ਯੂਕਰੇਨ ਰੂਸ ਸੰਕਟ - ਨਾਟੋ ਕੀ ਹੈ ਅਤੇ ਰੂਸ ਇਸ ਉੱਤੇ ਭਰੋਸਾ ਕਿਉਂ ਨਹੀਂ ਕਰ ਰਿਹਾ

ਨਾਟੋ ਦੇ ਮੈਂਬਰ ਦੇਸ਼ ਇਸ ਗੱਲ 'ਤੇ ਵਿਚਾਰ ਕਰ ਰਹੇ ਹਨ ਕਿ ਰੂਸ ਵੱਲੋਂ ਯੂਕਰੇਨ 'ਤੇ ਹਮਲਾ ਕਰਨ ਦੀ ਹਾਲਤ ਵਿੱਚ ਉਨ੍ਹਾਂ ਨੂੰ ਕੀ ਕਰਨਾ ਚਾਹੀਦਾ ਹੈ।

ਅਮਰੀਕਾ, ਯੂਕੇ, ਫਰਾਂਸ ਅਤੇ ਜਰਮਨੀ ਵਾਲੇ ਗਠਜੋੜ ਦੇਸ਼ਾਂ ਨੇ ਰੂਸ ਦੀ ਸਰਹੱਦ 'ਤੇ ਫੌਜਾਂ ਨੂੰ ਭੇਜਿਆ ਹੈ ਅਤੇ ਕੁਝ ਦੇਸ਼ਾਂ ਨੇ ਯੂਕਰੇਨ ਨੂੰ ਫੌਜੀ ਮਦਦ ਦਿੱਤੀ ਹੈ।

ਨਾਟੋ ਕੀ ਹੈ?

ਨਾਟੋ - ਨੌਰਥ ਐਟਲਾਂਟਿਕ ਟਰੀਟੀ ਆਰਗੇਨਾਈਜ਼ੇਸ਼ਨ, ਇੱਕ ਮਿਲਟਰੀ ਗਠਜੋੜ ਹੈ, ਜਿਸ ਦੀ ਸਥਾਪਨਾ 12 ਦੇਸ਼ਾਂ ਨੇ 1949 ਵਿੱਚ ਕੀਤੀ ਸੀ, ਇਨ੍ਹਾ ਦੇਸ਼ਾਂ ਵਿੱਚ ਅਮਰੀਕਾ, ਕੈਨੇਡਾ, ਯੂਕੇ ਅਤੇ ਫਰਾਂਸ ਵੀ ਸਾਮਲ ਹਨ।

ਨਾਟੋ ਮੈਂਬਰ ਕਿਸੇ ਇੱਕ ਦੇਸ਼ ਵਿਰੁੱਧ ਹਥਿਆਰਬੰਦ ਹਮਲੇ ਦੀ ਸਥਿਤੀ ਵਿੱਚ ਇੱਕ-ਦੂਜੇ ਦੀ ਸਹਾਇਤਾ ਲਈ ਅੱਗੇ ਆਉਣ ਲਈ ਸਹਿਮਤ ਹੁੰਦੇ ਹਨ।

ਅਸਲ ਵਿੱਚ ਨਾਟੋ ਦਾ ਅਸਲ ਮਕਸਦ ਯੂਰਪ ਵਿੱਚ ਯੁੱਧ ਤੋਂ ਬਾਅਦ ਦੇ ਰੂਸੀ ਵਿਸਤਾਰ ਦੇ ਖ਼ਤਰੇ ਦਾ ਮੁਕਾਬਲਾ ਕਰਨਾ ਸੀ।

1955 ਵਿੱਚ ਸੋਵੀਅਤ ਰੂਸ ਨੇ ਪੂਰਬੀ ਯੂਰਪੀਅਨ ਕਮਿਊਨਿਸਟ ਦੇਸ਼ਾਂ ਦਾ ਆਪਣਾ ਫੌਜੀ ਗਠਜੋੜ ਬਣਾ ਕੇ ਨਾਟੋ ਨੂੰ ਜਵਾਬ ਦਿੱਤਾ ਅਤੇ ਇਸ ਨੂੰ ਵਾਰਸਾ ਪੈਕਟ ਕਿਹਾ ਜਾਂਦਾ ਹੈ।

1991 ਵਿੱਚ ਸੋਵੀਅਤ ਸੰਘ ਦੇ ਟੁੱਟਣ ਤੋਂ ਬਾਅਦ, ਕਈ ਵਾਰਸਾ ਪੈਕਟ ਦੇਸ਼ ਨਾਟੋ ਮੈਂਬਰ ਬਣ ਗਏ। ਨਾਟੋ ਦੇ ਇਸ ਵੇਲੇ 30 ਦੇਸ਼ ਮੈਂਬਰ ਹਨ।

ਇਹ ਵੀ ਪੜ੍ਹੋ:

ਰੂਸ ਦਾ ਨਾਟੋ ਅਤੇ ਯੂਕਰੇਨ ਨਾਲ ਤਾਜ਼ਾ ਮਸਲਾ ਕੀ ਹੈ?

ਯੂਕਰੇਨ ਇੱਕ ਸਾਬਕਾ ਸੋਵੀਅਤ ਗਣਰਾਜ ਹੈ, ਜੋ ਰੂਸ ਅਤੇ ਯੂਰਪੀ ਸੰਘ ਦੀਆਂ ਸਰਹੱਦ ਨਾਲ ਲੱਗਦਾ ਹੈ।

ਇਹ ਨਾਟੋ ਦਾ ਮੈਂਬਰ ਨਹੀਂ ਹੈ, ਪਰ ਇਹ ਇੱਕ "ਭਾਈਵਾਲ ਦੇਸ਼" ਹੈ। ਇਸ ਦਾ ਮਤਲਬ ਹੈ ਕਿ ਇਹ ਹੈ ਕਿ ਯੂਕਰੇਨ ਨੂੰ ਭਵਿੱਖ ਵਿੱਚ ਕਿਸੇ ਸਮੇਂ ਗਠਜੋੜ ਵਿੱਚ ਸ਼ਾਮਲ ਹੋਣ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ।

ਰੂਸ ਪੱਛਮੀ ਸ਼ਕਤੀਆਂ (ਦੇਸ਼ਾਂ) ਤੋਂ ਭਰੋਸਾ ਚਾਹੁੰਦਾ ਹੈ ਕਿ ਅਜਿਹਾ ਕਦੇ ਨਹੀਂ ਹੋਵੇਗਾ।

ਹਾਲਾਂਕਿ, ਅਮਰੀਕਾ ਅਤੇ ਇਸਦੇ ਸਹਿਯੋਗੀ ਨਾਟੋ ਤੋਂ ਯੂਕਰੇਨ ਦੇ ਦਾਖਲੇ ਨੂੰ ਰੋਕਣ ਤੋਂ ਇਹ ਕਹਿੰਦੇ ਹੋਏ ਇਨਕਾਰ ਕਰ ਰਹੇ ਹਨ ਕਿ ਇੱਕ ਪ੍ਰਭੂਸੱਤਾ ਸੰਪੰਨ ਰਾਸ਼ਟਰ ਹੋਣ ਦੇ ਨਾਤੇ ਇਸ ਨੂੰ ਆਪਣੇ ਸੁਰੱਖਿਆ ਗਠਜੋੜ ਬਾਰੇ ਫੈਸਲਾ ਕਰਨ ਲਈ ਸੁਤੰਤਰ ਹੋਣਾ ਚਾਹੀਦਾ ਹੈ।

