ਯੂਕਰੇਨ ਰੂਸ ਜੰਗ: ਕਿਹੜੇ ਮੁਲਕ ਕੋਲ ਕਿੰਨੇ ਪਰਮਾਣੂ ਹਥਿਆਰ, ਪਾਕਿਸਤਾਨ ਭਾਰਤ ਤੋਂ ਅੱਗੇ

ਯੂਕਰੇਨ ਵਿੱਚ ਚੱਲ ਰਹੇ ਸੰਕਟ ਦੇ ਦੌਰਾਨ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਆਪਣੀ ਫੌਜ ਨੂੰ ਨੂੰ "ਵਿਸ਼ੇਸ਼ ਅਲਰਟ" 'ਤੇ ਰੱਖਣ ਦਾ ਆਦੇਸ਼ ਦਿੱਤਾ ਹੈ ਅਤੇ ਇਨ੍ਹਾਂ ਵਿੱਚ ਪਰਮਾਣੂ ਹਥਿਆਰ ਵੀ ਸ਼ਾਮਲ ਹਨ। ਪੁਤਿਨ ਨੇ ਆਪਣੇ ਰੱਖਿਆ ਮੁਖੀਆਂ ਨੂੰ ਕਿਹਾ ਹੈ ਕਿ ਪੱਛਮੀ ਦੇਸ਼ਾਂ ਦੇ ਹਮਲਾਵਰ ਬਿਆਨਾਂ ਕਾਰਨ ਅਜਿਹਾ ਕਰਨਾ ਜ਼ਰੂਰੀ ਹੋ ਗਿਆ ਹੈ।

ਉਂਝ, ਉਨ੍ਹਾਂ ਦੇ ਇਸ ਐਲਾਨ ਦਾ ਮਤਲਬ ਇਹ ਨਹੀਂ ਹੈ ਕਿ ਰੂਸ ਪਰਮਾਣੂ ਹਥਿਆਰਾਂ ਦੀ ਵਰਤੋਂ ਕਰਨਾ ਚਾਹੁੰਦਾ ਹੈ। ਪਰ ਉਨ੍ਹਾਂ ਦੇ ਇਸ ਐਲਾਨ ਨੇ ਦੁਨੀਆ 'ਚ ਪਰਮਾਣੂ ਹਥਿਆਰਾਂ ਬਾਰੇ ਚਰਚਾ ਛੇੜ ਦਿੱਤੀ ਹੈ।

ਹਾਲਾਂਕਿ, ਸ਼ੀਤ ਯੁੱਧ ਦੇ ਦੌਰ ਤੋਂ ਬਾਅਦ ਪਰਮਾਣੂ ਹਥਿਆਰਾਂ ਦੇ ਭੰਡਾਰ 'ਚ ਬਹੁਤ ਕਮੀ ਆਈ ਹੈ, ਪਰ ਅਜੇ ਵੀ ਸੰਸਾਰ 'ਚ ਸੈਂਕੜੇ ਪਰਮਾਣੂ ਹਥਿਆਰ ਹਨ ਜਿਨ੍ਹਾਂ ਨੂੰ ਬਹੁਤ ਹੀ ਥੋੜ੍ਹੇ ਸਮੇਂ 'ਚ ਦਾਗਿਆ ਜਾ ਸਕਦਾ ਹੈ।

ਕੀ ਹੁੰਦੇ ਹਨ ਪਰਮਾਣੂ ਹਥਿਆਰ?

ਇਹ ਬਹੁਤ ਸ਼ਕਤੀਸ਼ਾਲੀ ਵਿਸਫੋਟਕ ਜਾਂ ਬੰਬ ਹਨ।

ਪਰਮਾਣੂ ਦੇ ਪਰਮਾਣੂ ਕਣਾਂ ਨੂੰ ਤੋੜ ਕੇ ਜਾਂ ਫਿਰ ਉਨ੍ਹਾਂ ਨੂੰ ਜੋੜ ਕੇ ਇਨ੍ਹਾਂ ਬੰਬਾਂ ਨੂੰ ਤਾਕਤ ਮਿਲਦੀ ਹੈ। ਇਸ ਨੂੰ ਵਿਗਿਆਨ ਦੀ ਭਾਸ਼ਾ ਵਿੱਚ ਫਿਊਜ਼ਨ ਜਾਂ ਫਿਸ਼ਨ ਕਿਹਾ ਜਾਂਦਾ ਹੈ।

