ਯੂਕਰੇਨ 'ਚ ਮਾਰਿਆ ਗਿਆ ਭਾਰਤੀ ਵਿਦਿਆਰਥੀ: ਕਰਫਿਊ ਤੋਂ ਬਾਅਦ ਖਾਣਾ ਲੈਣ ਗਿਆ ਤੇ ਫਿਰ ਮੁੜਿਆ ਨਹੀਂ

    • ਲੇਖਕ, ਇਮਰਾਨ ਕੁਰੈਸ਼ੀ
    • ਰੋਲ, ਬੀਬੀਸੀ ਸਹਿਯੋਗੀ

ਯੂਕਰੇਨ ਵਿੱਚ ਮੰਗਲਵਾਰ ਸਵੇਰੇ ਇੱਕ ਭਾਰਤੀ ਵਿਦਿਆਰਥੀ ਨਵੀਨ ਸ਼ੇਖਰਅੱਪਾ ਦੀ ਮੌਤ ਹੋ ਗਈ ਹੈ। ਵਿਦੇਸ਼ ਮੰਤਰਾਲੇ ਨੇ ਇਸਦੀ ਪੁਸ਼ਟੀ ਕੀਤੀ ਹੈ।

ਨਵੀਨ ਦੇ ਸਾਥੀ ਸ੍ਰੀਕਾਂਤ ਨੇ ਬੀਬੀਸੀ ਨੂੰ ਮੰਗਲਵਾਰ ਦੀਆਂ ਘਟਨਾਵਾਂ ਅਤੇ ਨਵੀਨ ਦੀ ਮੌਤ ਬਾਰੇ ਦੱਸਿਆ।

ਬੀਬੀਸੀ ਨੇ ਖਾਰਕੀਵ ਵਿੱਚ ਨਵੀਨ ਦੇ ਨਾਲ ਰਹਿਣ ਵਾਲੇ ਇੱਕ ਭਾਰਤੀ ਵਿਦਿਆਰਥੀ ਸ੍ਰੀਕਾਂਤ ਨਾਲ ਗੱਲ ਕੀਤੀ ਹੈ। ਮੌਤ ਤੋਂ ਪਹਿਲਾਂ ਨਵੀਨ ਨੇ ਆਪਣੇ ਨਜ਼ਦੀਕੀ ਦੋਸਤ ਸ੍ਰੀਕਾਂਤ ਨੂੰ ਪੈਸੇ ਟ੍ਰਾਂਸਫਰ ਕਰਨ ਲਈ ਆਖਿਆ ਸੀ ਤਾਂ ਜੋ ਉਹ ਖਾਣਾ ਖਰੀਦ ਸਕੇ।

ਖਾਰਕੀਵ ਤੋਂ ਬੀਬੀਸੀ ਨਾਲ ਗੱਲ ਕਰਦੇ ਹੋਏ ਮੈਡੀਕਲ ਵਿਦਿਆਰਥੀ ਸ੍ਰੀਕਾਂਤ ਨੇ ਦੱਸਿਆ,"ਉਸ ਨੇ ਮੈਨੂੰ ਸਵੇਰੇ ਅੱਠ ਵਜੇ ਫੋਨ ਕੀਤਾ ਅਤੇ ਪੈਸੇ ਲਈ ਆਖਿਆ ਕਿਉਂਕਿ ਉਸਦੇ ਕੋਲ ਖਾਣਾ ਖਰੀਦਣ ਲਈ ਪੈਸੇ ਥੋੜ੍ਹੇ ਘੱਟ ਸਨ। ਉਹ ਸਾਡੇ ਸਾਰਿਆਂ ਵਾਸਤੇ ਖਾਣਾ ਲੈਣ ਗਿਆ ਸੀ।"

