ਯੂਕਰੇਨ - ਰੂਸ ਸੰਕਟ ਨੂੰ ਸੁਲਝਾਉਣ ਦੀਆਂ ਇਹ ਕੋਸ਼ਿਸ਼ਾਂ ਹੋ ਰਹੀਆਂ ਹਨ, ਜਾਣੋ ਵਿਵਾਦ ਦੇ ਅਹਿਮ ਕਾਰਨ

    • ਲੇਖਕ, ਪੌਲ ਕਿਰਬੀ
    • ਰੋਲ, ਬੀਬੀਸੀ ਪੱਤਰਕਾਰ

ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਯੂਕਰੇਨ ਸੰਕਟ ਨੂੰ ਲੈ ਕੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਇੱਕ ਕਾਨਫਰੰਸ ਦੇ ਲਈ 'ਸਿਧਾਂਤਿਕ' ਤੌਰ ਉੱਤੇ ਸਹਿਮਤ ਹੋ ਗਏ ਹਨ।

ਵ੍ਹਾਈਟ ਹਾਊਸ ਨੇ ਕਿਹਾ ਹੈ ਫਰਾਂਸ ਵੱਲੋਂ ਇਹ ਕਾਨਫਰੰਸ ਤਾਂ ਹੀ ਹੋਵੇਗੀ ਜੇ ਰੂਸ ਯੂਕਰੇਨ ਉੱਤੇ ਹਮਲਾ ਨਹੀਂ ਕਰੇਗਾ।

ਉਮੀਦ ਕੀਤੀ ਜਾ ਰਹੀ ਹੈ ਕਿ ਇਸ ਕਾਨਫਰੰਸ ਰਾਹੀਂ ਯੂਰਪ ਦੇ ਸਭ ਤੋਂ ਵੱਡੇ ਸੁਰੱਖਿਆ ਸੰਕਟਾਂ ਵਿੱਚੋਂ ਇੱਕ ਦਾ ਕੂਟਨੀਤਕ ਹੱਲ ਲੱਭਣ ਵਿੱਚ ਮਦਦ ਮਿਲ ਸਕਦੀ ਹੈ।

ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਇਸ ਗੱਲ ਤੋਂ ਲਗਾਤਾਰ ਇਨਕਾਰ ਕਰਦੇ ਆਏ ਹਨ ਕਿ ਉਨ੍ਹਾਂ ਦੀ ਯੂਕਰੇਨ ਉੱਤੇ ਹਮਲਾ ਕਰਨ ਦੀ ਕੋਈ ਮੰਸ਼ਾ ਹੈ, ਪਰ ਖੂਫ਼ੀਆ ਏਜੰਸੀਆਂ ਦੀ ਜਾਣਕਾਰੀ ਦੇ ਆਧਾਰ ਉੱਤੇ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਦਾ ਇਹ ਮੰਨਣਾ ਹੈ ਕਿ ਰੂਸ ਦੇ ਰਾਸ਼ਟਰਪਤੀ ਪੁਤਿਨ ਆਪਣੇ ਗੁਆਂਢੀ ਉੱਤੇ ਹਮਲਾ ਕਰਨ ਲਈ ਦ੍ਰਿੜ ਹਨ।

ਇੱਕ ਅੰਦਾਜ਼ੇ ਮੁਤਾਬਕ ਲਗਭਗ ਡੇਢ ਲੱਖ ਰੂਸੀ ਫੌਜੀ ਯੂਕਰੇਨ ਦੀਆਂ ਸਰਹੱਦਾਂ ਨੇੜੇ ਤਾਇਨਾਤ ਹਨ।

ਇਹ ਵੀ ਪੜ੍ਹੋ:

ਹਮਲੇ ਦੀ ਧਮਕੀ ਕਿੰਨੀ ਗੰਭੀਰ ਹੈ?