ਪਰਮਾਣੂ ਹਥਿਆਰਾਂ ਦੀ ਵਰਤੋਂ ਨਾਲ ਵੱਡੀ ਮਾਤਰਾ ਵਿੱਚ ਰੇਡੀਏਸ਼ਨ ਜਾਂ ਵਿਕਿਰਣ ਨਿਕਲਦਾ ਹੈ ਅਤੇ ਇਸ ਲਈ ਇਨ੍ਹਾਂ ਦਾ ਅਸਰ ਵਿਸਫੋਟ ਤੋਂ ਬਾਅਦ ਬਹੁਤ ਲੰਬੇ ਸਮੇਂ ਤੱਕ ਰਹਿੰਦਾ ਹੈ।

ਇਹ ਵੀ ਪੜ੍ਹੋ:

ਪਰਮਾਣੂ ਹਥਿਆਰਾਂ ਦੀ ਵਰਤੋਂ ਕਦੋਂ ਹੋਈ?

ਦੁਨੀਆ 'ਚ ਹੁਣ ਤੱਕ ਦੋ ਵਾਰ ਪਰਮਾਣੂ ਬੰਬ ਦੇ ਹਮਲੇ ਹੋ ਚੁੱਕੇ ਹਨ, ਜਿਨ੍ਹਾਂ ਨੇ ਭਿਆਨਕ ਨੁਕਸਾਨ ਕੀਤਾ।

ਅੱਜ ਤੋਂ 77 ਸਾਲ ਪਹਿਲਾਂ, ਇਹ ਦੋਵੇਂ ਹਮਲੇ ਅਮਰੀਕਾ ਨੇ ਕੀਤੇ ਸਨ, ਜਦੋਂ ਉਸ ਨੇ ਜਾਪਾਨ ਦੇ ਦੋ ਸ਼ਹਿਰਾਂ 'ਤੇ ਪਰਮਾਣੂ ਬੰਬ ਸੁੱਟੇ ਸਨ।

ਇਹ ਮੰਨਿਆ ਜਾਂਦਾ ਹੈ ਕਿ, ਇਨ੍ਹਾਂ ਹਮਲਿਆਂ 'ਚ ਹੀਰੋਸ਼ਿਮਾ ਵਿੱਚ 80,000 ਅਤੇ ਨਾਗਾਸਾਕੀ ਵਿੱਚ 70,000 ਤੋਂ ਵੱਧ ਲੋਕ ਮਾਰੇ ਗਏ ਸਨ।

ਕਿਹੜੇ-ਕਿਹੜੇ ਦੇਸ਼ਾਂ ਕੋਲ ਹਨ ਪਰਮਾਣੂ ਹਥਿਆਰ?

ਦੁਨੀਆ 'ਚ ਇਸ ਸਮੇਂ ਨੌਂ ਦੇਸ਼ਾਂ ਕੋਲ ਪਰਮਾਣੂ ਹਥਿਆਰ ਹਨ।

ਇਹ ਦੇਸ਼ ਹਨ- ਅਮਰੀਕਾ, ਬ੍ਰਿਟੇਨ, ਰੂਸ, ਫਰਾਂਸ, ਚੀਨ, ਭਾਰਤ, ਪਾਕਿਸਤਾਨ, ਇਜ਼ਰਾਈਲ ਅਤੇ ਉੱਤਰੀ ਕੋਰੀਆ ਹਨ।

ਕਿੰਨੀ ਹੈ ਇਨ੍ਹਾਂ ਦੀ ਸੰਖਿਆ?

ਹਾਲਾਂਕਿ, ਕੋਈ ਵੀ ਦੇਸ਼ ਆਪਣੇ ਪਰਮਾਣੂ ਹਥਿਆਰਾਂ ਬਾਰੇ ਖੁੱਲ੍ਹ ਕੇ ਨਹੀਂ ਦੱਸਦਾ, ਪਰ ਮੰਨਿਆ ਜਾਂਦਾ ਹੈ ਕਿ ਪਰਮਾਣੂ ਸ਼ਕਤੀ ਨਾਲ ਲੈਸ ਦੇਸ਼ਾਂ ਦੀ ਫੌਜ ਕੋਲ 9,000 ਤੋਂ ਵੱਧ ਪਰਮਾਣੂ ਹਥਿਆਰ ਹਨ।

ਸਵੀਡਨ ਸਥਿਤ ਸੰਸਥਾ ਥਿੰਕ-ਟੈਂਕ 'ਸਟਾਕਹੋਮ ਇੰਟਰਨੈਸ਼ਨਲ ਪੀਸ ਰਿਸਰਚ ਇੰਸਟੀਚਿਊਟ' (ਸਿਪ੍ਰੀ) ਨੇ ਲੰਘੇ ਸਾਲ ਆਪਣੀ ਇੱਕ ਰਿਪੋਰਟ 'ਚ ਦੱਸਿਆ ਸੀ ਕਿ 2020 ਦੀ ਸ਼ੁਰੂਆਤ 'ਚ ਇਨ੍ਹਾਂ ਨੌਂ ਦੇਸ਼ਾਂ ਕੋਲ ਲਗਭਗ 13,400 ਪਰਮਾਣੂ ਹਥਿਆਰ ਸਨ, ਜਿਨ੍ਹਾਂ 'ਚੋਂ 3,720 ਉਨ੍ਹਾਂ ਦੀਆਂ ਫੌਜਾਂ ਕੋਲ ਤੈਨਾਤ ਸਨ।

ਸਿਪ੍ਰੀ ਦੇ ਮੁਤਾਬਕ, ਇਨ੍ਹਾਂ 'ਚੋਂ ਲਗਭਗ 1800 ਹਥਿਆਰ ਹਾਈ ਅਲਰਟ 'ਤੇ ਰਹਿੰਦੇ ਹਨ, ਜਿਸਦਾ ਮਤਲਬ ਹੈ ਕਿ ਉਨ੍ਹਾਂ ਨੂੰ ਥੋੜ੍ਹੇ ਜਿਹੇ ਸਮੇਂ 'ਚ ਹੀ ਦਾਗਿਆ ਜਾ ਸਕਦਾ ਹੈ।

ਇਨ੍ਹਾਂ ਹਥਿਆਰਾਂ 'ਚੋਂ ਜ਼ਿਆਦਾਤਰ ਹਥਿਆਰ ਅਮਰੀਕਾ ਅਤੇ ਰੂਸ ਕੋਲ ਹਨ। ਸਿਪ੍ਰੀ ਦੀ ਰਿਪੋਰਟ ਮੁਤਾਬਕ ਅਮਰੀਕਾ ਕੋਲ 2020 ਤੱਕ 5,800 ਅਤੇ ਰੂਸ ਕੋਲ 6,375 ਦੇ ਲਗਭਗ ਪਰਮਾਣੂ ਹਥਿਆਰ ਸਨ।

ਭਾਰਤ ਕੋਲ ਕਿੰਨੇ ਪ੍ਰਮਾਣੂ ਹਥਿਆਰ?

ਸਿਪ੍ਰੀ ਦੀ ਰਿਪੋਰਟ ਮੁਤਾਬਕ, ਪਰਮਾਣੂ ਹਥਿਆਰਾਂ ਦੇ ਮਾਮਲੇ 'ਚ ਭਾਰਤ ਦੇ ਗੁਆਂਢੀ ਦੇਸ਼ ਚੀਨ ਅਤੇ ਪਾਕਿਸਤਾਨ ਇਸ ਤੋਂ ਬਹੁਤ ਅੱਗੇ ਹਨ।

ਰਿਪੋਰਟ ਅਨੁਸਾਰ, 2021 ਤੱਕ ਜਿੱਥੇ ਭਾਰਤ ਕੋਲ 150 ਪਰਮਾਣੂ ਹਥਿਆਰ ਸਨ, ਉੱਥੇ ਹੀ ਪਾਕਿਸਤਾਨ ਕੋਲ 160 ਅਤੇ ਚੀਨ ਕੋਲ 320 ਪਰਮਾਣੂ ਹਥਿਆਰ ਸਨ।

ਸਿਰਫ ਇਨ੍ਹਾਂ ਨੌਂ ਦੇਸ਼ਾਂ ਕੋਲ ਹੀ ਪਰਮਾਣੂ ਹਥਿਆਰ ਕਿਉਂ ਹਨ?

1970 ਵਿੱਚ, 190 ਦੇਸ਼ਾਂ ਵਿਚਕਾਰ ਪਰਮਾਣੂ ਹਥਿਆਰਾਂ ਦੀ ਸੀਮਾ ਸੀਮਿਤ ਕਰਨ ਲਈ ਇੱਕ ਸੰਧੀ ਲਾਗੂ ਹੋਈ, ਜਿਸਦਾ ਨਾਮ ਹੈ ਪ੍ਰਮਾਣੂ ਅਪ੍ਰਸਾਰ ਸੰਧੀ ਜਾਂ ਐੱਨਪੀਟੀ।

ਇਸ ਵਿੱਚ ਅਮਰੀਕਾ, ਰੂਸ, ਬ੍ਰਿਟੇਨ, ਫਰਾਂਸ ਅਤੇ ਚੀਨ ਵੀ ਸ਼ਾਮਲ ਹਨ। ਪਰ ਭਾਰਤ, ਪਾਕਿਸਤਾਨ ਅਤੇ ਇਜ਼ਰਾਈਲ ਨੇ ਕਦੇ ਵੀ ਇਸ 'ਤੇ ਦਸਤਖਤ ਨਹੀਂ ਕੀਤੇ ਅਤੇ ਉੱਤਰੀ ਕੋਰੀਆ ਸਾਲ 2003 ਵਿੱਚ ਇਸ ਤੋਂ ਅਲੱਗ ਹੋ ਗਿਆ।

ਇਸ ਸੰਧੀ ਦੇ ਤਹਿਤ, ਸਿਰਫ ਪੰਜ ਦੇਸ਼ਾਂ ਨੂੰ ਪਰਮਾਣੂ ਹਥਿਆਰਾਂ ਨਾਲ ਲੈਸ ਦੇਸ਼ ਮੰਨਿਆ ਗਿਆ, ਜਿਨ੍ਹਾਂ ਨੇ ਸੰਧੀ ਦੇ ਲਾਗੂ ਹੋਣ ਲਈ ਤੈਅ ਕੀਤੇ ਗਏ ਸਾਲ 1967 ਤੋਂ ਪਹਿਲਾਂ ਹੀ ਪਰਮਾਣੂ ਹਥਿਆਰਾਂ ਦਾ ਪ੍ਰੀਖਣ ਕਰ ਲਿਆ ਸੀ।

ਇਹ ਦੇਸ਼ ਸਨ - ਅਮਰੀਕਾ, ਰੂਸ, ਫਰਾਂਸ, ਬ੍ਰਿਟੇਨ ਅਤੇ ਚੀਨ।

ਸੰਧੀ ਵਿੱਚ ਕਿਹਾ ਗਿਆ ਕਿ ਇਹ ਦੇਸ਼ ਹਮੇਸ਼ਾ ਲਈ ਆਪਣੇ ਹਥਿਆਰਾਂ ਦੇ ਭੰਡਾਰ ਨੂੰ ਨਹੀਂ ਰੱਖ ਸਕਦੇ, ਮਲਤਬ ਉਨ੍ਹਾਂ ਨੂੰ ਇਨ੍ਹਾਂ ਨੂੰ ਘੱਟ ਕਰਦੇ ਰਹਿਣਾ ਹੋਵੇਗਾ।

ਨਾਲ ਹੀ ਇਨ੍ਹਾਂ ਦੇਸ਼ਾਂ ਨੂੰ ਛੱਡ ਕੇ ਬਾਕੀ ਸਾਰੇ ਦੇਸ਼ਾਂ 'ਤੇ ਪਰਮਾਣੂ ਹਥਿਆਰ ਬਣਾਉਣ 'ਤੇ ਪਾਬੰਦੀ ਲਗਾ ਦਿੱਤੀ ਗਈ।

ਇਸ ਸੰਧੀ ਤੋਂ ਬਾਅਦ ਅਮਰੀਕਾ, ਬ੍ਰਿਟੇਨ ਅਤੇ ਰੂਸ ਨੇ ਆਪਣੇ ਹਥਿਆਰਾਂ ਦੀ ਗਿਣਤੀ ਵਿੱਚ ਕਟੌਤੀ ਕਰ ਦਿੱਤੀ।

ਪਰ ਕਿਹਾ ਜਾਂਦਾ ਹੈ ਕਿ ਫਰਾਂਸ ਅਤੇ ਇਜ਼ਰਾਈਲ ਦੇ ਹਥਿਆਰਾਂ ਦੀ ਸੰਖਿਆ ਲਗਭਗ ਜਿਓਂ ਦੀ ਤਿਓਂ ਰਹੀ।

ਇਸ ਦੇ ਨਾਲ ਹੀ ਭਾਰਤ, ਪਾਕਿਸਤਾਨ, ਚੀਨ ਅਤੇ ਉੱਤਰੀ ਕੋਰੀਆ ਬਾਰੇ ਫੈਡਰੇਸ਼ਨ ਆਫ਼ ਅਮੇਰਿਕਨ ਸਾਂਇੰਟਿਸਟਸ ਨੇ ਕਿਹਾ ਕਿ ਇਹ ਦੇਸ਼ ਆਪਣੇ ਪਰਮਾਣੂ ਹਥਿਆਰਾਂ ਦੀ ਸੰਖਿਆ ਵਧਾਉਂਦੇ ਜਾ ਰਹੇ ਹਨ।

ਇਹ ਵੀ ਪੜ੍ਹੋ:

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)