ਕਰਨਾਟਕ ਦੇ ਹਾਵੇਰੀ ਜ਼ਿਲ੍ਹੇ ਦੇ ਨਵੀਨ ਪਿਛਲੇ ਚਾਰ ਸਾਲ ਤੋਂ ਯੂਕਰੇਨ ਵਿੱਚ ਸਨ।

ਕਰਫਿਊ ਤੋਂ ਬਾਅਦ ਨਿਕਲਿਆ ਨਵੀਨ ਫਿਰ ਕਦੇ ਵਾਪਸ ਨਹੀਂ ਆਇਆ

ਦੱਸਿਆ ਜਾਂਦਾ ਹੈ ਕਿ ਨਵੀਨ ਸਵੇਰੇ ਕਰਫਿਊ ਖ਼ਤਮ ਹੋਣ ਤੋਂ ਬਾਅਦ ਕਰੀਬ ਸਾਢੇ ਛੇ ਵਜੇ ਆਪਣੇ ਬੰਕਰ ਤੋਂ ਬਾਹਰ ਨਿਕਲੇ ਸਨ। ਸ਼ਹਿਰ ਵਿੱਚ ਦੁਪਹਿਰ ਤਿੰਨ ਵਜੇ ਤੋਂ ਸਵੇਰੇ ਛੇ ਵਜੇ ਤੱਕ ਕਰਫਿਊ ਲਗਦਾ ਹੈ। ਨਵੀਨ ਅਤੇ ਸ੍ਰੀਕਾਂਤ ਆਪਣੇ ਦੋਸਤਾਂ ਦੇ ਨਾਲ ਉਥੇ ਹੀ ਰਹਿੰਦੇ ਹਨ।

ਇਹ ਬੰਕਰ ਉਨ੍ਹਾਂ ਦੇ ਅਪਾਰਟਮੈਂਟ ਦੇ ਥੱਲੇ ਹੀ ਹੈ। ਉਨ੍ਹਾਂ ਦੇ ਟਿਕਾਣੇ ਤੋਂ ਸੁਪਰਮਾਰਕੀਟ ਤਕਰੀਬਨ 50 ਮੀਟਰ ਦੀ ਦੂਰੀ 'ਤੇ ਹੈ।

ਇਹ ਵੀ ਪੜ੍ਹੋ:

ਸ੍ਰੀਕਾਂਤ ਨੇ ਬੀਬੀਸੀ ਨੂੰ ਦੱਸਿਆ,"ਪੈਸੇ ਟਰਾਂਸਫਰ ਕਰਨ ਤੋਂ ਬਾਅਦ ਪੰਜ ਦਸ ਮਿੰਟ ਦੇ ਅੰਦਰ ਮੈਂ ਨਵੀਨ ਨੂੰ ਫੋਨ ਕੀਤਾ। ਉਸ ਨੇ ਫੋਨ ਨਹੀਂ ਚੁੱਕਿਆ। ਫਿਰ ਮੈਂ ਉਸ ਯੂਕਰੇਨ ਵਾਲੇ ਨੰਬਰ 'ਤੇ ਫੋਨ ਲਗਾਇਆ। ਉਸ ਨੇ ਉਹ ਵੀ ਨਹੀਂ ਚੁੱਕਿਆ। ਉਸ ਤੋਂ ਬਾਅਦ ਕਿਸੇ ਨੇ ਫੋਨ ਚੁੱਕਿਆ ਤੇ ਯੂਕਰੇਨੀ ਭਾਸ਼ਾ ਵਿੱਚ ਕੁਝ ਆਖਿਆ ਜੋ ਮੈਨੂੰ ਸਮਝ ਨਹੀਂ ਆਇਆ।"

ਸ੍ਰੀਕਾਂਤ ਨੇ ਫੋਨ ਕੋਲ ਮੌਜੂਦ ਇੱਕ ਯੂਕਰੇਨੀ ਵਿਅਕਤੀ ਨੂੰ ਦਿੱਤਾ। ਉਸ ਨੇ ਸਮਝ ਕੇ ਦੱਸਿਆ ਕਿ ਤੁਹਾਡਾ ਦੋਸਤ ਹੁਣ ਨਹੀਂ ਰਿਹਾ।

ਸ੍ਰੀਕਾਂਤ ਨੇ ਅੱਗੇ ਦੱਸਿਆ,"ਮੈਨੂੰ ਯਕੀਨ ਹੀ ਨਹੀਂ ਸੀ ਹੋ ਰਿਹਾ। ਮੈਂ ਫਿਰ ਆਪ ਸੁਪਰ ਮਾਰਕੀਟ ਗਿਆ, ਉੱਥੇ ਧਮਾਕੇ ਵਰਗਾ ਕੋਈ ਨਾਮੋ ਨਿਸ਼ਾਨ ਨਹੀਂ ਸੀ।"

ਸ੍ਰੀਕਾਂਤ ਨੂੰ ਲੱਗਦਾ ਹੈ ਕਿ ਨਵੀਨ ਨੂੰ ਗੋਲੀ ਮਾਰੀ ਗਈ ਹੈ।

"ਖਾਰਕੀਵ ਵਿੱਚ ਬਹੁਤ ਬੰਬਾਰੀ ਹੋ ਰਹੀ ਹੈ। ਬੰਕਰ ਵਿੱਚ ਅਸੀਂ 9 ਲੋਕ ਸੀ। ਪੰਜ ਲੋਕ ਚਲੇ ਗਏ। ਅਸੀਂ ਰੁਕਣ ਦਾ ਫ਼ੈਸਲਾ ਕੀਤਾ। ਸਾਡੀ ਬੁੱਧਵਾਰ ਸਵੇਰੇ ਨਿਕਲਣ ਦੀ ਯੋਜਨਾ ਸੀ।"

"ਨਵੀਨ ਇੱਕ ਨਰਮ ਦਿਲ ਇਨਸਾਨ ਸੀ। ਉਹ ਪੜ੍ਹਾਈ ਵਿੱਚ ਵੀ ਬਹੁਤ ਵਧੀਆ ਸੀ। ਤੀਸਰੇ ਸਾਲ ਦੀ ਪੜ੍ਹਾਈ ਵਿੱਚ ਉਸ ਨੇ 95% ਅੰਕ ਹਾਸਲ ਕੀਤੇ ਸਨ।"

"ਭਾਰਤੀ ਦੂਤਾਵਾਸ ਨੇ ਫ਼ਿਲਹਾਲ ਕੋਈ ਸੰਪਰਕ ਨਹੀਂ ਕੀਤਾ ਹੈ। ਸਾਨੂੰ ਨਹੀਂ ਪਤਾ ਉਸ ਦੀ ਮ੍ਰਿਤਕ ਦੇਹ ਕਿੱਥੇ ਹੈ।"

ਸ੍ਰੀਕਾਂਤ ਕਰਨਾਟਕ ਦੇ ਮੈਸੂਰ ਤੋਂ ਹਨ।

ਨਵੀਨ ਦੇ ਪਿਤਾ ਕੀ ਕਹਿੰਦੇ ਹਨ

ਨਵੀਨ ਸ਼ੇਖਰੱਪਾ ਦੇ ਪਿਤਾ ਨੇ ਇੱਕ ਨਿੱਜੀ ਚੈਨਲ ਨਾਲ ਗੱਲਬਾਤ ਕਰਦਿਆਂ ਕਿਹਾ,

''ਮੈਂ ਸੀਨੀਅਰ ਅਧਿਕਾਰੀਆਂ, ਦੂਤਾਵਾਸ ਅਤੇ ਪ੍ਰਧਾਨ ਮੰਤਰੀ ਨੂੰ ਬੇਨਤੀ ਕਰਦਾ ਹਾਂ ਕਿ ਮੇਰੇ ਪੁੱਤਰ ਦੀ ਮ੍ਰਿਤਕ ਦੇਹ ਵਾਪਸ ਲਿਆਂਦੀ ਜਾਵੇ।''

''ਨਾਲ ਹੀ ਮੈਂ ਸਿਆਸੀ ਆਗੂਆਂ ਨੂੰ ਬੇਨਤੀ ਕਰਦਾ ਹਾਂ ਕਿ ਕਿਰਪਾ ਕਰਕੇ ਇਸ ਮੁੱਦੇ ਵੱਲ ਧਿਆਨ ਦਿਓ ਕਿ ਡੋਨੇਸ਼ਨ ਆਦਿ ਠੀਕ ਚੀਜ਼ ਨਹੀਂ ਹੈ ਅਤੇ ਇਸ ਕਾਰਨ ਹੁਸ਼ਿਆਰ ਬੱਚਿਆਂ ਨੂੰ ਪੜ੍ਹਾਈ ਲਈ ਬਾਹਰ ਜਾਣਾ ਪੈਂਦਾ ਹੈ।''

''ਇੱਥੇ ਪੜ੍ਹਾਈ ਲਈ, ਇੱਕ ਸੀਟ ਲਈ ਉਨ੍ਹਾਂ ਨੂੰ ਕਰੋੜ-ਕਰੋੜ ਰੁਪਏ ਦੇਣੇ ਪੈਂਦੇ ਹਨ ਅਤੇ ਵਿਦੇਸ਼ਾਂ 'ਚ ਨੂੰ ਉਹੀ ਪੜ੍ਹਾਈ ਬਹੁਤ ਚੰਗੇ ਤਰੀਕੇ ਨਾਲ ਮਿਲਦੀ ਹੈ।''

ਵਿਦੇਸ਼ ਮੰਤਰਾਲੇ ਨੇ ਕੀ ਦੱਸਿਆ

ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਟਵੀਟ ਚ' ਲਿਖਿਆ ਹੈ ਕਿ ਵਿਦੇਸ਼ ਸਿਰਫ ਰੂਸ ਅਤੇ ਯੂਕਰੇਨ ਦੇ ਰਾਜਦੂਤਾਂ ਨਾਲ ਗੱਲ ਕਰ ਰਹੇ ਹਨ ਅਤੇ ਭਾਰਤ ਦੀ ਮੰਗ ਨੂੰ ਦੁਹਰਾ ਰਹੇ ਹਨ ਕਿ ਭਾਰਤੀ ਨਾਗਰਿਕਾਂ ਨੂੰ ਸੁਰੱਖਿਅਤ ਯੂਕਰੇਨ ਚੋਂ ਕੱਢਿਆ ਜਾਵੇ।

ਜੋ ਭਾਰਤੀ ਪ੍ਰਭਾਵਿਤ ਇਲਾਕਿਆਂ ਵਿੱਚ ਮੌਜੂਦ ਹਨ ਉਨ੍ਹਾਂ ਦੀ ਸੁਰੱਖਿਆ ਦਾ ਧਿਆਨ ਰੱਖਿਆ ਜਾਵੇ।

ਇਸ ਦੇ ਨਾਲ ਹੀ ਯੂਕਰੇਨ ਅਤੇ ਰੂਸ ਵਿੱਚ ਮੌਜੂਦ ਭਾਰਤੀ ਰਾਜਦੂਤ ਵੀ ਇਹ ਮੰਗ ਦੁਹਰਾ ਰਹੇ ਹਨ।

ਟਵੀਟ ਵਿੱਚ ਆਖਿਆ ਗਿਆ ਹੈ ਕਿ,"ਵਿਦਿਆਰਥੀਆਂ ਸਮੇਤ ਸਾਰੇ ਭਾਰਤੀ ਨਾਗਰਿਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਅੱਜ ਤੁਰੰਤ ਕੀਵ ਛੱਡ ਦੇਣ। ਜੇਕਰ ਟ੍ਰੇਨ ਹੋਵੇ ਤਾਂ ਟ੍ਰੇਨ ਰਾਹੀਂ ਨਹੀਂ ਤਾਂ ਕਿਸੇ ਹੋਰ ਵਾਹਨ ਰਾਹੀਂ।"

ਪ੍ਰਧਾਨ ਮੰਤਰੀ ਅਤੇ ਕਰਨਾਟਕ ਦੇ ਮੁੱਖ ਮੰਤਰੀ ਨੇ ਪਰਿਵਾਰ ਨਾਲ ਗੱਲ ਕੀਤੀ ਹੈ।

ਕਾਂਗਰਸੀ ਨੇਤਾ ਰਾਹੁਲ ਗਾਂਧੀ ਨੇ ਵੀ ਨਵੀਨ ਦੀ ਮੌਤ 'ਤੇ ਦੁੱਖ ਪ੍ਰਗਟ ਕਰਦੇ ਹੋਏ ਭਾਰਤ ਸਰਕਾਰ ਨੂੰ ਸਾਰੇ ਵਿਦਿਆਰਥੀਆਂ ਨੂੰ ਸੁਰੱਖਿਅਤ ਭਾਰਤ ਲੈ ਕੇ ਆਉਣ ਦੀ ਅਪੀਲ ਕੀਤੀ ਹੈ।

ਇਹ ਵੀ ਪੜ੍ਹੋ:

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)