ਯੂਕਰੇਨ - ਪੋਲੈਂਡ ਬਾਰਡਰ 'ਤੇ ਵਿਦਿਆਰਥਣਾਂ: 'ਵਾਲਾਂ ਤੋਂ ਖਿੱਚਿਆ ਤੇ ਰਾਡਾਂ ਨਾਲ ਮਾਰਿਆ ਜਾ ਰਿਹਾ'-ਪ੍ਰੈੱਸ ਰਿਵੀਊ

ਕਈ ਭਾਰਤੀ ਵਿਦਿਆਰਥੀ ਜੋ ਯੂਕਰੇਨ ਤੋਂ ਭੱਜ ਰਹੇ ਹਨ, ਉਨ੍ਹਾਂ ਨੇ ਇਲਜ਼ਾਮ ਲਗਾਇਆ ਹੈ ਕਿ ਉਨ੍ਹਾਂ ਨੂੰ ਯੂਕਰੇਨ ਦੇ ਫੌਜੀਆਂ ਵੱਲੋਂ ਪੋਲੈਂਡ ਦੇ ਬਾਰਡਰ ਉੱਤੇ ਤੰਗ-ਪ੍ਰੇਸ਼ਾਨ ਕੀਤਾ ਗਿਆ ਅਤੇ ਬਾਰਡਰ ਪਾਰ ਨਹੀਂ ਕਰਨ ਦਿੱਤਾ ਗਿਆ।

ਐੱਨਡੀਟੀਵੀ ਦੀ ਖ਼ਬਰ ਮੁਤਾਬਕ ਰਾਤ ਵੇਲੇ ਬਣਾਈਆਂ ਗਈਆਂ ਅਜਿਹੀਆਂ ਵੀਡੀਓਜ਼ ਵਿੱਚੋਂ ਇੱਕ ਵਿਦਿਆਰਥੀ ਆਪਣਾ ਸੂਟਕੇਸ ਲਿਜਾ ਰਹੇ ਹਨ ਅਤੇ ਪਿੱਛੋਂ ਵਰਦੀ ਵਿੱਚ ਗਾਰਡ ਲੱਤਾਂ ਮਾਰ ਰਿਹਾ ਹੈ।

ਖ਼ਬਰ ਮੁਤਾਬਕ ਹਾਲਾਂਕਿ ਇਹ ਸਪੱਸ਼ਟ ਨਹੀਂ ਹੈ ਕਿ ਵਿਦਿਆਰਥੀ ਭਾਰਤੀ ਹੈ। ਪਰ ਕਈ ਹੋਰ ਵਿਦਿਆਰਥੀ ਜੋ ਪੋਲੈਂਡ-ਯੂਕਰੇਨ ਬਾਰਡਰ ਦਾ ਰੁਖ਼ ਕਰ ਰਹੇ ਹਨ, ਉਨ੍ਹਾਂ ਕਥਿਤ ਤੌਰ ਉੱਤੇ ਇਲਜ਼ਾਮ ਲਗਾਇਆ ਹੈ ਕਿ ਭਾਰਤੀ ਵਿਦਿਆਰਥੀਆਂ ਨੂੰ ਤੰਗ ਕੀਤਾ ਗਿਆ ਹੈ।

ਯੂਕਰੇਨ ਵਿੱਚ ਆਪਣੀ ਕਾਰ 'ਚੋਂ ਗੱਲ ਕਰਦਿਆ ਭਾਰਤੀ ਵਿਦਿਆਰਥਣ ਮਾਨਸੀ ਚੌਧਰੀ ਨੇ ਐੱਨਡੀਟੀਵੀ ਨੂੰ ਦੱਸਿਆ, ''ਹਾਲਤ ਹਰ ਦਿਨ ਖ਼ਰਾਬ ਹੁੰਦੇ ਜਾ ਰਹੇ ਹਨ। ਉਹ ਸਾਨੂੰ ਪੋਲੈਂਡ ਤੋਂ ਪਾਰ ਜਾਣ ਦੀ ਇਜਾਜ਼ਤ ਨਹੀਂ ਦੇ ਰਹੇ। ਇੱਥੋਂ ਤੱਕ ਕਿ ਵਿਦਿਆਰਥਣਾਂ ਨੂੰ ਵੀ ਤੰਗ-ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਨੂੰ ਵਾਲਾਂ ਤੋਂ ਖਿੱਚਿਆ ਜਾ ਰਿਹਾ ਹੈ ਤੇ ਰਾਡਾਂ ਨਾਲ ਮਾਰਿਆ ਜਾ ਰਿਹਾ ਹੈ। ਕੁਝ ਵਿਦਿਆਰਥਣਾਂ ਦੇ ਸੱਟਾਂ ਲੱਗੀਆਂ ਹਨ ਅਤੇ ਫ੍ਰੈਕਚਰ ਵੀ ਹੋਏ ਹਨ।''