ਯੂਕੇ ਵਿੱਚ ਯੂਕਰੇਨ ਦੇ ਰਾਜਦੂਤ ਵੈਡਿਮ ਪ੍ਰਿਸਟਿਕ ਨੇ ਹਾਲ ਹੀ ਵਿੱਚ ਸੁਝਾਅ ਦਿੱਤਾ ਕਿ ਯੂਕਰੇਨ ਪੱਛਮੀ ਫੌਜੀ ਗਠਜੋੜ ਵਿੱਚ ਸ਼ਾਮਲ ਹੋਣ ਦੇ ਆਪਣੇ ਟੀਚੇ ਪ੍ਰਤੀ "ਲਚਕੀਲਾ" ਹੋਣ ਲਈ ਤਿਆਰ ਹੈ।

ਹਾਲਾਂਕਿ, ਰਾਸ਼ਟਰਪਤੀ ਵੋਲਾਦੀਮੀਰ ਦੇ ਪਤਿਨ ਦੇ ਬੁਲਾਰੇ ਨੇ ਉਸ ਦਾ ਖੰਡਨ ਕਰਦੇ ਹੋਏ ਕਿਹਾ ਕਿ ਯੂਕਰੇਨ ਨਾਟੋ ਅਤੇ ਯੂਰਪੀ ਸੰਘ ਵਿੱਚ ਸ਼ਾਮਲ ਹੋਣ ਦੀਆਂ ਆਪਣੀਆਂ ਇੱਛਾਵਾਂ ਲਈ ਵਚਨਬੱਧ ਹੈ, ਜਿਵੇਂ ਕਿ ਇਸ ਦੇ ਸੰਵਿਧਾਨ ਵਿੱਚ ਨਿਰਧਾਰਤ ਕੀਤਾ ਗਿਆ ਹੈ।

ਰੂਸ ਦੇ ਹੋਰ ਕੀ ਫ਼ਿਕਰ ਹਨ?

ਰਾਸ਼ਟਰਪਤੀ ਪੁਤਿਨ ਦਾ ਦਾਅਵਾ ਹੈ ਕਿ ਪੱਛਮੀ ਸ਼ਕਤੀਆਂ ਗਠਜੋੜ ਦੀ ਵਰਤੋਂ ਰੂਸ ਨੂੰ ਘੇਰਨ ਲਈ ਕਰ ਰਹੀਆਂ ਹਨ ਅਤੇ ਉਹ ਚਾਹੁੰਦੇ ਹਨ ਕਿ ਨਾਟੋ ਪੂਰਬੀ ਯੂਰਪ ਵਿੱਚ ਆਪਣੀਆਂ ਫੌਜੀ ਗਤੀਵਿਧੀਆਂ ਨੂੰ ਬੰਦ ਕਰੇ।

ਉਨ੍ਹਾਂ ਨੇ ਲੰਬੇ ਸਮੇਂ ਤੋਂ ਦਲੀਲ ਦਿੱਤੀ ਹੈ ਕਿ ਅਮਰੀਕਾ ਨੇ 1990 ਵਿੱਚ ਕੀਤੀ ਇੱਕ ਗਾਰੰਟੀ ਨੂੰ ਤੋੜ ਦਿੱਤਾ ਸੀ ਕਿ ਨਾਟੋ ਪੂਰਬ ਵੱਲ ਨਹੀਂ ਵਧੇਗਾ।

ਨਾਟੋ ਰੂਸ ਦੇ ਦਾਅਵਿਆਂ ਨੂੰ ਰੱਦ ਕਰਦਾ ਹੈ ਅਤੇ ਕਹਿੰਦਾ ਹੈ ਕਿ ਇਸ ਦੇ ਬਹੁਤ ਘੱਟ ਮੈਂਬਰ ਰੂਸ ਨਾਲ ਸਰਹੱਦਾਂ ਸਾਂਝੀਆਂ ਕਰਦੇ ਹਨ ਅਤੇ ਇਹ ਇੱਕ ਰੱਖਿਆਤਮਕ ਗਠਜੋੜ ਹੈ।

ਨਾਟੋ ਨੇ ਰੂਸ ਅਤੇ ਯੂਕਰੇਨ ਬਾਰੇ ਅਤੀਤ ਵਿੱਚ ਕੀ ਕੀਤਾ ਹੈ?

ਜਦੋਂ 2014 ਦੇ ਸ਼ੁਰੂ ਵਿੱਚ ਯੂਕਰੇਨ ਦੇ ਲੋਕਾਂ ਨੇ ਆਪਣੇ ਰੂਸ ਪੱਖੀ ਰਾਸ਼ਟਰਪਤੀ ਨੂੰ ਅਹੁਦੇ ਤੋਂ ਹਟਾ ਦਿੱਤਾ ਤਾਂ ਰੂਸ ਨੇ ਯੂਕਰੇਨ ਦੇ ਦੱਖਣੀ ਕ੍ਰੀਮੀਆਈ ਪ੍ਰਾਇਦੀਪ ਨੂੰ ਆਪਣੇ ਨਾਲ ਮਿਲਾ ਲਿਆ।

ਇਸ ਨੇ ਰੂਸ ਪੱਖੀ ਵੱਖਵਾਦੀਆਂ ਦਾ ਵੀ ਸਮਰਥਨ ਕੀਤਾ, ਜਿਨ੍ਹਾਂ ਨੇ ਪੂਰਬੀ ਯੂਕਰੇਨ ਦੇ ਵੱਡੇ ਹਿੱਸੇ 'ਤੇ ਕਬਜ਼ਾ ਕਰ ਲਿਆ।

ਨਾਟੋ ਨੇ ਦਖਲ ਨਹੀਂ ਦਿੱਤਾ, ਪਰ ਇਸ ਨੇ ਪਹਿਲੀ ਵਾਰ ਕਈ ਪੂਰਬੀ ਯੂਰਪੀਅਨ ਦੇਸ਼ਾਂ ਵਿੱਚ ਸਹਿਯੋਗੀ ਫੌਜਾਂ ਨੂੰ ਲਗਾ ਕੇ ਜਵਾਬ ਦਿੱਤਾ। ਜੇ ਰੂਸ ਨਾਟੋ ਦੇ ਖੇਤਰ 'ਤੇ ਹਮਲਾ ਕਰਦਾ ਹੈ ਤਾਂ ਇਹ ਫੌਜਾਂ "ਟ੍ਰਿਪਵਾਇਰ" ਹੋਣ ਲਈ ਤਿਆਰ ਕੀਤੀਆਂ ਗਈਆਂ ਹਨ।

ਇਸ ਵਿੱਚ ਐਸਟੋਨੀਆ, ਲਾਤਵੀਆ, ਲਿਥੁਆਨੀਆ ਅਤੇ ਪੋਲੈਂਡ ਵਿੱਚ ਚਾਰ ਬਹੁ-ਰਾਸ਼ਟਰੀ ਬਟਾਲੀਅਨ-ਆਕਾਰ ਦੇ ਲੜਾਈ ਸਮੂਹ ਹਨ ਅਤੇ ਰੋਮਾਨੀਆ ਵਿੱਚ ਇੱਕ ਬਹੁ-ਰਾਸ਼ਟਰੀ ਬ੍ਰਿਗੇਡ ਹੈ।

ਇਸ ਨੇ ਮੈਂਬਰ ਦੇਸ਼ਾਂ ਦੀਆਂ ਸਰਹੱਦਾਂ ਦੀ ਉਲੰਘਣਾ ਕਰਨ ਵਾਲੇ ਕਿਸੇ ਵੀ ਰੂਸੀ ਜਹਾਜ਼ ਨੂੰ ਰੋਕਣ ਲਈ ਬਾਲਟਿਕ ਰਾਜਾਂ ਅਤੇ ਪੂਰਬੀ ਯੂਰਪ ਵਿੱਚ ਆਪਣੀ ਹਵਾਈ ਪੁਲਿਸਿੰਗ ਦਾ ਵਿਸਥਾਰ ਵੀ ਕੀਤਾ ਹੈ।

ਰੂਸ ਨੇ ਕਿਹਾ ਹੈ ਕਿ ਉਹ ਇਨ੍ਹਾਂ ਫੌਜਾਂ ਨੂੰ ਬਾਹਰ ਕਰਨਾ ਚਾਹੁੰਦਾ ਹੈ।

ਨਾਟੋ ਨੇ ਯੂਕਰੇਨ ਨੂੰ ਕਿਹੜੇ ਵਚਨ ਦਿੱਤੇ ਹਨ?

ਅਮਰੀਕਾ ਨੇ ਨਾਟੋ ਦੀਆਂ ਪੂਰਬੀ ਸਰਹੱਦਾਂ ਨੂੰ ਮਜ਼ਬੂਤ ਕਰਨ ਲਈ ਪੋਲੈਂਡ ਅਤੇ ਰੋਮਾਨੀਆ ਵਿੱਚ ਲਗਭਗ 3,000 ਵਾਧੂ ਫੌਜੀ ਭੇਜੇ ਹਨ ਅਤੇ ਹੋਰ 8,500 ਲੜਾਕੂ-ਤਿਆਰ ਫੌਜੀਆਂ ਨੂੰ ਅਲਰਟ 'ਤੇ ਰੱਖਿਆ ਹੈ।

(ਖੁਦ ਯੂਕਰੇਨ ਵਿੱਚ ਫੌਜ ਤਾਇਨਾਤ ਕਰਨ ਦੀ ਕੋਈ ਯੋਜਨਾ ਨਹੀਂ ਹੈ)।

ਅਮਰੀਕਾ ਨੇ ਜੈਵਲਿਨ ਐਂਟੀ-ਟੈਂਕ ਮਿਜ਼ਾਈਲਾਂ ਅਤੇ ਸਟਿੰਗਰ ਐਂਟੀ-ਏਅਰਕ੍ਰਾਫਟ ਮਿਜ਼ਾਈਲਾਂ ਸਮੇਤ 200 ਮਿਲੀਅਨ ਡਾਲਰ ਦੇ ਹਥਿਆਰ ਵੀ ਭੇਜੇ ਹਨ।

ਇਸ ਦੇ ਨਾਲ ਹੀ ਹੋਰ ਨਾਟੋ ਦੇਸ਼ਾਂ ਨੂੰ ਯੂਕਰੇਨ ਨੂੰ ਅਮਰੀਕਾ ਵੱਲੋਂ ਬਣਾਏ ਹਥਿਆਰਾਂ ਦੀ ਸਪਲਾਈ ਕਰਨ ਦੀ ਇਜਾਜ਼ਤ ਦਿੱਤੀ ਹੈ।

ਯੂਕੇ ਨੇ ਯੂਕਰੇਨ ਨੂੰ 2,000 ਛੋਟੀ ਦੂਰੀ ਦੀਆਂ ਟੈਂਕ ਵਿਰੋਧੀ ਮਿਜ਼ਾਈਲਾਂ ਦੀ ਸਪਲਾਈ ਕੀਤੀ ਹੈ, ਪੋਲੈਂਡ ਵਿੱਚ 350 ਹੋਰ ਫੌਜੀ ਭੇਜੇ ਹਨ ਅਤੇ 900 ਵਾਧੂ ਫੌਜੀਆਂ ਨਾਲ ਐਸਟੋਨੀਆ ਵਿੱਚ ਆਪਣੀ ਤਾਕਤ ਦੁੱਗਣੀ ਕਰ ਦਿੱਤੀ ਹੈ।

ਯੂਕੇ ਨੇ ਨਾਟੋ ਜੰਗੀ ਜਹਾਜ਼ਾਂ ਦੇ ਨਾਲ ਪੂਰਬੀ ਮੈਡੀਟੇਰੀਅਨ ਵਿੱਚ ਗਸ਼ਤ ਕਰਨ ਲਈ ਦੱਖਣੀ ਯੂਰਪ ਵਿੱਚ ਹੋਰ ਆਰਏਐਫ ਜੈੱਟ ਅਤੇ ਇੱਕ ਰਾਇਲ ਨੇਵੀ ਜਹਾਜ਼ ਭੇਜਿਆ ਹੈ।

ਇਸ ਦੇ ਨਾਲ ਹੀ ਯੂਕਰੇਨ 'ਤੇ ਰੂਸੀ ਹਮਲੇ ਕਾਰਨ ਪੈਦਾ ਹੋਏ ਮਨੁੱਖੀ ਸੰਕਟ ਦੀ ਸਥਿਤੀ ਵਿੱਚ ਸਹਾਇਤਾ ਪ੍ਰਦਾਨ ਕਰਨ ਲਈ 1,000 ਫੌਜੀਆਂ ਨੂੰ ਤਿਆਰ ਰਹਿਣ ਦਾ ਹੁਕਮ ਦਿੱਤਾ ਹੈ।

ਡੈਨਮਾਰਕ, ਸਪੇਨ, ਫਰਾਂਸ ਅਤੇ ਨੀਦਰਲੈਂਡਜ਼ ਨੇ ਵੀ ਪੂਰਬੀ ਯੂਰਪ ਅਤੇ ਪੂਰਬੀ ਮੈਡੀਟੇਰੀਅਨ ਨੂੰ ਲੜਾਕੂ ਜਹਾਜ਼ ਅਤੇ ਜੰਗੀ ਜਹਾਜ਼ ਭੇਜੇ ਹਨ।

ਫਰਾਂਸ ਦੀ ਰੋਮਾਨੀਆ ਵਿੱਚ ਇੱਕ ਨਾਟੋ ਲੜਾਈ ਸਮੂਹ ਦੀ ਅਗਵਾਈ ਕਰਨ ਅਤੇ ਉੱਥੇ ਫੌਜੀ ਭੇਜਣ ਦੀ ਯੋਜਨਾ ਹੈ, ਪਰ ਨਾਟੋ ਦਾ ਕਹਿਣਾ ਹੈ ਕਿ ਪੇਚੀਦਗੀਆਂ ਨੂੰ ਸੁਲਝਾਉਣ ਵਿੱਚ ਕਈ ਹਫ਼ਤੇ ਹੋਰ ਲੱਗਣਗੇ।

ਕੀ ਭਾਰਤ ਨਾਟੋ ਮੈਂਬਰ ਹੈ?

ਇਹ ਇੱਕ ਯੂਰਪੀ ਦੇਸਾਂ ਦਾ ਫ਼ੌਜੀ ਸੰਗਠਨ ਹੈ ਅਤੇ ਇਸ ਵਿੱਚ ਭੂਗੋਲਿਕ ਸਥਿਤੀ ਦੇ ਹਿਸਾਬ ਨਾਲ ਰਣਨੀਤਿਕ ਸ਼ਕਤੀ ਨੂੰ ਵਧਾਉਣ ਲਈ ਦੇਸ ਜੋੜੇ ਜਾਂਦੇ ਹਨ।

ਆਪਣੀ ਭੂਗੋਲਿਕ ਸਥਿਤੀ ਅਤੇ ਕੂਟਨਿਤਿਕ ਕਾਰਨਾਂ ਕਰਕੇ ਭਾਰਤ ਨਾਟੋ ਦਾ ਮੈਂਬਰ ਨਹੀਂ ਹੈ। ਅਸਲ ਵਿੱਚ ਕੋਈ ਵੀ ਏਸ਼ੀਆਈ ਦੇਸ ਨਾਟੋ ਦਾ ਮੈਂਬਰ ਨਹੀਂ ਹੈ।

ਇਹ ਵੀ ਪੜ੍ਹੋ:

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)