You’re viewing a text-only version of this website that uses less data. View the main version of the website including all images and videos.
ਲੰਡਨ ਵਿੱਚ ਸੰਸਦ ਦੇ ਸਾਹਮਣੇ ਟਰੈਕਟਰ ਲੈਕੇ ਪਹੁੰਚੇ ਕਿਸਾਨ, ‘ਹੋ ਸਕਦਾ ਹੈ ਕਿ ਇਹ ਸਾਡੀ ਆਖ਼ਰੀ ਫਸਲ ਹੋਵੇ’
- ਲੇਖਕ, ਮੈਲਕਮ ਪਰਾਇਰ ਐਂਡ ਲੂਸੀ ਵਾਲਦੇਵ
- ਰੋਲ, ਬੀਬੀਸੀ ਪੱਤਰਕਾਰ
- ...ਤੋਂ, ਬੀਬੀਸੀ ਨਿਊਜ਼ ਰੂਰਲ ਅਫੇਅਰਸ ਟੀਮ
ਬ੍ਰਿਟੇਨ ਵਿੱਚ 100 ਤੋਂ ਜ਼ਿਆਦਾ ਟਰੈਕਟਰ ਲੰਡਨ ਵਿੱਚ ਸੰਸਦ ਭਵਨ ਦੇ ਬਾਹਰ ਮੁਜ਼ਾਹਰਾ ਕਰਨ ਪਹੁੰਚੇ। ਕਿਸਾਨ ਕਹਿ ਰਹੇ ਹਨ ਕਿ ਉਨ੍ਹਾਂ ਨੂੰ ਸਰਕਾਰੀ ਮਦਦ ਦੀ ਕਮੀ ਹੈ।
ਹਾਰਨ ਵਜਾਉਂਦੇ ਟਰੈਕਟਰਾਂ ਦੇ ਕਾਫਲੇ ਸੋਮਵਾਰ ਸ਼ਾਮ ਨੂੰ ਕੇਂਦਰੀ ਲੰਡਨ ਦੀਆਂ ਸੜਕਾਂ ਤੋਂ ਹੁੰਦੇ ਹੋਏ ਵੈਸਟਮਿੰਸਟਰ ਪਹੁੰਚੇ।
ਇਸ ਮੁਜ਼ਾਹਰੇ ਦਾ ਸੱਦਾ ਅਤੇ ਪ੍ਰਬੰਧ ਕਰ ਰਹੇ ਸੇਵ ਬ੍ਰਿਟਿਸ਼ ਫਾਰਮਿੰਗ ਅਤੇ ਫੇਅਰਨੈਸ ਫਾਰ ਫਾਰਮਰਜ਼ ਆਫ਼ ਕੈਂਟ ਮੁਤਾਬਕ ਵਿਦੇਸ਼ਾਂ ਤੋਂ ਆ ਰਹੇ ਸਸਤੇ ਖੇਤੀ ਉਤਪਾਦ ਅਤੇ ਸਰਕਾਰ ਦੀਆਂ ਗੈਰ-ਮਦਦਕਾਰੀ ਨੀਤੀਆਂ ਦੇਸ ਵਿੱਚ ਖੁਰਾਕ ਸੁਰੱਖਿਆ ਨੂੰ ਖ਼ਤਰੇ ਵਿੱਚ ਪਾ ਰਹੀਆਂ ਹਨ।
ਸਰਕਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਖੇਤੀ ਨੂੰ “ਬ੍ਰਿਟਿਸ਼ ਕਾਰੋਬਾਰ ਦੇ ਦਿਲ ਵਿੱਚ” ਰੱਖਿਆ ਹੈ।
ਬ੍ਰਿਟੇਨ ਦੇ ਕੌਮੀ ਝੰਡਿਆਂ ਵਾਲੇ ਟਰੈਕਟਰਾਂ ਨੇ ਪੂਰੇ ਲੰਡਨ ਅਤੇ ਵੈਸਟਮਿੰਸਟਰ ਵਿੱਚ ਗੇੜਾ ਲਾਇਆ। ਟਰੈਕਟਰਾਂ ਉੱਪਰ ਕਈ ਕਿਸਮ ਦੇ ਨਾਅਰੇ ਲਿਖੇ ਹੋਏ ਸਨ। ਜਿਵੇਂ— ਬ੍ਰਿਟਿਸ਼ ਖੇਤੀ ਬਚਾਓ, ਖੇਤੀ ਨਹੀਂ ਖੁਰਾਕ ਨਹੀਂ, ਭਵਿੱਖ ਨਹੀਂ।
ਵੈਸਟ ਸੁਸੈਕਸ ਤੋਂ ਪਹੁੰਚੇ 21 ਸਾਲਾ ਕਿਸਾਨ ਬੈਨ ਸਟਿਕਲੈਂਡ ਨੇ ਕਿਹਾ, ਮੈਂ ਤੀਜੀ ਪੀੜ੍ਹੀ ਦਾ ਕਿਸਾਨ ਹਾਂ, ਮੈਂ ਇੱਥੇ ਆਪਣੇ ਭਵਿੱਖ ਲਈ ਪਹੁੰਚਿਆ ਹਾਂ। ਸਾਡੇ ਦੁਆਲੇ ਬਣਾਏ ਜਾ ਰਹੇ ਤਾਬੂਤ ਵਿੱਚ ਕਈ ਮੇਖਾਂ ਠੋਕੀਆਂ ਜਾ ਰਹੀਆਂ ਹਨ।
ਜ਼ਿਕਰਯੋਗ ਹੈ ਕਿ ਲੰਡਨ ਵਿੱਚ ਕਿਸਾਨ ਅੰਦੋਲਨ ਉਦੋਂ ਹੋ ਰਿਹਾ ਹੈ ਜਦੋਂ ਯੂਰਪ, ਫਰਾਂਸ, ਗਰੀਸ, ਜਰਮਨੀ, ਪੁਰਤਗਾਲ, ਪੋਲੈਂਡ ਦੀਆਂ ਸੜਕਾਂ ਪਹਿਲਾਂ ਹੀ ਕਈ ਮਹੀਨਿਆਂ ਤੋਂ ਕਿਸਾਨਾਂ ਦਾ ਰੋਹ ਅਤੇ ਭਵਿੱਖ ਪ੍ਰਤੀ ਹਤਾਸ਼ਾ ਦੇਖ ਰਹੇ ਹਨ।
ਇਨ੍ਹਾਂ ਥਾਵਾਂ ਉੱਤੇ ਵੀ ਕਿਸਾਨ, ਖੇਤੀ ਉਤਾਪਾਦਾਂ ਦੀ ਸਸਤੀ ਇੰਪੋਰਟ ਅਤੇ ਯੂਰਪੀ ਯੂਨੀਅਨ ਦੇ ਸਖਤ ਮਾਪਦੰਡਾਂ ਖਿਲਾਫ਼ ਮੁਜ਼ਾਹਰੇ ਕਰ ਰਹੇ ਹਨ।
ਵੇਲਸ ਦੇ ਵੀ ਹਜ਼ਾਰਾਂ ਕਿਸਾਨਾਂ ਨੇ ਇਸ ਮੁਜ਼ਾਹਰੇ ਵਿੱਚ ਸਾਥ ਦਿੱਤਾ। ਕਿਸਾਨ ਸਰਕਾਰ ਵੱਲੋਂ ਜਾਰੀ ਕੀਤੀ ਗਈ ਨਵੀਂ ਸਬਸਿਡੀ ਯੋਜਨਾ ਦਾ ਵਿਰੋਧ ਕਰ ਰਹੇ ਹਨ।
ਇਸ ਤੋਂ ਪਹਿਲਾਂ ਵੀ ਬ੍ਰਿਟੇਨ ਵਿੱਚ ਕੈਂਟ ਅਤੇ ਕੋਰਨਵੈਲ ਵਰਗੇ ਇਲਾਕਿਆਂ ਵਿੱਚ, ਛੋਟੇ-ਮੋਟੇ ਟਰੈਕਟਰ ਮਾਰਚ ਅਤੇ ਪ੍ਰਦਰਸ਼ਨ ਹੋਏ ਹਨ। ਹਾਲਾਂਕਿ ਸੋਮਵਾਰ ਦਾ ਟਰੈਕਟਰ ਮਾਰਚ ਹੁਣ ਤੱਕ ਦਾ ਸਭ ਤੋਂ ਵੱਡਾ ਸੀ।
ਮੁਜ਼ਾਹਰੇ ਵਿੱਚ ਪਹੁੰਚੇ ਇੱਕ ਹੋਰ ਕਿਸਾਨ, ਕੋਲਿਨ ਰੇਨਰ ਦੀ ਪੂਰਬੀ ਬਰਕਸ਼ਾਇਰ ਅਤੇ ਦੱਖਣੀ ਬਕਿੰਗਘਮਸ਼ਾਇਰ ਵਿੱਚ 2000 ਏਕੜ ਵਾਹੀਯੋਗ ਜ਼ਮੀਨ ਹੈ।
ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ ਕਿ ਉਨ੍ਹਾਂ ਕੋਲ ਮੁਜ਼ਾਹਰਾ ਕਰਨ ਤੋਂ ਇਲਾਵਾ “ਕੋਈ ਹੋਰ ਵਿਕਲਪ ਹੀ ਨਹੀਂ” ਸੀ। ਕਾਰੋਬਾਰ ਇੰਨਾ ਮੰਦਾ ਰਿਹਾ ਹੈ ਕਿ ਹੋ ਸਕਦਾ ਹੈ “ਇਹ ਉਨ੍ਹਾਂ ਦੀ ਆਖਰੀ ਫਸਲ” ਹੋਵੇ।
ਅਸੀਂ ਹੋਰ ਬਹੁਤ ਸਾਰੇ ਕਿਸਾਨਾਂ ਵਾਂਗ ਪਿਛਲੇ ਪੰਜ ਸਾਲਾਂ ਤੋਂ ਕਰਜ਼ੇ ਵਿੱਚ ਚੱਲ ਰਹੇ ਹਾਂ।
“ਸਾਨੂੰ ਇਹ ਸੁਧਰਦਾ ਨਹੀਂ ਲੱਗ ਰਿਹਾ। ਝਾੜ ਖੜ੍ਹ ਗਏ ਹਨ, ਕੀਮਤਾਂ ਤੁੱਛ ਹਨ, ਸਮੱਗਰੀ ਉੱਪਰ ਸਾਡੇ ਖਰਚੇ ਬਹੁਤ ਵਧ ਗਏ ਹਨ ਅਤੇ ਆਏ ਦਿਨ ਆ ਰਹੇ ਕਨੂੰਨਾਂ ਨੇ ਦਿਮਾਗ ਚਕਰਾ ਦਿੱਤਾ ਹੈ।”
ਹੋ ਸਕਦਾ ਹੈ ਇਹ ਸਾਡੀ ਆਖਰੀ ਫਸਲ ਹੋਵੇ
