ ਕਾਰਨ ਬਣੀ ਜ਼ਹਿਰੀਲੀ ਸ਼ਰਾਬ ਦਾ ਸੋਸ਼ਲ ਮੀਡੀਆ ਨਾਲ ਕੀ ਲਿੰਕ ਜੁੜਿਆ
- ਲੇਖਕ, ਗਗਨਦੀਪ ਸਿੰਘ ਜੱਸੋਵਾਲ
- ਰੋਲ, ਬੀਬੀਸੀ ਪੱਤਰਕਾਰ
ਸੰਗਰੂਰ ਦੇ ਪਿੰਡ ਗੁੱਜਰਾਂ ਦੇ ਵਸਨੀਕ ਜਿਨ੍ਹਾਂ ਵਿੱਚ ਮੁੱਖ ਤੌਰ 'ਤੇ ਦਲਿਤ ਪਰਿਵਾਰ ਸਨ ਸੋਮਵਾਰ ਨੂੰ ਰਵਿਦਾਸ ਮੰਦਰ ਵਿਖੇ ਇਕੱਠੇ ਹੋਏ।
ਉੱਥੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਪਹੁੰਚੇ ਜੋ ਉਹਨਾਂ ਪਰਿਵਾਰਾਂ ਨੂੰ ਮਿਲੇ ਜਿੰਨ੍ਹਾ ਦੇ ਘਰ ਦੇ ਜੀਆਂ ਦੀ ਜ਼ਹਿਰੀਲੀ ਸ਼ਰਾਬ ਪੀਣ ਕਰਕੇ ਮੌਤ ਹੋ ਗਈ ਸੀ।
ਸੁਖਬੀਰ ਬਾਦਲ ਦੇ ਜਾਣ ਤੋਂ ਬਾਅਦ ਪਰਿਵਾਰ ਜਿਨ੍ਹਾਂ ਵਿੱਚ ਜ਼ਿਆਦਾਤਰ ਔਰਤਾਂ ਸਨ ਪਿੰਡ ਦੀਆਂ ਤੰਗ ਗਲੀਆਂ ਰਾਹੀਂ ਆਪਣੇ ਘਰਾਂ ਨੂੰ ਵਾਪਸ ਜਾਣ ਲੱਗ ਪਈਆਂ।
ਅਸੀਂ ਪਰਮਜੀਤ ਕੌਰ ਦੇ ਘਰ ਗਏ, ਜਿੱਥੇ ਅਸੀਂ ਦੇਖਿਆ ਕਿ ਉਸ ਦਾ ਪੁੱਤਰ ਮੰਜੇ 'ਤੇ ਪਿਆ ਹੋਇਆ ਸੀ ਜਦੋਂ ਕਿ ਉਸ ਦੀ ਧੀ ਰੋ ਰਹੀ ਸੀ।
ਪਰਮਜੀਤ ਕੌਰ ਦੇ ਜਵਾਈ ਗੁਰਸੇਵਕ ਸਿੰਘ ਦੀ ਕਥਿਤ ਤੌਰ 'ਤੇ ਜ਼ਹਿਰੀਲੀ ਸ਼ਰਾਬ ਨਾਲ ਮੌਤ ਹੋ ਗਈ ਤਾਂ ਦੂਜੇ ਪਾਸੇ ਪੁਲਿਸ ਨੇ ਪਰਮਜੀਤ ਦੇ ਪੁੱਤਰ ਮਨਪ੍ਰੀਤ ਸਿੰਘ ਨੂੰ ਕਥਿਤ ਤੌਰ 'ਤੇ ਜ਼ਹਿਰੀਲੀ ਸ਼ਰਾਬ ਵੇਚਣ ਦੇ ਇਲਜ਼ਾਮਾਂ ਤਹਿਤ ਗ੍ਰਿਫਤਾਰ ਕਰ ਲਿਆ ਹੈ।
ਪਰਮਜੀਤ ਕੌਰ ਦੱਸਦੇ ਹਨ, "ਗੁਰਸੇਵਕ ਸਿੰਘ ਸਾਨੂੰ ਮਿਲਣ ਆਇਆ ਸੀ। ਗੁਰਸੇਵਕ ਨੇ ਉਸ ਦੀ ਮੌਤ ਤੋਂ ਇੱਕ ਦਿਨ ਪਹਿਲਾਂ ਸ਼ਰਾਬ ਪੀਤੀ ਸੀ। ਜਦੋ ਸਾਡੇ ਪਿੰਡ ਦਾਰੂ ਕਰਕੇ ਪਹਿਲੀ ਮੌਤ ਹੋਈ ਤੇ ਪੁਲਿਸ ਨੇ ਗੁਰਸੇਵਕ ਨੂੰ ਹਿਰਾਸਤ ਵਿੱਚ ਲੈ ਲਿਆ ਅਤੇ ਸਾਨੂੰ ਸਥਾਨਕ ਥਾਣੇ ਲੈ ਗਈ।”
