ਯੂਕਰੇਨ ਰੂਸ ਜੰਗ: ਰੂਸ ਮੂਹਰੇ ਖੜ੍ਹਨਾ ਯੂਕਰੇਨ ਲਈ ਕਿਉਂ ਮੁਸ਼ਕਲ ਹੋ ਰਿਹਾ

    • ਲੇਖਕ, ਜੌਨਾਥਨ ਬੀਏਲ,
    • ਰੋਲ, ਰੱਖਿਆ ਪੱਤਰ ਬੀਬੀਸੀ ਨਿਊਜ਼

ਯੂਕਰੇਨ ਉੱਪਰ ਰੂਸ ਨੇ ਹਮਲਾ ਕਰ ਦਿੱਤਾ ਹੈ ਅਤੇ ਪਿਛਲੇ ਪੰਜ ਦਿਨਾਂ ਤੋਂ ਦੋਵਾਂ ਮੁਲਕਾਂ ਵਿਚਾਲੇ ਜੰਗ ਜਾਰੀ ਹੈ।

ਰੂਸ ਦੀ ਫ਼ੌਜ ਉੱਪਰ ਰਾਸ਼ਟਰਪਤੀ ਪੁਤਿਨ ਦੇ ਕਾਰਜਕਾਲ ਦੌਰਾਨ ਚੋਖਾ ਨਿਵੇਸ਼ ਕੀਤਾ ਗਿਆ ਹੈ। ਇਸੇ ਦੀ ਬਦੌਲਤ ਹੈ ਕਿ ਯੂਕਰੇਨ ਦੀਆਂ ਸਰਹੱਦਾਂ ਉੱਪਰ ਰੂਸੀ ਫ਼ੌਜਾਂ ਦਾ ਪਲੜਾ ਯੂਕਰੇਨ ਤੋਂ ਭਾਰੀ ਨਜ਼ਰ ਆ ਰਿਹਾ ਹੈ।

ਰੌਇਲ ਯੂਨਾਈਟਿਡ ਸਰਵਿਸਿਜ਼ ਇੰਸਟੀਚਿਊਟ ਦੇ ਡਾ਼ ਜੈਕ ਵਾਟਲਿੰਗ ਦੱਸਦੇ ਹਨ,''ਮੈਨੂੰ ਲਗਦਾ ਹੈ ਕਿ ਯੂਕਰੇਨ ਬਹੁਤ ਮੁਸ਼ਕਲ ਸਥਿਤੀ ਵਿੱਚ ਹੈ।''

ਉਹ ਹਾਲ ਹੀ ਵਿੱਚ ਯੂਕਰੇਨ ਤੋਂ ਵਾਪਸ ਆਏ ਹਨ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਯੂਕਰੇਨ ਦੇ ਮਿਲਟਰੀ ਲੀਡਰਾਂ ਨੂੰ ਕੁਝ ''ਬਹੁਕ ਸਖਤ ਚੋਣਾਂ'' ਦਾ ਸਾਹਮਣਾ ਕਰਨਾ ਪਵੇਗਾ।

ਯੂਕਰੇਨ ਦੀ ਪੱਕੀ ਫ਼ੌਜ 1,25,600 ਹੈ ਅਤੇ ਉਸ ਦੇ ਮੁਕਾਬਲੇ ਪੱਛਮੀ ਅਧਿਕਾਰੀਆਂ ਦੇ ਅਨੁਮਾਨ ਮੁਤਾਬਕ ਰੂਸ ਨੇ ਯੂਕਰੇਨ ਨਾਲ ਲਗਦੇ ਬਾਰਡਰਾਂ ਉੱਪਰ 1,90,000 ਸੈਨਿਕ ਤੈਨਾਤ ਕੀਤੇ ਹੋਏ ਸਨ।

ਬਹੁਤ ਸਾਰੇ ਹਿੱਸਿਆਂ ਵਿੱਚੋਂ ਰੂਸ ਦੀਆਂ ਫ਼ੌਜਾਂ ਯੂਕਰੇਨ ਵਿੱਚ ਦਾਖਲ ਹੋ ਚੁੱਕੀਆਂ ਹਨ ਅਤੇ ਦੇਸ ਦੇ ਕਈ ਇਲਾਕਿਆਂ ਵਿੱਚ ਲੜਾਈ ਚੱਲ ਰਹੀ ਹੈ।

ਜੇ ਤੁਸੀਂ ਯੂਕਰੇਨ ਨੂੰ ਇੱਕ ਘੜੀ ਦੇ ਡਾਇਲ ਵਾਂਗ ਦੇਖਣ ਦੀ ਕੋਸ਼ਿਸ਼ ਕਰੋ ਤਾਂ ਰੂਸ 10 ਦੇ ਨਿਸ਼ਾਨ ਤੋਂ ਸੱਤ ਦੇ ਨਿਸ਼ਾਨ ਦੇ ਵਿਚਾਕਾਰ ਜਿੰਨਾ ਖੇਤਰ ਹੈ, ਉੱਥੋਂ ਯੂਕਰੇਨ ਉੱਪਰ ਹਮਲਾ ਕਰ ਸਕਦਾ ਹੈ। ਜੋ ਕਿ ਹੁਣ ਉਸ ਨੇ ਕਰ ਦਿੱਤਾ ਹੈ।

ਬੈਨ ਬੈਰੀ, ਬ੍ਰਿਟਿਸ਼ ਫ਼ੌਜ ਦੇ ਸਾਬਕਾ ਬ੍ਰਿਗੇਡੀਅਰ ਮੁਤਾਬਕ,''ਬਚਾਅ ਕਰਨ ਵਾਲੇ ਲਈ ਇਹ ਬਹੁਤ ਮੁਸ਼ਕਲ ਸਥਿਤੀ ਹੈ।''

ਇਹ ਵੀ ਪੜ੍ਹੋ:

ਅਕਾਸ਼ ਵਿੱਚ ਰੂਸ ਦਾ ਦਬਦਬਾ

ਯੂਕਰੇਨ ਅਤੇ ਰੂਸ ਵਿੱਚ ਅਸਲੀ ਨਾਬਰਾਬਰੀ ਤਾਂ ਅਕਾਸ਼ ਵਿੱਚ ਹੈ।

ਸਰਹੱਦ ਉੱਪਰ ਯੂਕਰੇਨ ਦੇ 105 ਲੜਾਕੂ ਜਹਾਜ਼ ਹਨ ਅਤੇ ਇਸਦੇ ਮੁਕਾਬਲੇ ਰੂਸ ਦੇ 300। ਵਾਟਲਿੰਗ ਕਹਿੰਦੇ ਹਨ,'' ਹਵਾ ਵਿੱਚ ਰੂਸੀ ਬਹੁਤ ਜਲਦੀ ਭਾਰੇ ਪੈ ਜਾਣਗੇ''

ਰੂਸ ਕੋਲ ਉੱਨਤ ਹਵਾਈ ਰੱਖਿਆ ਪ੍ਰਣਾਲੀਆਂ ਹਨ, ਜਿਵੇਂ ਕਿ ਐਸ-400 ਜਦਕਿ ਯੂਕਰੇਨ ਦੀਆਂ ਰੱਖਿਆ ਪ੍ਰਣਾਲੀਆਂ ਪੁਰਾਣੀਆਂ ਹਨ ਅਤੇ ਸੀਮਤ ਹਨ।

ਵਾਟਲਿੰਗ ਕਹਿੰਦੇ ਹਨ ਕਿ ਇਜ਼ਰਾਈਲ ਆਪਣੇ-ਆਪ ਨੂੰ ਕਈ ਪਾਸਿਆਂ ਤੋਂ ਬਚਾਅ ਸਕਦਾ ਹੈ। ਉਹ ਅਜਿਹਾ ਸਿਰਫ਼ ਇਸ ਲਈ ਕਰ ਸਕਦਾ ਹੈ ਕਿਉਂਕਿ ਉਸ ਦਾ ਹਵਾ ਵਿੱਚ ਦਬਦਬਾ ਹੈ। ਯੂਕਰੇਨ ਕੋਲ ਇਹ ਨਹੀਂ ਹੈ।

ਰੂਸ ਯੂਕਰੇਨ ਦੇ ਕਮਾਂਡ ਤੇ ਕੰਟਰੋਲ ਸੈਂਟਰ, ਅਸਲ੍ਹਾ ਡਿਪੂ, ਹਵਾਈ ਟਿਕਾਣਿਆਂ ਨੂੰ ਦੂਰੀ ਤੋਂ ਹੀ ਨਿਸ਼ਾਨਾ ਬਣਾ ਸਕਦਾ ਹੈ।

ਰਾਜਧਾਨੀ ਕੀਵ ਦੇ ਨੇੜੇ ਅਜਿਹੇ ਹਮਲੇ ਸ਼ੁਰੂ ਵੀ ਹੋ ਚੁੱਕੇ ਹਨ।

ਰੂਸ ਕੋਲ ਅਜਿਹੀਆਂ ਕਈ ਆਧੁਨਿਕ ਮਿਜ਼ਾਈਲਾਂ ਹਨ ਜੋ ਯੂਕਰੇਨ ਕੋਲ ਨਹੀਂ ਹਨ। ਜਿਵੇਂ- ਇਸਕੰਦਰ ਕਰੂਜ਼ ਮਿਸਾਈਲਾਂ ਅਤੇ ਬੈਲਿਸਟਿਕ ਮਿਜ਼ਾਈਲ ਪ੍ਰਣਾਲੀ।

ਅਮਰੀਕਾ ਤੇ ਬ੍ਰਿਟੇਨ ਤੋਂ ਯੂਕਰੇਨ ਨੂੰ ਹਾਲ ਹੀ ਵਿੱਚ ਮਦਦ ਮਿਲੀ ਹੈ ਪਰ ਉਨ੍ਹਾਂ ਵਿੱਚੋਂ ਜ਼ਿਆਦਾਤਰ ਦਰਮਿਆਨੀ ਦੂਰੀ ਦੀਆਂ ਮਿਜ਼ਾਈਲਾਂ ਅਤੇ ਐਂਟੀ-ਟੈਂਕ ਹਥਿਆਰ ਹਨ।

ਵਾਟਲਿੰਗ ਦਾ ਮੰਨਣਾ ਹੈ ਕਿ ਯੂਕਰੇਨ ਦੀਆਂ ਫ਼ੌਜਾਂ ਨੂੰ ਰੂਸ ਆਪਣੀ ਥਾਂ ਬਦਲਣ ਤੋਂ ਵੀ ਰੋਕ ਸਕਦਾ ਹੈ।

ਯੂਕਰੇਨ ਦੀਆਂ ਕੁਝ ਸਭ ਤੋਂ ਵਧੀਆ ਸਿਖਲਾਈਯਾਫ਼ਤਾ ਯੂਨਿਟਾਂ ਡੋਨੇਤਸਕ ਤੇ ਲੁਹਾਂਸਕ ਵਿੱਚ ਤੈਨਾਤ ਹਨ ਜਿੱਥੇ 2014 ਤੋਂ ਲੜਾਈ ਚੱਲ ਰਹੀ ਹੈ।

ਪੱਛਮੀ ਸੂਹੀਆਂ ਅਧਿਕਾਰੀਆਂ ਨੇ ਬੀਬੀਸੀ ਨੂੰ ਦੱਸਿਆ ਹੈ ਕਿ ਰੂਸ ਉਨ੍ਹਾਂ ਨੂੰ ਘੇਰਾ ਪਾ ਸਕਦਾ ਹੈ।

ਹਾਲਾਂਕਿ ਜਦੋਂ ਰੂਸ ਨੇ ਕ੍ਰੀਮੀਆ ਉੱਪਰ ਹਮਲਾ ਕੀਤਾ ਸੀ ਉਦੋਂ ਨਾਲੋਂ ਯੂਕਰੇਨ ਦੀਆਂ ਫ਼ੌਜਾਂ ਦੀ ਸਿਖਲਾਈ ਅਤੇ ਉਪਕਰਨਾਂ ਵਿੱਚ ਸੁਧਾਰ ਹੋਇਆ ਹੈ।

ਬੈਰੀ ਦੀ ਰਾਇ ਹੈ ਕਿ ਯੂਕਰੇਨ ਦੀਆਂ ਫ਼ੌਜਾਂ ਨੂੰ ਬਾਗੀਆਂ ਨਾਲ ਮੁਕਬਲਾ ਕਰਦਿਆਂ ਲੜਾਈ ਦਾ ਚੰਗਾ ਤਜਰਬਾ ਹੋ ਗਿਆ ਹੈ। ਇਸਦੇ ਨਾਲ ਹੀ ਉਹ ਕਹਿੰਦੇ ਹਨ ਕਿ ਇਹ ਜ਼ਿਆਦਾਤਰ ਜ਼ਮੀਨੀ ਸੰਘਰਸ਼ ਸੀ ਤੇ ਹੁਣ ਵਾਲਾ ਉਸ ਵਰਗਾ ਨਹੀਂ ਹੈ।

ਰੂਸੀ ਫ਼ੌਜਾਂ ਨੇ ਵੀ ਕ੍ਰੀਮੀਆ ਤੇ ਸੀਰੀਆ ਦੀ ਲੜਾਈ ਤੋਂ ਕਾਫ਼ੀ ਕੁਝ ਸਿੱਖਿਆ ਹੈ।

ਸ਼ਹਿਰਾਂ ਵਿੱਚ ਲੜਾਈ

ਸ਼ਹਿਰਾਂ ਵਿੱਚ ਲੜਾਈ ਹੋਣ ਦੀ ਸੂਰਤ ਵਿੱਚ ਯੂਕਰੇਨ ਦੀ ਫ਼ੌਜ ਨੂੰ ਕੁਝ ਮੌਕਾ ਮਿਲ ਸਕਦਾ ਹੈ।

ਜਿਵੇਂ ਕਿ ਦੂਜੇ ਵਿਸ਼ਵ ਯੁੱਧ ਦੌਰਾਨ ਸਟਾਲਿਨਗਾਰਦ ਵਿੱਚ ਅਤੇ ਹਾਲ ਹੀ ਵਿੱਚ ਮੌਸੂਲ ਵਿੱਚ ਦੇਖਿਆ ਗਿਆ, ਜੇ ਬਚਾਅ ਕਰਨ ਵਾਲੇ ਨੇ ਚੰਗੀ ਤਿਆਰੀ ਕੀਤੀ ਹੋਵੇ ਤਾਂ ਸ਼ਹਿਰੀ ਖੇਤਰ ਵਿੱਚ ਲੜਾਈ ਕਾਫ਼ੀ ਮੁਸ਼ਕਲ ਅਤੇ ਖੂਨੀ ਹੋ ਸਕਦੀ ਹੈ।

ਬੈਨ ਬੈਰੀ ਨੂੰ ਲਗਦਾ ਹੈ ਕਿ ਸ਼ੁਰੂ ਵਿੱਚ ਰੂਸੀ ਫ਼ੌਜਾਂ ਸ਼ਹਿਰੀ ਇਲਾਕਿਆਂ ਨੂੰ ਬਾਈਪਾਸ ਕਰਨ ਦੀ ਕੋਸ਼ਿਸ਼ ਕਰਨਗੀਆਂ ਪਰ ਉਹ ਪੂਰੀ ਤਰ੍ਹਾਂ ਸ਼ਹਿਰੀ ਲੜਾਈ ਨੂੰ ਟਾਲ ਸਕਣਗੇ ਇਸ ਦੀ ਸੰਭਾਵਨਾ ਨਹੀਂ ਲਗਦੀ ਹੈ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਜੈਕ ਵਾਟਲਿੰਗ ਕਹਿੰਦੇ ਹਨ ਕਿ ਜੇ ਯੂਕਰੇਨ ਨੇ ਆਪਣੇ ਸ਼ਹਿਰਾਂ ਦੀ ਰਾਖੀ ਚੰਗੀ ਤਰ੍ਹਾਂ ਕਰ ਲਈ ਤਾਂ ਹੋ ਸਕਦਾ ਹੈ ਉਹ ਕੁਝ ਹੋਰ ਦੇਰ ਮੁਕਾਬਲਾ ਕਰ ਸਕਣ।

ਬ੍ਰਿਟੇਨ ਦੇ ਭੇਜੇ ਐਂਟੀ-ਟੈਂਕ ਹਥਿਆਰ ਇੱਥੇ ਯੂਕਰੇਨ ਲਈ ਮਦਦਗਾਰ ਹੋ ਸਕਦੇ ਹਨ। ਰੂਸੀ ਵੀ ਸਿਰਫ਼ ਹਵਾਈ ਹਮਲਿਆਂ ਅਤੇ ਮਿਜ਼ਾਈਲਾਂ ਉੱਪਰ ਨਿਰਭਰ ਨਹੀਂ ਰਹਿ ਸਕਦੇ।

ਵਾਟਲਿੰਗ ਕਹਿੰਦੇ ਹਨ ਪਰ ਰੂਸ ਦੇ ਏਜੰਟ ਪਹਿਲਾਂ ਤੋਂ ਹੀ ਉੱਥੇ ਮੌਜੂਦ ਸਨ, ਜਿਸ ਕਾਰਨ ਵੱਖਰੀ ਤਰ੍ਹਾਂ ਦੀ ਲੜਾਈ ਦੇਖਣ ਨੂੰ ਮਿਲ ਸਕਦੀ ਹੈ।

ਉਹ ਕਹਿੰਦੇ ਹਨ ਕਿ ਰੂਸ ''ਲੰਬੀ ਦੂਰੀ ਦਾ ਤੋਪਖਾਨਾ ਵਰਤ ਕੇ ਵਿਰੋਧ ਕਰ ਰਹੇ ਖਿੱਤਿਆਂ ਨੂੰ ਨਿਸ਼ਾਨਾ ਬਣਾ ਸਕਦਾ ਹੈ ਅਤੇ ਫਿਰ ਸ਼ਹਿਰਾਂ ਵਿੱਚ ਦਾਖਲ ਹੋ ਸਕਦਾ ਹੈ।''

ਯੂਕਰੇਨ ਹੁਣ ਆਪਣੀ ਹੋਂਦ ਦੀ ਲੜਾਈ ਲੜ ਰਿਹਾ ਹੈ।

ਹਾਲਾਂਕਿ ਇਹ ਪਿਛਲੇ ਅੱਠ ਸਾਲਾਂ ਤੋਂ ਰੂਸ ਦੀ ਸ਼ਹਿ ਹਾਸਲ ਬਾਗੀਆਂ ਨਾਲ ਮੁਕਾਬਲਾ ਕਰ ਰਿਹਾ ਹੈ ਪਰ ਹੁਣ ਸਵਾਲ ਹੋਂਦ ਦਾ ਅਤੇ ਸਮੁੱਚੇ ਦੇਸ ਦਾ ਹੈ।

ਵਾਟਲਿੰਗ ਕਹਿੰਦੇ ਹਨ,''ਉਨ੍ਹਾਂ ਵਿੱਚ ਇੱਕ ਦੇਸ਼ ਵਜੋਂ ਬਚੇ ਰਹਿਣ ਦਾ ਦ੍ਰਿੜ ਇਰਾਦਾ ਹੈ ਪਰ ਇਸ ਗੱਲ ਦੀ ਵੀ ਸਮਝ ਹੈ ਕਿ ਉਨ੍ਹਾਂ ਉਪਰ ਹਮਲਾ ਭਾਰੀ ਹੈ ਤੇ ਸਥਿਤੀ ਵਧੇਰੀ ਖੂਨੀ ਹੁੰਦੀ ਜਾਵੇਗੀ।''

ਇਹ ਵੀ ਪੜ੍ਹੋ:

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)