ਰੇਨਰ ਨੇ ਕਿਹਾ ਕਿ ਵਾਤਾਵਰਣ ਨੂੰ ਧਿਆਨ ਵਿੱਚ ਰੱਖ ਕੇ ਕਿਸਾਨਾਂ ਨੂੰ ਪੈਸੇ ਦੇਣ ਦੀ ਸਕੀਮ ਨੇ ਯੂਰਪੀ ਯੂਨੀਅਨ ਵਿੱਚ ਸਬਸਿਡੀਆਂ ਦੀ ਥਾਂ ਲੈ ਲਈ ਹੈ। ਉਸ ਦੀ ਕੀਮਤ ਘਰੇਲੂ ਖੇਤੀ ਉਤਪਾਦ ਚੁਕਾ ਰਹੇ ਹਨ। ਜਦਕਿ ਵਿਦੇਸ਼ਾਂ ਤੋਂ ਆ ਰਹੇ ਸਸਤੇ ਉਤਪਾਦ ਨੀਵੇਂ ਮਾਨਕਾਂ ਹੇਠ ਪੈਦਾ ਕੀਤੇ ਜਾ ਰਹੇ ਹਨ।
“ਅਸੀਂ 500 ਸਾਲਾਂ ਤੋਂ ਖੇਤੀ ਕਰ ਰਹੇ ਹਾਂ। ਅਤੇ ਹੁਣ ਸਰਕਾਰ ਸਾਨੂੰ ਪੈਸੇ ਦੇਵੇਗੀ ਕਿ ਅਸੀਂ ਫਸਲਾਂ ਛੱਡ ਕੇ ਜੰਗਲੀ ਫੁੱਲ ਉਗਾਈਏ। ਇਹ ਪਾਗਲਪਣ ਹੈ।”
“ਉਹ ਚਾਹੁੰਦੇ ਹਨ ਕਿ ਅਸੀਂ ਜ਼ਮੀਨ ਜੰਗਲਾਂ ਨੂੰ ਵਾਪਸ ਕਰ ਦੇਈਏ ਪਰ ਉਹ ਸ਼ਹਿਰਾਂ ਵਿੱਚ ਰਹਿੰਦੇ ਲੋਕਾਂ ਨੂੰ ਕਿਵੇਂ ਖਵਾਉਣਗੇ।”
“ਸਾਨੂੰ ਸਾਡੇ ਆਪਣੇ ਸੋਮਿਆਂ ਤੋਂ ਖੁਰਾਕ ਪੈਦਾ ਕਰਨੀ ਚਾਹੀਦੀ ਹੈ। ਅਸੀਂ ਸਿਹਤਮੰਦ ਅਤੇ ਚੰਗੀ ਖੁਰਾਕ ਪੈਦਾ ਕਰਨੀ ਹੈ- ਜੋ ਅਸੀਂ ਕਰ ਸਕਦੇ ਹਾਂ।”
ਬ੍ਰਿਟੇਨ ਵਿੱਚ ਅੰਦੋਲਨਕਾਰੀਆਂ ਦਾ ਕਹਿਣਾ ਹੈ ਕਿ ਸਰਕਾਰ ਦੀ ਖੇਤੀ ਨੀਤੀ ਅਤੇ ਵਾਤਾਵਰਣ ਮੁਖੀ ਜ਼ਮੀਨ ਪ੍ਰਬੰਧਨ ਅਤੇ ਭੁਗਤਾਨ ਦੀ ਸਕੀਮ, ਕਮਜ਼ੋਰ ਵਪਾਰ ਸਮਝੌਤੇ ਅਤੇ ਵਿਦੇਸ਼ੀ ਦਰਾਮਦ ਉੱਪਰ ਨਾ ਦੇ ਬਰਾਬਰ ਕੰਟਰੋਲ ਅਤੇ ਗੁਮਰਾਹਕੁੰਨ ਲੇਬਲਿੰਗ ਖੇਤੀ ਕਾਰੋਬਾਰ ਨੂੰ ਬਰਬਾਦ ਕਰ ਰਹੀ ਹੈ।