ਮਾਨਸੀ ਨੇ ਅੱਗੇ ਦੱਸਿਆ, ''ਭਾਰਤੀ ਸਫ਼ਾਰਤਖ਼ਾਨੇ ਦੇ ਡਿਪਲੋਮੈਟ ਸਾਨੂੰ ਖਾਣਾ ਅਤੇ ਰਹਿਣ ਲਈ ਥਾਂ ਦੇ ਰਹੇ ਹਨ। ਬਾਰਡਰ ਦੇ ਗਾਰਡ ਸਾਨੂੰ ਸਰਹੱਦ ਪਾਰ ਨਹੀਂ ਜਾਣ ਦੇ ਰਹੇ। ਜੇ ਕੋਈ ਪਾਰ ਜਾਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਹ ਰਾਡਾਂ ਨਾਲ ਹਮਲਾ ਕਰਦੇ ਹਨ। ਚਿਹਰਿਆਂ ਉੱਤੇ ਮੁੱਕੇ ਮਾਰ ਰਹੇ ਹਨ।''

ਇੱਕ ਹੋਰ ਵਿਦਿਆਰਥਣ ਦੀਕਸ਼ਾ ਪਾਂਡੇ ਨੇ ਐੱਨਡੀਟੀਵੀ ਨੂੰ ਦੱਸਿਆ, ''ਬਾਰਡਰ ਉੱਤੇ ਲੋਕ ਮੁਸ਼ਕਲ ਵਿੱਚ ਹਨ ਅਤੇ ਤੰਗ ਪ੍ਰੇਸ਼ਾਨ ਹੋ ਰਹੇ ਹਨ। ਕੁੜੀਆਂ ਨੂੰ ਵਾਲਾਂ ਤੋਂ ਖਿੱਚ ਕੇ ਤਸ਼ਦੱਦ ਕੀਤਾ ਜਾ ਰਿਹਾ ਹੈ।''

ਇਹ ਵੀ ਪੜ੍ਹੋ:

ਯੂਕਰੇਨ 'ਚ ਫਸੇ ਬੱਚਿਆਂ ਲਈ ਮੇਲ ਕਰਨ ਵਾਲੇ ਸੰਸਦ ਮੈਂਬਰਾਂ ਨੂੰ ਮਿਲ ਰਹੇ ਆਟੋ-ਰਿਪਲਾਈ

ਯੂਕਰੇਨ ਵਿੱਚ ਫਸੇ ਭਾਰਤੀਆਂ ਨੂੰ ਉੱਥੋਂ ਕੱਢਣ ਲਈ ਵੱਖ-ਵੱਖ ਪਾਰਟੀਆਂ ਦੇ ਸੰਸਦ ਮੈਂਬਰ ਆਪਣੇ ਪੱਧਰ ਉੱਤੇ ਕੋਸ਼ਿਸ਼ਾਂ ਕਰ ਰਹੇ ਹਨ।

ਦੈਨਿਕ ਭਾਸਕਰ ਦੀ ਖ਼ਬਰ ਮੁਤਾਬਕ ਲੋਕ ਸਭਾ ਅਤੇ ਰਾਜ ਸਭਾ ਮੈਂਬਰ ਆਪੋ-ਆਪਣੇ ਇਲਾਕਿਆਂ ਦੇ ਅਜਿਹੇ ਬੱਚਿਆਂ ਦੀ ਲਿਸਟ ਬਣਾ ਕੇ ਵਿਦੇਸ਼ ਮੰਤਰਾਲੇ ਨੂੰ ਭੇਜ ਰਹੇ ਹਨ ਜੋ ਇਸ ਵੇਲੇ ਯੂਕਰੇਨ ਵਿੱਚ ਫਸੇ ਹਨ।

ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਵੱਲੋਂ ਇਨ੍ਹਾਂ ਸੰਸਦ ਮੈਂਬਰਾਂ ਦੀਆਂ ਈਮੇਲ ਆਈਡੀਜ਼ ਨੂੰ ਆਟੋ-ਰਿਪਲਾਈ ਉੱਤੇ ਪਾ ਦਿੱਤਾ ਹੈ।

ਅੰਮ੍ਰਿਤਸਰ ਤੋਂ ਕਾਂਗਰਸ ਦੇ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਇਸੇ ਉੱਤੇ ਨਾਰਾਜ਼ਗੀ ਜ਼ਾਹਿਰ ਕਰਦਿਆਂ ਟਵੀਟ ਕੀਤਾ ਕਿ ਜੇ ਪ੍ਰਧਾਨ ਮੰਤਰੀ ਦਫ਼ਤਰ ਅਤੇ ਵਿਦੇਸ਼ ਮੰਤਰਾਲੇ ਦੇ ਅਫ਼ਸਰ ਜਨਤਾ ਵੱਲੋਂ ਚੁਣੇ ਗਏ ਸੰਸਦ ਮੈਂਬਰਾਂ ਦੇ ਸੰਪਰਕ ਵਿੱਚ ਹੀ ਨਹੀਂ ਹੈ ਤਾਂ ਫ਼ਿਰ ਉਹ ਯੂਕਰੇਨ ਵਿੱਚ ਫਸੇ ਬੱਚਿਆਂ ਦੇ ਸੰਪਰਕ ਵਿੱਚ ਕਿਵੇਂ ਹੋ ਸਕਦੇ ਹਨ?

ਭਾਸਕਰ ਨਾਲ ਗੱਲਬਾਤ ਕਰਦਿਆਂ ਔਜਲਾ ਨੇ ਕਿਹਾ ਯੂਕਰੇਨ ਵਿੱਚ ਫਸੇ ਬੱਚਿਆਂ ਦੇ ਪਰਿਵਾਰ ਉਨ੍ਹਾਂ ਕੋਲ ਆ ਰਹੇ ਹਨ। ਇਨ੍ਹਾਂ ਪਰਿਵਾਰਾਂ ਦੀ ਗੱਲਬਾਤ ਅਤੇ ਬੱਚਿਆਂ ਦੀ ਲਿਸਟ ਆਪਣੀ ਆਫ਼ੀਸ਼ੀਅਲ ਮੇਲ ਆਈਡੀ ਤੋਂ ਪ੍ਰਧਾਨ ਮੰਤਰੀ ਦਫ਼ਤਰ ਅਤੇ ਵਿਦੇਸ਼ ਮੰਤਰਾਲੇ ਨੂੰ ਭਿਜਵਾ ਚੁੱਕੇ ਹਨ।

ਉਨ੍ਹਾਂ ਮੁਤਾਬਕ ਦੋ ਦਿਨ ਪਹਿਲਾਂ ਤੱਕ ਤਾਂ ਵਿਦੇਸ਼ ਮੰਤਰਾਲੇ ਦੇ ਅਧਿਕਾਰੀ ਈ-ਮੇਲ ਦਾ ਜਵਾਬ ਦੇ ਰਹੇ ਸਨ ਪਰ ਦੋ ਦਿਨ ਪਹਿਲਾਂ ਅਚਾਨਕ ਸਾਰੇ ਸੰਸਦ ਮੈਂਬਰਾਂ ਦੀਆਂ ਆਫ਼ੀਸ਼ੀਅਲ ਈ-ਮੇਲ ਆਈਡੀਜ਼ ਨੂੰ ਆਟੋ-ਰਿਪਲਾਈ ਉੱਤੇ ਪਾ ਦਿੱਤਾ ਗਿਆ।

ਇਸੇ ਕਾਰਨ ਪਤਾ ਨਹੀਂ ਚੱਲ ਰਿਹਾ ਹੈ ਕਿ ਸੰਸਦ ਮੈਂਬਰ ਜੋ ਈ-ਮੇਲ ਭੇਜ ਰਹੇ ਹਨ, ਉਸ ਉੱਤੇ ਮੰਤਰਾਲੇ ਵੱਲੋਂ ਕੋਈ ਕਾਰਵਾਈ ਕੀਤੀ ਵੀ ਜਾ ਰਹੀ ਹੈ ਜਾਂ ਨਹੀਂ।

ਪਟਿਆਲਾ ਦੇ ਕਈ ਪਿੰਡਾਂ 'ਚ 104 ਕਰੋੜ ਰੁਪਏ ਲੱਗਣ ਦੇ ਸਬੂਤ ਨਹੀਂ - ਪੜਤਾਲ

ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਨੇ ਪਟਿਆਲਾ ਜ਼ਿਲ੍ਹੇ ਦੀ ਸ਼ੰਭੂ ਕਲਾਂ ਬਲਾਕ ਸਮਿਤੀ ਅਧੀਨ ਆਉਂਦੇ 90 ਪਿੰਡਾਂ ਦੇ ਵਿਕਾਸ ਕਾਰਜਾਂ 'ਤੇ 104 ਕਰੋੜ ਰੁਪਏ ਖਰਚਣ ਵਿੱਚ ਗੰਭੀਰ ਬੇਨਿਯਮੀਆਂ ਦਾ ਪਰਦਾਫਾਸ਼ ਕੀਤਾ ਹੈ।

ਦਿ ਇੰਡੀਅਨ ਐਕਸਪ੍ਰੈੱਸ ਦੀ ਖ਼ਬਰ ਮੁਤਾਬਕ ਇਨ੍ਹਾਂ 90 ਪਿੰਡਾਂ ਦਾ ਦਾਅਵਾ ਹੈ ਕਿ ਵਿਕਾਸ ਕਾਰਜਾਂ 'ਤੇ ਪੈਸਾ ਖਰਚਿਆ ਗਿਆ ਹੈ, ਪਰ ਇਸ ਦਾ ਰਿਕਾਰਡ ਵਿਭਾਗੀ ਜਾਂਚ ਕਮੇਟੀ ਅੱਗੇ ਪੇਸ਼ ਨਹੀਂ ਕੀਤਾ ਜਾ ਸਕਿਆ। ਜਾਂਚ ਕਮੇਟੀ ਨੇ ਹੁਣ ਬਲਾਕ ਅਤੇ ਪਿੰਡ ਪੱਧਰ 'ਤੇ ਅਧਿਕਾਰੀਆਂ ਵਿਰੁੱਧ ਕਾਰਵਾਈ ਦੀ ਸਿਫ਼ਾਰਸ਼ ਕੀਤੀ ਹੈ।

ਇਸ ਮਾਮਲੇ ਵਿੱਚ ਕਥਿਤ ਤੌਰ 'ਤੇ ਗਲਤ ਖਰਚ ਕੀਤਾ ਗਿਆ ਪੈਸਾ ਅੰਮ੍ਰਿਤਸਰ ਕੋਲਕਾਤਾ ਇੰਡਸਟਰੀਅਲ ਕੋਰੀਡੋਰ ਪ੍ਰੋਜੈਕਟ ਲਈ ਸ਼ੰਭੂ ਕਲਾਂ ਬਲਾਕ ਅਧੀਨ ਪੰਜ ਗ੍ਰਾਮ ਪੰਚਾਇਤਾਂ- ਤਖਤੂ ਮਾਜਰਾ, ਸਹਿਰੀ, ਸੇਹਰਾ, ਆਕੜੀ, ਪਾਬਰਾ ਦੀ ਲਗਭਗ 1,103 ਏਕੜ ਸ਼ਾਮਲਾਟ ਜ਼ਮੀਨ ਐਕਵਾਇਰ ਕਰਕੇ ਆਇਆ ਸੀ। ਇਸ ਪ੍ਰਾਪਤੀ ਲਈ ਇਨ੍ਹਾਂ ਪੰਜ ਗ੍ਰਾਮ ਪੰਚਾਇਤਾਂ ਨੂੰ 285 ਕਰੋੜ ਰੁਪਏ ਮਿਲੇ ਹਨ।

ਅਖ਼ਬਾਰ ਨਾਲ ਗੱਲ ਕਰਦਿਆਂ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਸਕੱਤਰ ਰਾਹੁਲ ਭੰਡਾਰੀ ਨੇ ਕਿਹਾ, 'ਹਾਂ, ਮਾਮਲਾ ਸਾਡੇ ਧਿਆਨ 'ਚ ਆਇਆ ਸੀ ਅਤੇ ਬਾਅਦ 'ਚ ਜਾਂਚ ਕੀਤੀ ਗਈ ਸੀ ਅਤੇ ਹੁਣ ਗਲਤੀ ਕਰਨ ਵਾਲੇ ਅਧਿਕਾਰੀਆਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।'

ਇਹ ਵੀ ਪੜ੍ਹੋ:

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)