You’re viewing a text-only version of this website that uses less data. View the main version of the website including all images and videos.
'ਅਜੇ ਬੱਚੀ ਦੀ ਕਬਰ ਦੀ ਮਿੱਟੀ ਨਹੀਂ ਸੀ ਸੁੱਕੀ ਤੇ ਲੋਕਾਂ ਨੇ ਸਵਾਲ ਕਰਨੇ ਸ਼ੁਰੂ ਕਰ ਦਿੱਤੇ ਕਿ ਕੁੜੀ ਆਖ਼ਰ ਵੀਡੀਓ ਬਣਾਉਂਦੀ ਹੀ ਕਿਉਂ ਸੀ?- ਵਲੌਗ
- ਲੇਖਕ, ਮੁਹੰਮਦ ਹਨੀਫ਼
- ਰੋਲ, ਪਾਕਿਸਤਾਨ ਦੇ ਸੀਨੀਅਰ ਪੱਤਰਕਾਰ ਅਤੇ ਲੇਖਕ
ਇਸਲਾਮਾਬਾਦ ਵਿੱਚ ਇੱਕ 17 ਸਾਲ ਦੀ ਬੱਚੀ ਨੂੰ ਉਸਦੀ ਸਾਲਗਿਰ੍ਹਾ ਦੇ ਦਿਨ, ਉਸਦੇ ਆਪਣੇ ਹੀ ਘਰ ਇੱਕ ਜ਼ਾਲਮ ਨੇ ਗੋਲ਼ੀ ਮਾਰ ਕੇ ਮਾਰ ਦਿੱਤਾ।
ਬੱਚੀ ਦੀ ਅਜੇ ਗੁੱਡੀਆਂ-ਪਟੋਲੇ ਖੇਡਣ ਦੀ ਉਮਰ ਸੀ ਤੇ ਉਹ ਇਸ ਜ਼ਮਾਨੇ ਦੇ ਹਿਸਾਬ ਨਾਲ ਇਹੀ ਕਰਦੀ ਸੀ, ਟਿਕਟੌਕ ਵੀਡੀਓ ਬਣਾਉਂਦੀ ਸੀ।
ਬੱਚਿਆਂ ਵਾਲੀਆਂ ਵੀਡੀਓ, ਬਰਗਰ ਖਾਣ ਵਾਲੀਆਂ ਵੀਡੀਓ, ਜਾਨਵਰਾਂ-ਪਰਿੰਦਿਆਂ ਨਾਲ ਖੇਡਣ ਵਾਲੀਆਂ ਵੀਡੀਓ।
ਪੁਲਿਸ ਨੇ ਕਾਤਲ ਫੌਰੀ ਤੌਰ 'ਤੇ ਫੜ੍ਹ ਲਿਆ ਹੈ ਤੇ ਸਾਨੂੰ ਵਜ੍ਹਾ ਵੀ ਦੱਸ ਦਿੱਤੀ ਹੈ ਕਿ ਇਸ ਕਾਤਲ ਮੁੰਡੇ ਨੇ ਬੱਚੀ ਨਾਲ ਦੋਸਤੀ ਕਰਨ ਦੀ ਕੋਸ਼ਿਸ਼ ਕੀਤੀ। ਬੱਚੀ ਨੇ ਨਾ ਕਿਹਾ ਤੇ ਵਾਰ-ਵਾਰ ਕਿਹਾ ਤੇ ਜਾਨੋਂ ਗਈ।
ਅਜੇ ਬੱਚੀ ਦੀ ਕਬਰ ਦੀ ਮਿੱਟੀ ਨਹੀਂ ਸੀ ਸੁੱਕੀ, ਤੇ ਇੱਥੇ ਲੋਕਾਂ ਨੇ ਸਵਾਲ ਕਰਨੇ ਸ਼ੁਰੂ ਕਰ ਦਿੱਤੇ ਕਿ ਬਈ ਇਹ ਕੁੜੀ ਆਖਰ ਵੀਡੀਓ ਬਣਾਉਂਦੀ ਹੀ ਕਿਉਂ ਸੀ?
ਇਹਨੇ ਭਾਵੇਂ ਮੁੰਡੇ ਨੂੰ ਨਾ ਹੀ ਕਿਹਾ, ਪਰ ਮੁੰਡੇ ਨਾਲ ਗੱਲ ਹੀ ਕਿਉਂ ਕੀਤੀ? ਤੇ ਇਸ ਬੱਚੀ ਦੇ ਮਾਪੇ ਕਿੱਧਰ ਗਏ?
ਬਸ ਹੁਣ ਇੱਕ ਗੱਲ ਸੁਣਨੀ ਰਹਿ ਗਈ ਹੈ, ਉਹ ਇਹ ਕਿ ਇਹ ਬੱਚੀ ਆਖਰ ਜੰਮੀ ਹੀ ਕਿਉਂ ਸੀ?
ਪਾਕਿਸਤਾਨ 'ਚ ਹਰ ਸਾਲ ਕਿੰਨੀਆਂ ਔਰਤਾਂ ਮਾਰੀਆਂ ਜਾਂਦੀਆਂ ਹਨ
ਪਾਕਿਸਤਾਨੀ ਸਰਕਾਰ ਦੇ ਆਪਣੇ ਹੀ ਅੰਕੜੇ ਸਾਨੂੰ ਦੱਸਦੇ ਨੇ ਕਿ ਇਸ ਮੁਲਕ 'ਚ ਹਰ ਸਾਲ ਘੱਟੋ-ਘੱਟ ਇੱਕ ਹਜ਼ਾਰ ਔਰਤ ਮਾਰੀ ਜਾਂਦੀ ਹੈ।
ਇਹ ਉਹ ਕੇਸ ਨੇ ਜਿਹੜੇ ਥਾਣੇ-ਕਚਹਿਰੀਆਂ ਤੱਕ ਪਹੁੰਚ ਜਾਂਦੇ ਹਨ।
ਜਿਨ੍ਹਾਂ ਨੂੰ ਅਸੀਂ ਕੱਟ-ਵੱਢ ਕੇ ਪੈਲ਼ੀਆਂ 'ਚ ਦੱਬ ਦੇਈਦਾ ਹੈ, ਗਟਰ 'ਚ ਸੁੱਟ ਦੇਈਦਾ ਹੈ ਜਾਂ ਜਿਨ੍ਹਾਂ ਦੇ ਸੁਹਰੇ ਘਰ ਗੈਸ ਵਾਲਾ ਸਿਲੰਡਰ ਪਾਟ (ਫਟ) ਜਾਂਦਾ ਹੈ, ਉਨ੍ਹਾਂ ਦਾ ਸਾਡੇ ਕੋਲ ਕੋਈ ਹਿਸਾਬ-ਕਿਤਾਬ ਨਹੀਂ।
ਲੇਕਿਨ ਜਵਾਬ ਸਾਡੇ ਕੋਲ ਪੂਰਾ ਮੌਜੂਦ ਹੈ।
ਜਦੋਂ ਵੀ ਇਸ ਤਰ੍ਹਾਂ ਦਾ ਵਕੂਵਾ ਹੁੰਦਾ ਹੈ, ਅਸੀਂ ਕਹਿ ਛੱਡੀਦਾ ਹੈ ਕਿ ਵੀ ਹਿੰਦੂਸਤਾਨ ਵੱਲ ਵੇਖੋ, ਉੱਥੇ ਤਾਂ ਇਸ ਤੋਂ ਜ਼ਿਆਦਾ ਔਰਤਾਂ ਮਾਰੀਆਂ ਜਾਂਦੀਆਂ ਨੇ। ਕੀ ਜ਼ਨਾਨੀ ਅਮਰੀਕਾ ਅਤੇ ਵਿਲਾਇਤ 'ਚ ਨਹੀਂ ਮਾਰੀ ਜਾਂਦੀ? ਤੇ ਤੁਸੀਂ ਇਸ ਮਸਲੇ ਨੂੰ ਲੈ ਕੇ ਇੱਕ ਵਾਰ ਫ਼ਿਰ ਪਾਕਿਸਤਾਨ ਨੂੰ ਬਦਨਾਮ ਕਰਨ ਤੁਰ ਪਏ ਹੋ।
'ਜੰਨਤ ਮਾਂ ਕੇ ਕਦਮੋਂ ਕੇ ਨੀਚੇ ਹੋਤੀ ਹੈ' ਪਰ...
ਨਾਲ ਸਿਆਣੇ ਇਹ ਵੀ ਦੱਸਦੇ ਨੇ ਕਿ ਜਿੰਨੀ ਇੱਜ਼ਤ, ਜਿੱਡਾ ਮੁਕਾਮ ਸਾਡੇ ਮਜ਼ਹਬ ਅਤੇ ਮੁਆਸ਼ਰੇ ਨੇ ਔਰਤ ਨੂੰ ਦਿੱਤਾ ਹੈ, ਉਹ ਤਾਂ ਕਿਸੇ ਨੇ ਵੀ ਨਹੀਂ ਦਿੱਤਾ।
ਨਾਲ ਹੀ ਸਾਨੂੰ ਇਹ ਵੀ ਯਾਦ ਕਰਾਉਂਦੇ ਨੇ ਕਿ 'ਜੰਨਤ ਮਾਂ ਕੇ ਕਦਮੋਂ ਕੇ ਨੀਚੇ ਹੋਤੀ ਹੈ'।
ਇਹ ਕੋਈ ਨਹੀਂ ਦੱਸਦਾ ਕਿ ਜਿਨ੍ਹਾਂ ਦੇ ਪੈਰਾਂ ਥੱਲੇ ਜੰਨਤ ਦਾ ਵਾਅਦਾ ਸੀ, ਉਨ੍ਹਾਂ ਲਈ ਅਸੀਂ ਇਹ ਮੁਲਕ ਦੋਜ਼ਖ ਕਿਉਂ ਬਣਾ ਛੱਡਿਆ।
ਚਲੋ, ਦੁਨੀਆਂ ਦੀ ਨਾ ਮੰਨੋ। ਦੁਨੀਆਂ ਤਾਂ ਇਹ ਕਹਿੰਦੀ ਹੈ ਕਿ ਪਾਕਿਸਤਾਨ ਔਰਤਾਂ ਲਈ ਸਭ ਤੋਂ ਖਤਰਨਾਕ ਮੁਲਕਾਂ ਵਿੱਚ ਸ਼ਾਮਲ ਹੈ।
ਤੁਸੀਂ ਆਪਣੇ ਘਰ, ਆਪਣੇ ਮੁਹੱਲੇ, ਆਪਣੀ ਗਲ਼ੀ 'ਚ ਹੀ ਵੇਖ ਲਓ। ਜੇ ਔਰਤ ਨੂੰ ਕਤਲ ਕਰਨ ਦਾ ਮਨਸੂਬਾ ਨਹੀਂ ਬਣ ਰਿਹਾ, ਉਹਨੂੰ ਥੱਲੇ ਲਾ ਕੇ ਰੱਖਣ ਦਾ ਪੂਰਾ ਬੰਦੋਬਸਤ ਮੌਜੂਦ ਹੈ।
ਜਿਹੜਾ ਬੰਦਾ ਔਰਤ 'ਤੇ ਜੁੱਤੀ ਨਹੀਂ ਲਾਹ ਸਕਦਾ, ਜਿਹੜਾ ਬੰਦਾ ਔਰਤ ਨੂੰ ਚਪੇੜ ਨਹੀਂ ਮਾਰਦਾ, ਅਸੀਂ ਉਹਨੂੰ ਮਰਦ ਹੀ ਨਹੀਂ ਮੰਨਦੇ।
ਜੇ ਕੋਈ ਬੰਦਾ ਘਰ ਦੇ ਛੋਟੇ-ਮੋਟੇ ਕੰਮ ਕਰ ਲਵੇ, ਆਪਣੇ ਹੀ ਕੰਮ ਕਰ ਲਵੇ, ਆਪਣੇ ਕੱਪੜੇ ਤਹਿ ਕਰਕੇ ਅਲਮਾਰੀ 'ਚ ਰੱਖ ਲਵੇ, ਆਪਣੀ ਸ਼ਲਵਾਰ 'ਚ ਨਾੜਾ ਆਪ ਪਾ ਲਵੇ, ਉਹਨੂੰ ਅਸੀਂ ਕਹੀਦਾ ਹੈ ਕਿ ਇਹ ਬੁੱਢੀ ਦੇ ਥੱਲੇ ਲੱਗਾ ਹੈ।
ਜੇ ਕੋਈ ਆਪਣੀ ਬੀਵੀ ਨੂੰ ਸਵੇਰੇ ਚਾਹ ਦਾ ਕੱਪ ਬਣਾ ਦੇਵੇ, ਉਹ ਤਾਂ ਕਹਾਂਉਂਦਾ ਹੀ 'ਰੰਨ ਮੁਰੀਦ' ਹੈ।
'ਨਾਕਾਮ ਆਸ਼ਿਕ ਸਾਡਾ ਹੀਰੋ ਤੇ ਬਦਲਾ ਲੈਣ ਵਾਲਾ ਨਾਕਾਮ ਆਸ਼ਿਕ ਵੱਡਾ ਹੀਰੋ'
