You’re viewing a text-only version of this website that uses less data. View the main version of the website including all images and videos.
ਇਲੋਨ ਮਸਕ ਦੀ ਸਟਾਰਲਿੰਕ ਕੰਪਨੀ ਕਿਵੇਂ ਕੰਮ ਕਰਦੀ ਹੈ, ਜਿਸ ਰਾਹੀਂ ਮਦਦ ਕਰਨ ਲਈ ਯੂਕਰੇਨ ਨੇ ਗੁਹਾਰ ਲਾਈ ਹੈ
ਰੂਸ ਅਤੇ ਯੂਕਰੇਨ ਵਿਚਾਲੇ ਜੰਗ ਜਾਰੀ ਹੈ। ਰੂਸ ਵੱਲੋਂ ਯੂਕਰੇਨ ਉੱਤੇ ਹਮਲੇ ਕੀਤੇ ਜਾ ਰਹੇ ਹਨ। ਅੱਜ ਪੰਜਵਾਂ ਦਿਨ ਹੈ ਜਦੋਂ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਯੂਕਰੇਨ ਉੱਤੇ ਹਮਲੇ ਦੇ ਹੁਕਮ ਦਿੱਤੇ ਸਨ।
ਰੂਸ ਦੇ ਯੂਕਰੇਨ ਉੱਤੇ ਹਮਲੇ ਕਾਰਨ ਇੰਟਰਨੈੱਟ ਸੇਵਾਵਾਂ ਪ੍ਰਭਾਵਿਤ ਹੋਈਆਂ ਹਨ ਅਤੇ ਯੂਕਰੇਨ ਦੀ ਮਦਦ ਲਈ ਦੁਨੀਆਂ ਦੇ ਵੱਡੇ ਨਾਮ ਅਤੇ ਸਪੇਸ ਐਕਸ ਦੇ ਸੀਈਓ ਇਲੋਨ ਮਸਕ ਅੱਗੇ ਗੁਹਾਰ ਲਗਾਈ ਗਈ ਹੈ।
ਮਸਕ ਨੇ ਆਪਣੀ ਕੰਪਨੀ ਸਟਾਰਲਿੰਕ ਉਪਗ੍ਰਹਿ ਬ੍ਰਾਡਬੈਂਡ ਸਰਵਿਸ ਯੂਕਰੇਨ ਵਿੱਚ ਐਕਟਿਵ ਕਰਨ ਦੀ ਗੱਲ ਵੀ ਆਖੀ ਹੈ।
ਦਰਅਸਲ ਯੂਕਰੇਨ ਦੇ ਉੱਪ-ਪ੍ਰਧਾਨ ਮੰਤਰੀ ਮਿਖਾਇਲੋ ਫੇਡੋਰੋਵ ਨੇ ਮਸਕ ਨੂੰ ਸਟਾਰਲਿੰਕ ਸਟੇਸ਼ਨ ਮੁਹੱਈਆ ਕਰਵਾਉਣ ਦੀ ਅਪੀਲ ਕੀਤੀ ਸੀ।
ਫੇਡੋਰੋਵ ਨੇ ਟਵੀਟ ਕੀਤਾ, ''ਐਲਨ ਮਸਕ, ਜਦੋਂ ਤੁਸੀਂ ਮੰਗਲ ਗ੍ਰਹਿ ਦਾ ਉਪਨਿਵੇਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਤਾਂ ਰੂਸ ਯੂਕਰੇਨ ਉੱਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਤੁਹਾਡੇ ਰਾਕੇਟ ਪੁਲਾੜ ਤੋਂ ਸਫ਼ਲਤਾ ਨਾਲ ਉਤਰ ਰਹੇ ਹਨ, ਰੂਸੀ ਰਾਕੇਟ ਯੂਕਰੇਨੀ ਨਾਗਰਿਕਾਂ ਉਤੇ ਉੱਤਰ ਰਹੇ ਹਨ। ਅਸੀਂ ਤੁਹਾਨੂੰ ਯੂਕਰੇਨ ਨੂੰ ਸਟਾਰਲਿੰਕ ਸਟੇਸ਼ਨ ਮੁਹੱਈਆ ਕਰਵਾਉਣ ਦੀ ਅਪੀਲ ਕਰਦੇ ਹਾਂ।''
ਫੇਡੋਰੋਵ ਦੇ ਜਵਾਬ ਵਿੱਚ ਮਸਕ ਨੇ ਕਿਹਾ, ''ਸਟਾਰਲਿੰਕ ਸੇਵਾ ਹੁਣ ਯੂਕਰੇਨ ਵਿੱਚ ਐਕਟਿਵ ਹੈ, ਹੋਰ ਟਰਮਿਨਲ ਲਗਾਉਣ ਦਾ ਕੰਮ ਜਾਰੀ ਹੈ।''
ਸਟਾਰਲਿੰਕ ਸਰਵਿਸ ਕੀ ਹੈ?
ਸਪੇਸ ਐਕਸ ਦੀ ਸਟਾਰਲਿੰਕ ਸਰਵਿਸ ਉਪਗ੍ਰਹਿਾਂ ਦੇ ਇੱਕ ਵਿਸ਼ਾਲ ਤਾਰਾਮੰਡਲ ਰਾਹੀਂ ਹਾਈ ਸਪੀਡ ਬ੍ਰਾਡਬੈਂਡ ਇੰਟਰਨੈੱਟ ਪਹੁੰਚਾਉਂਦੀ ਹੈ।
ਇਸ ਦਾ ਮਕਸਦ ਧਰਤੀ ਉੱਤੇ ਕਿਸੇ ਵੀ ਖ਼ੇਤਰ ਵਿੱਚ ਕਵਰੇਜ ਮੁਹੱਈਆ ਕਰਵਾਉਣਾ ਹੈ।
ਸਟਾਰਲਿੰਕ ਉਪਭੋਗਤਾ ਸਪੇਸ-ਅਧਾਰਿਤ ਇੰਟਰਨੈਟ ਸੇਵਾ ਨੂੰ ਉਸ ਸਥਾਨ 'ਤੇ ਜਾਂ ਨੇੜੇ ਰੱਖੇ ਗਏ ਸੈਟੇਲਾਈਟ ਡਿਸ਼ ਦੀ ਵਰਤੋਂ ਰਾਹੀਂ ਪ੍ਰਾਪਤ ਕਰਦੇ ਹਨ, ਜਿੱਥੇ ਸੇਵਾ ਦੀ ਲੋੜ ਹੁੰਦੀ ਹੈ।
ਖ਼ਬਰ ਏਜੰਸੀ ਰਾਇਟਰਜ਼ ਮੁਤਾਬਕ ਮਸਕ ਅਤੇ ਸਪੇਸ ਐਕਸ ਨੇ ਹਾਲ ਹੀ ਵਿੱਚ ਪ੍ਰਸ਼ਾਂਤ ਮਹਾਂਸਾਗਰ ਵਿੱਚ ਟੋਂਗਾ ਦੇ ਟਾਪੂ ਦੇਸ਼ ਵਿੱਚ 50 ਸਟਾਰਲਿੰਕ ਟਰਮੀਨਲ ਭੇਜੇ ਹਨ ਤਾਂ ਜੋ ਜਨਵਰੀ ਵਿੱਚ ਇੱਕ ਵਿਸ਼ਾਲ ਜੁਆਲਾਮੁਖੀ ਫਟਣ ਅਤੇ ਸੁਨਾਮੀ ਤੋਂ ਬਾਅਦ ਦੂਰ-ਦੁਰਾਡੇ ਦੇ ਪਿੰਡਾਂ ਨੂੰ ਦੁਬਾਰਾ ਜੁੜਨ ਵਿੱਚ ਸਹਾਇਤਾ ਲਈ ਮੁਫਤ ਇੰਟਰਨੈਟ ਸੇਵਾ ਦਿੱਤੀ ਜਾ ਸਕੇ।
ਸਟਾਰਲਿੰਕ ਟਰਮੀਨਲ ਕੁਦਰਤੀ ਆਫ਼ਤ ਕਾਰਨ ਸਭ ਤੋਂ ਵੱਧ ਪ੍ਰਭਾਵਿਤ ਖੇਤਰਾਂ ਦੇ ਨਾਲ ਸੰਚਾਰ ਨੂੰ ਬਹਾਲ ਕਰਨ ਵਿੱਚ ਮਦਦ ਕਰਨਗੇ।
ਇੱਕ ਰਿਪੋਰਟ ਮੁਤਾਬਕ ਮਸਕ ਕਹਿੰਦੇ ਹਨ ਸਟਾਰਲਿੰਕ ਨੇ ਹੁਣ ਤੱਕ ਇੱਕ ਲੱਖ ਤੋਂ ਵੱਧ ਇੰਟਰਨੈੱਟ ਟਰਮੀਨਲ 14 ਮੁਲਕਾਂ ਵਿੱਚ ਗਾਹਕਾਂ ਨੂੰ ਭੇਜੇ ਹਨ।
ਜੂਨ 2021 ਵਿੱਚ ਹੋਈ ਮੋਬਾਈਲ ਵਰਲਡ ਕਾਂਗਰਸ ਵਿੱਚ ਮਸਕ ਨੇ ਕਿਹਾ ਸੀ ਕਿ ਸਟਾਰਲਿੰਕ ਨੌਰਥ ਅਤੇ ਸਾਊਥ ਪੋਲਜ਼ ਨੂੰ ਛੱਡ ਕੇ ਪੂਰੀ ਦੁਨੀਆਂ ਵਿੱਚ ਅਗਸਤ ਤੱਕ ਮੌਜੂਦ ਹੋਵੇਗਾ, ਹਾਲਾਂਕਿ ਖ਼ੇਤਰੀ ਮੌਜੂਦਗੀ ਰੈਗੂਲੇਟਰੀ ਮਨਜ਼ੂਰੀ ਉੱਤੇ ਨਿਰਭਰ ਹੋਵੇਗੀ।
ਸਟਾਰਲਿੰਕ ਦੀ ਵੈੱਬਸਾਈਟ ਮੁਤਾਬਕ ਗਾਹਕ ਲਈ ਡਾਟਾ ਸਪੀਡ 50 ਤੋਂ 150 ਮੈਗਾਬਿਟਸ ਹਰ ਸਕਿੰਟ ਉੱਤੇ ਸੰਭਾਵਿਤ ਹੋ ਸਕਦੀ ਹੈ।
ਸਟਾਰਲਿੰਕ ਦੀ ਬੁਕਿੰਗ ਲਈ ਘੱਟੋ-ਘੱਟੋ ਛੇ ਮਹੀਨੇ ਦਾ ਵੇਟਿੰਗ ਪੀਰੀਅਡ ਹੈ ਅਤੇ ਇਸ ਦੀ ਕੀਮਤ 99 ਡਾਲਰ (ਤਕਰੀਬਨ 7500 ਰੁਪਏ) ਪ੍ਰਤੀ ਮਹੀਨਾ ਹੋਵੇਗੀ।
ਪਿਛਲੇ ਸਾਲ ਭਾਰਤ ਸਰਕਾਰ ਨੇ ਵੀ ਐਲਨ ਮਸਕ ਦੀ ਇੰਟਰਨੈੱਟ ਕੰਪਨੀ ਸਟਾਰਲਿੰਕ ਦੀਆਂ ਸੇਵਾਵਾਂ 'ਤੇ ਰੋਕ ਲਗਾ ਦਿੱਤੀ ਸੀ।
ਕੇਂਦਰ ਸਰਕਾਰ ਨੇ ਬਿਆਨ ਜਾਰੀ ਕਰਕੇ ਕਿਹਾ ਸੀ ਕਿ ਸਟਾਰਲਿੰਕ ਨੂੰ ''ਭਾਰਤ ਵਿੱਚ ਤੁਰੰਤ ਪ੍ਰਭਾਵ ਨਾਲ ਇੰਟਰਨੈੱਟ ਸੇਵਾਵਂ ਬੁੱਕ ਕਰਨ ਜਾਂ ਸੇਵਾਵਾਂ ਦੇਣ ਤੋਂ'' ਰੋਕ ਦਿੱਤਾ ਗਿਆ ਹੈ।
ਰੂਸ-ਯੂਕਰੇਨ ਵਿਚਾਲੇ ਕੀ ਹੋ ਰਿਹਾ?
ਰੂਸ ਵੱਲੋਂ ਯੂਕਰੇਨ ਉੱਤੇ ਹਮਲੇ ਦਾ ਅੱਜ ਪੰਜਵਾਂ ਦਿਨ ਹੈ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਯੂਕਰੇਨ ਉੱਤੇ ਹਮਲੇ ਦੇ ਆਦੇਸ਼ ਦਿੱਤੇ ਸਨ।
ਕਈ ਦੇਸ਼ਾਂ ਵੱਲੋਂ ਕੂਟਨੀਤੀ ਰਾਹੀਂ ਮਸਲੇ ਨੂੰ ਸੁਲਝਾਉਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ ਪਰ ਅਜੇ ਤੱਕ ਕੋਈ ਹੱਲ ਨਹੀਂ ਨਿਕਲਿਆ।
ਉੱਧਰ ਯੂਕਰੇਨ ਦੀ ਮਦਦ ਲਈ ਯੂਰਪੀ ਸੰਘ ਨੇ ਹਥਿਆਰ ਭੇਜਣ ਦਾ ਫ਼ੈਸਲਾ ਕੀਤਾ ਹੈ ਅਤੇ ਰੂਸੀ ਜਹਾਜ਼ਾਂ ਲਈ ਆਪਣੇ ਹਵਾਈ ਖ਼ੇਤਰ ਨੂੰ ਬੈਨ ਕਰਨ ਦਾ ਫ਼ੈਸਲਾ ਕੀਤਾ ਹੈ। ਇਸਦੇ ਨਾਲ ਹੀ ਰੂਸ ਦੇ ਸਰਕਾਰੀ ਮੀਡੀਆ ਨੂੰ ਲੈ ਕੇ ਪਾਬੰਦੀਆਂ ਦਾ ਫ਼ੈਸਲਾ ਕੀਤਾ ਗਿਆ ਹੈ।
ਇਹ ਵੀ ਪੜ੍ਹੋ:
ਇਹ ਵੀ ਦੇਖੋ: