ਜ਼ਹਿਰੀਲੀ ਸ਼ਰਾਬ ਨਾਲ ਹੁਣ ਤੱਕ 21 ਮੌਤਾਂ, ਸੰਗਰੂਰ ਪਹੁੰਚੇ ਭਗਵੰਤ ਮਾਨ ਨੇ ਕਿਹਾ, 'ਇਹ ਮੌਤ ਨਹੀਂ, ਹੱਤਿਆ ਹੈ'

ਜ਼ਿਲ੍ਹਾ ਸੰਗਰੂਰ ਦੇ ਦਿੜ੍ਹਬਾ ਮੰਡੀ ਵਿੱਚ ਬੁੱਧਵਾਰ ਨੂੰ ਜ਼ਹਿਰੀਲੀ ਸ਼ਰਾਬ ਪੀਣ ਨਾਲ ਮਰਨ ਵਾਲਿਆਂ ਦੀਆਂ ਗਿਣਤੀ 21 ਹੋ ਗਈ ਹੈ।

ਚੋੋਣ ਕਮਿਸ਼ਨ ਨੇ ਪੰਜਾਬ ਦੇ ਮੁੱਖ ਸਕੱਤਰ ਅਤੇ ਡੀਜੀਪੀ ਤੋਂ ਇਸ ਮਾਮਲੇ ਵਿੱਚ ਤੁਰੰਤ ਰਿਪੋਰਟ ਦੀ ਮੰਗ ਕੀਤੀ ਹੈ।

ਪੰਜਾਬ ਪੁਲਿਸ ਨੇ ਜਾਂਚ ਲਈ ਚਾਰ ਮੈਂਬਰੀ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਹੈ।

ਐਤਵਾਰ ਨੂੰ ਸੰਗਰੂਰ ਪਹੁੰਚੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ। ਉਹਨਾਂ ਕਿਹਾ ਕਿ ਇਸ ਘਟਨਾ ਵਿੱਚ 302 ਦਾ ਮਾਮਲਾ ਦਰਜ ਕੀਤਾ ਗਿਆ ਹੈ।

ਮੁੱਖ ਮੰਤਰੀ ਨੇ ਕਿਹਾ, “ਇਹ ਮੌਤ ਨਹੀਂ, ਹੱਤਿਆ ਹੈ... ਕਿਸੇ ਨੂੰ ਜ਼ਹਿਰ ਦੇ ਕੇ ਮਾਰਨਾ। ਅਸੀਂ ਦੇਖ ਰਹੇ ਹਾਂ ਕਿ ਪੰਜਾਬ ਦੇ ਹੋਰ ਕਿਹੜੇ-ਕਿਹੜੇ ਜ਼ਿਲ੍ਹਿਆਂ ਵਿੱਚ ਇਹਨਾਂ ਦੇ ਲਿੰਕ ਸਨ ਜਾਂ ਗੈਂਗ ਸਨ ਜੋ ਜ਼ਹਿਰੀਲੀ ਸ਼ਰਾਬ ਵੇਚਦੇ ਸਨ। ਉਹ ਵੀ ਫੜੇ ਜਾਣਗੇ।”

ਉਹਨਾਂ ਕਿਹਾ ਕਿ ਇੱਕ ਵੀ ਦੋਸ਼ੀ ਛੱਡਿਆ ਨਹੀਂ ਜਾਵੇਗਾ।

ਸੰਗਰੂਰ ਪੁਲੀਸ ਨੇ ਥਾਣਾ ਦਿੜ੍ਹਬਾ ਦੇ ਖੇਤਰ ਵਿੱਚ ਨਕਲੀ ਸ਼ਰਾਬ ਵੇਚਣ ਵਾਲੇ ਅੱਠ ਮੁਲਜ਼ਮਾਂ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਵੱਡੀ ਮਾਤਰਾ ਵਿੱਚ ਨਕਲੀ ਸ਼ਰਾਬ ਅਤੇ ਵਰਤਿਆ ਜਾਣ ਵਾਲਾ ਹੋਰ ਸਾਜ਼ੋ-ਸਾਮਾਨ ਬਰਾਮਦ ਕੀਤਾ ਹੈ।