ਕਈ ਮਹੀਨਿਆਂ ਤੱਕ ਤਾਂ ਅਮਰੀਕਾ ਇਹ ਕਹਿੰਦਾ ਰਿਹਾ ਕਿ ਉਹ ਨਹੀਂ ਮੰਨਦੇ ਕਿ ਰੂਸ ਨੇ ਆਪਣਾ ਪੱਕਾ ਫ਼ੈਸਲਾ ਕਰ ਲਿਆ ਹੈ, ਪਰ 18 ਫਰਵਰੀ ਨੂੰ ਸਭ ਕੁਝ ਬਦਲ ਗਿਆ ਅਤੇ ਅਮਰੀਕੀ ਰਾਸ਼ਟਰਪਤੀ ਬਾਇਡਨ ਨੇ ਕਿਹਾ ਕਿ ਉਨ੍ਹਾਂ ਨੂੰ ''ਹੁਣ ਵਿਸ਼ਵਾਸ ਹੈ ਕਿ ਪੁਤਿਨ ਨੇ ਆਉਣ ਵਾਲੇ ਕੁਝ ਦਿਨਾਂ ਵਿੱਚ ਹਮਲੇ ਦਾ ਫ਼ੈਸਲਾ ਕੀਤਾ ਹੈ।''

ਹਾਲਾਂਕਿ ਰੂਸੀ ਰਾਸ਼ਟਰਪਤੀ ਨੇ ਇਹ ਦੋਹਰਾਇਆ ਕਿ ਉਨ੍ਹਾਂ ਦਾ 4 ਕਰੋੜ 40 ਲੱਖ ਦੀ ਆਬਾਦੀ ਵਾਲੇ ਆਪਣੇ ਗੁਆਂਢੀ ਯੂਕਰੇਨ ਉੱਤੇ ਹਮਲੇ ਦਾ ਕੋਈ ਪਲਾਨ ਨਹੀਂ ਹੈ।

ਪਰ ਸਾਲ 2014 ਵਿੱਚ ਰੂਸ ਅਜਿਹਾ ਕਰ ਚੁੱਕਿਆ ਹੈ ਜਦੋਂ ਚੀਨ ਨੂੰ ਸੀਜ਼ ਕੀਤਾ ਸੀ।

ਰੂਸ ਨੇ ਸਰਹੱਦ ਉੱਤੇ ਕਿਹੜੀਆਂ ਤਾਕਤਾਂ ਇਕੱਠੀਆਂ ਕੀਤੀਆਂ ਹਨ?

ਅਮਰੀਕਾ ਮੁਤਾਬਕ, ਰੂਸ ਨੇ ਆਪਣੇ ਡੇਢ ਲੱਖ ਤੋਂ ਵੀ ਵੱਧ ਫੌਜੀਆਂ ਨੂੰ ਯੂਕਰੇਨ ਦੀਆਂ ਰੂਸ ਅਤੇ ਬੇਲਾਰੂਸ ਨਾਲ ਲੱਗਦੀਆਂ ਸਰਹੱਦਾਂ ਨੇੜੇ ਤਾਇਨਾਤ ਕੀਤਾ ਹੈ।

ਅਮਰੀਕੀ ਰੱਖਿਆ ਮਹਿਕਮੇ ਦੇ ਅਧਿਕਾਰੀ ਨੇ ਕਿਹਾ ਕਿ ''40 ਤੋਂ 50 ਫੀਸਦੀ ਫੌਜਾਂ ਹਮਲੇ ਦੀ ਸਥਿਤੀ ਵਿੱਚ ਹਨ।''

ਰੂਸ ਨੇ ਇਸ ਦਾ ਸਪੱਸ਼ਟੀਕਰਨ ਦਿੰਦਿਆਂ ਕਿਹਾ ਹੈ ਕਿ ''ਫੌਜੀਆਂ ਦੀ ਮੌਜੂਦਗੀ ਉੱਥੇ ਫੌਜ ਦੇ ਅਭਿਆਸਾਂ ਲਈ ਹੈ।''

ਰੂਸ ਇਹ ਵੀ ਕਹਿੰਦਾ ਹੈ ਕਿ ਉਸ ਨੇ ਕੁਝ ਫੌਜੀਆਂ ਦੀਆਂ ਯੂਨਿਟਾਂ ਨੂੰ ਉੱਥੋਂ ਹਟਾ ਲਿਆ ਹੈ।

ਉੱਧਰ ਨਾਟੋ ਰੂਸ ਵੱਲੋਂ ''ਫੌਜ ਦੀ ਗਿਣਤੀ ਘੱਟ ਹੋਣ ਦੀ ਕਿਸੇ ਗੱਲ ਦੀ ਪੁਸ਼ਟੀ ਨਹੀਂ ਕਰਦਾ'', ਸਗੋਂ ਕਹਿੰਦਾ ਹੈ ਕਿ ''ਵੱਡੀ ਗਿਣਤੀ ਵਿੱਚ ਫੋਰਸ ਹੈ'' ਜੋ ਕ੍ਰੀਮੀਆ ਤੋਂ ਬੇਲਾਰੂਸ ਤੱਕ ਹਮਲਾ ਕਰਨ ਲਈ ਤਿਆਰ ਹੈ।

ਰੂਸ ਦਾ ਗੁਆਂਢੀ ਮੁਲਕ ਯੂਕਰੇਨ ਨਾਲ ਤਣਾਅ ਕਿਉਂ ਹੈ?

16,376,870 ਖੇਤਰਫਲ ਵਾਲਾ ਰੂਸ ਯਾਨਿ ਕਿ ਦੁਨੀਆ ਦੇ ਖੇਤਰਫਲ ਦਾ 11 % ਹਿੱਸੇ ਵਾਲਾ ਦੇਸ ਹੈ। ਜਦੋਂਕਿ ਯੂਕਰੇਨ ਇਸ ਦੇ ਮੁਕਾਬਲੇ ਬੇਹੱਦ ਛੋਟਾ ਹੈ। ਯੂਕਰੇਨ ਦਾ ਖੇਤਰਫਲ 5,79,320 ਹੈ ਜੋ ਕਿ ਦੁਨੀਆ ਦੇ ਖੇਤਰਫਲ ਦਾ 0.38% ਹੈ, ਤਾਂ ਸਵਾਲ ਇਹ ਖੜ੍ਹਾ ਹੁੰਦਾ ਹੈ ਕਿ 10.6 ਗੁਣਾ ਛੋਟੇ ਦੇਸ ਯੂਕਰੇਨ ਦੇ ਨਾਲ ਲੜਨ ਦੇ ਕੰਢੇ 'ਤੇ ਕਿਉਂ ਹੈ ਰੂਸ?

ਕ੍ਰੀਮੀਆ ਦੇ ਨੇੜੇ ਸਮੁੰਦਰ ਵਿੱਚ ਰੂਸ ਨੇ 2014 ਵਿੱਚ ਕਬਜ਼ਾ ਕੀਤਾ ਸੀ। ਮੌਜੂਦਾ ਤਣਾਅ ਕ੍ਰੀਮੀਆ ਅਤੇ ਰੂਸ ਵਿਚਾਲੇ ਪੈਣ ਵਾਲੇ 'ਕਰਚ ਸਟਰੇਟ' ਨੂੰ ਲੈ ਕੇ ਹੈ ਜੋ ਇੱਕ ਤੰਗ ਜਲਮਾਰਗ ਹੈ।

ਲੜਾਈ ਤੋਂ ਬਾਅਦ ਰੂਸ ਨੇ 'ਕਰਚ ਸਟਰੇਟ' ਦੇ ਅਹਿਮ ਰਾਹ 'ਤੇ ਆਪਣੇ ਟੈਂਕਰ ਖੜ੍ਹੇ ਕਰਕੇ ਪਾਣੀ ਦੇ ਰਾਹ ਨੂੰ ਬੰਦ ਕਰ ਦਿੱਤਾ।

ਯੂਕਰੇਨ ਨੇ ਇਸ ਨੂੰ ਰੂਸ ਦੀ ਹਮਲਾਵਰ ਹਰਕਤ ਕਰਾਰ ਦਿੱਤਾ। ਹਾਲਾਂਕਿ ਰੂਸ ਦਾ ਕਹਿਣਾ ਸੀ ਕਿ ਇਹ ਬੇੜੀਆਂ ਗੈਰ-ਕਾਨੂੰਨੀ ਤਰੀਕੇ ਨਾਲ ਉਨ੍ਹਾਂ ਦੀ ਸਰਹੱਦ ਵਿੱਚ ਆ ਗਈਆਂ ਸਨ। ਯੂਕਰੇਨ ਦਾ ਕਹਿਣਾ ਹੈ ਕਿ ਉਸ ਨੇ ਰੂਸ ਨੂੰ ਇਸ ਬਾਰੇ ਪਹਿਲਾਂ ਤੋਂ ਜਾਣਕਾਰੀ ਦਿੱਤੀ ਹੈ।

