ਰੂਸ - ਯੂਕਰੇਨ ਸੰਕਟ: 'ਪੁਤਿਨ ਯੂਕਰੇਨ ਤੱਕ ਹੀ ਨਹੀਂ ਰੁਕਣਗੇ', ਇਹ ਹੋ ਸਕਦੀ ਹੈ ਪੁਤਿਨ ਦੀ ਭਵਿੱਖ ਦੀ ਨੀਤੀ

    • ਲੇਖਕ, ਸਟੀਵ ਰੋਜ਼ਨਬਰਗ
    • ਰੋਲ, ਬੀਬੀਸੀ ਨਿਊਜ਼, ਮਾਸਕੋ

ਬ੍ਰਿਟਿਸ਼ ਫ਼ਿਲਮਕਾਰ ਅਲਫਰੈਡ ਹਿੱਚਕੋਕ ਨੇ ਦੁਵਿਧਾ ਅਤੇ ਅਸਮੰਜਸ ਦੇ ਵਿਸ਼ੇ ਬਾਰੇ ਇੱਕ ਵਾਰ ਆਖਿਆ ਸੀ ਕਿ ਜਿੰਨਾ ਹੋ ਸਕੇ ਦਰਸ਼ਕਾਂ ਨੂੰ ਪਰੇਸ਼ਾਨ ਕਰੋ।

ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਵੀ ਹਿੱਚਕੋਕ ਦੀਆਂ ਫ਼ਿਲਮਾਂ ਵਾਂਗ ਹੀ ਵਿਚਰ ਰਹੇ ਹਨ। ਕਈ ਮਹੀਨਿਆਂ ਤੱਕ ਦੁਨੀਆਂ ਇਹ ਅੰਦਾਜ਼ੇ ਲਗਾ ਰਹੀ ਸੀ ਕਿ ਯੂਕਰੇਨ ਉੱਪਰ ਹਮਲਾ ਹੋਵੇਗਾ ਜਾਂ ਨਹੀਂ।

ਪੁਤਿਨ ਨੇ ਇਸੇ ਹਫਤੇ ਪੂਰਬੀ ਯੂਕਰੇਨ ਦੇ ਦੋ ਵੱਖਵਾਦੀ ਇਲਾਕਿਆਂ ਨੂੰ ਆਜ਼ਾਦ ਖੇਤਰ ਦੇ ਰੂਪ ਵਿੱਚ ਮਾਨਤਾ ਦੇ ਦਿੱਤੀ ਤਾਂ ਕਈ ਲੋਕ ਹੈਰਾਨ ਹੋ ਗਏ।

ਸਭ ਨੂੰ ਲੱਗਿਆ ਕਿ ਹੁਣ ਅੱਗੇ ਪੁਤਿਨ ਕੀ ਕਰਨਗੇ। ਫਿਰ ਉਨ੍ਹਾਂ ਨੇ ਪੂਰਬੀ ਯੂਕਰੇਨ ਵਿੱਚ ਰੂਸੀ ਫ਼ੌਜ ਭੇਜਣ ਦਾ ਐਲਾਨ ਕੀਤਾ। ਵੀਰਵਾਰ ਸਵੇਰੇ ਇਸ ਫ਼ੌਜ ਨੇ ਯੂਕਰੇਨ ਉਪਰ ਹਮਲਾ ਕਰ ਦਿੱਤਾ।

'ਪੁਤਿਨ ਦਾ ਰੂਸ' ਇਸ ਕਿਤਾਬ ਦੀ ਲੇਖਿਕਾ ਲਿਲੀਆ ਸਵੇਤਸੋਵਾ ਮੁਤਾਬਕ ਹੈਰਾਨੀ ਵਿੱਚ ਪਾਏ ਰੱਖਣਾ ਪੁਤਿਨ ਦਾ ਮਨਪਸੰਦ ਹਥਿਆਰ ਹੈ।

ਉਨ੍ਹਾਂ ਮੁਤਾਬਕ, "ਪੁਤਿਨ ਅੱਗ ਲਗਾਉਣ ਅਤੇ ਬੁਝਾਉਣ ਤੋਂ ਬਾਅਦ ਤਣਾਅ ਬਣਾ ਕੇ ਰੱਖਣਗੇ। ਉਹ ਅਲੱਗ ਅਲੱਗ ਚੀਜ਼ਾਂ ਕਰਦੇ ਰਹਿਣਗੇ ਜਿਨ੍ਹਾਂ ਵਿੱਚ ਸਾਈਬਰ ਹਮਲੇ ਸ਼ਾਮਲ ਹਨ। ਆਜ਼ਾਦ ਐਲਾਨੇ ਇਲਾਕਿਆਂ ਨੂੰ ਰੂਸੀ ਫੌਜ ਪੂਰੀ ਤਰ੍ਹਾਂ ਆਪਣੇ ਕਬਜ਼ੇ ਵਿੱਚ ਲੈ ਸਕਦੀ ਹੈ। ਉਹ ਬਿੱਲੀ ਵਾਂਗ ਚੂਹੇ ਨਾਲ ਖੇਡਦੇ ਰਹਿਣਗੇ।"

ਰੂਸ ਦੀ ਸੱਤਾ ਦੀਆਂ ਕੰਧਾਂ ਪਿੱਛੇ ਕੀ ਚੱਲ ਰਿਹਾ ਹੈ ਇਹ ਕਹਿਣਾ ਔਖਾ ਹੈ। ਪੁਤਿਨ ਨੂੰ ਸਮਝਨਾ ਵੀ ਇੱਕ ਵੱਡੀ ਚੁਣੌਤੀ ਹੈ।

ਇਹ ਵੀ ਪੜ੍ਹੋ:

ਪੁਤਿਨ ਦੀ ਭਵਿੱਖ ਦੀ ਰਾਜਨੀਤੀ

ਪੁਤਿਨ ਦੇ ਬਿਆਨਾਂ ਤੋਂ ਉਨ੍ਹਾਂ ਦੀ ਸੋਚ ਬਾਰੇ ਸਮਝਣ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ। ਜਿਸ ਤਰ੍ਹਾਂ ਸ਼ੀਤ ਯੁੱਧ ਦਾ ਅੰਤ ਹੋਇਆ, ਉਸ ਤੋਂ ਅਕਸਰ ਪੁਤਿਨ ਨਾਰਾਜ਼ ਰਹਿੰਦੇ ਹਨ।

ਸ਼ੀਤ ਯੁੱਧ ਦਾ ਅੰਤ ਸੋਵੀਅਤ ਸੰਘ ਦੇ ਟੁੱਟਣ ਅਤੇ ਉਸ ਦੇ ਪ੍ਰਭਾਵ ਦੇ ਅੰਤ ਦੀ ਕਹਾਣੀ ਹੈ।

ਨਾਟੋ ਦਾ ਵਿਸਥਾਰ ਪੂਰਬ ਤਕ ਹੋਇਆ ਅਤੇ ਪੁਤਿਨ ਦੀ ਕੜਵਾਹਟ ਵਧਦੀ ਗਈ। ਪੁਤਿਨ ਫਿਲਹਾਲ ਉਸ ਇਨਸਾਨ ਦੀ ਤਰ੍ਹਾਂ ਲੱਗ ਰਹੇ ਹਨ ਜੋ ਆਪਣੀ ਪੂਰੀ ਤਨਦੇਹੀ ਨਾਲ ਕਿਸੇ ਖ਼ਾਸ ਕੰਮ 'ਤੇ ਜੁਟਿਆ ਹੋਵੇ। ਪੁਤਿਨ ਲਈ ਇਹ ਖਾਸ ਕੰਮ ਹੈ ਯੂਕਰੇਨ ਨੂੰ ਰੂਸ ਨਾਲ ਕਿਸੇ ਵੀ ਤਰ੍ਹਾਂ ਲੈ ਆਉਣਾ।

ਲੰਡਨ ਦੇ ਯੂਨੀਵਰਸਿਟੀ ਕਾਲਜ ਵਿੱਚ ਸੀਨੀਅਰ ਰਿਸਰਚ ਐਸੋਸੀਏਟ ਵਲਾਦੀਮੀਰ ਪਸਤੂਖੋਵ ਆਖਦੇ ਹਨ, "ਪੁਤਿਨ ਨੂੰ ਇਤਿਹਾਸ ਵਿੱਚ ਆਪਣੀ ਖ਼ਾਸ ਜਗ੍ਹਾ ਬਾਰੇ ਪੂਰਾ ਯਕੀਨ ਹੈ। ਉਹ ਇੱਕ ਇੱਕ ਕਦਮ 'ਤੇ ਕੰਮ ਕਰਦੇ ਰਹਿਣਗੇ।"

"ਪਹਿਲਾਂ ਵੱਖਵਾਦੀ ਇਲਾਕਿਆਂ ਨੂੰ ਮਾਨਤਾ ਦਿੱਤੀ। ਹੁਣ ਫਿਰ ਉੱਥੇ ਫੌਜ ਭੇਜੀ। ਫਿਰ ਦੋਹਾਂ ਇਲਾਕਿਆਂ ਨੂੰ ਆਪਣੇ ਹਿਸਾਬ ਨਾਲ ਰੂਸ ਵਿੱਚ ਸ਼ਾਮਲ ਕਰਨ ਲਈ ਸੰਗ੍ਰਹਿ ਦਾ ਐਲਾਨ ਕਰਨਗੇ। ਇਸ ਤਰ੍ਹਾਂ ਪੁਤਿਨ 2014 ਤੋਂ ਪਹਿਲਾਂ ਦੀ ਸਰਹੱਦ ਨੂੰ ਵਧਾ ਦੇਣਗੇ।"

ਉਹ ਅੱਗੇ ਆਖਦੇ ਹਨ, "ਜੇ ਆਪਣੇ ਤਰੀਕੇ ਨਾਲ ਪੁਤਿਨ ਨੂੰ ਇਹ ਖੇਡ ਖੇਡਣ ਦੀ ਆਜ਼ਾਦੀ ਮਿਲੀ ਤਾਂ ਜਿੱਥੋਂ ਤੱਕ ਹੋ ਸਕਿਆ ਉਹ ਇਸ ਨੂੰ ਲੰਬਾ ਲੈ ਕੇ ਜਾਣਗੇ। ਉਹ ਘੱਟ ਸੇਕ 'ਤੇ ਮਾਸ ਪਕਾਉਣਗੇ। ਪੱਛਮੀ ਦੇਸ਼ਾਂ ਦੇ ਆਗੂਆਂ ਨੂੰ ਲੱਗ ਰਿਹਾ ਹੈ ਕਿ ਨਵੀਂਆਂ ਰੋਕਾਂ ਨਾਲ ਕੁਝ ਬਦਲ ਜਾਵੇਗਾ ਪਰ ਪੁਤਿਨ ਬਹੁਤ ਹੀ ਸਖ਼ਤ ਨਜ਼ਰ ਆ ਰਹੇ ਹਨ।"

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਰੂਸ ਦੀ ਅਣਖ ਦਾ ਸਵਾਲ

ਰੂਸ ਦੇ ਰਾਸ਼ਟਰਪਤੀ ਵੱਲੋਂ ਦੋ ਇਲਾਕਿਆਂ ਨੂੰ ਆਜ਼ਾਦ ਮਾਨਤਾ ਦੇਣ ਤੋਂ ਬਾਅਦ ਪੱਛਮੀ ਦੇਸ਼ਾਂ ਨੇ ਰੂਸ ਉੱਤੇ ਕਈ ਤਰ੍ਹਾਂ ਦੀਆਂ ਰੋਕਾਂ ਲਗਾਈਆਂ ਹਨ।

ਰੂਸੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਮਾਰੀਆ ਜ਼ਖਾਰੋਵਾ ਨੇ ਬੀਬੀਸੀ ਨੂੰ ਦੱਸਿਆ, "ਅਸੀਂ ਇਨ੍ਹਾਂ ਪਾਬੰਦੀਆਂ ਨੂੰ ਗ਼ੈਰਕਾਨੂੰਨੀ ਮੰਨਦੇ ਹਾਂ। ਅਸੀਂ ਲੰਬੇ ਸਮੇਂ ਤੋਂ ਇਹ ਦੇਖ ਰਹੇ ਹਾਂ ਅਤੇ ਪੱਛਮੀ ਦੇਸ਼ ਸਾਡੇ ਵਿਕਾਸ ਨੂੰ ਰੋਕਣ ਲਈ ਇਨ੍ਹਾਂ ਪਾਬੰਦੀਆਂ ਦਾ ਹਥਿਆਰ ਵਜੋਂ ਇਸਤੇਮਾਲ ਕਰਦੇ ਹਨ।"

"ਸਾਨੂੰ ਪਤਾ ਸੀ ਕਿ ਅਜਿਹੀਆਂ ਰੋਕਾਂ ਲੱਗਣਗੀਆਂ ਹੀ ਹਨ ਚਾਹੇ ਕੁਝ ਵੀ ਹੋਵੇ। ਇਸ ਲਈ ਸਾਡੇ ਵਾਸਤੇ ਕੋਈ ਮਤਲਬ ਨਹੀਂ ਰੱਖਦਾ।"

ਕੀ ਰੂਸ ਪੱਛਮੀ ਦੇਸ਼ਾਂ ਵਿੱਚ ਅਤੇ ਅੰਤਰਰਾਸ਼ਟਰੀ ਮੰਚ 'ਤੇ ਆਪਣੀ ਪਰਵਾਹ ਨਹੀਂ ਕਰਦਾ ਜੋ ਇਸ ਤਰ੍ਹਾਂ ਕਰ ਰਿਹਾ ਹੈ। ਰੂਸ ਨੂੰ ਇੱਕ ਹਮਲਾਵਰ ਦੇ ਵਜੋਂ ਦੇਖਿਆ ਜਾ ਰਿਹਾ ਹੈ। ਇਸ ਬਾਰੇ ਮਾਰੀਆ ਨੇ ਆਖਿਆ, "ਸਾਡੀ ਇਸ ਅਣਖ ਬਾਰੇ ਤਾਂ ਤੁਸੀਂ ਕਹਿ ਰਹੇ ਹੋ ਪਰ ਪੱਛਮ ਦੇ ਦੇਸ਼ਾਂ ਬਾਰੇ ਤੁਸੀਂ ਕੀ ਸੋਚਦੇ ਹੋ ਜੋ ਖ਼ੂਨ ਨਾਲ ਰੰਗੇ ਹੋਏ ਹਨ।"

ਇਹ ਵੀ ਆਖਿਆ ਜਾ ਰਿਹਾ ਹੈ ਕਿ ਮਾਰੀਆ ਨੂੰ ਯੂਰਪੀਅਨ ਯੂਨੀਅਨ ਦੀ ਉਸ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ, ਜਿਨ੍ਹਾਂ 'ਤੇ ਰੋਕ ਲੱਗੀ ਹੈ।

ਹਿੱਚਕਾਕ ਦੀਆਂ ਫ਼ਿਲਮਾਂ ਲੋਕਾਂ ਦਾ ਮਨੋਰੰਜਨ ਕਰਦੀਆਂ ਹਨ ਪਰ ਪੁਤਿਨ ਦੀ ਯੂਕਰੇਨ ਵਾਲੀ ਗੱਲ ਲੋਕਾਂ ਨੂੰ ਪ੍ਰੇਸ਼ਾਨ ਕਰ ਰਹੀ ਹੈ।

ਰੂਸ ਦੇ ਲੋਕ ਕੀ ਸੋਚਦੇ ਹਨ

ਲਿਬਰਟੀ ਪਬਲਿਕ ੳਪੀਨੀਅਨ ਏਜੰਸੀ ਦੇ ਡੇਨਿਸ ਵੋਲਕੌਵ ਆਖਦੇ ਹਨ, "ਜ਼ਿਆਦਾਤਰ ਲੋਕ ਇਹ ਜਾਣਨਾ ਨਹੀਂ ਚਾਹੁੰਦੇ ਕਿ ਕੀ ਹੋ ਰਿਹਾ ਹੈ। ਉਨ੍ਹਾਂ ਨੂੰ ਇਹ ਡਰਾਉਣਾ ਲੱਗਦਾ ਹੈ। ਉਹ ਨਹੀਂ ਸੁਣਨਾ ਚਾਹੁੰਦੇ ਕਿ ਹੁਣ ਕੀ ਹੋਵੇਗਾ। ਲੋਕ ਜੰਗ ਤੋਂ ਡਰੇ ਹੋਏ ਹਨ। ਜਿਨ੍ਹਾਂ ਲੋਕਾਂ ਤੋਂ ਅਸੀਂ ਸਰਵੇ ਕੀਤਾ ਉਨ੍ਹਾਂ ਵਿੱਚੋਂ ਅੱਧਿਆਂ ਨੂੰ ਲੱਗ ਰਿਹਾ ਸੀ ਕਿ ਯੁੱਧ ਵਰਗੇ ਹਾਲਾਤ ਬਣੇ ਹੋਏ ਹਨ।"

ਰੂਸ ਦੇ ਕੁਝ ਲੋਕ ਸਭ ਦੇ ਸਾਹਮਣੇ ਸਰਕਾਰ ਦਾ ਵਿਰੋਧ ਕਰ ਰਹੇ ਹਨ। ਕੁਝ ਰੂਸੀ ਬੁੱਧੀਜੀਵੀਆਂ ਨੇ ਇੱਕ ਪਟੀਸ਼ਨ ਤੇ ਹਸਤਾਖ਼ਰ ਕੀਤੇ ਹਨ ਅਤੇ ਯੂਕਰੇਨ ਵਿੱਚ ਅਨੈਤਿਕ ਗੈਰ ਜ਼ਿੰਮੇਦਾਰ ਜੰਗ ਤੋਂ ਬਚਣ ਦੀ ਸਲਾਹ ਦਿੱਤੀ ਹੈ। ਇਨ੍ਹਾਂ ਦਾ ਇਹ ਵੀ ਦਾਅਵਾ ਹੈ ਕਿ ਰੂਸੀ ਅਪਰਾਧਿਕ ਦੁਰਸਾਹਸਵਾਦ ਦੇ ਬੰਧਕ ਬਣ ਗਏ ਹਨ।

ਪਟੀਸ਼ਨ ਵਿੱਚ ਆਪਣਾ ਨਾਮ ਦਰਜ ਕਰਾਉਣ ਵਾਲੇ ਪ੍ਰੋਫ਼ੈਸਰ ਇੰਦਵਈ ਜੁਕੋਵ ਨੇ ਆਖਿਆ ਕਿ ਰੂਸ ਵਿੱਚ ਲੋਕ ਆਪਣੀ ਸਰਕਾਰ, ਸੰਸਦ ਨੂੰ ਰੋਕਣ ਦੀ ਤਾਕਤ ਨਹੀਂ ਰੱਖਦੇ।

ਉਹ ਆਖਦੇ ਹਨ, "ਮੈਂ ਆਪਣੀ ਰਾਇ ਰੱਖਣ ਵਾਸਤੇ ਹਸਤਾਖਰ ਕੀਤੇ ਹਨ। ਮੈਂ ਰੂਸ ਦੇ ਸ਼ਾਸਕ ਵਰਗ ਤੋਂ ਆਪਣੇ ਆਪ ਨੂੰ ਦੂਰ ਕੀਤਾ ਹੈ। ਇਹ ਵਰਗ ਅੰਤਰਰਾਸ਼ਟਰੀ ਕਾਨੂੰਨਾਂ ਨੂੰ ਤੋੜ ਰਿਹਾ ਹੈ।"

ਪਰ ਪੁਤਿਨ ਦੇ ਰੂਸ ਵਿੱਚ ਸਮਰਥਕ ਵੀ ਮੌਜੂਦ ਹਨ।

ਸੋਵੀਅਤ ਆਰਮੀ ਦੇ ਇੱਕ ਸਾਬਕਾ ਕਮਾਂਡਰ ਅਲੈਕਸੀ ਆਖਦੇ ਹਨ, "ਇਕੱਲਾ ਯੂਕਰੇਨ ਨਹੀਂ ਜੋ ਰੂਸ ਵਿੱਚ ਵਾਪਸ ਆਵੇਗਾ। ਪੋਲੈਂਡ, ਬੁਲਗਾਰੀਆ ਅਤੇ ਹੰਗਰੀ ਵੀ ਆਉਣਗੇ। ਇਕ ਸਮੇਂ ਇਹ ਦੇਸ਼ ਵੀ ਸਾਡੇ ਨਾਲ ਸਨ।

ਅਲੈਕਸੀ ਨੂੰ 90 ਦੇ ਦਹਾਕੇ ਦੀ ਆਰਥਿਕ ਉਥਲ ਪੁਥਲ ਯਾਦ ਹੈ ਪਰ ਹੁਣ ਉਨ੍ਹਾਂ ਨੂੰ ਲੱਗਦਾ ਹੈ ਕਿ ਰੂਸ ਆਪਣੇ ਪੈਰਾਂ 'ਤੇ ਖੜ੍ਹਾ ਹੋ ਗਿਆ ਹੈ।

ਉਹ ਅੱਗੇ ਆਖਦੇ ਹਨ, "ਜਦੋਂ ਇੱਕ ਬੱਚਾ ਬਿਮਾਰ ਹੁੰਦਾ ਹੈ ਤਾਂ ਬਿਮਾਰੀ ਨਾਲ ਲੜਨ ਦੀ ਤਾਕਤ ਵਿਕਸਤ ਕਰ ਲੈਂਦਾ ਹੈ। 1990 ਦੌਰਾਨ ਰੂਸ ਇਸ ਬਿਮਾਰੀ ਤੋਂ ਪੀੜਤ ਸੀ। ਹੁਣ ਇਸ ਬਿਮਾਰੀ ਨੇ ਸਾਨੂੰ ਮਜ਼ਬੂਤ ਕਰ ਦਿੱਤਾ ਹੈ। ਸਾਨੂੰ ਨਾਟੋ ਨੂੰ ਦੂਰ ਜਾਣ ਲਈ ਮਨਾਉਣ ਦੀ ਲੋੜ ਨਹੀਂ ਹੈ। ਉਸ ਨੇ ਆਪ ਹੀ ਸਭ ਛੱਡ ਦੇਣਾ ਹੈ।"

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)