ਘਟਨਾ ਗੁੱਜਰਾਂ ਪਿੰਡ ਦੀ ਹੈ ਅਤੇ ਮ੍ਰਿਤਕ ਦਲਿਤ ਪਰਿਵਾਰਾਂ ਨਾਲ ਸੰਬੰਧਤ ਸਨ। ਇਹਨਾਂ ਮੌਤਾਂ ਕਾਰਨ ਪਿੰਡ ਵਿੱਚ ਸੋਗ ਦੀ ਲਹਿਰ ਹੈ।

ਸੰਗਰੂਰ ਤੋਂ ਬੀਬੀਸੀ ਸਹਿਯੋਗੀ ਕੁਲਵੀਰ ਸਿੰਘ ਨੇ ਦੱਸਿਆ ਸਿਵਲ ਸਰਜਨ ਡਾਕਟਰ ਕਿਰਪਾਲ ਸਿੰਘ ਮੁਤਾਬਕ ਮਰਨ ਵਾਲਿਆਂ ਦੀ ਗਿਣਤੀ 21 ਹੋ ਗਈ ਹੈ।

ਉਹਨਾਂ ਕਿਹਾ, "ਬੁੱਧਵਾਰ ਤੋਂ ਹੁਣ ਤੱਕ ਸਾਡੇ ਕੋਲ 40 ਮਰੀਜ਼ ਆਏ ਹਨ। 40 ਮਰੀਜ਼ਾਂ ਵਿੱਚੋਂ 21 ਦੀ ਮੌਤ ਹੋ ਚੁੱਕੀ ਹੈ।11 ਮਰੀਜ਼ਾ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਲਈ ਰੈਫਰ ਕੀਤਾ ਗਿਆ ਸੀ। 6 ਮਰੀਜ਼ ਸੰਗਰੂਰ ਦੇ ਸਿਵਲ ਹਸਪਤਾਲ 'ਚ ਦਾਖਲ ਹਨ ਜਦਕਿ ਤਿੰਨ ਮਰੀਜ਼ ਬਿਨਾਂ ਡਾਕਟਰ ਦੀ ਸਲਾਹ ਲਏ ਹੀ ਚਲੇ ਗਏ ਹਨ।”

ਪਰਿਵਾਰ ਦਾ ਕਹਿਣਾ ਹੈ ਕਿ ਉਹ ਸਵੇਰ ਤੋਂ ਹੀ ਖੂਨ ਦੀਆਂ ਉਲਟੀਆਂ ਕਰ ਰਹੇ ਸਨ ਤੇ ਇਸ ਸਮੇਂ ਉਹਨਾਂ ਨੂੰ ਅੱਖਾਂ ਤੋਂ ਦਿਖਣਾ ਬੰਦ ਹੋ ਚੁੱਕਾ ਹੈ।

ਬੀਜੇਪੀ ਨੇ ਮੁੱਖ ਮੰਤਰੀ ਦੇ ਦਿੱਲੀ 'ਚ ਰਹਿਣ 'ਤੇ ਚੁੱਕੇ ਸਵਾਲ

ਭਾਜਪਾ ਦੇ ਕੌਮੀ ਬੁਲਾਰੇ ਸੰਬਿਤ ਪਾਤਰਾ ਨੇ ਸੰਗਰੂਰ ਹਾਦਸੇ ਬਾਰੇ ਪੀੜਤ ਪਰਿਵਾਰਾਂ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਦਿਆਂ ਸੂਬੇ ਭਗਵੰਤ ਮਾਨ ਸਰਕਾਰ ਦੀ ਆਲੋਚਨਾ ਕੀਤੀ ਹੈ।

ਉਨ੍ਹਾਂ ਨੇ ਕਿਹਾ, “ਜਿਸ ਤਰ੍ਹਾਂ ਪਿਛਲੇ 4 ਦਿਨਾਂ ਦੌਰਾਨ ਸੰਗਰੂਰ ਜਿਲ੍ਹੇ ਵਿੱਚ ਗੈਰ-ਕਨੂੰਨੀ ਸ਼ਰਾਬ ਨਾਲ 21 ਜਣਿਆਂ ਦੀ ਮੌਤ ਹੋਈ ਹੈ। ਉਹ ਬਹੁਤ ਦੁਖਦਾਈ ਹੈ। ਭਾਜਪਾ ਨੂੰ ਪੀੜਤਾਂ ਨਾਲ ਹਮਦਰਦੀ ਹੈ।”

