ਯੂਕਰੇਨ ਰੂਸ ਜੰਗ: ਪੰਜਾਬ ਤੇ ਹਰਿਆਣਾ ਸਣੇ ਭਾਰਤ ਦੇ ਵਿਦਿਆਰਥੀ ਡਾਕਟਰੀ ਲਈ ਯੂਕਰੇਨ ਹੀ ਕਿਉਂ ਜਾਂਦੇ ਹਨ

    • ਲੇਖਕ, ਅਭਿਨਵ ਗੋਇਲ
    • ਰੋਲ, ਬੀਬੀਸੀ ਪੱਤਰਕਾਰ

ਯੂਕਰੇਨ ਤੋਂ ਹਾਲ ਹੀ 'ਚ ਪੰਜਾਬ ਵਿੱਚ ਆਪਣੇ ਸ਼ਹਿਰ ਜਗਰਾਓਂ ਪਰਤੇ ਐੱਮਬੀਬੀਐੱਸ ਕਰ ਰਹੇ ਜਸ਼ਨਪ੍ਰੀਤ ਦੱਸਦੇ ਹਨ ਕਿ ਭਾਰਤ ਦੇ ਮੁਕਾਬਲੇ ਸੀਟ ਯੂਕਰੇਨ ਵਿੱਚ ਸੌਖੀ ਮਿਲ ਜਾਂਦੀ ਹੈ।

ਜਸ਼ਨਪ੍ਰੀਤ ਨੇ ਬੀਬੀਸੀ ਸਹਿਯੋਗੀ ਜਸਬੀਰ ਸ਼ੇਤਰਾ ਨੂੰ ਦੱਸਿਆ, ''ਭਾਰਤ ਵਿੱਚ ਡਾਕਟਰੀ ਦੀ ਪੜ੍ਹਾਈ ਲਈ ਤਿੰਨ ਗੁਣਾ ਵੱਧ ਖ਼ਰਚਾ ਹੈ।''

ਦੂਜੇ ਪਾਸੇ ਹਰਿਆਣਾ ਦੇ ਰੋਹਤਕ ਦੇ ਰਹਿਣ ਵਾਲੇ ਸੌਰਵ ਨੇ ਵੀ ਆਪਣਾ ਤਜਰਬਾ ਸਾਂਝਾ ਕੀਤਾ।

ਬੀਬੀਸੀ ਸਹਿਯੋਗੀ ਸਤ ਸਿੰਘ ਨਾਲ ਗੱਲਬਾਤ ਦੌਰਾਨ ਉਨ੍ਹਾਂ ਦੱਸਿਆ ਕਿ ਯੂਕਰੇਨ ਵਿੱਚ ਮੈਡੀਕਲ ਪੜ੍ਹਾਈ ਲਈ ਫ਼ੈਸਲਾ ਲੈਣ ਪਿੱਛੇ ਕਾਰਨ ਇਹ ਹੈ ਕਿ ਫੀਸ ਭਾਰਤ ਦੇ ਮੁਕਾਬਲੇ ਬਹੁਤ ਘੱਟ ਹੈ।

ਸੌਰਵ ਨੇ ਦੱਸਿਆ, ''ਯੂਕਰੇਨ ਵਿੱਚ 4-5 ਸਾਲ ਦਾ ਪੂਰਾ ਕੋਰਸ 40 ਜਾਂ 50 ਲੱਖ ਰੁਪਏ ਵਿੱਚ ਹੋ ਜਾਂਦਾ ਹੈ, ਪਰ ਭਾਰਤ ਵਿੱਚ ਸੀਟ ਲੈਣਾ ਹੀ ਔਖਾ ਹੈ। ਇਸ ਪਿੱਛੇ ਰਾਖਵਾਂਕਾਰਨ, ਜਾਤੀ ਤੇ ਹੋਰ ਪਹਿਲੂ ਹਨ ਅਤੇ ਜਨਰਲ ਕੈਟੇਗਿਰੀ ਵਾਲਿਆਂ ਲਈ ਸੀਟ ਲੈਣਾ ਔਖਾ ਹੈ। ਭਾਰਤ ਵਿੱਚ 1 ਤੋਂ ਡੇਢ ਕਰੋੜ ਰੁਪਏ ਵਿੱਚ ਐੱਮਬੀਬੀਐੱਸ ਹੁੰਦੀ ਹੈ।''

-------------------------------------------------------------------------------------------------------------

ਇਹ ਵੀ ਪੜ੍ਹੋ:

ਯੂਕਰੇਨ 'ਚ ਲਗਭਗ 10 ਹਜ਼ਾਰ ਮੈਡੀਕਲ ਸੀਟਾਂ ਲਈ ਸਾਲ 'ਚ ਦੋ ਵਾਰ - ਸਤੰਬਰ ਅਤੇ ਜਨਵਰੀ ਮਹੀਨੇ ਦਾਖਲਾ ਖੁੱਲ੍ਹਦਾ ਹੈ।

ਐਫੀਨਿਟੀ ਐਜੂਕੇਸ਼ਨ ਭਾਰਤੀ ਬੱਚਿਆਂ ਨੂੰ ਯੂਕਰੇਨ ਦੀ ਮੈਡੀਕਲ ਯੂਨੀਵਰਸਿਟੀ 'ਚ ਦਾਖਲਾ ਦਿਵਾਉਣ ਦਾ ਕੰਮ ਕਰਦਾ ਹੈ।

ਐਫੀਨਿਟੀ ਐਜੂਕੇਸ਼ਨ ਦੇ ਡਾਇਰੈਕਟਰ, ਵਿਸ਼ੂ ਤਿਰਪਾਠੀ ਦੱਸਦੇ ਹਨ, "14 ਫਰਵਰੀ ਨੂੰ ਵੀ ਅਸੀਂ ਲਗਭਗ 40 ਬੱਚੇ ਯੂਕਰੇਨ ਭੇਜੇ ਹਨ। 27 ਫਰਵਰੀ ਤੱਕ ਸਾਡੇ ਕੋਲ ਬੁਕਿੰਗ ਭਰੀ ਹੋਈ ਸੀ। ਸਤੰਬਰ ਦੇ ਦਾਖਲੇ ਦੀ ਆਖਰੀ ਮਿਤੀ 28 ਫਰਵਰੀ ਹੈ।''

ਯੂਕਰੇਨ 'ਚ ਦਾਖਲੇ ਲਈ ਬਾਇਓਮੈਟ੍ਰਿਕ ਅਤੇ ਪੁਲਿਸ ਤਸਦੀਕ ਲਾਜ਼ਮੀ ਹੈ। ਜਦੋਂ ਬੱਚਾ ਉੱਥੇ ਮੌਜੂਦ ਹੋਵੇਗਾ ਤਾਂ ਹੀ ਉਸ ਦਾ ਦਾਖਲਾ ਪੱਕਾ ਹੋਵੇਗਾ। ਆਪਣਾ ਇੱਕ ਸਾਲ ਬਚਾਉਣ ਦੇ ਲਈ ਵਿਦਿਆਰਥੀ ਅਜੇ ਵੀ ਯੂਕਰੇਨ ਜਾ ਰਹੇ ਹਨ।

ਮੀਡੀਆ ਦੀਆਂ ਰਿਪੋਰਟਾਂ ਅਨੁਸਾਰ ਯੂਕਰੇਨ 'ਚ ਤਕਰੀਬਨ 18 ਤੋਂ 20 ਹਜ਼ਾਰ ਭਾਰਤੀ ਵਿਦਿਆਰਥੀ ਰਹਿ ਰਹੇ ਹਨ। ਯੂਕਰੇਨ ਦੀ ਰਾਜਧਾਨੀ ਕੀਵ 'ਚ ਭਾਰਤੀ ਦੂਤਾਵਾਸ ਨੇ ਆਪਣੇ ਨਾਗਰਿਕਾਂ ਲਈ ਇੱਕ ਵੱਖਰੀ ਐਮਰਜੈਂਸੀ ਹੈਲਪਲਾਈਨ +380 997300483, +380 997300428 ਅਤੇ ਇੱਕ ਈ-ਮੇਲ ਦਾ ਪ੍ਰਬੰਧ ਕੀਤਾ ਹੈ।

ਭਾਰਤੀ ਵਿਦਿਆਰਥੀ ਯੂਕਰੇਨ ਕਿਉਂ ਜਾਂਦੇ ਹਨ?

ਭਾਰਤ 'ਚ ਮੈਡੀਕਲ ਦੀ ਤਿਆਰੀ ਕਰ ਰਹੇ ਵਿਦਿਆਰਥੀਆਂ 'ਚ ਰੂਸ ਅਤੇ ਯੂਕਰੇਨ ਨੂੰ ਲੈ ਕੇ ਕਾਫੀ ਚਰਚਾ ਹੈ।

ਇਸ ਦਾ ਕਾਰਨ ਇਹ ਹੈ ਕਿ ਦੋਵੇਂ ਦੇਸ਼ਾਂ ਦੀਆਂ ਕਈ ਮੈਡੀਕਲ ਯੂਨੀਵਰਸਿਟੀਆਂ ਦੇ ਦਰਵਾਜ਼ੇ ਭਾਰਤੀ ਵਿਦਿਆਰਥੀਆਂ ਲਈ ਖੁੱਲ੍ਹੇ ਹਨ। ਇਹ ਮੈਡੀਕਲ ਯੂਨੀਵਰਸਿਟੀਆਂ ਹਰ ਸਾਲ ਹਜ਼ਾਰਾਂ ਹੀ ਭਾਰਤੀ ਵਿਦਿਆਰਥੀਆਂ ਦੇ ਡਾਕਟਰ ਬਣਨ ਦਾ ਸੁਪਨਾ ਸਾਕਾਰ ਕਰਦੀਆਂ ਹਨ।

ਅਜਿਹਾ ਕਿਉਂ ਹੈ?

ਇਸ ਸਥਿਤੀ ਨੂੰ ਸਮਝਣ ਲਈ ਸਭ ਤੋਂ ਪਹਿਲਾਂ ਭਾਰਤ 'ਚ ਮੈਡੀਕਲ ਕਾਲਜਾਂ ਦੀ ਹਾਲਤ 'ਤੇ ਝਾਤ ਮਾਰਨੀ ਜ਼ਰੂਰੀ ਹੋਵੇਗੀ।

ਦਰਅਸਲ ਭਾਰਤ 'ਚ ਮੈਡੀਕਲ ਦੀ ਤਿਆਰੀ ਕਰ ਰਹੇ ਵਿਦਿਆਰਥੀਆਂ ਅਨੁਸਾਰ ਦੇਸ਼ 'ਚ ਮੈਡੀਕਲ ਕਾਲਜਾਂ ਦੀ ਉਪਲਬਧਤਾ ਬਹੁਤ ਘੱਟ ਹੈ।

ਸਾਲ 2021 ਦੇ ਦਸੰਬਰ ਮਹੀਨੇ ਹੀ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਰਾਜ ਮੰਤਰੀ ਡਾ. ਭਾਰਤੀ ਪ੍ਰਵੀਨ ਪਵਾਰ ਨੇ ਲੋਕ ਸਭਾ 'ਚ ਦੱਸਿਆ ਸੀ ਕਿ ਉਨ੍ਹਾਂ ਅਨੁਸਾਰ ਦੇਸ਼ 'ਚ ਸਰਕਾਰੀ ਅਤੇ ਨਿੱਜੀ ਕਾਲਜਾਂ 'ਚ ਐੱਮਬੀਬੀਐੱਸ ਦੀਆਂ ਕੁੱਲ 88,120 ਅਤੇ ਬੀਡੀਐੱਸ ਦੀਆਂ 2,748 ਸੀਟਾਂ ਹਨ।

ਇੰਨ੍ਹਾਂ ਸੀਟਾਂ ਲਈ ਪਿਛਲੇ ਸਾਲ ਲਗਭਗ ਅੱਠ ਲੱਖ ਬੱਚਿਆਂ ਨੇ ਇਮਤਿਹਾਨ ਦਿੱਤਾ ਸੀ।

ਐੱਮਬੀਬੀਐਸ ਦੀਆਂ ਕਰੀਬ 88 ਹਜ਼ਾਰ ਸੀਟਾਂ 'ਚੋਂ ਤਕਰੀਬਨ 50% ਸੀਟਾਂ ਨਿੱਜੀ ਕਾਲਜਾਂ 'ਚ ਹਨ। ਇਸ ਸਥਿਤੀ ਅਨੁਸਾਰ ਮੈਡੀਕਲ ਦੀ ਤਿਆਰੀ ਕਰ ਰਹੇ ਵਿਦਿਆਰਥੀਆਂ ਨੂੰ ਭਾਰਤ ਦੇ ਮੈਡੀਕਲ ਕਾਲਜਾਂ 'ਚ ਦਾਖਲਾ ਮਿਲਣਾ ਮੁਸ਼ਕਲ ਹੁੰਦਾ ਹੈ। ਸਿਰਫ 10% ਬੱਚਿਆਂ ਨੂੰ ਹੀ ਦਾਖਲਾ ਮਿਲਦਾ ਹੈ।

ਦੂਜੇ ਪਾਸੇ ਨਿੱਜੀ ਕਾਲਜਾਂ 'ਚ ਮੈਡੀਕਲ ਦੀ ਪੜ੍ਹਾਈ ਦਾ ਖਰਚਾ ਬਹੁਤ ਵਧੇਰੇ ਹੈ। ਜਿਸ ਕਰਕੇ ਭਾਰਤ ਦੇ ਹਜ਼ਾਰਾਂ ਵਿਦਿਆਰਥੀ ਰੂਸ, ਯੂਕਰੇਨ, ਕਜ਼ਾਕਿਸਤਾਨ, ਕਿਰਗਿਸਤਾਨ ਵਰਗੇ ਦੇਸ਼ਾਂ ਦਾ ਰੁਖ ਕਰਦੇ ਹਨ, ਜਿੱਥੇ ਮੈਡੀਕਲ ਕਾਲਜਾਂ 'ਚ ਦਾਖਲਾ ਵੀ ਆਸਾਨੀ ਨਾਲ ਮਿਲ ਜਾਂਦਾ ਹੈ ਅਤੇ ਪੜ੍ਹਾਈ ਦਾ ਖਰਚਾ ਵੀ ਘੱਟ ਹੈ।

ਵਿਸ਼ੂ ਤ੍ਰਿਪਾਠੀ ਕਹਿੰਦੇ ਹਨ, "ਅਸੀਂ ਉਨ੍ਹਾਂ ਬੱਚਿਆਂ ਨੂੰ ਪ੍ਰੇਰਿਤ ਕਰਦੇ ਹਾਂ, ਜਿੰਨ੍ਹਾਂ ਦਾ ਭਾਰਤ ਦੇ ਸਰਕਾਰੀ ਮੈਡੀਕਲ ਕਾਲਜ 'ਚ ਦਾਖਲਾ ਨਹੀਂ ਹੁੰਦਾ ਹੈ। ਜੋ ਬੱਚੇ ਸਾਲਾਨਾ ਦੋ ਲੱਖ ਰੁਪਏ ਖਰਚ ਕਰਕੇ ਬੀਡੀਐੱਸ, ਬੀ-ਫਾਰਮਾ ਜਾਂ ਬੀਐੱਸਸੀ ਕਰਨ ਬਾਰੇ ਸੋਚਦੇ ਹਨ, ਅਸੀਂ ਉਨ੍ਹਾਂ ਨੂੰ ਯੂਕਰੇਨ ਵਰਗੇ ਦੇਸ਼ਾਂ ਤੋਂ ਡਾਕਟਰ ਬਣਾਉਣ ਦਾ ਕੰਮ ਕਰਦੇ ਹਾਂ।"

"ਯੂਕਰੇਨ 'ਚ ਅਸੀਂ ਬੱਚਿਆਂ ਨੂੰ ਭਾਰਤੀ ਭੋਜਨ, ਹੋਸਟਲ ਵਰਗੀਆਂ ਸਹੂਲਤਾਂ ਵੀ ਮੁਹੱਈਆ ਕਰਵਾਉਂਦੇ ਹਾਂ। ਭਾਰਤ 'ਚ ਇੰਨ੍ਹੇ ਘੱਟ ਪੈਸਿਆਂ 'ਚ ਡਾਕਟਰ ਬਣਨਾ ਸੰਭਵ ਹੀ ਨਹੀਂ ਹੈ।"

ਮੈਡੀਕਲ ਦੀ ਪੜ੍ਹਾਈ ਦੇ ਖਰਚ ਦੇ ਲਿਹਾਜ ਨਾਲ ਯੂਕਰੇਨ ਦੁਨੀਆਂ ਦੇ ਕਈ ਦੇਸ਼ਾਂ ਨਾਲੋਂ ਸਸਤਾ ਹੈ। ਯੂਕਰੇਨ ਦੀ ਮੈਡੀਕਲ ਯੂਨੀਵਰਸਿਟੀ ਨਾ ਸਿਰਫ ਭਾਰਤ ਬਲਕਿ ਹੋਰ ਕਈ ਦੇਸ਼ਾਂ ਦੇ ਵਿਦਿਆਰਥੀਆਂ ਨੂੰ ਵੀ ਆਪਣੇ ਵੱਲ ਖਿੱਚਦੀ ਹੈ।

ਯੂਕਰੇਨ 'ਚ ਮੈਡੀਕਲ ਕਾਲਜਾਂ ਦੀ ਸਥਿਤੀ

ਮਾਹਰਾਂ ਦਾ ਮੰਨਣਾ ਹੈ ਕਿ ਮੈਡੀਕਲ ਦੀ ਪੜ੍ਹਾਈ ਲਈ ਹਰ ਸਾਲ 4-5 ਹਜ਼ਾਰ ਬੱਚੇ ਯੂਕਰੇਨ ਜਾਂਦੇ ਹਨ।

ਯੂਰੇਸ਼ੀਆ ਐਜੂਕੇਸ਼ਨ ਲਿੰਕ ਭਾਰਤੀ ਬੱਚਿਆਂ ਨੂੰ ਕਈ ਦੇਸ਼ਾਂ ਦੀਆਂ ਯੂਨੀਵਰਸਿਟੀਆਂ 'ਚ ਦਾਖਲਾ ਲੈਣ 'ਚ ਮਦਦ ਕਰਦਾ ਹੈ।

ਯੂਰੇਸ਼ੀਆ ਐਜੂਕੇਸ਼ਨ ਲਿੰਕ ਦੇ ਚੇਅਰਮੈਨ ਮਹਿਬੂਬ ਅਹਿਮਦ ਦਾ ਕਹਿਣਾ ਹੈ ਕਿ ਉਹ ਹਰ ਸਾਲ ਲਗਭਗ 1,000 ਬੱਚਿਆਂ ਨੂੰ ਮੈਡੀਕਲ ਦੀ ਪੜ੍ਹਾਈ ਕਰਨ ਲਈ ਯੂਕਰੇਨ ਵਰਗੇ ਦੇਸ਼ਾਂ 'ਚ ਭੇਜਦੇ ਹਨ। ਯੂਕਰੇਨ 'ਚ ਲਗਭਗ 20 ਮੈਡੀਕਲ ਯੂਨੀਵਰਸਿਟੀਆਂ ਹਨ।

ਮਹਿਬੂਬ ਅਹਿਮਦ ਅੱਗੇ ਦੱਸਦੇ ਹਨ, "ਯੂਕਰੇਨ 'ਚ ਤਿੰਨ ਤਰ੍ਹਾਂ ਦੀਆਂ ਯੂਨੀਵਰਸਿਟੀਆਂ ਹਨ। ਜਿਸ 'ਚ ਨੈਸ਼ਨਲ ਮੈਡੀਕਲ ਯੂਨੀਵਰਸਿਟੀ, ਨੈਸ਼ਨਲ ਯੂਨੀਵਰਸਿਟੀ ਅਤੇ ਸਟੇਟ ਯੂਨੀਵਰਸਿਟੀ ਸ਼ਾਮਲ ਹਨ। ਨੈਸ਼ਨਲ ਮੈਡੀਕਲ ਯੂਨੀਵਰਸਿਟੀ ਨੂੰ ਯੂਕਰੇਨ ਦੀ ਕੇਂਦਰ ਸਰਕਾਰ ਕੰਟਰੋਲ ਕਰਦੀ ਹੈ। ਇਸ ਯੂਨੀਵਰਸਿਟੀ 'ਚ ਸਿਰਫ ਮੈਡੀਕਲ ਕੋਰਸ ਹੀ ਹੁੰਦੇ ਹਨ।''

''ਯੂਕਰੇਨ 'ਚ ਚਾਰ ਤੋਂ ਵੱਧ ਇਸ ਤਰ੍ਹਾਂ ਦੀਆਂ ਮੈਡੀਕਲ ਯੂਨੀਵਰਸਿਟੀਆਂ ਮੌਜੂਦ ਹਨ, ਜੋ ਕਿ ਮੈਡੀਕਲ ਕਮੀਸ਼ਨ ਵੱਲੋਂ ਮਾਨਤਾ ਪ੍ਰਾਪਤ ਹਨ। ਨੈਸ਼ਨਲ ਯੂਨੀਵਰਸਿਟੀ, ਨੈਸ਼ਨਲ ਮੈਡੀਕਲ ਯੂਨੀਵਰਸਿਟੀ ਤੋਂ ਵੱਖਰੀ ਹੈ। ਇਸ 'ਚ ਮੈਡੀਕਲ ਤੋਂ ਇਲਾਵਾ ਹੋਰ ਦੂਜੇ ਕੋਰਸ ਵੀ ਪੜ੍ਹਾਏ ਜਾਂਦੇ ਹਨ। ਇਸ 'ਚ ਮੈਡੀਕਲ ਦੀ ਪੜ੍ਹਾਈ ਲਈ ਸਿਰਫ ਇੱਕ ਸ਼ਾਖਾ ਹੁੰਦੀ ਹੈ।"

ਇਸ ਤੋਂ ਇਲਾਵਾ ਯੂਕਰੇਨ 'ਚ ਸੂਬਿਆਂ ਦੀਆਂ ਆਪਣੀਆਂ ਸਟੇਟ ਮੈਡੀਕਲ ਯੂਨੀਵਰਸਿਟੀਆਂ ਵੀ ਹਨ। ਇੰਨ੍ਹਾਂ ਨੂੰ ਰਾਜ ਸਰਕਾਰ ਵੱਲੋਂ ਕੰਟਰੋਲ ਕੀਤਾ ਜਾਂਦਾ ਹੈ। ਯੂਕਰੇਨ 'ਚ ਮੈਡੀਕਲ ਦੀ ਪੜ੍ਹਾਈ ਲਈ ਜਾਣ ਵਾਲੇ ਬੱਚਿਆਂ ਦੀ ਪਹਿਲੀ ਪਸੰਦ ਨੈਸ਼ਨਲ ਮੈਡੀਕਲ ਯੂਨੀਵਰਸਿਟੀ ਹੁੰਦੀ ਹੈ।

ਯੂਕਰੇਨ 'ਚ ਮੈਡੀਕਲ ਦੇ ਦਾਖਲੇ ਲਈ ਇਹ ਧਿਆਨ ਰੱਖਣਾ ਜ਼ਰੂਰੀ ਹੈ ਕਿ ਉਹ ਯੂਨੀਵਰਸਿਟੀ ਭਾਰਤੀ ਮੈਡੀਕਲ ਕੌਂਸਲ ਵੱਲੋਂ ਮਾਨਤਾ ਪ੍ਰਾਪਤ ਹੋਵੇ।

ਯੂਕਰੇਨ ਤੋਂ ਭਾਰਤ ਪਹੁੰਚੀ ਚੰਡੀਗੜ੍ਹ ਦੀ ਸਰਗਮ ਬੁਕੋਵਿਨੀਅਨ ਸਟੇਟ ਮੈਡੀਕਲ ਯੂਨੀਵਰਸਿਟੀ ਦੀ ਵਿਦਿਆਰਥਣ ਹੈ।

ਬੀਬੀਸੀ ਪੱਤਰਕਾਰ ਮਨਪ੍ਰੀਤ ਕੌਰ ਨੂੰ ਸਰਗਮ ਨੇ ਦੱਸਿਆ ਕਿ ਯੂਕਰੇਨ ਵਿੱਚ ਜੰਗ ਕਾਰਨ ਹਾਲਾਤ ਖ਼ਰਾਬ ਹਨ। ਖਾਣ ਪੀਣ ਅਤੇ ਇੰਟਰਨੈੱਟ ਦੀ ਸਮੱਸਿਆ ਦਾ ਵਿਦਿਆਰਥੀ ਅਤੇ ਯੂਕਰੇਨੀ ਨਾਗਰਿਕ ਸਾਹਮਣਾ ਕਰ ਰਹੇ ਹਨ। ਦੇਸ਼ ਵਿੱਚ ਠੰਢ ਹੋਣ ਕਾਰਨ ਵੀ ਵਿਦਿਆਰਥੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਯੂਕਰੇਨ ਨੂੰ ਪੜ੍ਹਾਈ ਲਈ ਚੁਣਨ ਬਾਰੇ ਸਰਗਮ ਨੇ ਦੱਸਿਆ, "ਯੂਕਰੇਨ ਵਿੱਚ ਮੈਡੀਕਲ ਸਿੱਖਿਆ ਭਾਰਤ ਨਾਲੋਂ ਸਸਤੀ ਅਤੇ ਬਿਹਤਰ ਹੈ। ਜਿੱਥੇ ਪ੍ਰਾਈਵੇਟ ਕਾਲਜ ਵਿੱਚ ਐੱਮਬੀਬੀਐੱਸ ਦਾ ਖਰਚਾ ਇੱਕ ਕਰੋੜ ਦੇ ਕਰੀਬ ਹੈ ਉੱਥੇ ਹੀ ਸਾਰੀ ਪੜ੍ਹਾਈ 80 ਲੱਖ ਵਿੱਚ ਹੋ ਜਾਂਦੀ ਹੈ।"

ਸਰਗਮ ਮੁਤਾਬਕ ਯੂਕਰੇਨ ਵਿੱਚ ਵਿਹਾਰਕ ਸਿੱਖਿਆ ਉੱਤੇ ਜ਼ੋਰ ਦਿੱਤਾ ਜਾਂਦਾ ਹੈ ਅਤੇ ਭਾਰਤ ਦੇ ਮੁਕਾਬਲੇ ਸਿੱਖਣ ਨੂੰ ਜ਼ਿਆਦਾ ਮਿਲਦਾ ਹੈ।

ਸਰਗਮ ਦੀ ਮਾਤਾ ਅਰਚਨਾ ਮੁਤਾਬਕ ਹਾਲਾਤ ਵਿਗੜਨ ਕਾਰਨ ਉਨ੍ਹਾਂ ਨੂੰ ਕਾਫ਼ੀ ਚਿੰਤਾ ਹੋ ਗਈ ਸੀ ਅਤੇ ਬੇਟੀ ਦੇ ਵਾਪਸ ਆਉਣ ਨਾਲ ਉਨ੍ਹਾਂ ਨੂੰ ਚੰਗਾ ਲੱਗ ਰਿਹਾ ਹੈ। ਉਨ੍ਹਾਂ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਸਾਰੇ ਬੱਚਿਆਂ ਨੂੰ ਛੇਤੀ ਤੋਂ ਛੇਤੀ ਸੁਰੱਖਿਅਤ ਦੇਸ਼ ਲੈ ਕੇ ਆਉਣ ਦੀ ਕੋਸ਼ਿਸ਼ ਕੀਤੀ ਜਾਵੇ।

ਅਰਚਨਾ ਮੁਤਾਬਕ ਭਾਰਤ ਵਿੱਚ ਮੈਡੀਕਲ ਸਿੱਖਿਆ ਮਹਿੰਗੀ ਹੋਣ ਕਾਰਨ ਮੱਧ ਵਰਗੀ ਪਰਿਵਾਰ ਆਪਣੇ ਬੱਚਿਆਂ ਨੂੰ ਯੂਕਰੇਨ ਭੇਜਦੇ ਹਨ।

ਕੀ ਯੂਕਰੇਨ ਵਰਗੇ ਦੇਸ਼ਾਂ ਤੋਂ ਮਿਲੀ ਡਿਗਰੀ ਨੂੰ ਭਾਰਤ 'ਚ ਮਾਨਤਾ ਪ੍ਰਾਪਤ ਹੈ?

ਵਿਦੇਸ਼ 'ਚ ਡਾਕਟਰੀ ਪੜ੍ਹਾਈ ਮੁਕੰਮਲ ਕਰਨ ਤੋਂ ਬਾਅਦ ਬੱਚਿਆਂ ਨੂੰ ਭਾਰਤ 'ਚ ਵਿਦੇਸ਼ੀ ਮੈਡੀਕਲ ਗ੍ਰੈਜੂਏਟ ਪ੍ਰੀਖਿਆ, ਐੱਫਐੱਮਜੀਈ ਦੇਣੀ ਹੁੰਦੀ ਹੈ।

ਇਸ ਪ੍ਰੀਖਿਆ ਨੂੰ ਪਾਸ ਕਰਨ ਤੋਂ ਬਾਅਦ ਹੀ ਭਾਰਤ 'ਚ ਡਾਕਟਰੀ ਕਰਨ ਦਾ ਲਾਈਸੈਂਸ ਮਿਲਦਾ ਹੈ ਅਤੇ ਪ੍ਰੈਕਟਿਸ ਕੀਤੀ ਜਾ ਸਕਦੀ ਹੈ। 300 ਨੰਬਰਾਂ ਦੀ ਇਸ ਪ੍ਰੀਖਿਆ ਨੂੰ ਪਾਸ ਕਰਨ ਲਈ 150 ਨੰਬਰ ਲੈਣੇ ਲਾਜ਼ਮੀ ਹੁੰਦੇ ਹਨ।

ਯੂਕਰੇਨ ਦੀ ੳਜਾਰੌਡ ਨੈਸ਼ਨਲ ਯੂਨੀਵਰਸਿਟੀ ਤੋਂ ਆਪਣੀ ਡਾਕਟਰੀ ਦੀ ਪੜ੍ਹਾਈ ਕਰਨ ਵਾਲੇ ਡਾ. ਸੁਨੀਲ ਫੇਨਿਨ ਦੱਸਦੇ ਹਨ, "ਸਾਲ 2020 'ਚ ਮੈਂ ਐੱਫਐੱਮਜੀਈ ਦਾ ਇਮਤਿਹਾਨ ਦਿੱਤਾ ਸੀ। ਇਹ ਪ੍ਰੀਖਿਆ ਸੌਖੀ ਨਹੀਂ ਹੁੰਦੀ ਹੈ। ਇਸ ਲਈ ਪੂਰੀ ਤਿਆਰੀ ਦੀ ਲੋੜ ਪੈਂਦੀ ਹੈ। ਪ੍ਰੀਖਿਆ ਪਾਸ ਕਰਨ ਤੋਂ ਬਾਅਦ ਮੈਨੂੰ ਲਾਈਸੈਂਸ ਮਿਲਿਆ ਅਤੇ ਹੁਣ ਮੈਂ ਦਿੱਲੀ ਦੇ ਰਾਮ ਮਨੋਹਰ ਲੋਹੀਆ ਹਸਪਤਾਲ 'ਚ ਬਤੌਰ ਡਾਕਟਰ ਸੇਵਾ ਨਿਭਾ ਰਿਹਾ ਹਾਂ।"

ਡਾ. ਸੁਨੀਲ ਅਨੁਸਾਰ ਦਸੰਬਰ 2021 'ਚ ਵਿਦੇਸ਼ ਤੋਂ ਆਪਣੀ ਡਾਕਟਰੀ ਦੀ ਪੜ੍ਹਾਈ ਪੂਰੀ ਕਰਨ ਵਾਲੇ ਲਗਭਗ 23 ਹਜ਼ਾਰ ਬੱਚਿਆਂ ਨੇ ਐੱਫਐੱਮਜੀਈ ਦੀ ਪ੍ਰੀਖਿਆ ਦਿੱਤੀ ਸੀ, ਪਰ ਸਿਰਫ 5,665 ਬੱਚੇ ਹੀ ਇਸ ਪ੍ਰੀਖਿਆ 'ਚ ਪਾਸ ਹੋ ਸਕੇ ਸਨ।

ਕਿਰਗਿਸਤਾਨ ਤੋਂ ਮੈਡੀਕਲ ਦੀ ਪੜ੍ਹਾਈ ਕਰਨ ਵਾਲੇ ਕਪਿਲ ਸਿੰਗਲਾ ਨੇ ਦੋ ਵਾਰ ਇਹ ਪ੍ਰੀਖਿਆ ਦਿੱਤੀ ਹੈ ਪਰ ਉਹ ਇਸ 'ਚ ਪਾਸ ਨਹੀਂ ਹੋ ਸਕੇ।

ਇਹ ਪ੍ਰੀਖਿਆ ਸਾਲ 'ਚ ਦੋ ਵਾਰ ਹੁੰਦੀ ਹੈ ਅਤੇ 15 ਫੀਸਦ ਤੋਂ 25 ਫੀਸਦ ਬੱਚੇ ਹੀ ਇਸ ਨੂੰ ਪਾਸ ਕਰ ਪਾੳਂਦੇ ਹਨ। ਰੂਸ ਅਤੇ ਯੂਕਰੇਨ ਸੰਕਟ ਵਿਚਾਲੇ ਯੂਕਰੇਨ 'ਚ ਰਹਿ ਰਹੇ ਇੰਨ੍ਹਾਂ ਭਾਰਤੀ ਵਿਦਿਆਰਥੀਆਂ ਦਾ ਭਵਿੱਖ ਸੰਕਟ 'ਚ ਪੈ ਸਕਦਾ ਹੈ।

ਇਹ ਵੀ ਪੜ੍ਹੋ:

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)