ਜਿਸ ਮੁੰਡੇ ਨੇ 17 ਸਾਲ ਦੀ ਹੱਸਦੀ-ਖੇਡਦੀ ਬੱਚੀ ਦੀ ਜਾਨ ਲੈ ਕੇ ਆਪਣੀ ਮਰਦਾਨਗੀ ਸਾਬਿਤ ਕਰਨ ਦੀ ਕੋਸ਼ਿਸ਼ ਕੀਤੀ ਹੈ, ਉਹਦੇ ਵਿਚਾਰੇ ਮਾਂ-ਪਿਓ ਨੇ ਪਤਾ ਨੇ ਉਹਨੂੰ ਕੀ ਸਿਖਾਇਆ ਹੋਣਾ ਹੈ ਲੇਕਿਨ ਮੁਆਸ਼ਰਾ 'ਤੇ ਸਾਡਾ ਇਹੀ ਸਿਖਾਉਂਦਾ ਹੈ ਕਿ - ਨਾਕਾਮ ਆਸ਼ਿਕ ਸਾਡਾ ਹੀਰੋ ਹੈ ਤੇ ਬਦਲਾ ਲੈਣ ਵਾਲਾ ਨਾਕਾਮ ਆਸ਼ਿਕ ਸਾਡਾ ਵੱਡਾ ਹੀਰੋ ਹੈ।
ਇੱਥੇ ਨਾਕਾਮ ਆਸ਼ਿਕਾਂ ਦੀ ਪੂਰੀ ਦੀ ਪੂਰੀ ਫੌਜ ਪਈ ਹੈ.. ਹਰ ਮੁਹੱਲੇ ਦੀ ਨੁੱਕੜ 'ਤੇ, ਕੁੜੀਆਂ ਦੇ ਸਕੂਲ ਦੇ, ਕਾਲਜ ਦੇ ਗੇਟ ਦੇ ਬਾਹਰ, ਤੇ ਹੁਣ ਸੋਸ਼ਲ ਮੀਡੀਆ ਦੇ ਕੁਮੈਂਟ ਸੈਕਸ਼ਨ ਵਿੱਚ। ਉਨ੍ਹਾਂ ਨੂੰ ਇੱਕੋ ਨਾਅਰਾ ਸਿਖਾਇਆ ਗਿਆ ਹੈ, 'ਅਗਰ ਤੁਮ ਮੇਰੀ ਨਾ ਹੁਈ ਤੋ ਕਿਸੀ ਕਿ ਭੀ ਨਾ ਹੋ ਸਕੋਗੀ ਔਰ ਚੂੰਕਿ ਮੈਂ ਤੁਮਹੇਂ ਚਾਹਤਾ ਹੂੰ ਇਸਲਿਏ ਮੈਂ ਤੁਮਹਾਰੀ ਜਾਨ ਭੀ ਲੈ ਸਕਤਾ ਹੂੰ'।
ਹਕੂਮਤ ਨੇ ਕੁਝ ਨਹੀਂ ਕਰਨਾ ਤੇ ਅਸੀਂ ਵੀ ਚਾਰ ਦਿਨ ਸਿਆਪਾ ਪਾ ਕੇ ਚੁੱਪ ਹੋ ਜਾਣਾ ਹੈ। ਤੇ ਫਿਰ ਕੱਲ੍ਹ ਵੀ, ਪਰਸੋਂ ਵੀ ਤੇ ਉਸ ਤੋਂ ਅਗਲੇ ਦਿਨ ਵੀ ਕਿਤੇ ਨਾ ਕਿਤੇ ਇੱਕ ਹੱਸਦੀ-ਖੇਡਦੀ ਬੱਚੀ ਫੇਰ ਮਾਰੀ ਜਾਣੀ ਹੈ।
ਕੋਈ ਸਾਡੇ ਮਰਦ ਬੱਚਿਆਂ ਨੂੰ ਇਹੀ ਦੱਸ ਦੇਵੇ ਕਿ ਜੇ ਤੁਹਾਡੇ ਕੋਲੋਂ ਔਰਤ ਦਾ ਵਜੂਦ ਬਰਦਾਸ਼ਤ ਹੀ ਨਹੀਂ ਹੁੰਦਾ ਤਾਂ ਬੱਚੀਆਂ ਜੰਮਣਾ ਹੀ ਛੱਡ ਦਿਓ ਜਾਂ ਫਿਰ ਉਹ ਕਰੋ ਜੋ ਪੰਦਰਾਂ ਸੌ ਸਾਲ ਪਹਿਲਾਂ, ਤੁਹਾਡੇ ਮਜ਼ਹਬ ਦੇ ਆਉਣ ਤੋਂ ਪਹਿਲਾਂ ਜ਼ਾਹਿਲ ਲੋਕ ਕਰਦੇ ਸਨ, ਕਿ ਜੰਮਦੀ ਨੂੰ ਹੀ ਦਫ਼ਨਾ ਦਿਆ ਕਰੋ.. ਉਸ ਦੇ ਵੱਡੇ ਹੋਣ ਦਾ ਇੰਤਜ਼ਾਰ ਕਿਉਂ ਕਰਦੇ ਹੋ?
ਰੱਬ ਰਾਖਾ!
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