“ਇਸ ਤੋਂ ਵੀ ਮੰਦਭਾਗਾ ਹੈ ਮੁੱਖ ਮੰਤਰੀ ਨੂੰ ਮਾਮਲੇ ਦੀ ਦੇਖ-ਰੇਖ ਲਈ ਸੂਬੇ ਵਿੱਚ ਹੋਣਾ ਚਾਹੀਦਾ ਸੀ ਪਰ ਉਹ ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ ਦਾ ਵਿਰੋਧ ਕਰਨ ਲਈ ਦਿੱਲੀ ਆਏ ਹੋਏ ਹਨ।”

“ਅਸੀਂ ਬਸ ਇੰਨਾ ਕਹਿਣਾ ਚਾਹੁੰਦੇ ਹਾਂ ਕਿ ਜਦੋਂ ਤੁਹਾਡੇ ਆਪਣੇ ਸੂਬੇ ਵਿੱਚ ਮੌਤਾਂ ਹੋ ਰਹੀਆਂ ਹੋਣ ਤਾਂ ਦੂਜੇ ਸੂਬੇ ਵਿੱਚ ਆਕੇ ਇੱਕ ਭ੍ਰਿਸ਼ਟ ਵਿਅਕਤੀ ਨੂੰ ਬਚਾਉਣ ਦੀ ਕੋਸ਼ਿਸ਼ ਕਰਨਾ ਠੀਕ ਨਹੀਂ ਹੈ।”

ਇਹ ਘਟਨਾ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਵਿਧਾਨ ਸਭਾ ਹਲਕੇ ਦਿੜ੍ਹਬਾ ਵਿੱਚ ਵਾਪਰੀ ਹੈ।

ਬੀਬੀਸੀ ਸਹਿਯੋਗੀ ਚਰਨਜੀਵ ਕੌਸ਼ਲ ਮੁਤਾਬਕ ਹਰਪਾਲ ਸਿੰਘ ਚੀਮਾ ਇਲਾਕੇ ਦੇ ਪਿੰਡਾਂ ਵਿੱਚ ਪੀੜ੍ਹਤ ਪਰਿਵਾਰਾਂ ਨੂੰ ਮਿਲਣ ਪਹੁੰਚੇ।

ਇਸ ਮੌਕੇ ਚੀਮਾ ਨੇ ਕਿਹਾ ਕਿ ਭਾਵੇਂ ਚੋਣ ਜਾਬਤਾ ਲੱਗਿਆ ਹੋਇਆ ਹੈ ਪ੍ਰੰਤੂ ਸਬੰਧਤ ਪ੍ਰਸ਼ਾਸਨ ਪਰਿਵਾਰਾਂ ਨਾਲ ਸਲਾਹ ਮਸ਼ਵਰਾ ਕਰਕੇ ਇਹਨਾਂ ਦੀ ਯੋਗ ਮਦਦ ਕਰੇਗਾ।

ਉਹਨਾਂ ਇਹ ਵੀ ਕਿਹਾ ਕਿ ਜੋ ਦੋਸ਼ੀ ਹਨ, ਉਹਨਾਂ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਤਾਂ ਜੋ ਉਹ ਸਲਾਖਾਂ ਪਿੱਛੋਂ ਨਾ ਨਿਕਲ ਸਕਣ।

ਵਿਸ਼ੇਸ਼ ਚਾਂਜ ਟੀਮ ਦਾ ਗਠਨ

ਮਾਮਲੇ ਜਾਂਚ ਲਈ, ਪੰਜਾਬ ਪੁਲਿਸ ਨੇ ਸ਼ਨੀਵਾਰ ਨੂੰ ਇਸ ਕੇਸ ਵਿੱਚ "ਪੇਸ਼ੇਵਰ ਅਤੇ ਵਿਗਿਆਨਕ ਢੰਗ ਨਾਲ ਅਗਲੀਆਂ -ਪਿਛਲੀਆਂ ਕੜੀਆਂ ਦੀ ਵਿਧੀਬਧ ਪੜਤਾਲ ਤੇ ਲਈ" ਇੱਕ ਚਾਰ ਮੈਂਬਰੀ ਵਿਸ਼ੇਸ਼ ਜਾਂਚ ਟੀਮ (ਐੱਸ.ਆਈ.ਟੀ.) ਬਣਾਈ ਹੈ।

ਇਸ ਟੀਮ ਦੀ ਅਗਵਾਈ ਏਡੀਜੀਪੀ ਲਾਅ ਐਂਡ ਆਰਡਰ ਗੁਰਿੰਦਰ ਸਿੰਘ ਢਿੱਲੋਂ ਕਰ ਰਹੇ ਹਨ, ਜਦਕਿ ਡੀ.ਆਈ.ਜੀ. ਪਟਿਆਲਾ ਰੇਂਜ ਹਰਚਰਨ ਸਿੰਘ ਭੁੱਲਰ, ਐਸ.ਐਸ.ਪੀ. ਸੰਗਰੂਰ ਸਰਤਾਜ ਚਾਹਲ ਅਤੇ ਵਧੀਕ ਕਮਿਸ਼ਨਰ (ਆਬਕਾਰੀ) ਨਰੇਸ਼ ਦੂਬੇ ਇਸ ਦੇ ਮੈਂਬਰ ਹਨ।

ਅੱਠ ਮੁਲਜ਼ਮ ਗ੍ਰਿਫ਼ਤਾਰ

ਪਲਿਸ ਮੁਤਾਬਕ ਥਾਣਾ ਦਿੜ੍ਹਬਾ ਦੇ ਖੇਤਰ ਵਿੱਚ ਨਕਲੀ ਸ਼ਰਾਬ ਵੇਚਣ ਵਾਲੇ ਅੱਠ ਮੁਲਜ਼ਮਾਂ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ।

ਪੁਲਿਸ ਨੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਵੱਡੀ ਮਾਤਰਾ ਵਿੱਚ ਨਕਲੀ ਸ਼ਰਾਬ ਅਤੇ ਨਕਲੀ ਸ਼ਰਾਬ ਬਣਾਉਣ ਅਤੇ ਲੇਬਲਿੰਗ ਕਰਨ ਲਈ ਵਰਤਿਆ ਜਾਣ ਵਾਲਾ ਹੋਰ ਸਾਜ਼ੋ-ਸਾਮਾਨ ਬਰਾਮਦ ਕੀਤਾ ਹੈ।

ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਸੋਮਾ ਕੌਰ, ਰਾਹੁਲ ਉਰਫ਼ ਸੰਜੂ ਅਤੇ ਪਰਦੀਪ ਸਿੰਘ ਉਰਫ਼ ਬੱਬੀ, ਸਾਰੇ ਵਾਸੀ ਚੁਹਾਵਾਂ, ਚੀਮਾਂ ; ਗੁਰਲਾਲ ਸਿੰਘ ਵਾਸੀ ਪਿੰਡ ਉਭਾਵਾਲ ,ਸੰਗਰੂਰ; ਹਰਮਨਪ੍ਰੀਤ ਸਿੰਘ ਵਾਸੀ ਪਿੰਡ ਤਾਈਪੁਰ(ਪਟਿਆਲਾ); ਅਰਸ਼ਦੀਪ ਸਿੰਘ ਉਰਫ਼ ਅਰਸ਼ ਵਾਸੀ ਪਿੰਡ ਰੋਗਲਾ ਅਤੇ ਮਨਪ੍ਰੀਤ ਸਿੰਘ ਉਰਫ ਮਨੀ ਅਤੇ ਸੁਖਵਿੰਦਰ ਸਿੰਘ ਉਰਫ ਸੁੱਖੀ ਦੋਵੇਂ ਵਾਸੀ ਪਿੰਡ ਗੁੱਜਰਾਂ, ਦਿੜ੍ਹਬਾ ਵਜੋਂ ਹੋਈ ਹੈ।

