ਯੂਕਰੇਨ ਰੂਸ ਜੰਗ: ਕੀ ਵਲਾਦੀਮੀਰ ਪੁਤਿਨ ਪ੍ਰਮਾਣੂ ਬਟਨ ਨੱਪ ਸਕਦੇ ਹਨ

    • ਲੇਖਕ, ਸਟੀਵ ਰੋਜ਼ਨਬਰਗ
    • ਰੋਲ, ਬੀਬੀਸੀ ਨਿਊਜ਼, ਮਾਸਕੋ

ਕਈ ਵਾਰ ਇਹ ਸੋਚਿਆ ਜਾਂਦਾ ਹੈ ਕਿ ਪੁਤਿਨ ਅਜਿਹਾ ਕਦੇ ਨਹੀਂ ਕਰਨਗੇ ਪਰ ਉਨ੍ਹਾਂ ਨੇ ਹਰ ਵਾਰ ਉਹੀ ਕੀਤਾ ਹੈ। ਮੈਂ ਵੀ ਇਸ ਗੱਲ ਨੂੰ ਮੰਨ ਲਿਆ ਹੈ।

"ਪੁਤਿਨ ਕਦੇ ਕ੍ਰੀਮੀਆ ਉੱਪਰ ਕਬਜ਼ਾ ਨਹੀਂ ਕਰਨਗੇ"- ਉਨ੍ਹਾਂ ਨੇ ਕੀਤਾ।

"ਪੁਤਿਨ ਕਦੇ ਡੋਨਬਾਸ ਵਿੱਚ ਜੰਗ ਨਹੀਂ ਛੇੜਨਗੇ"- ਉਨ੍ਹਾਂ ਨੇ ਇਹ ਵੀ ਕੀਤਾ।

"ਪੁਤਿਨ ਕਦੇ ਯੂਕਰੇਨ ਉਪਰ ਹਮਲਾ ਨਹੀਂ ਕਰਨਗੇ"- ਉਨ੍ਹਾਂ ਨੇ ਕਰ ਦਿੱਤਾ।

ਹੁਣ ਇਸ ਗੱਲ ਨੂੰ ਮੈਂ ਮੰਨ ਲਿਆ ਹੈ ਕਿ ਪੁਤਿਨ ਦੇ ਮਾਮਲੇ ਵਿੱਚ 'ਕਦੇ ਨਹੀਂ ਕਰਨਗੇ' ਲਾਗੂ ਨਹੀਂ ਹੁੰਦਾ ਅਤੇ ਇਸੇ ਕਾਰਨ ਇੱਕ ਪ੍ਰੇਸ਼ਾਨ ਕਰਨ ਵਾਲਾ ਸਵਾਲ ਖੜ੍ਹਾ ਹੋ ਜਾਂਦਾ ਹੈ।

"ਕੀ ਪੁਤਿਨ ਅੱਗੇ ਵਧ ਕੇ ਪ੍ਰਮਾਣੂ ਬਟਨ ਦੱਬ ਦੇਣਗੇ? ਕੀ ਉਹ ਅਜਿਹਾ ਕਰਨਗੇ?"

ਇਹ ਕੋਈ ਸਵਾਲ ਨਹੀਂ ਹੈ। ਯੂਕਰੇਨ ਅਤੇ ਰੂਸ ਦਰਮਿਆਨ ਜਾਰੀ ਜੰਗ ਦੌਰਾਨ ਪੁਤਿਨ ਨੇ ਆਪਣੇ ਦੇਸ਼ ਦੇ ਪਰਮਾਣੂ ਬਲਾਂ ਨੂੰ 'ਖ਼ਾਸ ਅਲਰਟ' 'ਤੇ ਰੱਖਿਆ ਹੈ।

ਵਲਾਦੀਮੀਰ ਪੁਤਿਨ ਦੀ ਚਿਤਾਵਨੀ

ਰੂਸ ਦੇ ਰਾਸ਼ਟਰਪਤੀ ਦੇ ਬਿਆਨਾਂ ਉਪਰ ਧਿਆਨ ਦੇਣ ਦੀ ਲੋੜ ਹੈ। ਉਨ੍ਹਾਂ ਨੇ ਟੈਲੀਵਿਜ਼ਨ ਰਾਹੀਂ ਖ਼ਾਸ ਫ਼ੌਜੀ ਅਭਿਆਨ ਦੀ ਸ਼ੁਰੂਆਤ ਦਾ ਐਲਾਨ ਕੀਤਾ ਸੀ। ਅਸਲ ਵਿੱਚ ਇਹ ਪੂਰੀ ਸਖ਼ਤੀ ਨਾਲ ਯੂਕਰੇਨ ਉਪਰ ਹਮਲਾ ਸੀ।

ਇਸੇ ਦੌਰਾਨ ਉਨ੍ਹਾਂ ਨੇ ਇੱਕ ਚਿਤਾਵਨੀ ਵੀ ਦਿੱਤੀ ਸੀ-ਜੇ ਕੋਈ ਵੀ ਬਾਹਰ ਦਾ ਇਸ ਵਿੱਚ ਦਖਲਅੰਦਾਜ਼ੀ ਕਰਨ ਦੀ ਸੋਚੇਗਾ,ਤਾਂ ਉਸ ਨੂੰ ਅਜਿਹੇ ਨਤੀਜੇ ਭੁਗਤਣੇ ਪੈਣਗੇ ਜੋ ਉਸ ਨੇ ਕਦੇ ਇਤਿਹਾਸ ਵਿਚ ਦੇਖੇ ਨਹੀਂ ਹੋਣਗੇ।

ਇਹ ਵੀ ਪੜ੍ਹੋ:

ਨੋਬਲ ਸ਼ਾਂਤੀ ਪੁਰਸਕਾਰ ਜੇਤੂ ਅਤੇ ਲੁਭਾਇਆ ਗਜ਼ਟ ਅਖ਼ਬਾਰ ਦੇ ਮੁੱਖ ਸੰਪਾਦਕ ਦਮਿੱਤਰੀ ਮੁਰਾਤੋਵ ਮੁਤਾਬਕ, "ਪੁਤਿਨ ਦੇ ਸ਼ਬਦ ਪਰਮਾਣੂ ਹਮਲੇ ਦੀ ਸਿੱਧੀ ਧਮਕੀ ਵਰਗੇ ਲੱਗ ਰਹੇ ਸਨ।"

ਉਨ੍ਹਾਂ ਨੇ ਕਿਹਾ, "ਉਸ ਟੀਵੀ ਸੰਬੋਧਨ ਵਿੱਚ ਪੁਤਿਨ ਸਿਰਫ਼ ਕ੍ਰੈਮਲਿਨ ਦੇ ਨੇਤਾ ਵਾਂਗ ਨਹੀਂ ਬਲਕਿ ਇਸ ਗ੍ਰਹਿ ਦੇ ਮੁਖੀ ਵਾਂਗ ਗੱਲ ਕਰ ਰਹੇ ਸਨ। ਜਿਵੇਂ ਕਿਸੇ ਗੱਡੀ ਦਾ ਮਾਲਕ ਆਪਣੀ ਉਂਗਲੀਆਂ ਵਿੱਚ ਚਾਬੀਆਂ ਦੇ ਛੱਲੇ ਨੂੰ ਘੁਮਾਉਂਦਾ ਹੈ, ਪੁਤਿਨ ਉਸੇ ਤਰ੍ਹਾਂ ਪ੍ਰਮਾਣੂ ਬਟਨ ਘੁਮਾ ਰਹੇ ਸਨ।"

ਉਨ੍ਹਾਂ ਨੇ ਕਈ ਵਾਰ ਆਖਿਆ ਹੈ ਕਿ ਜੇਕਰ ਰੂਸ ਨਹੀਂ ਰਹੇਗਾ ਤਾਂ ਫਿਰ ਸਾਨੂੰ ਇਸ ਗ੍ਰਹਿ ਦੀ ਕੀ ਲੋੜ ਹੈ। ਕਿਸੇ ਨੇ ਧਿਆਨ ਨਹੀਂ ਦਿੱਤਾ ਪਰ ਇਹ ਬਹੁਤ ਵੱਡਾ ਖਤਰਾ ਹੈ ਕਿ ਜੇਕਰ ਰੂਸ ਨਾਲ ਉਸ ਦੇ ਮਨ ਮੁਤਾਬਕ ਵਤੀਰਾ ਨਾ ਕੀਤਾ ਗਿਆ ਤਾਂ ਸਭ ਕੁਝ ਬਰਬਾਦ ਹੋ ਜਾਵੇਗਾ।

ਰੂਸ ਤੋਂ ਬਿਨਾਂ ਦੁਨੀਆਂ ਦਾ ਕੀ ਮਤਲਬ

ਸਾਲ 2018 ਦੌਰਾਨ ਇੱਕ ਡਾਕੂਮੈਂਟਰੀ ਵਿੱਚ ਰਾਸ਼ਟਰਪਤੀ ਪੁਤਿਨ ਨੇ ਟਿੱਪਣੀ ਕੀਤੀ ਸੀ ਕਿ, "ਜੇ ਕੋਈ ਰੂਸ ਨੂੰ ਖ਼ਤਮ ਕਰਨ ਦਾ ਫ਼ੈਸਲਾ ਕਰਦਾ ਹੈ, ਤਾਂ ਉਸ ਦਾ ਜਵਾਬ ਦੇਣ ਦਾ ਸਾਨੂੰ ਕਾਨੂੰਨੀ ਹੱਕ ਹੈ। ਹਾਂ, ਇਹ ਦੁਨੀਆਂ ਅਤੇ ਮਨੁੱਖਤਾ ਲਈ ਇੱਕ ਮੁਸੀਬਤ ਹੋਵੇਗੀ। ਮੈਂ ਰੂਸ ਦਾ ਨਾਗਰਿਕ ਹਾਂ ਅਤੇ ਰਾਸ਼ਟਰਪਤੀ ਵੀ। ਤੁਹਾਨੂੰ ਅਜਿਹੀ ਦੁਨੀਆਂ ਦੀ ਲੋੜ ਹੀ ਕਿਉਂ ਹੈ ਜਿਸ ਵਿੱਚ ਰੂਸ ਨਾ ਹੋਵੇ।"

ਹੁਣ ਜੇਕਰ 2022 ਦੀ ਗੱਲ ਕੀਤੀ ਜਾਵੇ ਤਾਂ ਪੁਤਿਨ ਨੇ ਯੂਕਰੇਨ ਖ਼ਿਲਾਫ਼ ਪੂਰੀ ਸ਼ਕਤੀ ਨਾਲ ਜੰਗ ਛੇੜੀ ਹੈ। ਯੂਕਰੇਨ ਦੀਆਂ ਫੌਜਾਂ ਇਸ ਦਾ ਵਿਰੋਧ ਵੀ ਕਰ ਰਹੀਆਂ ਹਨ। ਰੂਸ ਉੱਪਰ ਦੂਸਰੇ ਦੇਸ਼ਾਂ ਵੱਲੋਂ ਅਰਥਵਿਵਸਥਾ ਨੂੰ ਪ੍ਰਭਾਵਿਤ ਕਰਨ ਲਈ ਪਾਬੰਦੀਆਂ ਵੀ ਲਗਾਈਆਂ ਗਈਆਂ ਹਨ। ਕਈ ਪੱਛਮੀ ਦੇਸ਼ ਯੂਕਰੇਨ ਦੇ ਹੱਕ ਵਿੱਚ ਖੜ੍ਹੇ ਹੋ ਗਏ ਹਨ। ਹੋ ਸਕਦਾ ਹੈ ਇਸ ਸਾਰੇ ਘਟਨਾਕ੍ਰਮ ਤੋਂ ਬਾਅਦ ਪੁਤਿਨ ਦੀ ਵਿਰਾਸਤ ਖਤਰੇ ਵਿੱਚ ਆ ਜਾਵੇ।

ਮਾਸਕੋ ਸਥਿਤ ਰੱਖਿਆ ਮਾਹਿਰ ਪਾਵਿਲ ਫਲਗਨਾਰ ਦਾ ਕਹਿਣਾ ਹੈ, "ਪੁਤਿਨ ਔਖੇ ਹਾਲਾਤਾਂ ਵਿੱਚ ਹਨ। ਉਨ੍ਹਾਂ ਕੋਲ ਜ਼ਿਆਦਾ ਰਾਹ ਨਹੀਂ ਬਚੇ। ਜੇਕਰ ਪੱਛਮੀ ਦੇਸ਼ਾਂ ਨੇ ਰੂਸ ਦੇ ਕੇਂਦਰੀ ਬੈਂਕ ਨੂੰ ਫਰੀਜ਼ ਕਰ ਦਿੱਤਾ ਤਾਂ ਰੂਸ ਦੀ ਅਰਥਵਿਵਸਥਾ ਖ਼ਤਰੇ ਵਿੱਚ ਆ ਜਾਵੇਗੀ ਅਤੇ ਹਾਲਾਤ ਵਿਗੜ ਜਾਣਗੇ।"

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਉਹ ਆਖਦੇ ਹਨ, "ਪੁਤਿਨ ਕੋਲ ਇੱਕ ਰਾਹ ਹੈ ਕਿ ਉਹ ਯੂਰੋਪ ਨੂੰ ਗੈਸ ਨਾ ਦੇਣ। ਇੱਕ ਰਾਹ ਇਹ ਵੀ ਹੋ ਸਕਦਾ ਹੈ ਕਿ ਬ੍ਰਿਟੇਨ ਅਤੇ ਡੈਨਮਾਰਕ ਵਿਚਾਲੇ ਉੱਤਰੀ ਸਮੁੰਦਰ ਵਿੱਚ ਕਿਤੇ ਪ੍ਰਮਾਣੂ ਹਥਿਆਰ ਦੀ ਵਰਤੋਂ ਕਰ ਦੇਣ ਅਤੇ ਵੇਖਣ ਕਿ ਕੀ ਨਤੀਜੇ ਨਿਕਲਦੇ ਹਨ।"

ਜੇਕਰ ਪੁਤਿਨ ਪ੍ਰਮਾਣੂ ਹਥਿਆਰਾਂ ਦਾ ਰਾਹ ਚੁਣਦੇ ਹਨ ਤਾਂ ਕੀ ਕੋਈ ਅਜਿਹਾ ਨਜ਼ਦੀਕੀ ਹੈ ਜੋ ਉਸ ਨੂੰ ਰੋਕ ਸਕੇ?

ਨੋਬਲ ਪੁਰਸਕਾਰ ਜੇਤੂ ਦਮਿੱਤਰੀ ਆਖਦੇ ਹਨ, "ਰੂਸ ਦੇ ਰਾਜਨੇਤਾ ਕਦੇ ਵੀ ਜਨਤਾ ਦਾ ਪੱਖ ਨਹੀਂ ਲੈਂਦੇ। ਉਹ ਹਮੇਸ਼ਾਂ ਸ਼ਾਸਨ ਦਾ ਪੱਖ ਲੈਂਦੇ ਹਨ।"

"ਵਲਾਦੀਮੀਰ ਪੁਤਿਨ ਦੇ ਰੂਪ ਵਿੱਚ ਰੂਸ ਵਿੱਚ ਸ਼ਾਸਕ ਹੀ ਸਭ ਤੋਂ ਵੱਡੀ ਸ਼ਕਤੀ ਹੈ। ਇਹ ਇੱਕ ਅਜਿਹਾ ਦੇਸ਼ ਹੈ ਜਿਥੇ ਪੁਤਿਨ ਦੇ ਵਿਰੁੱਧ ਖੜ੍ਹੇ ਹੋਣ ਵਾਲੇ ਨਾ ਦੇ ਬਰਾਬਰ ਹਨ।"

ਪਾਵਿਲ ਆਖਦੇ ਹਨ, "ਕੋਈ ਵੀ ਪੁਤਿਨ ਦੇ ਵਿਰੁੱਧ ਖੜ੍ਹੇ ਹੋਣ ਲਈ ਤਿਆਰ ਨਹੀਂ ਹੈ। ਅਸੀਂ ਇੱਕ ਖ਼ਤਰਨਾਕ ਹਾਲਾਤ ਵਿੱਚ ਹਾਂ।"

ਯੂਕਰੇਨ ਵਿੱਚ ਛਿੜੀ ਜੰਗ ਵਲਾਦੀਮੀਰ ਪੁਤਿਨ ਦੀ ਜੰਗ ਹੈ। ਜੇਕਰ ਕ੍ਰੈਮਲਿਨ ਦੇ ਨੇਤਾ ਆਪਣੇ ਫ਼ੌਜੀ ਟੀਚਿਆਂ ਨੂੰ ਹਾਸਲ ਕਰ ਲੈਂਦੇ ਹਨ ਤਾਂ ਯੂਕਰੇਨ ਦਾ ਭਵਿੱਖ ਖ਼ਤਰੇ ਵਿੱਚ ਹੋਵੇਗਾ। ਜੇਕਰ ਰੂਸ ਅਸਫ਼ਲ ਰਹਿੰਦਾ ਹੈ ਅਤੇ ਵੱਡੀ ਗਿਣਤੀ ਵਿੱਚ ਆਪਣੇ ਫੌਜੀ ਗਵਾ ਦਿੰਦਾ ਹੈ ਤਾਂ ਇਹ ਡਰ ਹੈ ਕਿ ਇਸ ਤੋਂ ਬਾਅਦ ਹੋਰ ਖ਼ਤਰਨਾਕ ਕਦਮ ਚੁੱਕੇ ਜਾਣਗੇ।

ਖ਼ਾਸ ਤੌਰ 'ਤੇ ਉਦੋਂ ਜਦੋਂ 'ਕਦੇ ਨਹੀਂ ਕਰਨਗੇ' ਵਾਲਾ ਨਿਯਮ ਪੁਤਿਨ 'ਤੇ ਲਾਗੂ ਹੀ ਨਹੀਂ ਹੁੰਦਾ।

ਇਹ ਵੀ ਪੜ੍ਹੋ:

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)