ਯੂਕਰੇਨ ਵਾਸੀ ਜੰਗ ਦੇ ਸਾਏ ਹੇਠ 'ਚੜ੍ਹਦੀ ਕਲਾ' ਵਿੱਚ ਰਹਿਣ ਲਈ ਕੀ ਕਰ ਰਹੇ ਹਨ

    • ਲੇਖਕ, ਜ਼ਹਾਨਾ ਬੈਜ਼ਪੀਆਚਕ ਅਤੇ ਵਿਕਟੋਰੀਆ ਯੂਹਾਨ
    • ਰੋਲ, ਬੀਬੀਸੀ ਯੂਕਰੇਨ ਸੇਵਾ

ਪਿਛਲੇ ਕੁਝ ਹਫ਼ਤਿਆਂ ਤੋਂ ਯੂਕਰੇਨ ਦੀ ਸਰਹੱਦ ਉੱਪਰ ਰੂਸੀ ਫ਼ੌਜ ਦੀ ਤੈਨਾਤੀ ਵਧਣ ਨਾਲ ਦੇਸ਼ ਦੇ ਬਾਕੀ ਹਿੱਸੇ ਉੱਪਰ ਵੀ ਸੰਕਟ ਦੇ ਬੱਦਲ ਘਿਰ ਆਏ ਹਨ।

ਯੂਕਰੇਨ ਵਾਸੀਆਂ ਨੇ ਬੀਬੀਸੀ ਨੂੰ ਦੱਸਿਆ ਕਿ ਉਹ ਕਿਵੇਂ ਜੰਗ ਦੇ ਸਾਏ ਨਾਲ ਜੂਝ ਰਹੇ ਸਨ।

'ਮੈਂ ਤਣਾਅ ਨਾਲ ਨਜਿੱਠਣ ਲਈ ਨਾਚ ਦੇ ਕੋਰਸ ਬਣਾਉਂਦੀ ਹਾਂ'

ਯੂਕਰੇਨ ਵਾਸੀ ਸਾਲ 2014 ਤੋਂ ਹੀ ਜੰਗ ਨਾਲ ਦਿਨ ਕੱਟੀ ਕਰਨ ਨੂੰ ਮਜਬੂਰ ਹਨ। ਇਹ ਉਹੀ ਸਾਲ ਸੀ ਜਦੋਂ ਵੱਖਵਾਦੀਆਂ ਨੇ ਦੇਸ਼ ਦੇ ਪੂਰਬੀ ਹਿੱਸਿਆਂ ਤੇ ਅਧਿਕਾਰ ਕਰ ਲਿਆ ਸੀ ਅਤੇ ਰੂਸ ਨੇ ਕ੍ਰੀਮੀਆ ਨੂੰ ਆਪਣੇ ਅਧੀਨ ਕਰ ਲਿਆ ਸੀ।

ਵੈਲਨਟੀਨਾ ਕੋਵੇਸ਼ 38 ਸਾਲ ਦੇ ਹਨ ਅਤੇ ਰਾਜਧਾਨੀ ਕੀਵ ਵਿੱਚ ਰਹਿੰਦੇ ਹਨ। ਉਹ ਇੱਕ ਪੇਸ਼ਵਰ ਕੋਰੀਓਗ੍ਰਾਫ਼ਰ ਹਨ ਅਤੇ ਵੈਲੇਨਡਾਂਸ ਨਾਮ ਦੀ ਨਾਟ ਅਕਾਦਮੀ ਚਲਾਉਂਦੇ ਹਨ।

ਇਹ ਵੀ ਪੜ੍ਹੋ:

ਆਮ ਤੌਰ 'ਤੇ ਸਰਦੀ ਦਾ ਅਖ਼ੀਰ ਤੇ ਬਸੰਤ ਦੀ ਸ਼ੁਰੂਆਤ ਦਾ ਸਮਾਂ ਉਨ੍ਹਾਂ ਲਈ ਰੁਝੇਵਿਆਂ ਭਰਭੂਰ ਹੁੰਦਾ ਹੈ। ਇਹੀ ਉਹ ਸਮਾਂ ਹੈ ਜਦੋਂ ਨਵੇਂ ਵਿਦਿਆਰਥੀ ਉਨ੍ਹਾਂ ਦੀ ਅਕਾਦਮੀ ਵਿੱਚ ਨਾਚ ਸਿੱਖਣ ਆਉਂਦੇ ਹਨ। ਜਿਵੇਂ-ਜਿਵੇਂ ਮੌਸਮ ਵਿੱਚ ਗਰਮੀ ਆਉਂਦੀ ਹੈ, ਉਨ੍ਹਾਂ ਦੀ ਅਕਾਦਮੀ ਵਿੱਚ ਵੀ ਵਿਦਿਆਰਥੀਆਂ ਦੀ ਗਿਣਤੀ ਵਧਣ ਲਗਦੀ ਹੈ।

ਇਹ ਸਾਲ ਵੱਖਰਾ ਹੈ। ਰੂਸ ਨਾਲ ਸੰਭਾਵੀ ਲੜਾਈ ਦੇ ਵਿਚਾਰ ਨੇ ਲੋਕਾਂ ਦਾ ਧਿਆਨ ਸਰੀਰਕ ਅਤੇ ਭਾਵੁਕ ਤਣਾਅ ਤੋਂ ਹਟਾਅ ਦਿੱਤਾ ਹੈ। ਉਹ ਲੜਾਈ ਦੇ ਸਿੱਟੇ ਵਜੋਂ ਆਉਣ ਵਾਲੀ ਸੰਭਾਵਿਤ ਤੰਗੀ ਲਈ ਪੈਸੇ ਬਚਾਅ ਰਹੇ ਹਨ ਅਤੇ ਉਨ੍ਹਾਂ ਨੇ ਆਪਣੀਆਂ ਸਬਸਕ੍ਰਿਪਸ਼ਨਾਂ ਨੂੰ ਫਿਲਹਾਲ ਮੁਲਤਵੀ ਕਰ ਦਿੱਤਾ ਹੈ।

ਹਾਲਾਂਕਿ ਕੁਝ ਲੋਕ, ਵੈਲਨਟੀਨਾ ਦੱਸਦੇ ਹਨ ਕਿ ਅਜਿਹੇ ਵੀ ਹਨ ਜੋ ਤਣਾਅ ਤੋਂ ਨਿਜਾਤ ਪਾਉਣ ਲਈ ਬਹੁਤ ਜ਼ਿਆਦਾ ਸਰੀਰਕਰ ਵਰਜਸ਼ ਕਰ ਰਹੇ ਹਨ ਪਰ ਫਿਰ ਵੀ ਉਨਾਂ ਦੀ ਅਕਾਦਮੀ ਆਮ ਜਿੰਨਾ ਕਾਰੋਬਾਰ ਨਹੀਂ ਕਰ ਰਹੀ ਹੈ। ਅਜਿਹੇ ਅਨਿਸ਼ਿਚਿਤ ਸਮੇਂ ਵਿੱਚ ਕੁਦਰਤੀ ਹੀ ਲੋਕ ਖਰਚਣ ਨਾਲੋਂ ਬਚਾਉਣ ਨੂੰ ਤਰਜੀਹ ਦੇਣ ਲਗਦੇ

ਬਹੁਤ ਸਾਰੇ ਲੋਕਾਂ ਦਾ ਕਹਿਣਾ ਹੈ ਮੌਜੂਦਾ ਸਮੇਂ ਵਿੱਚ ਬਹੁਤੀ ਦੂਰ ਦੀ ਨਹੀਂ ਸੋਚੀ ਜਾ ਸਕਦੀ ਅਤੇ ਕੁਝ ਹਫ਼ਤਿਆਂ ਬਾਰੇ ਹੀ ਸੋਚ ਕੇ ਚੱਲਿਆ ਜਾ ਸਕਦਾ ਹੈ।

ਜੇ ਸਭ ਤੋਂ ਬੁਰੇ ਹਾਲ ਵੀ ਹੋਏ ਤੇ ਯੂਕਰੇਨ ਦੀ ਰਾਜਧਾਨੀ ਉੱਪਰ ਸਿੱਧਾ ਰੂਸੀ ਹਮਲਾ ਹੋ ਗਿਆ ਤਾਂ ਵੈਲਨਟੀਨਾ ਕੋਲ ਇਸ ਸੰਕਟ ਲਈ ਵੀ ਇੱਕ ਯੋਜਨਾ ਹੈ।