ਉਨ੍ਹਾਂ ਦਾ ਕਹਿਣਾ ਹੈ ਕਿ ਇਸ ਨੀਤੀ ਨਾਲ ਦੇਸ ਆਪਣੀ ਜਨਸੰਖਿਆ ਦਾ ਵੀ ਢਿੱਡ ਭਰਨ ਜੋਗਾ ਅਨਾਜ ਪੈਦਾ ਕਰਨ ਤੋਂ ਰਹਿ ਜਾਵੇਗਾ ਅਤੇ ਖੁਰਾਕ ਸੁਰੱਖਿਆ ਖ਼ਤਰੇ ਵਿੱਚ ਆ ਜਾਵੇਗੀ।
ਖੇਤੀ ਨੀਤੀ ਵਿੱਚ ਬਦਲਾਅ ਦੀ ਮੰਗ
ਸੇਵ ਬ੍ਰਿਟਿਸ਼ ਫਾਰਮਿੰਗ ਦੀ ਮੋਢੀ ਲਿਜ਼ ਵੈਬਸਟਰ ਮੁਤਾਬਕ, ਖੇਤੀ ਖਤਰੇ ਵਿੱਚ ਹੈ। ਖਤਰੇ ਵਾਤਾਵਰਣ ਐਮਰਜੈਂਸੀ, ਯੂਕਰੇਨ ਜੰਗ ਅਤੇ ਬਰੈਗਜ਼ਿਟ ਕਾਰਨ ਹਰ ਸਾਲ ਵਧ ਰਹੇ ਹਨ। ਇਨ੍ਹਾਂ ਸਭ ਨੇ ਸਿਰਫ਼ ਮੁਸ਼ਕਿਲਾਂ ਹੀ ਵਧਾਈਆਂ ਹਨ।
ਉਹ ਕਹਿੰਦੇ ਹਨ ਸਰਵੇਖਣ ਦਿਖਾਉਂਦੇ ਹਨ ਕਿ ਲੋਕਾਂ ਨੇ ਬ੍ਰਿਟਿਸ਼ ਖੇਤੀ ਅਤੇ ਖੁਰਾਕ ਦਾ ਪੱਖ ਲਿਆ ਅਤੇ ਉਹ ਸਾਡੇ ਉੱਚੇ ਖੁਰਾਕ ਮਾਪਦੰਡ ਕਾਇਮ ਰੱਖਣਾ ਚਾਹੁੰਦੇ ਹਨ ਅਤੇ ਸਥਾਨਕ ਉਤਪਾਦਕਾਂ ਦੀ ਮਦਦ ਕਰਨਾ ਚਾਹੁੰਦੇ ਹਨ।
ਸਾਨੂੰ ਆਪਣੀ ਨੀਤੀ ਵਿੱਚ ਵੱਡੇ ਬਦਲਾਅ ਦੀ ਲੋੜ ਹੈ ਅਤੇ ਉਨ੍ਹਾਂ ਸਮਝੌਤਿਆਂ ਵਿੱਚੋਂ ਤੁਰੰਤ ਨਿਕਲ ਜਾਣਾ ਚਾਹੀਦਾ ਹੈ ਜੋ ਬ੍ਰਿਟਿਸ਼ ਫਸਲਾਂ ਨੂੰ ਰੱਦ ਕਰਦੇ ਹਨ।
ਲਗਭਗ ਇੱਕ ਮਹੀਨਾ ਪਹਿਲਾਂ ਐੱਨਐੱਫਯੂ ਕਾਨਫਰੰਸ ਵਿੱਚ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਕਿਹਾ ਸੀ “ਮੈਂ ਤੁਹਾਡੀ ਪਿੱਠ ’ਤੇ ਖੜ੍ਹਾ ਹਾਂ” ਅਤੇ ਸਰਕਾਰ ਦੀ ਬ੍ਰਿਟੇਨ ਦੀ ਖੁਰਾਕ ਸੁਰੱਖਿਆ ਨੂੰ ਵਧਾਉਣ ਲਈ ਸਰਕਾਰ ਦੀਆਂ ਯੋਜਨਾਵਾਂ ਬਾਰੇ ਦੱਸਿਆ ਸੀ।
ਸਰਕਾਰ ਕੀ ਕਹਿ ਰਹੀ ਹੈ?
ਇਹੀ ਵਾਅਕ ਬ੍ਰਿਟੇਨ ਦੇ ਖੇਤੀਬਾੜੀ ਮੰਤਰੀ ਮਾਰਕ ਸਪੈਂਸਰ ਨੇ ਸੋਮਵਾਰ ਨੂੰ ਦੁਹਰਾਇਆ ਅਤੇ ਕਿਹਾ, "ਅਸੀਂ ਆਪਣੇ ਕਿਸਾਨਾਂ ਦੀ ਪੁਰਜ਼ੋਰ ਹਮਾਇਤ ਕਰਦੇ ਹਾਂ।
ਬ੍ਰਿਟੇਨ ਦੀ ਖੇਤੀ ਬ੍ਰਿਟੇਨ ਦੇ ਕਾਰੋਬਾਰ ਦੇ ਦਿਲ ਵਿੱਚ ਹੈ। ਅਸੀਂ ਜੋ ਵੀ ਸਮਝੌਤਾ ਕਰਦੇ ਹਾਂ ਉਸ ਵਿੱਚ ਖੇਤੀ ਮੂਹਰੇ ਰੱਖਦੇ ਹਾਂ। ਬ੍ਰਿਟੇਨ ਦੇ ਖੁਰਾਕ ਦੰਡਾਂ ਨੂੰ ਬਚਾਉਂਦੇ ਹੋਏ, ਐਕਸਪੋਰਟ ਦੇ ਨਵੇਂ ਮੌਕਿਆਂ ਨੂੰ ਪਹਿਲ ਦਿੰਦੇ ਹਾਂ।"
ਸਪੈਂਸਰ ਨੇ ਇਹ ਵੀ ਕਿਹਾ ਕਿ ਨਵੀਂ ਸਕੀਮ ਤਹਿਤ ਜਿਹੜੀ ਜ਼ਮੀਨ ਨੂੰ ਖੇਤੀ ਵਿੱਚੋਂ ਕੱਢਿਆ ਜਾਵੇਗਾ ਉਸ ਨੂੰ ਹੋਰ ਵਿਸ਼ੇਸ਼ ਵਾਤਾਵਰਣਕ ਉਦੇਸ਼ਾਂ ਲਈ ਵਰਤਿਆ ਜਾਵੇਗਾ।
ਹੰਢਣਸਾਰ ਖੇਤੀ ਨੂੰ ਉਤਸ਼ਾਹਿਤ ਕਰਨ ਦੀ ਭੁਗਤਾਨ ਸਕੀਮ ਵਿੱਚ ਉਨ੍ਹਾਂ ਦੀ ਸਿਰਫ਼ 25 ਫੀਸਦੀ ਜ਼ਮੀਨ ਨੂੰ ਖੁਰਾਕ ਉਤਪਾਦ ਤੋਂ ਇਲਾਵਾ ਦੂਜੇ ਪ੍ਰੋਜੈਕਟਾਂ ਵਿੱਚ ਲਾਇਆ ਜਾਵੇਗਾ।
ਮੰਤਰੀ ਨੇ ਕਿਹਾ, "ਅਸੀਂ ਇਹ ਸਿਧਾਂਤ ਸਪਸ਼ਟ ਕਰਨਾ ਚਾਹੁੰਦੇ ਹਾਂ ਕਿ ਖੁਰਾਕ ਉਤਪਾਦਨ ਖੇਤੀਬਾੜੀ ਦਾ ਮੁੱਢਲਾ ਉਦੇਸ਼ ਹੈ।"
ਸਰਕਾਰ ਨੇ ਕਿਹਾ ਕਿ ਜੋ ਖੁਰਾਕ ਅਸੀਂ ਖਾਂਦੇ ਹਾਂ ਉਸਦਾ ਘੱਟੋ-ਘੱਟ 60 ਫੀਸਦੀ ਬ੍ਰਿਟੇਨ ਵਿੱਚ ਪੈਦਾ ਹੁੰਦਾ ਰਹੇਗਾ। ਇਸ ਪੱਧਰ ਦੀ ਖੁਰਾਕ ਸੁਰੱਖਿਆ ਹਰ ਸਾਲ ਕਾਇਮ ਰੱਖੀ ਜਾਵੇਗੀ।
ਸਰਕਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੇ 2.4 ਬਿਲੀਅਨ ਪੌਂਡ ਦਾ ਖੇਤੀ ਬਜਟ ਰੱਖਿਆ ਹੈ ਅਤੇ ਉਹ ਸਪਲਾਈ ਚੇਨ ਵਿੱਚ ਇਮਾਨਦਾਰੀ ਨੂੰ ਸੁਧਾਰਨਾ ਚਾਹੁੰਦੇ ਹਨ।