ਸਿੱਧੂ ਮੂਸੇਵਾਲਾ ਦੇ ਛੋਟੇ ਭਰਾ ਬਾਰੇ ਜਾਣਕਾਰੀ ਮੰਗਣ ਦੇ ਮਾਮਲੇ ਵਿੱਚ ਹੁਣ ਪੰਜਾਬ ਸਰਕਾਰ ਨੇ ਐਕਸ਼ਨ ਲਿਆ

ਪੰਜਾਬ ਸਰਕਾਰ ਨੇ ਆਪਣੇ ਸਿਹਤ ਸਕੱਤਰ ਅਜੋਏ ਸ਼ਰਮਾ ਨੂੰ ਪੁੱਛਿਆ ਕਿ ਉਨ੍ਹਾਂ ਨੇ ਸਿੱਧੂ ਮੂਸੇਵਾਲਾ ਦੀ ਮਾਂ ਚਰਨ ਕੌਰ ਵੱਲੇਂ ਲਏ ਆਈਵੀਐੱਫ ਟ੍ਰੀਟਮੈਂਟ ਬਾਰੇ ਕੇਂਦਰ ਸਰਕਾਰ ਦੇ ਨੋਟਿਸ ਬਾਰੇ ਸਬੰਧਿਤ ਮੰਤਰੀ ਤੇ ਮੁੱਖ ਮੰਤਰੀ ਨੂੰ ਜਾਣਕਾਰੀ ਕਿਉਂ ਨਹੀਂ ਦਿੱਤੀ।

ਨੋਟਿਸ ਵਿੱਚ ਲਿਖਿਆ, “ਜਦੋਂ ਇਸ ਮਾਮਲੇ ਵਿੱਚ ਕੇਂਦਰ ਸਰਕਾਰ ਵੱਲੋਂ ਤੁਹਾਨੂੰ ਰਿਪੋਰਟ ਮੰਗੀ ਗਈ ਸੀ ਤਾਂ ਤੁਸੀਂ ਸਬੰਧਿਤ ਮੰਤਰੀ ਤੇ ਮੁੱਖ ਮੰਤਰੀ ਨੂੰ ਦੱਸੇ ਬਿਨਾਂ ਕਾਰਵਾਈ ਕਿਉਂ ਕੀਤੀ। ਇਹ ਪੂਰੇ ਤਰੀਕੇ ਨਾਲ ਨਿਯਮਾਂ ਦੀ ਉਲੰਘਣਾ ਹੈ। ਤੁਸੀਂ ਦੋ ਹਫ਼ਤਿਆਂ ਵਿੱਚ ਜਵਾਬ ਦਿਓ ਕਿ ਆਖਿਰ ਤੁਹਾਡੇ ਖਿਲਾਫ਼ ਕਾਰਵਾਈ ਕਿਉਂ ਨਾ ਕੀਤੀ ਜਾਵੇ।”

ਅਸਲ ਵਿੱਚ ਕੇਂਦਰ ਸਰਕਾਰ ਵੱਲੋਂ ਸਿੱਧੂ ਮੂਸੇਵਾਲਾ ਦੀ ਮਾਤਾ ਦੇ ਆਈਵੀਐੱਫ ਦੇ ਇਲਾਜ ਬਾਰੇ ਰਿਪੋਰਟ ਮੰਗੀ ਗਈ ਸੀ। ਉਸ ਮਗਰੋਂ ਸਾਰਾ ਵਿਵਾਦ ਸ਼ੁਰੂ ਹੋਇਆ ਸੀ।

ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਲਗਭਗ ਦੋ ਸਾਲ ਬਾਅਦ ਉਨ੍ਹਾਂ ਦੇ ਮਾਪਿਆਂ ਨੇ ਬੀਤੇ ਐਤਵਾਰ ਨੂੰ ਆਈਵੀਐੱਫ਼ ਤਕਨੀਕ ਨਾਲ ਪੈਦਾ ਹੋਏ ਬੱਚੇ ਦਾ ਸਵਾਗਤ ਕੀਤਾ ਸੀ।

ਪਰ ਬੱਚੇ ਦੇ ਜਨਮ ਤੋਂ ਬਾਅਦ ਵਿਵਾਦ ਖੜ੍ਹਾ ਹੋ ਗਿਆ ਸੀ।

ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਆਪਣੇ ਵੀਡੀਓ ਸੁਨੇਹੇ ਵਿੱਚ ਕਿਹਾ ਸੀ ਕਿ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਬੱਚੇ ਦੇ ਕਨੂੰਨੀ ਹੋਣ ਬਾਰੇ ਸਬੂਤਾਂ ਦੀ ਮੰਗ ਕਰਦੇ ਹੋਏ ਪਰੇਸ਼ਾਨ ਕੀਤਾ ਜਾ ਰਿਹਾ ਹੈ।

ਵਿਵਾਦ ਸਿੱਧੂ ਮੂਸੇਵਾਲਾ ਦੀ ਮਾਂ ਦੀ ਉਮਰ ਨੂੰ ਲੈ ਕੇ ਹੈ। ਭਾਰਤੀ ਕਨੂੰਨ ਮੁਤਾਬਕ ਤਕਨੀਕੀ ਮਦਦ ਨਾਲ ਬੱਚਾ ਪੈਦਾ ਕਰਨ ਲਈ ਔਰਤਾਂ ਲਈ ਉਮਰ 50 ਸਾਲ ਅਤੇ ਪੁਰਸ਼ਾਂ ਲਈ 55 ਸਾਲ ਤੋਂ ਹੇਠਾਂ ਹੋਣੀ ਚਾਹੀਦੀ ਹੈ।

ਜਦਕਿ ਸਿੱਧੂ ਦੀ ਮਾਂ ਕਰੀਬ 60 ਸਾਲ ਦੀ ਉਮਰ ’ਚ ਆਈਵੀਐੱਫ ਇਲਾਜ ਲਈ ਭਾਰਤ ਤੋਂ ਬਾਹਰ ਗਏ ਸਨ।

ਉਨ੍ਹਾਂ ਨੇ ਅਪੀਲ ਕੀਤੀ ਕਿ “ਸਰਕਾਰ ਘੱਟੋ-ਘੱਟ ਇੰਨਾ ਤਾਂ ਰਹਿਮ ਕਰੇ ਕਿ ਇਲਾਜ ਪੂਰਾ ਹੋ ਲੈਣ ਦਿੱਤਾ ਜਾਵੇ”।

ਉਸ ਤੋਂ ਬਾਅਦ ਉਹ ਖੁਦ ਸਾਰੇ ਦਸਤਾਵੇਜ਼ ਪੇਸ਼ ਕਰਨਗੇ। ਉਨ੍ਹਾਂ ਨੇ “ਕੋਈ ਕਨੂੰਨ ਨਹੀਂ ਤੋੜਿਆ ਹੈ।”

ਉਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਨਾਮ ਲੈਕੇ ਕਿਹਾ, “ਤੁਹਾਡਾ ਤਾਂ ਰਿਕਾਰਡ ਹੀ ਯੂਟਰਨ ਲੈਣ ਦਾ ਰਿਹਾ ਹੈ। ਤੁਹਾਡੇ ਸਲਾਹਕਾਰ ਤੁਹਾਨੂੰ ਅਜਿਹੀ ਸਲਾਹ ਦਿੰਦੇ ਹਨ ਜਿਸ ਉੱਤੇ ਤੁਹਾਡੇ ਤੋਂ ਕਾਇਮ ਨਹੀਂ ਰਿਹਾ ਜਾਂਦਾ।”

ਜੇ ਅਜੇ ਵੀ ਸ਼ੱਕ ਹੈ ਤਾਂ ਉਨ੍ਹਾਂ ਖਿਲਾਫ਼ “ਐੱਫਆਈਆਰ ਦਰਜ ਕਰਕੇ ਜਾਂਚ ਕੀਤੀ ਜਾਵੇ ਅਤੇ ਉਹ ਸਾਰੇ ਕਨੂੰਨੀ ਦਸਤਾਵੇਜ਼ ਪੇਸ਼ ਕਰਕੇ ਇਸ ਮਾਮਲੇ ਵਿੱਚ ਬਾਇਜ਼ਤ ਬਰੀ ਹੋ ਕੇ ਦਿਖਾਉਣਗੇ।”

ਪਿਤਾ ਬਲਕੌਰ ਸਿੰਘ ਨੇ ਇੰਸਟਾ ਪੋਸਟ ਰਾਹੀਂ ਇਸ ਖ਼ਬਰ ਨੂੰ ਜਨਤਕ ਕੀਤਾ ਸੀ। ਤਸਵੀਰ ਵਿੱਚ ਉਨ੍ਹਾਂ ਨੇ ਨਵ ਜੰਮੇ ਪੁੱਤਰ ਨੂੰ ਫੜਿਆ ਹੋਇਆ ਸੀ ਅਤੇ ਪਿਛੋਕੜ ਵਿੱਚ ਮਰਹੂਮ ਗਾਇਕ ਦੀ ਤਸਵੀਰ ਰੱਖੀ ਹੋਈ ਸੀ। ਜਦਕਿ ਉਨ੍ਹਾਂ ਦੇ ਸਾਹਮਣੇ ਇੱਕ ਸਵਾਗਤੀ ਕੇਕ ਰੱਖਿਆ ਹੋਇਆ ਸੀ।

ਕੇਂਦਰ ਨੇ ਮੰਗੀ ਹੈ ਜਾਣਕਾਰੀ- ਪੰਜਾਬ ਸਰਕਾਰ

ਇਸ ਮਾਮਲੇ ਵਿੱਚ ਵਿਵਾਦ ਪੈਦਾ ਹੋਣ ਮਗਰੋਂ ਪੰਜਾਬ ਸਰਕਾਰ ਨੇ ਆਪਣੇ ਟਵਿੱਟਰ ਹੈਂਡਲ 'ਤੇ ਦੱਸਿਆ ਹੈ ਕਿ ਕੇਂਦਰ ਸਰਕਾਰ ਨੇ ਇਸ ਬਾਰੇ ਰਿਪੋਰਟ ਮੰਗੀ ਹੈ।

ਉਨ੍ਹਾਂ ਨੇ ਟਵੀਟ ਕਰਦਿਆਂ ਕਿਹਾ ਹੈ, "ਦਰਅਸਲ ਪੰਜਾਬ ਸਰਕਾਰ ਤੋਂ ਸਿੱਧੂ ਮੂਸੇਵਾਲਾ ਦੇ ਮਾਤਾ ਜੀ ਸਰਦਾਰਨੀ ਚਰਨ ਕੌਰ ਦੇ ਆਈਵੀਐੱਫ਼ ਇਲਾਜ ਦੀ ਰਿਪੋਰਟ ਦੀ ਮੰਗ, ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਕੀਤੀ ਗਈ ਹੈ।"

"ਮੁੱਖ ਮੰਤਰੀ ਭਗਵੰਤ ਮਾਨ ਪੰਜਾਬੀਆਂ ਦੀਆਂ ਭਾਵਨਾਵਾਂ, ਉਨ੍ਹਾਂ ਦੇ ਜਜ਼ਬਾਤਾਂ ਦਾ ਦਿਲੋਂ ਸਨਮਾਨ ਕਰਦੇ ਹਨ, ਪਰ ਇਨ੍ਹਾਂ ਕਾਗ਼ਜ਼ਾਤਾਂ ਦੀ ਮੰਗ ਕੇਂਦਰ ਸਰਕਾਰ ਵੱਲੋਂ ਕੀਤੀ ਗਈ ਹੈ ਸਮੂਹ ਪੰਜਾਬੀਆਂ ਅਤੇ ਸਿੱਧੂ ਮੂਸੇਵਾਲਾ ਦੇ ਪਰਿਵਾਰ ਦੇ ਸ਼ੁਭਚਿੰਤਕਾਂ ਨੂੰ ਅਪੀਲ ਹੈ ਕਿ ਉਹ ਅਫ਼ਵਾਹਾਂ ਤੋਂ ਸੁਚੇਤ ਰਹਿਣ ਕੇਂਦਰ ਸਰਕਾਰ ਵੱਲੋਂ ਜਾਰੀ ਪੱਤਰ ਹੇਠਾਂ ਦਿੱਤਾ ਗਿਆ ਹੈ।"

ਪ੍ਰਸ਼ਾਸਨ ਕੀ ਕਹਿੰਦਾ ਹੈ

ਬੀਬੀਸੀ ਪੱਤਰਕਾਰ ਗਗਨਦੀਪ ਸਿੰਘ ਜੱਸੋਵਾਲ ਮੁਤਾਬਕ ਬਠਿੰਡਾ ਦੇ ਸਿਵਿਲ ਸਰਜਨ ਡਾ਼ ਤੇਜਵੰਤ ਸਿੰਘ ਢਿੱਲੋਂ ਨੇ ਮਾਪਿਆਂ ਤੋਂ ਬੱਚੇ ਦੇ ਕਨੂੰਨੀ ਹੋਣ ਬਾਰੇ ਸਬੂਤ ਮੰਗੇ ਜਾਣ ਦੇ ਇਲਜ਼ਾਮਾਂ ਨੂੰ ਰੱਦ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਕਨੂੰਨ ਵਿੱਚ ਮਾਪਿਆਂ ਤੋਂ ਉਨ੍ਹਾਂ ਦੇ ਬੱਚੇ ਦੇ ਕਾਨੂੰਨੀ ਹੋਣ ਬਾਰੇ ਸਬੂਤ ਮੰਗਣ ਦੀ ਕੋਈ ਵਿਵਸਥਾ ਨਹੀਂ ਹੈ।

ਮਾਨਸਾ ਦੇ ਡਿਪਟੀ ਕਮਿਸ਼ਨਰ ਪਰਮਵੀਰ ਸਿੰਘ ਨੇ ਕਿਹਾ, "ਜ਼ਿਲ੍ਹਾ ਪ੍ਰਸ਼ਾਸਨ ਵਿੱਚੋਂ ਕਿਸੇ ਨੂੰ ਵੀ ਨਾ ਤਾਂ ਮੇਰੇ ਵੱਲੋਂ ਅਤੇ ਨਾ ਹੀ ਸਰਕਾਰ ਵੱਲੋਂ ਇਸ ਮਾਮਲੇ ਵਿੱਚ ਬੱਚੇ ਦੇ ਜਨਮ ਨਾਲ ਜੁੜੇ ਕਾਨੂੰਨੀ ਪਹਿਲੂਆਂ ਦੀ ਜਾਂਚ ਕਰਨ ਲਈ ਕਿਹਾ ਗਿਆ ਹੈ"

ਦਰਅਸਲ ਹੁਣ ਤੱਕ ਮਿਲੀ ਜਾਣਕਾਰੀ ਦੇ ਮੁਤਾਬਕ, ਕੇਂਦਰੀ ਸਿਹਤ ਮੰਤਰਾਲੇ ਵੱਲੋਂ ਪੰਜਾਬ ਦੇ ਸਿਹਤ ਮੰਤਰਾਲੇ ਨੂੰ ਚਿੱਠੀ ਲਿੱਖ ਕੇ ਇਸ ਬਾਰੇ ਜਵਾਬ ਮੰਗਿਆ ਗਿਆ ਹੈ।

ਭਾਰਤ ਵਿੱਚ ਆਈਵੀਐੱਫ ਨੂੰ ਅਸਿਸਟਿਡ ਰੀਪ੍ਰੋਡਕਟਿਵ ਟੈਕਨੋਲੋਜੀ (ਰੈਗੂਲੇਸ਼ਨ) ਐਕਟ 2021 ਤਹਿਤ ਨਜਿੱਠਿਆ ਗਿਆ ਹੈ। ਇਸ ਕਨੂੰਨ ਮੁਤਾਬਕ ਤਕਨੀਕੀ ਮਦਦ ਨਾਲ ਬੱਚਾ ਪੈਦਾ ਕਰਨ ਲਈ ਮਾਂ ਦੀ ਉਮਰ ਔਰਤਾਂ ਲਈ 50 ਸਾਲ ਅਤੇ ਪੁਰਸ਼ਾਂ ਲਈ 55 ਸਾਲ ਹੈ।

ਜਦਕਿ ਸਿੱਧੂ ਦੀ ਮਾਂ 60 ਸਾਲ ਦੀ ਉਮਰ ਤੋਂ ਬਾਅਦ ਆਈਵੀਐੱਫ ਇਲਾਜ ਲਈ ਅਮਰੀਕਾ ਗਏ ਸਨ।

ਸਿਆਸੀ ਪ੍ਰਤੀਕਿਰਿਆ

ਜ਼ਿਕਰਯੋਗ ਹੈ ਕਿ ਸਿੱਧੂ ਮੂਸੇਵਾਲਾ ਨੇ ਕਾਂਗਰਸ ਦੀ ਟਿਕਟ ਉੱਤੇ ਵਿਧਾਨ ਸਭਾ ਚੋਣਾਂ ਲੜੀਆਂ ਸਨ ਪਰ ਨਾਕਾਮ ਰਹੇ ਸਨ।

ਬੱਚੇ ਦੇ ਜਨਮ ਤੋਂ ਬਾਅਦ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਉਨ੍ਹਾਂ ਦੇ ਘਰ ਜਾ ਕੇ ਵਧਾਈ ਵੀ ਦਿੱਤੀ ਸੀ।

ਵਿਵਾਦ ਪੈਦਾ ਹੋਣ ਤੋਂ ਬਾਅਦ ਸੀਨੀਅਰ ਕਾਂਗਰਸੀ ਆਗੂ ਸੁਖਜਿੰਦਰ ਸਿੰਘ ਰੰਧਾਵਾ ਨੇ ਟਵੀਟ ਕੀਤਾ।

ਉਨ੍ਹਾਂ ਨੇ ਲਿਖਿਆ, “ਇੱਕ ਮੁੱਖ ਮੰਤਰੀ ਇੰਨੀ ਨਿੱਜੀ ਰੰਜਿਸ਼ ਰੱਖ ਸਕਦਾ ਹੈ ਇਹ ਕਦੇ ਉਮੀਦ ਨਹੀਂ ਸੀ। ਭਗਵੰਤ ਮਾਨ ਜੀ, ਤੁਹਾਨੂੰ ਖੁਸ਼ੀ ਹੋਣੀ ਚਾਹੀਦੀ ਸੀ, ਪਰ ਤੁਸੀਂ ਬਦਲੇ ਦੀ ਭਾਵਨਾ ਵਿੱਚ ਇੰਨੇ ਡੁੱਬ ਚੁੱਕੇ ਹੋ ਕਿ 2 ਸਾਲਾਂ ਬਾਅਦ ਉਨ੍ਹਾਂ ਦੇ ਘਰ ਆਈਆਂ ਖੁਸ਼ੀਆਂ ਤੁਹਾਡੇ ਤੋਂ ਦੇਖੀ ਨਹੀਂ ਜਾ ਰਹੀ। ਅਪੀਲ ਹੈ ਕਿ ਪ੍ਰਸ਼ਾਸਨ ਨੂੰ ਬਦਲਾ ਲੈਣ ਦੀ ਥਾਂ ਸੂਬੇ ਵਿੱਚ ਨਾਕਾਮ ਹੋ ਚੁੱਕੇ ਅਮਨ-ਕਾਨੂੰਨ ਕਾਇਮ ਰੱਖਣ ਲਈ ਵਰਤੋ।”

ਸੁਖਜਿੰਦਰ ਰੰਧਾਵਾ ਤੋਂ ਇਲਾਵਾ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਵੀ ਐਕਸ (ਪਹਿਲਾਂ ਟਵਿੱਟਰ) ਰਾਹੀਂ ਇੱਕ ਵੀਡੀਓ ਬਿਆਨ ਜਾਰੀ ਕਰਕੇ ਭਗਵੰਤ ਮਾਨ ਸਰਕਾਰ ਅਤੇ ਪ੍ਰਸ਼ਾਸਨ ਦੀ ਕਾਰਵਾਈ ਦੀ ਆਲੋਚਨਾ ਕੀਤੀ।

ਉਨ੍ਹਾਂ ਨੇ ਲਿਖਿਆ, “ਮਰਹੂਮ ਗਾਇਕ ਸ਼ੁੱਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਪਿਤਾ ਸ. ਬਲਕੌਰ ਸਿੰਘ ਜੀ ਨੂੰ ਨਵ-ਜਨਮੇ ਬੱਚੇ ਦੇ ਜਨਮ ਸੰਬੰਧੀ ਦਸਤਾਵੇਜ ਮੰਗਣਾ ਅਤਿਅੰਤ ਮੰਦਭਾਗਾ ਹੈ। ਪਹਿਲਾਂ ਵੀ ਸਰਕਾਰ ਦੀ ਨਲਾਇਕੀ ਕਾਰਨ ਹੀ ਸਿੱਧੂ ਮੂਸੇਵਾਲਾ ਦਾ ਕਤਲ ਹੋਇਆ ਸੀ। ਅੱਜ ਨਵ-ਜਨਮੇ ਬੱਚੇ ਦੀ ਵਧਾਈ ਤਾਂ ਕੀ ਦੇਣੀ, ਤੁਸੀਂ ਪਰਿਵਾਰ ਨੂੰ ਤੰਗ ਪ੍ਰੇਸ਼ਾਨ ਕਰ ਰਹੇ ਹੋ। ਮੈਂ ਸਰਕਾਰ ਦੀ ਇਸ ਕਾਰਵਾਈ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦਾ ਹਾਂ ਅਤੇ ਸਰਕਾਰ ਅਤੇ ਪ੍ਰਸ਼ਾਸਨ ਨੂੰ ਅਪੀਲ ਕਰਦਾ ਹਾਂ ਕਿ ਉਹ ਸਿੱਧੂ ਪਰਿਵਾਰ ਦੇ ਨਿੱਜੀ ਮਸਲੇ ਤੋਂ ਦੂਰ ਰਹਿਣ।”

ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾਵੜਿੰਗ ਨੇ ਆਪਣੇ ਫੇਸਬੁੱਕ ਲਾਈਵ ਵਿੱਚ ਕਿਹਾ ਕਿ ਬਲੌਕਰ ਸਿੰਘ ਇੱਕ ਸਾਬਕਾ ਫੌਜੀ ਹਨ ਜੋ ਕਨੂੰਨ ਦੀ ਉਲੰਘਣਾ ਨਹੀਂ ਕਰ ਸਕਦੇ।

ਉਨ੍ਹਾਂ ਨੇ ਕਿਹਾ ਕਿ ਮਾਤਾ ਚਰਨ ਕੌਰ ਦੇ ਇਸ ਦਲੇਰੀ ਭਰੇ ਕਦਮ ਨਾਲ ਦੋਵਾਂ ਜਣਿਆਂ ਨੂੰ ਜਿਉਣ ਦਾ ਇੱਕ ਮਕਸਦ ਮਿਲ ਗਿਆ ਹੈ।

ਉਨ੍ਹਾਂ ਨੇ ਕਿਹਾ ਕਿ ਪੰਜਾਬ “ਸਰਕਾਰ ਨੂੰ ਪਰਿਵਾਰ ਦੀ ਖੁਸ਼ੀ ਵਿੱਚ ਖਲਲ ਨਹੀਂ ਪਾਉਣਾ” ਚਾਹੀਦਾ। “ਜੇ ਕੋਈ ਪੁੱਛ ਪੜਤਾਲ ਕਰਨੀ ਵੀ ਹੈ ਤਾਂ ਮਹੀਨੇ- ਦੋ ਮਹੀਨੇ ਨੂੰ ਕਰ ਲਿਓ”।

ਉਨ੍ਹਾਂ ਨੇ ਕਿਹਾ ਕਿ ਅਸੀਂ “ਸਾਰੇ ਬਲਕੌਰ ਸਿੰਘ ਅਤੇ ਉਨ੍ਹਾਂ ਦੇ ਪਰਿਵਾਰ ਦੇ ਪਿੱਛੇ ਖੜ੍ਹੇ ਹਾਂ”।

ਉਨ੍ਹਾਂ ਨੇ ਕਿਹਾ ਕਿ ਇਸ ਮੌਕੇ ਨੂੰ ਉਨ੍ਹਾਂ ਨੂੰ ਦਬਾਉਣ ਜਾਂ ਉਲਝਾਉਣ ਦੇ ਮੌਕੇ ਵਜੋਂ ਨਹੀਂ ਵਰਤਿਆ ਜਾਣਾ ਚਾਹੀਦਾ। ਉਹ ਨਾ ਕਦੇ ਦਬਿਆ ਹੈ ਅਤੇ ਨਾ ਦਬਣਗੇ।”

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵੀ ਇਸ ਸੰਬੰਧ ਵਿੱਚ ਸਰਕਾਰ ਨੂੰ ਘੇਰਿਆ।

ਉਨ੍ਹਾਂ ਨੇ ਕਿਹਾ ਕਿ ਉਹ ਸਰਕਾਰ ਨੂੰ ਪੁੱਛਣਾ ਚਾਹੁੰਦੇ ਹਨ ਕਿ ਕੀ “ਮੂਸੇਵਾਲੇ ਦਾ ਇੱਕ ਪੁੱਤ ਮਰਵਾ ਕੇ ਤੁਹਾਡਾ ਢਿੱਡ ਨਹੀਂ ਭਰਿਆ ਜੋ ਹੁਣ ਤੁਸੀਂ ਦੂਜੇ ਪੁੱਤੇ ਤੇ ਘਰ ਵਾਲੀ ਤੇ ਪੈ ਗਏ ਹੋ।“

ਉਨ੍ਹਾਂ ਨੇ ਕਿਹਾ, “ਸਾਡੇ ਤਾਂ ਅਜੇ ਪੁਰਾਣੇ ਜ਼ਖਮ ਨਹੀਂ ਭਰੇ ਅਤੇ ਤੁਸੀਂ ਨਵੇਂ ਅੱਲ੍ਹੇ ਦੇਣ ਲੱਗੇ ਹੋ। ਸੋ ਸਰਕਾਰ ਸ਼ਰਮ ਕਰੇ ਜੋ ਚਿੱਠੀਆਂ ਤੁਰੀਆਂ ਫਿਰਦੀਆਂ ਨੇ ਉਨ੍ਹਾਂ ਨੂੰ ਵਾਪਸ ਲਵੇ ਅਤੇ ਉਸਦੀ ਖੁਸ਼ੀ ਵਿੱਚ ਸ਼ਰੀਕ ਹੋਵੇ।”

ਪਰਿਵਾਰ ਨੇ ਕੀ ਦੱਸਿਆ

ਸਿੱਧੂ ਮੂਸੇਵਾਲਾ ਦੇ ਤਾਏ ਚਮਕੌਰ ਸਿੰਘ ਨੇ ਬੀਬੀਸੀ ਪੰਜਾਬੀ ਨੂੰ ਦੱਸਿਆ ਕਿ ਬਠਿੰਡਾ ਦੇ ਸਿਹਤ ਵਿਭਾਗ ਦੇ 4-5 ਅਧਿਕਾਰੀ ਹਸਪਤਾਲ ਆਏ ਅਤੇ ਜਬਰਨ ਸਾਰਾ ਰਿਕਾਰਡ ਲੈ ਗਏ।

ਉਨ੍ਹਾਂ ਦੇ ਦਾਅਵਾ ਹੈ ਕਿ ਇਸ ਦੀ ਪੁਸ਼ਟੀ ਹਸਪਤਾਲ ਦੇ ਸੀਸੀਟੀਵੀ ਕੈਮਰੇ ਤੋਂ ਵੀ ਕੀਤੀ ਜਾ ਸਕਦੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)