ਪਰਮਜੀਤ ਕੌਰ ਅੱਗੇ ਦੱਸਦੇ ਹਨ, "ਗੁਰਸੇਵਕ ਸ਼ਿਕਾਇਤ ਕਰ ਰਿਹਾ ਸੀ ਕਿ ਉਸ ਨੂੰ ਕੁਝ ਦਿਖਾਈ ਨਹੀਂ ਦੇ ਰਿਹਾ। ਪੁਲਿਸ ਨੇ ਸਾਨੂੰ ਮੇਰੇ ਜਵਾਈ ਨੂੰ ਦਵਾਈ ਨਹੀਂ ਦੇਣ ਦਿੱਤੀ।"
"ਪੁਲਿਸ ਨੇ ਸਾਨੂੰ ਸ਼ਾਮ ਨੂੰ ਛੱਡਿਆ ਫਿਰ ਅਸੀਂ ਗੁਰਸੇਵਕ ਨੂੰ ਸੰਗਰੂਰ ਦੇ ਸਿਵਲ ਹਸਪਤਾਲ ਲੈ ਗਏ, ਜਿੱਥੋਂ ਉਸਨੂੰ ਪਟਿਆਲਾ ਹਸਪਤਾਲ ਲਈ ਰੈਫਰ ਕਰ ਦਿੱਤਾ ਗਿਆ ਅਤੇ ਰਸਤੇ ਵਿੱਚ ਉਸਦੀ ਮੌਤ ਹੋ ਗਈ।”
ਦਿੜਬਾ ਨੇ ਐੱਸਐਸਓ ਗੁਰਮੀਤ ਸਿੰਘ ਨੇ ਮਨਪ੍ਰੀਤ ਤੇ ਗੁਰਸੇਵਕ ਦੇ ਪਰਿਵਾਰਾਂ ਵੱਲੋਂ ਲਗਾਏ ਇਲਜ਼ਾਮਾਂ ਨੂੰ ਨਕਾਰਿਆ।
ਉਨ੍ਹਾਂ ਕਿਹਾ, “ਅਸੀਂ ਗੁਰਸੇਵਕ ਨੂੰ ਹਿਰਾਸਤ ਵਿੱਚ ਨਹੀਂ ਲਿਆ ਸੀ।”
ਪਰਮਜੀਤ ਕੌਰ ਨੇ ਮੰਨਿਆ ਕਿ ਮਨਪ੍ਰੀਤ ਸਿੰਘ ਨੇ ਸ਼ਰਾਬ ਵੇਚੀ ਹੋ ਸਕਦੀ ਹੈ, ਪਰ ਉਨ੍ਹਾਂ ਨੂੰ ਇਸ ਬਾਰੇ ਪਤਾ ਨਹੀਂ ਹੈ।
"ਸਾਡੇ ਕੋਲ ਕੋਈ ਜ਼ਮੀਨ ਨਹੀਂ ਹੈ, ਜਦਕਿ ਮੈਂ ਆਪਣਾ ਜਵਾਈ ਗੁਆ ਦਿੱਤਾ ਹੈ, ਇੱਕ ਪੁੱਤਰ ਮੰਜੇ 'ਤੇ ਪਿਆ ਹੈ ਅਤੇ ਦੂਜਾ ਜੇਲ੍ਹ ਵਿੱਚ ਹੈ, ਮੇਰਾ ਸਾਰਾ ਘਰ ਖਰਾਬ ਹੋ ਗਿਆ ਹੈ।"
ਪਰਮਜੀਤ ਅੱਗੇ ਦੱਸਦੇ ਹਨ, "ਸਾਡੇ ਸਿਰ 5 ਲੱਖ ਰੁਪਏ ਦਾ ਕਰਜ਼ਾ ਹੈ, ਜੋ ਅਸੀਂ ਆਪਣੇ ਬੇਟੇ ਦੇ ਅਪਰੇਸ਼ਨ ਲਈ ਲਿਆ ਸੀ।"
ਗੁਰਸੇਵਕ ਸਿੰਘ ਦੀ ਪਤਨੀ ਅਮਨਦੀਪ ਕੌਰ ਨੇ ਪੰਜਾਬ ਪੁਲਿਸ 'ਤੇ ਇਲਜ਼ਾਮ ਲਗਾਇਆ ਕਿ ਉਸ ਦੇ ਪਤੀ ਨੂੰ ਡਾਕਟਰੀ ਦੇਖਭਾਲ ਨਹੀਂ ਕਰਵਾਉਣ ਦਿੱਤੀ ਗਈ, ਜਦਕਿ ਉਹ ਲਗਾਤਾਰ ਬੇਚੈਨੀ ਅਤੇ ਨਜ਼ਰ ਗੁਆਉਣ ਦੀ ਸ਼ਿਕਾਇਤ ਕਰ ਰਿਹਾ ਸੀ।
ਅਮਨਦੀਪ ਨੇ ਕਿਹਾ, “ਮੇਰੇ ਭਰਾ ਨੇ ਕੁਝ ਕੀਤਾ ਹੋ ਸਕਦਾ ਹੈ, ਪਰ ਮੈਂ ਉਸ ਨੂੰ ਕਦੇ ਗ਼ਲਤ ਕਰਦੇ ਨਹੀਂ ਦੇਖਿਆ।”
ਪਿਛਲੇ ਹਫ਼ਤੇ ਸੰਗਰੂਰ ਜ਼ਿਲ੍ਹੇ ਵਿੱਚ ਕਥਿਤ ਤੌਰ 'ਤੇ ਜ਼ਹਿਰੀਲੀ ਸ਼ਰਾਬ ਪੀਣ ਨਾਲ ਲਗਭਗ 20 ਵਿਅਕਤੀਆਂ ਦੀ ਮੌਤ ਹੋ ਗਈ, ਜਦੋਂ ਕਿ 9 ਵਿਅਕਤੀ ਅਜੇ ਵੀ ਹਸਪਤਾਲ ਵਿੱਚ ਹਨ।