ਜਾਂਚ ਟੀਮ ਨਕਲੀ ਸ਼ਰਾਬ ਦੇ ਸਰੋਤ, ਨੈਕਸਸ ਦੀ ਜਾਂਚ ਕਰੇਗੀ ਜਿਸ ਨੇ ਪਿੰਡ ਪੱਧਰ ਤੱਕ ਆਪਣੇ ਪੈਰ ਫੈਲਾਅ ਲਏ ਹਨ।

ਜੌੜੇ ਭਰਾਵਾਂ ਦੀ ਮੌਤ

ਨਿਰਮਲ ਸਿੰਘ ਅਤੇ ਪ੍ਰਗਟ ਸਿੰਘ ਜੌੜੇ ਭਰਾ ਸੀ। ਉਨ੍ਹਾਂ ਦੀ ਭੈਣ ਸੁਤੰਤਰਜੀਤ ਕੌਰ ਨੇ ਕਿਹਾ ਕਿ ਸਰਕਾਰ ਨੂੰ ਪੀੜਤ ਪਰਿਵਾਰ ਨੂੰ ਮਦਦ ਦੇਣੀ ਚਾਹੀਦੀ ਹੈ।

ਪ੍ਰਗਟ ਸਿੰਘ ਦੀ ਵਿਧਵਾ ਨਿਰਮਲਜੀਤ ਕੌਰ ਮੁਤਾਬਕ ਉਹ ਦੋਵੇਂ ਜਣੇ ਦਿਹਾੜੀ ਕਰਕੇ ਆਏ ਸਨ ਅਤੇ ਉਹ ਖੁਦ ਵੀ ਦਿਹਾੜੀ ਮਜ਼ਦੂਰ ਹਨ। ਉਹ ਨਹੀਂ ਜਾਣਦੇ ਕਿ ਸ਼ਰਾਬ ਕਿੱਥੋਂ ਲਿਆਏ ਸਨ ਅਤੇ ਕਿੱਥੇ ਪੀਤੀ ਸੀ।

ਨਿਰਮਲਜੀਤ ਨੇ ਕਿਹਾ ਕਿ “ਅਸੀਂ ਸਰਕਾਰ ਤੋਂ ਮਦਦ ਮੰਗਣਾ ਚਾਹੁੰਦੇ ਹਾਂ ਕਿ ਉਹ ਦੁਨੀਆਂ ਨੂੰ ਸੁਧਾਰੇ ਜੋ ਨਸ਼ੇ-ਪੱਤੇ ਉੱਪਰ ਲੱਗ ਰਹੀ ਹੈ।”

ਪਿੰਡ ਚੌਣ ਤੋਂ ਆਈ ਸੋਨੀਆ ਨੇ ਕਿਹਾ, “ਦੋਵਾਂ ਦੀਆਂ ਪਤਨੀਆਂ ਜ਼ਿਮੀਂਦਾਰਾਂ ਦੇ ਦਿਹਾੜੀ-ਦੱਪਾ ਕਰਨ ਜਾਂਦੀਆਂ ਸਨ। ਛੋਟੇ-ਛੋਟੇ ਘਰ ਹਨ। ਪ੍ਰਗਟ ਸਿੰਘ ਦੇ ਤਿੰਨ ਬੱਚੇ ਹਨ ਅਤੇ ਦੂਜੇ ਦੇ ਦੋ ਬੱਚੇ ਹਨ। ਇਹ ਕਿਵੇਂ ਪਾਲਣਗੀਆਂ।”

ਇਲਾਕੇ ਦੇ ਲੋਕਾਂ ਨੇ ਕੀ ਇਲਜ਼ਾਮ ਲਗਾਏ?

ਦਿੜਬਾ ਦੇ ਬਲਾਕ ਸਮਿਤੀ ਮੈਂਬਰ ਸੁਖਦੇਵ ਸਿੰਘ ਨੇ ਦੱਸਿਆ, “ਸਾਡੇ ਪਿੰਡ ਵਿੱਚ ਜ਼ਹਿਰੀਲੀ ਸ਼ਰਾਬ ਨਾਲ ਕਈ ਮੌਤਾਂ ਹੋਈਆਂ ਹਨ ਕੁਝ ਜਣੇ ਅਜੇ ਹਸਪਤਾਲ ਵਿੱਚ ਦਾਖਲ ਹਨ। ਉਨ੍ਹਾਂ ਦਾ ਵੀ ਪਤਾ ਨਹੀਂ ਬਚਣਗੇ ਕਿ ਨਹੀਂ।”

“ਸ਼ਰੇਆਮ ਜ਼ਹਿਰੀਲੀ ਸ਼ਰਾਬ ਵਿਕਦੀ ਹੈ। ਸਾਰਿਆਂ ਨੂੰ ਪਤਾ ਹੈ ਪਰ ਕੋਈ ਕਾਰਵਾਈ ਨਹੀਂ ਹੋ ਰਹੀ।”

ਪੱਤਰਕਾਰਾਂ ਵੱਲੋਂ ਪੁੱਛੇ ਜਾਣ ਉੱਤੇ ਕਿ ਪੁਲਿਸ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਦੋਸ਼ੀਆਂ ਖਿਲਾਫ਼ ਕਾਰਵਾਈ ਕਰਨ ਲਈ ਪਿੰਡ ਦੇ ਹੀ ਬੰਦੇ ਖਿਲਾਫ ਛਾਪੇਮਾਰੀ ਜਾਰੀ ਹੈ, ਸੁਖਦੇਵ ਸਿੰਘ ਨੇ ਸੁਆਲੀਆ ਲਹਿਜ਼ੇ ਵਿੱਚ ਕਿਹਾ, “ਕੀ ਅੱਜ ਤੋਂ ਪਹਿਲਾਂ ਪ੍ਰਸ਼ਾਸਨ ਨੂੰ ਪਤਾ ਨਹੀਂ ਸੀ ਕਿ ਜ਼ਹਿਰੀਲੀ ਸ਼ਰਾਬ ਆਉਂਦੀ ਹੈ। ਪ੍ਰਸ਼ਾਸਨ ਉਸ ਨੂੰ ਪਹਿਲਾਂ ਵੀ ਫੜਦਾ ਰਿਹਾ ਹੈ।”

“ਪ੍ਰਸ਼ਾਸਨ ਨੂੰ ਕਿਵੇਂ ਪਤਾ ਕਿ ਉਨ੍ਹਾਂ ਨੇ ਸੋਂਫੀਆ ਪੀਤੀ ਹੈ। ਜੇ ਪ੍ਰਸ਼ਾਸਨ ਨੂੰ ਪਤਾ ਹੈ ਕਿ ਉਨ੍ਹਾਂ ਨੇ ਸੋਂਫੀਆ ਪੀਤੀ ਹੈ ਤਾਂ ਪ੍ਰਸ਼ਾਸਨ ਨੂੰ ਪਤਾ ਹੈ ਕਿ ਸੋਂਫੀਆ ਜ਼ਹਿਰੀਲੀ ਸੀ। ਫਿਰ ਉਨ੍ਹਾਂ ਨੂੰ ਇਹ ਵੀ ਪਤਾ ਹੈ ਕਿ ਕਿੱਥੋਂ ਆਈ ਹੈ?”

ਉਨ੍ਹਾਂ ਨੇ ਕਿਹਾ ਕਿ ਪਿੰਡ ਦੇ ਜਿਸ ਮੁੰਡੇ ਦਾ ਨਾਮ ਆ ਰਿਹਾ ਹੈ ਉਹ ਵੀ ਅਤੇ ਹੋਰ ਵੀ ਕਈ ਮੁੰਡੇ ਪਹਿਲਾਂ ਵੀ ਫੜੇ ਗਏ ਹਨ ਪਰ ਕਿਸੇ ਉੱਪਰ ਕਦੇ ਪਰਚਾ ਨਹੀਂ ਹੋਇਆ।

ਮੀਥੇਨੌਲ ਜ਼ਹਿਰੀਲੀ ਚੀਜ਼ ਹੈ

ਮੀਥੇਨੌਲ ਰਸਾਇਣ ਵਿਗਿਆਨ ਦੀ ਦੁਨੀਆ ਵਿੱਚ ਸਭ ਤੋਂ ਸਰਲ ਅਲਕੋਹਲ ਹੈ। ਇਹ ਆਮ ਤਾਪਮਾਨ 'ਤੇ ਤਰਲ ਰੂਪ ਵਿੱਚ ਹੁੰਦਾ ਹੈ।

ਇਸ ਦੀ ਵਰਤੋਂ ਐਂਟੀਫ੍ਰੀਜ਼ (ਫ੍ਰੀਜ਼ਿੰਗ ਪੁਆਇੰਟ ਨੂੰ ਘੱਟ ਕਰਨ ਲਈ ਕਿਸੇ ਕੂਲਿੰਗ ਸਿਸਟਮ 'ਚ ਪਾਣੀ 'ਚ ਮਿਲਾਇਆ ਜਾਣ ਵਾਲਾ) ਵੱਜੋਂ ਕੀਤੀ ਜਾਂਦੀ ਹੈ ਅਤੇ ਹੋਰਨਾਂ ਪਦਾਰਥਾਂ ਦੇ ਘੋਲ ਤਿਆਰ ਕਰਨ 'ਚ ਅਤੇ ਬਾਲਣ ਦੇ ਰੂਪ ਵੱਜੋਂ ਹੁੰਦਾ ਹੈ।

ਇਹ ਇੱਕ ਰੰਗਹੀਣ ਅਤੇ ਜਲਣਸ਼ੀਲ ਤਰਲ ਹੈ ਜਿਸਦੀ ਗੰਧ ਈਥਾਨੌਲ ਵਰਗੀ ਹੈ।

ਜਾਣਕਾਰੀ ਲਈ ਮੀਥੇਨੌਲ ਇੱਕ ਜ਼ਹਿਰੀਲੀ ਚੀਜ਼ ਹੈ, ਜੋ ਪੀਣ ਲਈ ਬਿਲਕੁਲ ਨਹੀਂ ਹੈ। ਇਸ ਨੂੰ ਪੀਣ ਨਾਲ ਮੌਤ ਹੋ ਸਕਦੀ ਹੈ, ਅੱਖਾਂ ਦੀ ਰੌਸ਼ਨੀ ਜਾ ਸਕਦੀ ਹੈ।

ਉਦਯੋਗ ਈਥੌਨਾਲ ਦੀ ਬਹੁਤ ਵਰਤੋਂ ਕੀਤੀ ਜਾਂਦੀ ਹੈ ਕਿਉਂਕਿ ਇਸ ਦੀ ਘੁਲਣ ਸਮਰੱਥਾ ਜ਼ਿਆਦਾ ਹੁੰਦੀ ਹੈ।

ਇਹ ਵਾਰਨਿਸ਼, ਪਾਲਿਸ਼, ਫਾਰਮਾਸਿਊਟੀਕਲ ਘੋਲ, ਈਥਰ, ਕਲੋਰੋਫਾਰਮ, ਨਕਲੀ ਰੰਗ, ਪਾਰਦਰਸ਼ੀ ਸਾਬਣ, ਅਤਰ ਅਤੇ ਫਲਾਂ ਦੀ ਖੁਸ਼ਬੂ ਅਤੇ ਹੋਰ ਰਸਾਇਣਕ ਮਿਸ਼ਰਣਾਂ ਨੂੰ ਬਣਾਉਣ ਲਈ ਵਰਤਿਆ ਜਾਂਦਾ ਹੈ।

ਇਹ ਪੀਣ ਲਈ ਕਈ ਤਰ੍ਹਾਂ ਦੀਆਂ ਸ਼ਰਾਬਾਂ, ਜ਼ਖਮਾਂ ਨੂੰ ਸਾਫ਼ ਕਰਨ 'ਚ ਇੱਕ ਬੈਕਟੀਰੀਆ ਕਿਲਰ ਵੱਜੋਂ ਅਤੇ ਪ੍ਰਯੋਗਸ਼ਾਲਾ 'ਚ ਸੌਲਵੇਂਟ ਵਜੋਂ ਵਰਤਿਆ ਜਾਂਦਾ ਹੈ।

ਕਿਵੇਂ ਹੁੰਦੀ ਹੈ ਮੌਤ

ਜ਼ਹਿਰੀਲੀ ਸ਼ਰਾਬ ਪੀਣ ਤੋਂ ਬਾਅਦ ਸਰੀਰ ਕਿਵੇਂ ਪ੍ਰਤੀਕਿਰਿਆ ਦਿੰਦਾ ਹੈ ? ਇਸ ਬਾਰੇ ਡਾ. ਅਜੀਤ ਸ਼੍ਰੀਵਾਸਤਵ ਕਹਿੰਦੇ ਹਨ, "ਸਾਧਾਰਨ ਅਲਕੋਹਲ ਐਥਾਈਲ ਅਲਕੋਹਲ ਹੈ ਜਦਕਿ ਜ਼ਹਿਰੀਲੇ ਅਲਕੋਹਲ ਨੂੰ ਮਿਥਾਇਲ ਅਲਕੋਹਲ ਕਿਹਾ ਜਾਂਦਾ ਹੈ।"

"ਕੋਈ ਵੀ ਅਲਕੋਹਲ ਸਰੀਰ ਵਿੱਚ ਜਿਗਰ ਰਾਹੀਂ ਐਲਡੀਹਾਈਡ ਵਿੱਚ ਬਦਲ ਜਾਂਦੀ ਹੈ। ਪਰ ਮਿਥਾਈਲ ਅਲਕੋਹਲ ਫਾਰਮਲਡੀਹਾਈਡ ਨਾਂ ਦੇ ਜ਼ਹਿਰ ਵਿੱਚ ਬਦਲ ਜਾਂਦੀ ਹੈ।"

"ਇਹ ਜ਼ਹਿਰ ਅੱਖਾਂ ਨੂੰ ਸਭ ਤੋਂ ਵੱਧ ਪ੍ਰਭਾਵਿਤ ਕਰਦਾ ਹੈ। ਅੰਨ੍ਹਾਪਣ ਇਸ ਦਾ ਪਹਿਲਾ ਲੱਛਣ ਹੈ। ਜੇਕਰ ਕਿਸੇ ਨੇ ਬਹੁਤ ਜ਼ਿਆਦਾ ਸ਼ਰਾਬ ਪੀ ਲਈ ਹੈ ਤਾਂ ਸਰੀਰ 'ਚ ਫਾਰਮਿਕ ਐਸਿਡ ਨਾਂ ਦਾ ਜ਼ਹਿਰੀਲਾ ਪਦਾਰਥ ਬਣਨਾ ਸ਼ੁਰੂ ਹੋ ਜਾਂਦਾ ਹੈ। ਇਹ ਦਿਮਾਗ਼ ਦੀ ਕੰਮ ਕਰਨ ਦੀ ਪ੍ਰਕਿਰਿਆ ਨੂੰ ਪ੍ਰਭਾਵਿਤ ਕਰਦਾ ਹੈ।"

ਹੈਰਾਨੀ ਦੀ ਗੱਲ ਇਹ ਹੈ ਕਿ ਜ਼ਹਿਰੀਲੀ ਸ਼ਰਾਬ ਦਾ ਇਲਾਜ ਵੀ ਸ਼ਰਾਬ ਨਾਲ ਹੀ ਹੁੰਦਾ ਹੈ।

ਡਾਕਟਰ ਅਜੀਤ ਸ਼੍ਰੀਵਾਸਤਵ ਕਹਿੰਦੇ ਹਨ, "ਮਿਥਾਈਲ ਅਲਕੋਹਲ ਦੇ ਜ਼ਹਿਰ ਦਾ ਇਲਾਜ ਐਥਾਈਲ ਅਲਕੋਹਲ ਹੈ। ਗੋਲੀਆਂ ਵੀ ਜ਼ਹਿਰੀਲੀ ਅਲਕੋਹਲ ਦੇ ਐਂਟੀਡੋਟ ਵਜੋਂ ਉਪਲੱਬਧ ਹਨ, ਪਰ ਭਾਰਤ ਵਿੱਚ ਇਸ ਦੀ ਉਪਲਬਧਤਾ ਘੱਟ ਹੈ।"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)