ਸਾਲ 2003 ਵਿੱਚ ਰੂਸ ਅਤੇ ਯੂਕਰੇਨ ਵਿਚਾਲੇ ਇੱਕ ਸਮਝੌਤਾ ਹੋਇਆ ਸੀ, ਜਿਸ ਦੇ ਤਹਿਤ ਕਰਚ ਦੇ ਤੰਗ ਸਮੁੰਦਰੀ ਰਾਹ ਅਤੇ ਅਜ਼ੋਵ ਸਮੁੰਦਰ ਵਿਚਾਲੇ ਜਲ ਸਰਹੱਦਾਂ ਵੰਡ ਦਿੱਤੀਆਂ ਗਈਆਂ ਸਨ।

ਸਾਲ 2014 ਦੇ ਮਾਰਚ ਮਹੀਨੇ ਵਿੱਚ ਯੂਕਰੇਨੀਅਨ ਖੇਤਰ ਕ੍ਰੀਮੀਆ ’ਤੇ ਰੂਸ ਨੇ ਕਬਜ਼ਾ ਕਰ ਲਿਆ ਸੀ। ਇਸ ਤੋਂ ਬਾਅਦ ਯੂਕਰੇਨ ਅਤੇ ਰੂਸ ਵਿਚਾਲੇ ਰਿਸ਼ਤੇ ਤਿੱਖੇ ਰਹੇ ਹਨ।

ਯੂਐੱਨ ਦਾ ਕਹਿਣਾ ਹੈ ਕਿ ਇਸ ਸੰਘਰਸ਼ ਕਾਰਨ ਦੋਨਿਯੇਤਸਕ ਅਤੇ ਲੁਹਾਨਸਕ ਇਲਾਕੇ ਵਿੱਚ ਹੁਣ ਤੱਕ ਦੱਸ ਹਜ਼ਾਰ ਤੋਂ ਵੱਧ ਲੋਕ ਮਾਰੇ ਗਏ ਹਨ।

ਯੂਕਰੇਨ ਰੂਸ 'ਤੇ ਆਪਣੇ ਪੂਰਬੀ ਖੇਤਰ ਵਿੱਚ ਫੌਜ ਭੇਜ ਕੇ ਵੱਖਵਾਦੀਆਂ ਨੂੰ ਤਿਆਰ ਕਰਨ ਦਾ ਇਲਜ਼ਾਮ ਲਾਉਂਦਾ ਰਿਹਾ ਹੈ। ਰੂਸ ਇਸ ਇਲਜ਼ਾਮ ਦਾ ਖੰਡਨ ਕਰਦਾ ਹੈ ਪਰ ਇਹ ਮਨਜ਼ੂਰ ਕਰਦਾ ਹੈ ਕਿ ਰੂਸੀ ਸਵੈਸੇਵਕ ਬਾਗੀਆਂ ਦੀ ਮਦਦ ਕਰ ਰਿਹਾ ਹੈ।

ਰੂਸ ਅਤੇ ਕ੍ਰੀਮੀਆ ਸਮੁੰਦਰ ਦੇ ਰਾਹ ਤੋਂ ਇੱਕ-ਦੂਜੇ ਨਾਲ ਜੁੜੇ ਹੋਏ ਹਨ ਅਤੇ ਇਸ ਕਾਰਨ ਦੋਹਾਂ ਲਈ ਕਰਚ ਜਲਮਾਰਗ ਬੇਹੱਦ ਅਹਿਮ ਹੈ। ਹਾਲ ਦੇ ਸਾਲਾਂ ਵਿੱਚ ਰੂਸ ਇਸ ਰਾਹ ਤੋਂ ਲੰਘਣ ਵਾਲੇ ਯੂਕਰੇਨੀਆਈ ਜਹਾਜ਼ਾਂ ਦੀ ਜਾਂਚ ਕਰਦਾ ਰਿਹਾ ਹੈ।