ਮੁੱਖ ਤੌਰ 'ਤੇ ਪ੍ਰਭਾਵਿਤ ਖੇਤਰ ਵਿੱਚ ਦਿੜ੍ਹਬਾ ਹਲਕੇ ਦਾ ਪਿੰਡ ਗੁੱਜਰਾਂ ਅਤੇ ਸੁਨਾਮ ਹਲਕੇ ਦਾ ਟਿੱਬੀ ਰਵਿਦਾਸਪੁਰਾ ਹਨ।
ਜ਼ਹਿਰੀਲੀ ਸ਼ਰਾਬ ਪੀਣ ਨਾਲ ਮਰਨ ਵਾਲੇ ਜ਼ਿਆਦਾਤਰ ਮਰਦ ਦਲਿਤ ਪਰਿਵਾਰਾਂ ਨਾਲ ਸਬੰਧਤ ਸਨ ਅਤੇ ਦਿਹਾੜੀਦਾਰ ਸਨ।
ਸੰਗਰੂਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਜੱਦੀ ਜ਼ਿਲ੍ਹਾ ਹੈ, ਜਦੋਂ ਕਿ ਦਿੜ੍ਹਬਾ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਦਾ ਹਲਕਾ ਹੈ ਅਤੇ ਸੁਨਾਮ ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਦਾ ਹਲਕਾ ਹੈ।
ਇੱਕ ਹੋਰ ਪੀੜਤ ਪਰਿਵਾਰ ਵਿੱਚ ਦੋ ਚਾਚਿਆਂ ਦੀ ਜ਼ਹਿਰੀਲੀ ਸ਼ਰਾਬ ਨਾਲ ਮੌਤ ਹੋਈ ਤੇ ਭਤੀਜੇ ’ਤੇ ਸ਼ਰਾਬ ਵੇਚਣ ਦਾ ਇਲਜ਼ਾਮ ਲੱਗੇ ਹਨ।
ਇਸ ਦਰਦਨਾਕ ਘਟਨਾ ਵਿੱਚ ਪਿੰਡ ਗੁੱਜਰਾਂ ਦੇ ਵਸਨੀਕ ਪਰਗਟ ਸਿੰਘ ਅਤੇ ਨਿਰਮਲ ਸਿੰਘ ਨਾਮਕ ਦੋ ਸਕੇ ਤੇ ਜੋੜੇ ਭਰਾਵਾਂ ਦੀ ਮੌਤ ਹੋ ਗਈ।
ਉਹ ਦਲਿਤ ਪਰਿਵਾਰ ਨਾਲ ਸਬੰਧਤ ਸਨ ਅਤੇ ਦਿਹਾੜੀਦਾਰ ਸਨ। ਪਰਗਟ ਸਿੰਘ ਅਤੇ ਨਿਰਮਲ ਸਿੰਘ ਦੇ ਪਰਿਵਾਰ ਸਰਕਾਰ ਤੋਂ ਇਨਸਾਫ਼ ਅਤੇ ਨੌਕਰੀ ਦੀ ਮੰਗ ਕਰ ਰਹੇ ਹਨ।
ਦਿਲਚਸਪ ਗੱਲ ਇਹ ਹੈ ਕਿ ਮਾਮਲੇ ਦਾ ਮੁਲਜ਼ਮ ਸੁਖਵਿੰਦਰ ਸਿੰਘ ਪ੍ਰਗਟ ਸਿੰਘ ਅਤੇ ਨਿਰਮਲ ਸਿੰਘ ਦਾ ਭਤੀਜਾ ਸੀ।
'ਸ਼ਾਰਬ ਪੀਣ ਕਾਰਨ ਘਰੇ ਰਹਿੰਦੀ ਸੀ ਲੜਾਈ'
ਸੁਖਵਿੰਦਰ 'ਤੇ ਜ਼ਹਿਰੀਲੀ ਸ਼ਰਾਬ ਵੇਚਣ ਦੇ ਇਲਜ਼ਾਮ ਹਨ। ਜ਼ਹਿਰੀਲੀ ਸ਼ਰਾਬ ਨਾਲ ਮਰਨ ਵਾਲਾ ਪਰਗਟ ਸਿੰਘ ਪਹਿਲਾ ਬੰਦਾ ਸੀ। ਨਿਰਮਲ ਅਤੇ ਪਰਗਟ ਸਿੰਘ ਦੇ ਘਰਾਂ ਵਿੱਚ ਦੋ ਛੋਟੇ-ਛੋਟੇ ਕਮਰੇ ਹਨ।