ਵੈਲਨਟੀਨਾ ਦੇ ਮਾਪੇ ਪੱਛਮ ਵਿੱਚ ਰਹਿੰਦੇ ਹਨ ਅਤੇ ਉਹ ਉੱਥੇ, ਰੂਸ ਦੀ ਸੀਮਾ ਤੋਂ ਸੈਂਕੜੇ ਕਿੱਲੋਮੀਟਰ ਦੂਰ, ਉਨ੍ਹਾਂ ਕੋਲ ਚਲੀ ਜਾਵੇਗੀ। ਜ਼ਮੀਨੀ ਹਮਲੇ ਦੀ ਸੂਰਤ ਵਿੱਚ ਬੰਬਾਂ ਦੇ ਇੰਨੀ ਦੂਰ ਤੱਕ ਪਹੁੰਚ ਸਕਣ ਦੀ ਸੰਭਾਵਨਾ ਬਹੁਤ ਥੋੜ੍ਹੀ ਹੈ।

ਫਿਲਹਾਲ ਤਾਂ ਉਹ ਆਪਣੀ ਪੂਰੀ ਵਾਹ ਲਗਾ ਕੇ ਸਕਾਰਤਮਿਕ ਰਹਿਣ ਦੀ ਕੋਸ਼ਿਸ਼ ਕਰ ਰਹੇ ਹਨ।

ਉਹ ਕਹਿੰਦੇ ਹਨ, "ਨਾਚ ਅਤੇ ਸਰੀਰਕ ਕਿਰਿਆ ਦੀਆਂ ਕਲਾਸਾਂ ਤਣਾਅ ਤੋਂ ਰਾਹਤ ਪਾਉਣ ਵਿੱਚ ਮਦਦਗਾਰ ਹੁੰਦੀਆਂ ਹਨ"

''ਇਹ ਸਾਨੂੰ ਵਧੀਆ ਮਹਿਸੂਸ ਕਰਨ ਵਿੱਚ ਮਦਦ ਕਰਦਾ ਹੈ। ਇਸ ਸਾਰੇ ਦਬਾਅ ਵਾਲੇ ਸਮੇਂ ਵਿੱਚ ਮੇਰੇ ਗਾਹਕਾਂ ਨੂੰ ਇਸ ਦੀ ਪਹਿਲਾਂ ਨਾਲੋਂ ਕਿਤੇ ਵਧੇਰੇ ਜ਼ਰੂਰਤ ਹੈ।''

'ਮੈਂ ਆਪਣੇ ਕਾਰੋਬਾਰ ਨੂੰ ਨਵੀਂ ਦਿਸ਼ਾ ਦੇ ਰਿਹਾ ਹਾਂ'

ਰਸਲਨ ਬੈਲੀਵ, 45 ਸਾਲਾਂ ਦੇ ਹਨ ਅਤੇ ਉਨ੍ਹਾਂ ਦੀ ਡਰੋਨ ਉਡਾਉਣ ਦੀ ਕੰਪਨੀ ਹੈ। ਉਨ੍ਹਾਂ ਦੀ ਕੰਪਨੀ ਸਕਾਈ ਸ਼ੋਅ ਕਰਵਾਉਂਦੀ ਹੈ ਅਤੇ ਇਸ਼ਤਿਹਾਰ ਅਤੇ ਬੈਨਰ ਉੱਚੀਆਂ ਥਾਵਾਂ 'ਤੇ ਲਗਾਉਂਦੀ ਹੈ।

ਉਨ੍ਹਾਂ ਨੂੰ ਸਭ ਤੋਂ ਜ਼ਿਆਦਾ ਜੂਨ 2020 ਦੇ ਕੀਵ ਪ੍ਰਾਈਡ ਸਮਾਗਮਾਂ ਦੌਰਾਨ ਐਲੀਜੀਬੀਟੀ ਭਾਈਚਾਰੇ ਦਾ ਸਤਰੰਗਾ ਝੰਡਾ ਰਾਜਧਾਨੀ ਦੇ ਉੱਪਰੋਂ ਲਹਿਰਾਉਣ ਲਈ ਯਾਦ ਕੀਤਾ ਜਾਂਦਾ ਹੈ।

ਇਹ ਝੰਡਾ ਕੀਵ ਦੀਆਂ ਕਈ ਇਮਾਰਤਾਂ ਦੇ ਉੱਪਰੋਂ ਗੁਜ਼ਰਿਆ, ਜਿਨ੍ਹਾਂ ਵਿੱਚ ਸਟੈਚੂ ਆਫ਼ ਮਦਰਲੈਂਡ ਵੀ ਸ਼ਾਮਲ ਸੀ। ਇਸ ਕਾਰਨਾਮੇ ਨੂੰ ਯੂਕਰੇਨ ਦੀ ਮੀਡੀਆ ਨੇ ਬਹੁਤ ਚੰਗੀ ਤਰ੍ਹਾਂ ਰਿਪੋਰਟ ਕੀਤਾ ਸੀ।

ਹਾਲਾਂਕਿ ਪਹਿਲਾਂ ਮਹਾਮਾਰੀ ਅਤੇ ਹੁਣ ਯੂਕਰੇਨ ਵਿੱਚ ਫੈਲੇ ਹੋਏ ਤਣਾਅ ਕਾਰਨ ਉਹ ਵੀ ਮੰਦੀ ਦਾ ਸਾਹਮਣਾ ਕਰ ਰਹੇ ਹਨ।

ਹਾਲਾਂਕਿ ਉਹ ਬਹੁਤ ਜ਼ਿਆਦਾ ਤੰਗੀ ਦਾ ਸਾਹਮਣਾ ਤਾਂ ਨਹੀਂ ਕਰ ਰਹੇ ਹਨ ਪਰ ਫਿਰ ਵੀ ਰਸਲਨ ਨੇ ਹੋਰ ਰਾਹ-ਰਸਤੇ ਤਲਾਸ਼ਣੇ ਸ਼ੁਰੂ ਕਰ ਦਿੱਤੇ ਹਨ।

ਉਨ੍ਹਾਂ ਦੇ ਸਟਾਫ਼ ਵਿੱਚੋਂ ਦੋ ਜਣਿਆਂ ਨੇ ਪੂਰਬੀ ਯੂਕਰੇਨ ਦੇ ਸੰਘਰਸ਼ ਵਿੱਚ ਹਿੱਸਾ ਲਿਆ ਸੀ। ਉਨ੍ਹਾਂ ਨੇ ਇੱਕ ਵਿਚਾਰ ਸੁਝਾਇਆ।

ਉਨ੍ਹਾਂ ਨੇ ਸਲਾਹ ਦਿੱਤੀ ਕਿ ਡਰੋਨਜ਼ ਨੂੰ ਸੂਹੀਆ ਡਰੋਨਾਂ ਵਜੋਂ ਵਰਤਿਆ ਜਾ ਸਕਦਾ ਹੈ। ਕਿਉਂਕਿ ਕੁਝ ਵਿੱਚ ਜਿੱਥੇ ਤਾਪ ਸੰਵੇਦੀ ਕੈਮਰੇ ਹਨ ਤਾਂ ਦੂਜਿਆਂ ਵਿੱਚ ਰਾਤ ਨੂੰ ਦੇਖ ਸਕਣ ਵਾਲੇ ਕੈਮਰੇ ਵੀ ਹਨ।

ਹੁਣ ਰਸਲਨ ਦੀ ਕੰਪਨੀ ਯੂਕਰੇਨ ਦੀ ਟੈਰੀਟੋਰੀਅਲ ਡਿਫ਼ੈਂਸ ਨਾਲ ਮਿਲ ਕੇ ਇੱਕ ਸਾਂਝਾ ਪ੍ਰੋਜੈਕਟ ਸ਼ੁਰੂ ਕਰਨ ਦੀ ਪ੍ਰਕਿਰਿਆ ਵਿੱਚ ਹੈ। ਇਸ ਪ੍ਰੋਜੈਕਟ ਵਿੱਚ ਉਨ੍ਹਾਂ ਦੇ ਡਰੋਨਾਂ ਦੀ ਵਰਤੋਂ ਸੂਹੀਆ ਜਾਣਕਾਰੀ ਇਕੱਠੀ ਕਰਨ ਲਈ ਕੀਤੀ ਜਾਵੇਗੀ। ਇਸ ਸਾਂਝੇਦਾਰੀ ਨਾਲ ਰਸਲਜ਼ ਦਾ ਕੰਮ-ਕਾਜ ਚਲਦਾ ਰਹਿ ਸਕੇਗਾ।