ਰੂਸ ਦੀ ਦਲੀਲ ਹੈ ਕਿ ਸੁਰੱਖਿਆ ਕਾਰਨਾਂ ਕਰਕੇ ਇਹ ਜ਼ਰੂਰੀ ਹੈ। ਯੂਕਰੇਨ ਦੇ ਰਾਸ਼ਟਰਪਤੀ ਪੈਟਰੋ ਪੋਰਸੈਨਕੋ ਇਸ ਦਲੀਲ ਨੂੰ ਖਾਰਿਜ ਕਰਦੇ ਹਨ ਅਤੇ ਕਹਿੰਦੇ ਹਨ ਕਿ ਇਸ ਕਾਰਨ ਉਨ੍ਹਾਂ ਦੇ ਦੇਸ ਦੀ ਵਿੱਤੀ ਹਾਲਤ 'ਤੇ ਨਕਾਰਾਤਮਕ ਅਸਰ ਪਿਆ ਹੈ।

ਦੋਹਾਂ ਵਿਚਾਲੇ ਵਿਵਾਦ ਕੋਲਡ ਵਾਰ ਤੋਂ ਬਾਅਦ 2014 ਵਿੱਚ ਸ਼ੁਰੂ ਹੋਇਆ। ਰੂਸੀ ਸਮਰਥਨ ਹਾਸਿਲ ਯੂਕਰੇਨੀਆਈ ਰਾਸ਼ਟਰਪਤੀ ਵਿਕਟਰ ਯਾਨੁਕੋਵਿਚ ਦੇ ਖਿਲਾਫ਼ ਦੇਸ ਦੀ ਰਾਜਧਾਨੀ ਕੀਵ ਵਿੱਚ ਹਿੰਸਕ ਮੁਜ਼ਾਹਰੇ ਹੋਏ।

ਇਸ ਤੋਂ ਬਾਅਦ ਰੂਸ ਸਮਰਥਿਤ ਫੌਜ ਨੇ ਕ੍ਰੀਮੀਆਈ ਪ੍ਰਾਇਦੀਪ 'ਤੇ ਕਬਜ਼ਾ ਕਰ ਲਿਆ। ਕ੍ਰੀਮੀਆ ਵਿੱਚ ਰਹਿਣ ਵਾਲੇ ਜ਼ਿਆਦਾਤਰ ਲੋਕ ਰੂਸੀ ਭਾਸ਼ੀ ਹਨ ਅਤੇ ਇਸ ਕਾਰਨ ਰੂਸ ਦੇ ਨਾਲ ਜਾਨ ਜਾਂ ਨਾ ਜਾਨ ਦੇ ਮੁੱਦੇ 'ਤੇ ਹੋਏ ਰੈਫਰੈਂਡਮ ਵਿੱਚ ਨਤੀਜਾ ਰੂਸ ਦੇ ਪੱਖ ਵਿੱਚ ਨਿਕਲਿਆ। ਇਸ ਰੈਫ਼ਰੈਂਡਮ ਨੂੰ ਯੂਕਰੇਨ ਨੇ ਖਾਰਜ ਕਰ ਦਿੱਤਾ ਅਤੇ ਪੱਛਮੀ ਦੇਸਾਂ ਨੇ ਇਸ ਨੂੰ ਗੈਰ-ਕਾਨੂੰਨੀ ਕਰਾਰ ਦਿੱਤਾ।

ਪਰ ਕ੍ਰੀਮੀਆ 'ਤੇ ਅਸਲ ਵਿਵਾਦ ਦਾ ਬੀਜ ਤਾਂ 1783 ਵਿੱਚ ਹੀ ਪੈ ਗਿਆ ਸੀ ਜਦੋਂ ਮਹਾਰਾਣੀ ਕੈਥਰੀਨ (ਰੂਸ ਦੀ ਰਾਣੀ ਯੇਕਾਤੇਰੀਨਾ ਅਲੇਕਜੀਵਨਾ) ਨੇ ਇਸ ਪ੍ਰਾਇਦੀਪ ਉੱਤੇ ਕਬਜ਼ਾ ਕਰ ਲਿਆ ਸੀ। 1954 ਤੱਕ ਇਹ ਰੂਸ ਦਾ ਹਿੱਸਾ ਬਣਿਆ ਰਿਹਾ ਜਿਸ ਤੋਂ ਬਾਅਦ ਸੋਵੀਅਤ ਆਗੂ ਨਿਕਿਤਾ ਖੁਸ਼ਚੇਵ ਨੇ ਇਸ ਨੂੰ ਯੂਕਰੇਨ ਨੂੰ ਸੌਂਪ ਦਿੱਤਾ।

ਕ੍ਰੀਮੀਆ ਦੇ ਇਲਾਕੇ ਵਿੱਚ ਜ਼ਿਆਦਾਤਰ ਆਬਾਦੀ ਰੂਸੀ ਹੈ ਜਦੋਂਕਿ ਇੱਥੇ ਯੂਕਰੇਨੀਅਨ ਅਤੇ ਹੋਰ ਕ੍ਰੀਮੀਆਈ ਘੱਟ ਗਿਣਤੀ ਵੀ ਰਹਿੰਦੇ ਹਨ।

ਕ੍ਰੀਮੀਆ ਕੁਝ ਦੇਰ ਤੱਕ ਨਾਜ਼ੀਆਂ ਦੇ ਕਬਜ਼ੇ ਵਿੱਚ ਵੀ ਰਿਹਾ। 1940 ਵਿੱਚ ਰੂਸ ਦੇ ਬੋਲਸ਼ੇਵਿਕ ਕ੍ਰਾਂਤੀ ਤੋਂ ਬਾਅਦ ਇੱਥੇ ਕੁਝ ਸਮੇਂ ਲਈ ਨਾਜ਼ੀਆਂ ਦਾ ਕਬਜਾ ਰਿਹਾ ਸੀ।

ਕਾਲੇ ਸਮੁੰਦਰ ਵਿੱਚ ਬੇਹੱਦ ਅਹਿਮ ਬੰਦਰਗਾਹ ਹੈ ਸੇਵਾਸਟੋਪਲ ਜੋ ਕ੍ਰੀਮੀਆਈ ਪ੍ਰਾਇਦੀਪ 'ਤੇ ਹੈ। ਇੱਥੇ 1783 ਤੋਂ ਜਲਸੈਨਾ ਤਾਇਨਾਤ ਹੈ। ਸੋਵੀਅਤ ਰੂਸ ਦੀ ਵੰਡ ਤੋਂ ਬਾਅਦ ਇੱਥੇ ਤਾਇਨਾਤ ਜਲਸੈਨਾ ਨੂੰ ਯੂਕਰੇਨ ਅਤੇ ਰੂਸ ਵਿਚਾਲੇ ਦੋ ਹਿੱਸਿਆਂ ਵਿੱਚ ਵੰਡ ਦਿੱਤਾ ਗਿਆ ਸੀ।

ਇੱਥੇ ਮੌਜੂਦ ਰੂਸੀ ਫੌਜ ਵੀ ਦੋਹਾਂ ਵਿਚਾਲੇ ਤਣਾਅ ਦਾ ਕੇਂਦਰ ਰਹੀ ਹੈ। ਦੋਹਾਂ ਵਿਚਾਲੇ ਸਹਿਮਤੀ ਬਣੀ ਕਿ 2017 ਤੱਕ ਰੂਸੀ ਫੌਜ ਉੱਥੇ ਹੋਵੇਗੀ।

ਪਰ 2010 ਵਿੱਚ ਰੂਸੀ ਸਮਰਥਨ ਹਾਸਿਲ ਕਰਕੇ ਰਾਸ਼ਟਰਪਤੀ ਵਿਕਟਰ ਯਾਨੁਰੋਵਿਚ ਦੀ ਜਿੱਤ ਤੋਂ ਬਾਅਦ ਰੂਸ ਤੋਂ ਸਸਤੇ ਭਾਅ ਵਿੱਚ ਕੱਚੇ ਤੇਲ ਦੇ ਬਦਲੇ ਯੂਕਰੇਨ ਇਸ ਸਮਝੌਤੇ ਨੂੰ ਹੋਰ 25 ਸਾਲਾਂ ਤੱਕ ਅੱਗੇ ਵਧਾਉਣ ਲਈ ਤਿਆਰ ਹੋ ਗਿਆ ਸੀ।

ਰੂਸ ਹਮਲਾ ਕਿਵੇਂ ਕਰ ਸਕਦਾ ਹੈ?

ਬਹੁਤ ਧਿਆਨ ਪੱਛਮੀ ਯੂਕਰੇਨ ਉੱਤੇ ਕੇਂਦਰਿਤ ਹੈ, ਪਰ ਅਮਰੀਕੀ ਰਾਸ਼ਟਰਪਤੀ ਬਾਇਡਨ ਨੇ ਚੇਤਾਇਆ ਹੈ, ''ਸਾਨੂੰ ਲਗਦਾ ਹੈ ਉਹ ਰਾਜਧਾਨੀ ਯੂਕਰੇਨ ਸਣੇ 28 ਲੱਖ ਦੀ ਆਬਾਦੀ ਵਾਲੇ ਕੀਵ ਉੱਤੇ ਹਮਲਾ ਕਰਨਗੇ।''

ਮੌਸਕੌ ਨੇ ਕਿਹਾ ਹੈ ਕਿ ''ਰੂਸ ਵੱਲੋਂ ਕਿਸੇ ਤਰ੍ਹਾਂ ਦਾ ਕੋਈ ਹਮਲਾ ਨਹੀਂ ਹੋਵੇਗਾ'' ਪਰ ਜੇ ਹੋਇਆ ਤਾਂ ਰੂਸ ਕ੍ਰੀਮੀਆ, ਬੇਲਾਰੂਸ ਅਤੇ ਯੂਕਰੇਨ ਦੇ ਪੱਛਮੀ ਬਾਰਡਰਾਂ ਦੁਆਲੇ ਆਪਣੀ ਫੌਜਾਂ ਦੀ ਵਰਤੋਂ ਕਰੇਗਾ।

ਵੱਖਵਾਦੀ ਸਿਆਸਤਦਾਨਾਂ ਨੇ ਕੁਝ ਦਿਨ ਪਹਿਲਾਂ ਲਗਭਗ ਸੱਤ ਲੱਖ ਨਾਗਰਿਕਾਂ ਨੂੰ ਦੱਖਣੀ ਰੂਸ ਤੋਂ ਕੱਢਣ ਦਾ ਫ਼ੈਸਲਾ ਲਿਆ ਅਤੇ ਮੁਕੰਮਲ ਫੌਜੀ ਸਰਗਰਮੀ ਦੇ ਹੁਕਮ ਦਿੱਤੇ ਹਨ।

ਕੁਝ ਇਲਾਕਿਆਂ ਵਿੱਚ ਲੋਕਾਂ ਨੂੰ ਸਾਵਧਾਨ ਰਹਿਣਾ ਨੂੰ ਕਿਹਾ ਗਿਆ ਹੈ।

ਰੂਸ ਕੋਲ ਧਮਾਕਾਖੇਜ ਸਮੱਗਰੀ ਦੇ ਨਾਲ-ਨਾਲ ਸਾਈਬਰ ਹਮਲਿਆਂ ਦਾ ਵਿਕਲਪ ਵੀ ਹੈ।

ਪੁਤਿਨ ਕੀ ਚਾਹੁੰਦੇ ਹਨ?

ਰੂਸ ਨੇ ਕਿਹਾ ਹੈ ਕਿ ਇਹ ਨਾਟੋ ਨਾਲ ਆਪਣੇ ਰਿਸ਼ਤਿਆਂ ਨੂੰ ਸੁਧਾਰਨ ਲਈ "ਸੱਚਾਈ ਦਾ ਪਲ" ਹੈ ਅਤੇ ਤਿੰਨ ਮੰਗਾਂ ਨੂੰ ਉਜਾਗਰ ਕੀਤਾ ਹੈ।

ਪਹਿਲਾਂ, ਉਹ ਕਾਨੂੰਨੀ ਤੌਰ 'ਤੇ ਬੰਧਨ ਵਾਲਾ ਵਾਅਦਾ ਚਾਹੁੰਦਾ ਹੈ ਕਿ ਨਾਟੋ ਹੋਰ ਅੱਗੇ ਨਹੀਂ ਵਧੇਗਾ।

ਉਪ ਵਿਦੇਸ਼ ਮੰਤਰੀ ਸਰਗੇਈ ਰਿਆਬਕੋਵ ਨੇ ਕਿਹਾ, "ਸਾਡੇ ਲਈ ਇਹ ਯਕੀਨੀ ਬਣਾਉਣਾ ਪੂਰੀ ਤਰ੍ਹਾਂ ਲਾਜ਼ਮੀ ਹੈ ਕਿ ਯੂਕਰੇਨ ਕਦੇ ਵੀ ਨਾਟੋ ਦਾ ਮੈਂਬਰ ਨਾ ਬਣੇ।"

ਪੁਤਿਨ ਨੇ ਸ਼ਿਕਾਇਤ ਕੀਤੀ ਹੈ ਕਿ ਰੂਸ ਕੋਲ "ਪਿੱਛੇ ਹਟਣ ਲਈ ਰਾਹ ਨਹੀਂ ਹੈ। ਕੀ ਤੁਹਾਨੂੰ ਲਗਦਾ ਹੈ ਕਿ ਅਸੀਂ ਵਿਹਲੇ ਬੈਠੇ ਰਹਾਂਗੇ?"

ਉਨ੍ਹਾਂ ਦੀਆਂ ਹੋਰ ਮੁੱਖ ਮੰਗਾਂ ਇਹ ਹਨ ਕਿ ਨਾਟੋ "ਰੂਸ ਦੀਆਂ ਸਰਹੱਦਾਂ ਦੇ ਨੇੜੇ ਹਮਲਾ ਕਰਨ ਵਾਲੇ ਹਥਿਆਰ" ਤਾਇਨਾਤ ਨਾ ਕਰੇ ਅਤੇ ਇਹ 1997 ਤੋਂ ਗਠਜੋੜ ਵਿੱਚ ਸ਼ਾਮਲ ਹੋਏ ਮੈਂਬਰ ਦੇਸ਼ਾਂ ਦੀਆਂ ਫੌਜਾਂ ਅਤੇ ਫੌਜੀ ਬੁਨਿਆਦੀ ਢਾਂਚੇ ਨੂੰ ਹਟਾਵੇ।

ਭਾਵ ਮੱਧ ਯੂਰਪ, ਪੂਰਬੀ ਯੂਰਪ ਅਤੇ ਬਾਲਟਿਕ ਦੇਸ਼। ਅਸਲ ਵਿੱਚ ਰੂਸ ਚਾਹੁੰਦਾ ਹੈ ਕਿ ਨਾਟੋ ਆਪਣੀਆਂ 1997 ਤੋਂ ਪਹਿਲਾਂ ਦੀਆਂ ਸਰਹੱਦਾਂ 'ਤੇ ਵਾਪਸ ਆ ਜਾਵੇ।

ਨਾਟੋ ਕੀ ਕਹਿੰਦਾ ਹੈ?

ਨਾਟੋ ਨਵੇਂ ਮੈਂਬਰਾਂ ਲਈ ਖੁੱਲ੍ਹੇ ਦਰਵਾਜ਼ੇ ਦੀ ਨੀਤੀ ਵਾਲਾ ਇੱਕ ਰੱਖਿਆਤਮਕ ਗਠਜੋੜ ਹੈ ਅਤੇ ਇਸ ਦੇ 30 ਮੈਂਬਰ ਸੂਬਿਆਂ ਨੂੰ ਯਕੀਨ ਹੈ ਕਿ ਉਹ ਪਿੱਛੇ ਨਹੀਂ ਹਟਣਗੇ।

ਭਾਵੇਂ ਯੂਕਰੇਨ ਨਾਟੋ ਵਿੱਚ ਸ਼ਾਮਲ ਹੋਣਾ ਚਾਹੁੰਦਾ ਸੀ, ਪਰ ਥੋੜ੍ਹੇ ਸਮੇਂ ਵਿੱਚ ਅਜਿਹਾ ਹੋਣ ਦੀ ਕੋਈ ਸੰਭਾਵਨਾ ਨਹੀਂ ਹੈ, ਜਿਵੇਂ ਕਿ ਜਰਮਨ ਚਾਂਸਲਰ ਨੇ ਸਪੱਸ਼ਟ ਕੀਤਾ ਹੈ।

ਹਾਲਾਂਕਿ, ਰਾਸ਼ਟਰਪਤੀ ਪੁਤਿਨ ਦੀਆਂ ਨਜ਼ਰਾਂ ਵਿੱਚ ਪੱਛਮ ਦੇਸ਼ਾਂ ਨੇ 1990 ਵਿੱਚ ਵਾਅਦਾ ਕੀਤਾ ਸੀ ਕਿ ਨਾਟੋ "ਪੂਰਬ ਵੱਲ ਇੱਕ ਇੰਚ" ਦਾ ਵਿਸਥਾਰ ਨਹੀਂ ਕਰੇਗਾ, ਪਰ ਫਿਰ ਵੀ ਅਜਿਹਾ ਕੀਤਾ।

ਇਹ ਵੀ ਪੜ੍ਹੋ:

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)