ਪਰਗਟ ਸਿੰਘ ਦੇ ਪੁੱਤਰ ਰਮਨ ਸਿੰਘ ਦਾ ਕਹਿਣਾ ਹੈ, "ਮੇਰੇ ਪਿਤਾ ਜੀ ਪਰਿਵਾਰ ਵਿੱਚ ਇਕੱਲੇ ਕਮਾਉਣ ਵਾਲੇ ਸਨ ਜਿਨ੍ਹਾਂ ਦੀ ਕਥਿਤ ਤੌਰ 'ਤੇ ਨਕਲੀ ਸ਼ਰਾਬ ਪੀਣ ਨਾਲ ਮੌਤ ਹੋ ਗਈ ਸੀ।"
ਪਰਗਟ ਸਿੰਘ ਦੀ ਪਤਨੀ ਗੁਰਜੀਤ ਕੌਰ ਨੇ ਪੰਜਾਬ ਸਰਕਾਰ ਨੂੰ ਉਸ ਦੇ ਪੁੱਤਰ ਨੂੰ ਨੌਕਰੀ ਦੇਣ ਦੀ ਅਪੀਲ ਕੀਤੀ।
ਨਿਰਮਲ ਸਿੰਘ ਦੀ ਪਤਨੀ ਪਰਮਜੀਤ ਕੌਰ ਕਹਿੰਦੀ ਹੈ, “ਅਸੀਂ ਅੰਮ੍ਰਿਤਧਾਰੀ ਸਿੱਖ ਹਾਂ ਅਤੇ ਨਿਰਮਲ ਸਿੰਘ ਨਾਲ ਲੜਾਈ ਹੁੰਦੀ ਸੀ ਕਿਉਂਕਿ ਉਹ ਸ਼ਰਾਬ ਪੀਂਦਾ ਸਨ। ਉਹ ਮੱਧ ਪ੍ਰਦੇਸ਼ ਤੋਂ ਆਇਆ ਹੋਇਆ ਸੀ ਕਿਉਂਕਿ ਉਹ ਬੀਮਾਰ ਹੋ ਗਿਆ ਸੀ।"
ਪਰਮਜੀਤ ਨੇ ਪੰਜਾਬ ਸਰਕਾਰ ਨੂੰ ਵੀ ਅਪੀਲ ਕੀਤੀ ਕਿ ਉਸ ਨੂੰ ਨੌਕਰੀ ਦਿੱਤੀ ਜਾਵੇ ਤਾਂ ਜੋ ਉਹ ਆਪਣੇ ਬੱਚਿਆਂ ਦਾ ਪਾਲਣ-ਪੋਸ਼ਣ ਕਰ ਸਕੇ।
ਪਰਗਟ ਅਤੇ ਨਿਰਮਲ ਸਿੰਘ ਤੋਂ ਬਾਅਦ ਅਸੀਂ ਮਾਮਲੇ ਦੇ ਮੁਲਜ਼ਮ ਸੁਖਵਿੰਦਰ ਸਿੰਘ ਸੁੱਖੀ ਦੇ ਘਰ ਗਏ। ਸੁੱਖੀ ਦਾ ਘਰ ਮੁਕਾਬਲਤਨ ਵਧੀਆ ਬਣਾਇਆ ਗਿਆ ਸੀ। ਸੁਖਵਿੰਦਰ ਦੀ ਪਤਨੀ ਮਨਜੀਤ ਕੌਰ ਨੇ ਆਪਣੇ ਪਤੀ 'ਤੇ ਲੱਗੇ ਇਲਜ਼ਾਮਾਂ ਤੋਂ ਇਨਕਾਰ ਕੀਤਾ।
ਮਨਜੀਤ ਕੌਰ ਨੇ ਕਿਹਾ, “ਪਹਿਲਾਂ ਸੁਖਵਿੰਦਰ ਗੈਰ-ਕਾਨੂੰਨੀ ਸ਼ਰਾਬ ਵੇਚਣ ਦਾ ਧੰਦਾ ਕਰਦਾ ਸੀ, ਪਰ ਉਸਨੇ ਉਹ ਕੰਮ ਬਹੁਤ ਪਹਿਲਾਂ ਛੱਡ ਦਿੱਤਾ ਸੀ। ਸੁਖਵਿੰਦਰ ਖੁਦ ਆਪਣੇ ਚਾਚਾ ਨਿਰਮਲ ਅਤੇ ਪ੍ਰਗਟ ਸਿੰਘ ਨੂੰ ਹਸਪਤਾਲ ਲੈ ਕੇ ਗਿਆ ਅਤੇ ਮ੍ਰਿਤਕ ਦਾ ਪੋਸਟਮਾਰਟਮ ਕਰਵਾਇਆ।
ਮਨਜੀਤ ਕੌਰ ਦਾ ਕਹਿਣਾ ਹੈ, “ਪੁਲਿਸ ਨੂੰ ਇਸ ਮਾਮਲੇ ਦੀ ਨਿਰਪੱਖ ਜਾਂਚ ਕਰਨੀ ਚਾਹੀਦੀ ਹੈ।”
ਗੁੱਜਰਾਂ ਪਿੰਡ ਦਾ 27 ਸਾਲਾ ਜਗਜੀਤ ਸਿੰਘ ਵੀ ਜ਼ਹਿਰੀਲੀ ਸ਼ਰਾਬ ਦਾ ਸ਼ਿਕਾਰ ਹੋਇਆ ਹੈ। ਉਹ ਵੀ ਇੱਕ ਦਿਹਾੜੀਦਾਰ ਅਤੇ ਇੱਕ ਪੇਂਟਰ ਵਜੋਂ ਕੰਮ ਕਰਦਾ ਸੀ, ਅਤੇ ਪਰਿਵਾਰ ਦਾ ਇੱਕਲੌਤਾ ਰੋਟੀ ਕਮਾਉਣ ਵਾਲਾ ਸੀ। ਉਸਦਾ ਘਰ ਪਿੰਡ ਦੇ ਰਵਿਦਾਸ ਮੰਦਰ ਕੋਲ ਹੈ।
ਉਸ ਦੇ ਪਿੱਛੇ ਦੋ ਬੱਚੇ, ਪਤਨੀ ਅਤੇ ਮਾਤਾ-ਪਿਤਾ ਹਨ। ਜਗਜੀਤ ਸਿੰਘ ਦੀ ਪਤਨੀ ਬਬਲੀ ਕਹਿੰਦੀ ਹੈ, “ਮੇਰਾ ਪਤੀ ਘਰ ਸ਼ਰਾਬ ਪੀ ਕੇ ਆਏ ਸਨ।
ਉਸਨੇ ਰਾਤ ਨੂੰ ਆਪਣੀ ਸਿਹਤ ਬਾਰੇ ਸ਼ਿਕਾਇਤ ਕਰਨੀ ਸ਼ੁਰੂ ਕਰ ਦਿੱਤੀ, ਅਤੇ ਫਿਰ ਅਸੀਂ ਉਸ ਨੂੰ ਸਥਾਨਕ ਹਸਪਤਾਲ ਲੈ ਗਏ ਜਿੱਥੇ ਉਸ ਦੀ ਮੌਤ ਹੋ ਗਈ। ਬਬਲੀ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਉਸ ਨੂੰ ਰੁਜ਼ਗਾਰ ਦਿੱਤਾ ਜਾਵੇ।
ਗੁੱਜਰਾਂ ਪਿੰਡ: ਗੈਰ-ਕਾਨੂੰਨੀ ਸ਼ਰਾਬ ਦੀ ਵਿਕਰੀ ਦਾ ਕੇਂਦਰ
ਗੁੱਜਰਾਂ ਪਿੰਡ ਵਿੱਚ ਬਹੁਤ ਸਾਰੇ ਲੋਕ ਸੱਥ ਵਿੱਚ ਬੈਠੇ ਸਨ, ਪਰ ਉਹ ਜ਼ਹਿਰੀਲੀ ਸ਼ਰਾਬ ਕਾਂਡ ਬਾਰੇ ਬਾਰੇ ਕੈਮਰੇ 'ਤੇ ਬੋਲਣਾ ਨਹੀਂ ਚਾਹੁੰਦੇ ਸਨ। ਉਨ੍ਹਾਂ ਨੇ ਕਿਹਾ ਕਿ ਉਹ ਆਪਣੇ ਲਈ ਕੋਈ ਵਿਵਾਦ ਨਹੀਂ ਚਾਹੁੰਦੇ।
ਕੁਝ ਲੋਕਾਂ ਨੇ ਬੀਬੀਸੀ ਨੂੰ ਦੱਸਿਆ ਕਿ ਕਈ ਮਹੀਨਿਆਂ ਤੋਂ ਗੈਰ-ਕਾਨੂੰਨੀ ਸ਼ਰਾਬ ਵੇਚੀ ਜਾ ਰਹੀ ਹੈ, ਜਿਸ ਬਾਰੇ ਸਭ ਨੂੰ ਪਤਾ ਸੀ, ਜਦੋਂ ਕਿ ਕੁਝ ਲੋਕਾਂ ਨੇ ਪ੍ਰਸ਼ਾਸਨ ਨੂੰ ਸ਼ਿਕਾਇਤ ਵੀ ਕੀਤੀ, ਪਰ ਕੋਈ ਕਾਰਵਾਈ ਨਹੀਂ ਕੀਤੀ ਗਈ।
ਫਿਰ ਬੀਬੀਸੀ ਪੰਜਾਬੀ ਨੇ ਸੋਮਵਾਰ ਨੂੰ ਪਿੰਡ ਗੁੱਜਰਾਂ ਨੇੜੇ ਕੁਝ ਅਧਿਕਾਰਤ ਸ਼ਰਾਬ ਠੇਕਿਆਂ ਦੇ ਕਰਮਚਾਰੀਆਂ ਨਾਲ ਗੱਲ ਕੀਤੀ।
ਉਨ੍ਹਾਂ ਨੇ ਕਿਹਾ, “ਇਹ ਸਭ ਨੂੰ ਪਤਾ ਸੀ ਕਿ ਗੁੱਜਰਾਂ ਅਤੇ ਮੌੜ ਪਿੰਡ ਗੈਰ-ਕਾਨੂੰਨੀ ਸ਼ਰਾਬ ਦੀ ਵਿਕਰੀ ਦੇ ਕੇਂਦਰ ਸਨ ਅਤੇ ਪਿਛਲੇ ਕਾਫੀ ਮਹੀਨਿਆਂ ਤੋਂ ਸਾਡੇ ਕਾਰੋਬਾਰ ਨੂੰ ਪ੍ਰਭਾਵਿਤ ਕਰ ਰਹੇ ਸਨ। ਤੁਸੀਂ ਦੇਖੋ ਇਸ ਘਟਨਾ ਤੋਂ ਬਾਅਦ ਸਾਡੀ ਵਿਕਰੀ ਵਿੱਚ ਵਾਧਾ ਹੋਇਆ ਹੈ, ਕਿਉਂਕਿ ਹੁਣ ਲੋਕ ਆਪਣੀ ਜਾਨ ਨੂੰ ਜੋਖਮ ਵਿੱਚ ਨਹੀਂ ਪਾਉਣਾ ਚਾਹੁੰਦੇ ਹਨ। ”
ਢੰਡੋਲੀ ਖੁਰਦ ਵਿੱਚ ਪੁੱਤਰ ਦੀ ਮੌਤ ਦਾ ਮਾਤਮ
ਢੰਡੋਲੀ ਖੁਰਦ ਦੇ 25 ਸਾਲਾ ਕੁਲਦੀਪ ਸਿੰਘ ਦਾ ਜ਼ਹਿਰੀਲੀ ਸ਼ਰਾਬ ਦਾ ਸੇਵਨ ਕਰਨ ਨਾਲ ਮੌਤ ਹੋ ਗਈ। ਉਸ ਦੇ ਪਰਿਵਾਰ ਅਨੁਸਾਰ ਕਥਿਤ ਤੌਰ 'ਤੇ ਪਿੰਡ ਗੁੱਜਰਾਂ ਤੋਂ ਸ਼ਰਾਬ ਲਿਆਂਦੀ ਗਈ, ਜਦੋਂ ਕਿ ਉਸ ਦੇ ਪਿਤਾ ਜੰਟਾ ਸਿੰਘ ਨੇ ਵੀ ਪੀਤੀ ਪਰ ਬਚ ਗਿਆ।
ਜੰਟਾ ਸਿੰਘ ਨੇ ਦੱਸਦੇ ਹਨ ਕਿ ਪੁਲਿਸ ਵਲੋਂ ਸਾਨੂੰ ਸੰਗਰੂਰ ਹਸਪਤਾਲ ਲਿਜਾਇਆ ਗਿਆ। ਬਾਅਦ ਵਿੱਚ ਕੁਲਦੀਪ ਨੂੰ ਪਟਿਆਲਾ ਰੈਫਰ ਕਰ ਦਿੱਤਾ ਗਿਆ, ਜਿੱਥੇ ਹਸਪਤਾਲ ਲਿਜਾਂਦੇ ਸਮੇਂ ਉਸ ਦੀ ਮੌਤ ਹੋ ਗਈ।
ਜੰਟਾ ਸਿੰਘ ਦਾ ਕਹਿਣਾ ਹੈ, “ਜਨਾਲ, ਗੁੱਜਰਾਂ ਅਤੇ ਹੋਰ ਪਿੰਡਾਂ ਵਿੱਚ ਸਸਤੀ ਸ਼ਰਾਬ ਮਿਲਦੀ ਹੈ। ਉਸ ਨੇ ਸ਼ਰਾਬ ਵੀ ਪੀਤੀ ਪਰ ਉਸ ਨੂੰ ਕੁਝ ਨਹੀਂ ਹੋਇਆ।”
'ਮੁਲਜ਼ਮਾਂ ਨੇ ਯੂ-ਟਿਊਬ ਤੋਂ ਸ਼ਰਾਬ ਬਣਾਉਣੀ ਸਿੱਖੀ'
ਪੰਜਾਬ ਪੁਲਿਸ ਨੇ ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਿਸ (ਕਾਨੂੰਨ ਤੇ ਵਿਵਸਥਾ) ਗੁਰਿੰਦਰ ਸਿੰਘ ਢਿੱਲੋਂ ਸੰਗਰੂਰ ਜਹਿਰੀਲੀ ਸ਼ਰਾਬ ਕਾਰਨ ਹੋਈਆਂ ਮੌਤਾਂ ਦੀ ਜਾਂਚ ਲਈ ਬਣੀ ਵਿਸ਼ੇਸ਼ ਜਾਂਚ ਟੀਮ ਦੇ ਚੇਅਰਮੈਨ ਹਨ, ਜਦਕਿ ਪਟਿਆਲਾ ਦੇ ਡਿਪਟੀ ਇੰਸਪੈਕਟਰ ਜਨਰਲ ਹਰਚਰਨ ਸਿੰਘ ਭੁੱਲਰ ਅਤੇ ਸੰਗਰੂਰ ਦੇ ਐਸਐਸਪੀ ਸਰਤਾਜ ਸਿੰਘ ਚਾਹਲ ਇਸ ਦੇ ਮੈਂਬਰ ਹਨ। ਬੀਬੀਸੀ ਨੇ ਇਸ ਮੁੱਦੇ 'ਤੇ ਏਡੀਜੀਪੀ ਗੁਰਿੰਦਰ ਸਿੰਘ ਢਿੱਲੋਂ ਨਾਲ ਗੱਲ ਕੀਤੀ।
ਏਡੀਜੀਪੀ ਗੁਰਿੰਦਰ ਸਿੰਘ ਢਿੱਲੋਂ ਕਿਹਾ ਕਿ ਸੰਗਰੂਰ ਵਿੱਚ 20 ਲੋਕਾਂ ਦੀ ਜ਼ਹਿਰੀਲੀ ਸ਼ਰਾਬ ਨਾਲ ਮੌਤ ਹੋ ਗਈ ਸੀ, ਜਦੋਂ ਕਿ 25 ਲੋਕਾਂ ਨੂੰ ਮੀਥੇਨੌਲ ਅਧਾਰਤ ਸ਼ਰਾਬ ਪੀਣ ਤੋਂ ਬਾਅਦ ਵੱਖ-ਵੱਖ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ ਸੀ, ਜਿਨ੍ਹਾਂ ਵਿੱਚੋਂ 9 ਲੋਕ ਅਜੇ ਵੀ ਇਲਾਜ ਅਧੀਨ ਹਨ ਤੇ ਖ਼ਤਰੇ ਤੋਂ ਬਾਹਰ ਹਨ।
ਗੁਰਿੰਦਰ ਸਿੰਘ ਢਿੱਲੋਂ ਨੇ ਦੱਸਦੇ ਹਨ, "ਅਸੀਂ ਤਿੰਨ ਵੱਖ-ਵੱਖ ਮਾਮਲਿਆਂ ਵਿੱਚ ਕੁੱਲ 11 ਵਿਅਕਤੀਆਂ ਨੂੰ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਹੈ ਅਤੇ ਮਾਸਟਰਮਾਈਂਡ ਹਰਮਨਪ੍ਰੀਤ ਅਤੇ ਗੁਰਲਾਲ ਸਿੰਘ ਸਮੇਤ 10 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ।"
ਏਡੀਜੀਪੀ ਢਿੱਲੋਂ ਨੇ ਇਹ ਵੀ ਕਿਹਾ, “ਹਰਮਨ ਅਤੇ ਗੁਰਲਾਲ ਖਿਲਾਫ਼ ਪਹਿਲਾਂ ਅਪਰਾਧਿਕ ਮਾਮਲੇ ਦਰਜ ਹਨ ਅਤੇ ਇਹ ਦੋਨੋ ਸੰਗਰੂਰ ਜੇਲ੍ਹ ਵਿੱਚ ਮਿਲੇ ਸਨ, ਜਿੱਥੇ ਉਨ੍ਹਾਂ ਨੇ ਨਕਲੀ ਸ਼ਰਾਬ ਬਣਾਉਣ ਦੀ ਯੋਜਨਾ ਬਣਾਈ ਸੀ। ਜੇਲ ਤੋਂ ਬਾਹਰ ਆਉਣ ਤੋਂ ਬਾਅਦ, ਇਹਨਾਂ ਨੇ ਇਸ ਸਾਲ ਜਨਵਰੀ ਅਤੇ ਫਰਵਰੀ ਤੋਂ ਆਪਣੀ ਯੋਜਨਾ ਨੂੰ ਅੰਜ਼ਾਮ ਦੇਣਾ ਸ਼ੁਰੂ ਕਰ ਦਿੱਤਾ।”
ਉਹਨਾਂ ਅੱਗੇ ਕਿਹਾ ਕਿ, “ਦੋਵੇਂ ਮੁਲਜ਼ਮਾਂ ਨੇ ਯੂਟਿਊਬ 'ਤੇ ਵੀਡੀਓ ਦੇਖੇ ਕਿ ਸ਼ਰਾਬ ਕਿਵੇਂ ਬਣਾਈ ਜਾਂਦੀ ਹੈ। ਫਿਰ ਇਹਨਾਂ ਨੇ ਨੋਇਡਾ ਸਥਿਤ ਫੈਕਟਰੀ ਤੋਂ ਕਰੀਬ 300 ਲੀਟਰ ਸ਼ਰਾਬ ਖਰੀਦੀ ਤੇ ਬੋਤਲਾਂ ਦਾ ਪ੍ਰਬੰਧ ਕੀਤਾ। ਬਾਅਦ ਵਿੱਚ ਲੁਧਿਆਣਾ ਤੋਂ ਇੱਕ ਬੋਤਲਾਂ ਦੇ ਢੱਕਣ ਲਾਉਣ ਵਾਲੀ ਮਸ਼ੀਨ ਖਰੀਦੀ ਅਤੇ ਹਰਮਨ ਦੇ ਘਰ ਵਿੱਚ ਇੱਕ ਸ਼ਰਾਬ ਬਣਾਉਣ ਵਾਲੀ ਨਿਰਮਾਣ ਯੂਨਿਟ ਸਥਾਪਿਤ ਕੀਤਾ।”
ਏਡੀਜੀਪੀ ਢਿੱਲੋਂ ਨੇ ਇਹ ਵੀ ਕਿਹਾ ਕਿ ਗੁਰਲਾਲ ਅਤੇ ਹਰਮਨ ਨੇ ਫਿਰ ਆਪਣੀ ਯੋਜਨਾ ਵਿੱਚ ਗੁੱਜਰਾਂ ਪਿੰਡ ਦੇ ਮਨਪ੍ਰੀਤ ਸਿੰਘ ਨੂੰ ਸ਼ਾਮਲ ਕੀਤਾ, ਜਿਸ ਨੇ ਅੱਗੇ ਹੋਰ ਆਦਮੀਆਂ ਨੂੰ ਸ਼ਰਾਬ ਵੇਚਣ ਲਈ ਸ਼ਾਮਲ ਕੀਤਾ। ਮੁਲਜ਼ਮਾਂ ਨੇ ਗ਼ਰੀਬ ਮਜ਼ਦੂਰਾਂ ਨੂੰ ਮਾਰਕੀਟ ਦੇ ਮੁਕਾਬਲੇ ਘੱਟ ਕੀਮਤ ’ਤੇ ਨਾਜਾਇਜ਼ ਸ਼ਰਾਬ ਵੇਚਣ ਲਈ ਨਿਸ਼ਾਨਾ ਬਣਾਇਆ।
ਪੁਲਿਸ ਦੀ ਖ਼ੁਫ਼ੀਆ ਨਾਕਾਮੀ ’ਤੇ ਏਡੀਜੀਪੀ ਗੁਰਿੰਦਰ ਸਿੰਘ ਦਾ ਕਹਿਣਾ ਹੈ, “ਪਟਿਆਲਾ ਨੇ ਇੱਕ ਐਸਐਚਓ ਖ਼ਿਲਾਫ਼ ਵਿਭਾਗੀ ਜਾਂਚ ਸ਼ੁਰੂ ਕਰ ਦਿੱਤੀ ਹੈ, ਜਦੋਂਕਿ ਐਕਸਾਈਜ਼ ਵਿਭਾਗ ਨੇ ਵੀ ਵਿਭਾਗੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪੰਜਾਬ ਦੇ ਮੁੱਖ ਮੰਤਰੀ ਮਾਨ ਨੇ ਪੀੜਤ ਪਰਿਵਾਰਾਂ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ ਹੈ।
ਮੁੱਖ ਮੰਤਰੀ ਭਗਵੰਤ ਮਾਨ ਨੇ ਐਤਵਾਰ ਨੂੰ ਸੰਗਰੂਰ ਜ਼ਿਲ੍ਹੇ ਦੇ ਪਿੰਡ ਗੁੱਜਰਾਂ ਵਿਖੇ ਪੀੜਤ ਪਰਿਵਾਰਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਹਰ ਸੰਭਵ ਸਰਕਾਰੀ ਮਦਦ ਦਾ ਭਰੋਸਾ ਦਿੱਤਾ।
ਭਗਵੰਤ ਮਾਨ ਨੇ ਕਿਹਾ, “ਸਾਡੇ ਕੋਲ ਨੇ 10 ਮੁਲਜ਼ਮਾਂ ਖਿਲਾਫ ਭਾਰਤੀ ਦੰਡਾਵਲੀ (ਆਈ.ਪੀ.ਸੀ.) ਦੀ ਧਾਰਾ 302 ਤਹਿਤ ਕੇਸ ਦਰਜ ਕੀਤਾ ਹੈ ਕਿਉਂਕਿ ਜ਼ਹਿਰ ਦੇਣਾ ਅਤੇ ਲੋਕਾਂ ਨੂੰ ਮਾਰਨਾ ਕਤਲ ਹੈ। ਅਸੀਂ ਇਸ ਗੱਲ ਦੀ ਵੀ ਜਾਂਚ ਕਰ ਰਹੇ ਹਾਂ ਕਿ ਨਕਲੀ ਸ਼ਰਾਬ ਬਣਾਉਣ ਵਾਲਾ ਇਹ ਗਰੋਹ ਹੋਰ ਜ਼ਿਲ੍ਹਿਆਂ ਵਿੱਚ ਸਰਗਰਮ ਹੈ ਜਾਂ ਨਹੀਂ।''
ਉਨ੍ਹਾਂ ਕਿਹਾ ਕਿ ਸੂਬੇ ਦਾ ਮੁਖੀ ਹੋਣ ਦੇ ਨਾਤੇ ਉਹ ਪੀੜਤਾਂ ਦੇ ਵਾਰਸਾਂ ਦੇ ਮੁੜ ਵਸੇਬੇ ਦੀ ਸਾਰੀ ਜ਼ਿੰਮੇਵਾਰੀ ਚੁੱਕਣਗੇ।