ਫਿਰ ਵੀ ਰਸਲਨ ਨੂੰ ਰੂਸੀ ਹਮਲੇ ਦਾ ਡਰ ਸਤਾਅ ਰਿਹਾ ਹੈ ਤੇ ਉਹ ਆਪਣੀ ਪਤਨੀ ਅਤੇ 7 ਤੇ ਗਿਆਰਾਂ ਸਾਲ ਦੇ ਬੱਚਿਆਂ ਨੂੰ ਰਿਸ਼ਤੇਦਾਰਾਂ ਕੋਲ ਵਿਦੇਸ਼ ਭੇਜਣ ਦਾ ਜੁਗਾੜ ਕਰ ਰਹੇ ਹਨ।

'ਮੈਂ ਡਿਫ਼ੈਂਸ ਵਿੱਚ ਗਰੈਜੂਏਟ ਪੱਧਰ ਦਾ ਕੋਰਸ ਕਰਾਂਗੀ'

ਨਤਾਲੀਆ ਸਾਦ, 35 ਸਾਲਾਂ ਦੇ ਹਨ ਅਤੇ ਉਨ੍ਹਾਂ ਕੋਲ ਕੌਮਾਂਤਰੀ ਸੰਬੰਧਾਂ ਵਿੱਚ ਇੱਕ ਡਿਗਰੀ ਹੈ। ਉਹ ਯੂਕਰੇਨ ਦੇ ਸਰਕਾਰੀ ਹਥਿਆਰ ਨਿਰਮਾਤਾ ਕੰਪਨੀ ਕੋਲ ਕਮਿਊਨੀਕੇਸ਼ਨ ਅਫ਼ਸਰ ਵਜੋਂ ਨੌਕਰੀ ਕਰ ਰਹੇ ਹਨ।

ਵਧਦੇ ਤਣਾਅ ਦੌਰਾਨ ਉਹ ਸੋਚ ਰਹੇ ਹਨ ਕਿ ਉਹ ਕਿਵੇਂ ਰੱਖਿਆ ਦੇ ਖੇਤਰ ਵਿੱਚ ਹੋਰ ਵਧੇਰੇ ਧਿਆਨ ਲਗਾ ਸਕਦੇ ਹਨ।

''ਮੈਂ ਮਸ਼ੀਨ ਗੰਨ ਨਹੀਂ ਚੁੱਕ ਸਕਦੀ... ਮੈਨੂੰ ਨਹੀਂ ਲਗਦਾ ਮੈਂ ਜ਼ਿਆਦਾ ਉਪਯੋਗੀ ਸਾਬਤ ਹੋਵਾਂਗੀ।''

ਹਾਲਾਂਕਿ ਉਨ੍ਹਾਂ ਦਾ ਮੰਨਣਾ ਹੈ ਕਿ ਉਨ੍ਹਾਂ ਦੀ ਸਿੱਖਿਆ ਅਤੇ ਤਜ਼ਰਬਾ ਉਨ੍ਹਾਂ ਨੂੰ ਇੱਕ ਚੰਗਾ ਰੱਖਿਆ ਰਣਨੀਤੀਕਾਰ ਬਣਾ ਸਕਦੀ ਹੈ। ਇਸ ਲਈ ਉਨ੍ਹਾਂ ਨੇ ਨੈਸ਼ਨਲ ਡਿਫ਼ੈਂਸ ਯੂਨੀਵਰਸਿਟੀ ਵਿੱਚ ਦੋ ਸਾਲਾ ਪੋਸਟਗ੍ਰੈਜੂਏਟ ਵਿੱਚ ਦਾਖ਼ਲੇ ਲਈ ਅਰਜ਼ੀ ਦਿੱਤੀ ਹੈ।

ਹਾਲਾਂਕਿ ਉਨ੍ਹਾਂ ਦੀ ਯੋਜਨਾ ਪੜ੍ਹਾਈ ਲਈ ਨੌਕਰੀ ਛੱਡਣ ਦੀ ਨਹੀਂ ਹੈ ਉਹ ਇਹ ਕੋਰਸ ਹਫ਼ਤੇ ਦੇ ਅੰਤ 'ਤੇ ਕਲਾਸਾਂ ਲਗਾ ਕੇ ਪੂਰਾ ਕਰਨਾ ਚਾਹੁੰਦੇ ਹਨ।

ਨਤਾਲੀਆ ਦਾ ਕਹਿਣਾ ਹੈ ਕਿ ਭਾਵੇਂ ਰੂਸ ਤੁਰੰਤ ਹਮਲਾ ਨਾ ਵੀ ਕਰੇ ਪਰ ਖ਼ਤਰਾ ਜਾਣ ਵਾਲਾ ਨਹੀਂ ਹੈ। ਇਸ ਲਈ ਉਹ ਚਾਹੁੰਦੇ ਹਨ ਕਿ ਯੂਕਰੇਨ ਦੀ ਰੱਖਿਆ ਸਨਅਤ ਤਰੱਕੀ ਕਰੇ ਅਤੇ ਆਧੁਨਿਕ ਬਣੇ।

ਮੌਜੂਦਾ ਸੰਕਟ ਵਿਸ਼ਵੀ ਚੁਣੌਤੀ ਹੈ। ਇਹ ਇੱਕ ਦੇਸ ਦੀ ਦੁਨੀਆਂ ਦਾ ਨਕਸ਼ਾ ਮੁੜ ਉਲੀਕਣ ਦੀ ਇੱਛਾ ਹੈ ਅਤੇ ਸਾਨੂੰ ਇਸ ਦਾ ਵਿਰੋਧ ਕਰਨਾ ਚਾਹੀਦਾ ਹੈ।

ਪਰ ਕੀ ਮੌਜੂਦਾ ਸੰਕਟ ਨੇ ਉਨ੍ਹਾਂ ਦੀ ਰੋਜ਼ਾਨਾ ਦੀ ਜ਼ਿੰਦਗੀ ਨੂੰ ਪ੍ਰਭਾਵਿਤ ਕੀਤਾ ਹੈ?

''ਮੈਂ ਖ਼ਰਚੇ ਘਟਾਅ ਨਹੀਂ ਰਹੀ ਤੇ ਆਮ ਜ਼ਿੰਦਗੀ ਜਿਉਂ ਰਹੀ ਹਾਂ। ਮੇਰੇ ਦੋਸਤ ਚਰਚਾ ਕਰ ਰਹੇ ਸਨ ਕੀ ਬੈਂਕਾਂ ਵਿੱਚੋਂ ਪੈਸਾ ਕਢਾਅ ਲੈਣਾ ਚਾਹੀਦਾ ਹੈ, ਮੈਨੂੰ ਅਜਿਹਾ ਨਹੀਂ ਲਗਦਾ। ਮੈਂ ਪਹਿਲਾਂ ਵੀ ਕਾਰ ਖ਼ਰੀਦਣ ਲਈ ਪੈਸੇ ਜੋੜ ਰਹੀ ਹਾਂ। ਮੇਰੀ ਆਪਣੇ ਫਲੈਟ ਦੀ ਮੁਰੰਮਤ ਕਰਵਾਉ ਦੀ ਵੀ ਯੋਜਨਾ ਹੈ।''

ਫਿਲਹਾਲ ਤਾਂ ਨਤਾਲੀਆ ਵੀ ਹੋਰ ਯੂਕਰੇਨ ਵਾਸੀਆਂ ਵਾਂਗ ਹੀ ਹਰ ਹਰਬਾ ਵਰਤ ਕੇ ਡਰ ਤੋਂ ਦੂਰ ਰਹਿਣ ਉੱਪਰ ਹੀ ਜ਼ੋਰ ਦਿੰਦੇ ਹਨ।

''ਇਸ ਖ਼ਤਰੇ ਨਾਲ ਜਿਉਂਦੇ ਹੋਏ ਮੈਂ ਸਮਝਿਆ ਹੈ ਕਿ ਜ਼ਿੰਦਗੀ ਵਿੱਚ ਅੱਗੇ ਵਧਦੇ ਰਹਿਣਾ ਮਹੱਤਵਪੂਰਨ ਹੈ। ਜ਼ਿੰਦਗੀ ਨੂੰ ਇੱਕ ਤੋਂ ਬਾਅਦ ਇੱਕ ਦਿਨ ਕਰਕੇ ਲਵੋ।''

ਇਹ ਵੀ ਪੜ੍ਹੋ:

ਇਹ ਵੀ ਦੇਖੋ: