ਯੂਕਰੇਨ ਤੋਂ ਬਾਅਦ ਅੱਗੇ ਕੀ ਹੋ ਸਕਦਾ ਹੈ, ਪੁਤਿਨ ਦੇ ਮਨ ਵਿੱਚ ਕੀ ਹੈ ਤੇ ਪੱਛਮੀ ਦੇਸ਼ ਕੀ ਕਰ ਸਕਦੇ ਹਨ

    • ਲੇਖਕ, ਫਰੈਂਕ ਗਾਰਡਨਰ
    • ਰੋਲ, ਡਿਫੈਂਸ ਰਿਪੋਰਟਰ, ਬੀਬੀਸੀ

ਰੂਸ ਤੇ ਯੂਕਰੇਨ ਵਿੱਚ ਲੜਾਈ ਜਾਰੀ ਹੈ ਅਤੇ ਫਿਲਹਾਲ ਦੀ ਘੜੀ ਤਾਂ ਇੰਝ ਹੀ ਕਿਹਾ ਜਾ ਸਕਦਾ ਹੈ ਕਿ ਕੂਟਨੀਤੀ ਕਿਤੇ ਗਹਿਰੀ ਨੀਂਦ ਸੁੱਤੀ ਹੋਈ ਹੈ। ਯੂਕਰੇਨ ਪੂਰੀ ਤਰ੍ਹਾਂ ਨਾਲ ਰੂਸੀ ਹਮਲੇ ਦੀ ਮਾਰ ਹੇਠ ਹੈ ਅਤੇ ਆਪਣੇ ਬਚਾਅ ਲਈ ਹੱਥ-ਪੱਲੇ ਮਾਰ ਰਿਹਾ ਹੈ।

ਰੂਸ ਦਾ ਸਭ ਤੋਂ ਵੱਡਾ ਨਿਸ਼ਾਨਾ ਯੂਕਰੇਨ ਦੀ ਰਾਜਧਾਨੀ ਕੀਵ ਹੈ, ਇੱਥੇ ਵੀ ਲੜਾਈ ਜਾਰੀ ਹੈ।

ਰੂਸੀ ਰਾਸ਼ਟਰਪਤੀ ਪੁਤਿਨ ਨੇ ਸਪੱਸ਼ਟ ਤੌਰ 'ਤੇ ਕਈ ਮਹੀਨੇ ਆਪਣੇ ਰੱਖਿਆ ਮੁਖੀ ਦੀਆਂ ਯੋਜਨਾਵਾਂ ਦਾ ਡੂੰਘਾ ਅਧਿਐਨ ਕਰਨ ਵਿੱਚ ਲਗਾਏ ਹਨ। ਇਨ੍ਹਾਂ ਯੋਜਨਾਵਾਂ 'ਚ ਪੱਛਮੀ ਝੁਕਾਅ ਵਾਲੇ ਗੁਆਂਢੀ ਮੁਲਕ ਯੂਕਰੇਨ ਨੂੰ ਮੁੜ ਤੋਂ ਆਪਣੇ ਝੰਡੇ ਥੱਲੇ ਲੈਕੇ ਆਉਣਾ ਸ਼ਾਮਲ ਹੈ।

ਹਮਲੇ ਦੀ ਯੋਜਨਾ 'ਚ ਮੋਟੇ ਤੌਰ 'ਤੇ ਉੱਤਰ, ਪੂਰਬ ਅਤੇ ਦੱਖਣ ਵੱਲੋਂ ਤੀਹਰਾ ਹਮਲਾ ਸ਼ਾਮਲ ਹੈ। ਯੋਜਨਾ ਹੈ ਕਿ ਪਿਆਦਾ ਅਤੇ ਟੈਂਕ ਤੋਪਾਂ ਭੇਜਣ ਤੋਂ ਪਹਿਲਾਂ ਮਿਜ਼ਾਇਲਾਂ ਅਤੇ ਤੋਪਖਾਨੇ ਨਾਲ ਹਮਲਾ ਕੀਤਾ ਜਾਵੇ।

ਪੁਤਿਨ ਆਦਰਸ਼ਕ ਤੌਰ 'ਤੇ ਚਾਹੁੰਦੇ ਹਨ ਕਿ ਜ਼ੇਲੇਂਸਕੀ ਦੀ ਸਰਕਾਰ ਜਲਦੀ ਤੋਂ ਜਲਦੀ ਆਤਮ ਸਮਰਪਣ ਕਰ ਦੇਵੇ ਅਤੇ ਇਸ ਮੌਜੂਦਾ ਸਰਕਾਰ ਦੀ ਥਾਂ 'ਤੇ ਮਾਸਕੋ ਵੱਲ ਝੁਕਾਅ ਵਾਲੀ ਇੱਕ ਕਠਪੁਤਲੀ ਸਰਕਾਰ ਕਾਇਮ ਕੀਤੀ ਜਾਵੇ।

ਇਹ ਵੀ ਪੜ੍ਹੋ:

ਇੰਟਰਨੈਸ਼ਨਲ ਇੰਸਟੀਚਿਊਟ ਫਾਰ ਸਟਰੈਟੇਜਿਕ ਸਟਡੀਜ਼ ਦੇ ਬ੍ਰਿਗੇਡੀਅਰ ਬੇਨ ਬੈਰੀ ਨੇ ਕਿਹਾ, "ਰੂਸ ਵੱਲੋਂ ਕੀਵ 'ਤੇ ਕੀਤਾ ਗਿਆ ਸਫਲ ਕਬਜ਼ਾ, ਇੱਕ ਫੌਜੀ ਅਤੇ ਸਿਆਸੀ ਸਫਲਤਾ ਹੋਵੇਗਾ, ਜਿਸ ਦਾ ਰਣਨੀਤਕ ਪ੍ਰਭਾਵ ਵੀ ਪਏਗਾ।"

ਉਹ ਕਹਿੰਦੇ ਹਨ, "ਪਰ ਰੂਸ ਯੂਕਰੇਨੀ ਸਰਕਾਰ ਨੂੰ ਖਤਮ ਨਹੀਂ ਕਰ ਸਕਦਾ, ਬਸ਼ਰਤੇ ਉਸ ਕੋਲ ਦੇਸ਼ ਦੇ ਪੱਛਮੀ ਹਿੱਸੇ 'ਚ ਇੱਕ ਨਵਾਂ ਸਰਕਾਰੀ ਹੈਡਕੁਆਰਟਰ ਬਣਾਉਣ ਦੀ ਯੋਜਨਾ ਹੋਵੇ।"

ਰੂਸ ਦੀ ਹਮਲੇ ਦੀ ਯੋਜਨਾ ਪੂਰੀ ਤਰ੍ਹਾਂ ਨਾਲ ਉਮੀਦ ਮੁਤਾਬਕ ਅਮਲ 'ਚ ਨਹੀਂ ਆਈ ਹੈ। ਬ੍ਰਿਟੇਨ ਦੀ ਰੱਖਿਆ ਖੁਫੀਆ ਏਜੰਸੀ ਦਾ ਕਹਿਣਾ ਹੈ ਕਿ ਸੈਂਕੜੇ ਰੂਸੀ ਸੈਨਿਕ ਮਾਰੇ ਗਏ ਹਨ ਅਤੇ ਵਿਰੋਧ ਤਿੱਖਾ ਹੈ ਪਰ ਫਿਰ ਵੀ ਉਹ ਅੱਗੇ ਵਧ ਰਹੇ ਹਨ।

ਯੂਕਰੇਨ ਦੀ ਤੁਲਨਾ 'ਚ ਰੂਸ ਦੀ ਫੌਜ 'ਚ ਇੱਕ ਦੇ ਮੁਕਾਬਲੇ ਤਿੰਨ ਸੈਨਿਕ ਹਨ ਅਤੇ ਯੂਕਰੇਨ ਦੀ ਫੌਜੀ ਲੀਡਰਸ਼ਿਪ ਦੀ ਗੁਣਵੱਤਾ ਅਤੇ ਉਹ ਕਿੰਨੇ ਸਮੇਂ ਤੱਕ ਇਸ ਸਥਿਤੀ ਨਾਲ ਨਜਿੱਠ ਸਕਦੇ ਹਨ, ਇਸ ਬਾਰੇ ਕਈ ਸਵਾਲ ਉੱਠ ਰਹੇ ਹਨ।

ਯੂਕਰੇਨ ਵੱਲੋਂ ਰੂਸ ਦਾ ਮੁਕਾਬਲਾ

ਯੂਕਰੇਨ ਨੇ ਲੜਾਈ ਯੋਗ ਉਮਰ ਦੇ ਵਿਅਕਤੀਆਂ ਨੂੰ ਫੌਜ 'ਚ ਆਉਣ ਦਾ ਸੱਦਾ ਦੇ ਦਿੱਤਾ ਹੈ ਅਤੇ ਇਸ ਦੇ ਨਾਲ ਹੀ ਵਰਦੀਧਾਰੀ ਫੌਜ ਅਤੇ ਰਿਜ਼ਰਵ ਤੋਂ ਇਲਾਵਾ 18000 ਆਟੋਮੈਟਿਕ ਹਥਿਆਰ ਰਾਜਧਾਨੀ ਕੀਵ ਦੇ ਨਾਗਰਿਕਾਂ ਨੂੰ ਵੰਡੇ ਜਾ ਰਹੇ ਹਨ।

ਪੂਰਬੀ ਯੂਰਪੀਅਨ ਦੇਸ਼, ਜਿੰਨ੍ਹਾਂ ਨੂੰ ਡਰ ਹੈ ਕਿ ਹੁਣ ਉਹ ਪੁਤਿਨ ਦੇ ਅਗਲੇ ਨਿਸ਼ਾਨੇ 'ਤੇ ਹੋ ਸਕਦੇ ਹਨ, ਆਪਣੀਆਂ ਸਰਹੱਦਾਂ ਨਜ਼ਦੀਕ ਕਿਸੇ ਵੀ ਰੂਸੀ ਮੁਹਿੰਮ ਨੂੰ ਘਬਰਾਏ ਹੋਏ ਵੇਖ ਰਹੇ ਹਨ।

ਐਸਟੋਨੀਆ ਦੇ ਰੱਖਿਆ ਮੰਤਰਾਲੇ ਦੇ ਸਥਾਈ ਸਕੱਤਰ ਕੁਸਤੀ ਸਾਲਮ ਉਨ੍ਹਾਂ ਲੋਕਾਂ 'ਚੋਂ ਇੱਕ ਹਨ, ਜੋ ਕਿ ਯੂਕਰੇਨ ਨੂੰ ਵਧੇਰੇ ਫੌਜੀ ਮਦਦ ਦੇਣ ਦੇ ਹੱਕ 'ਚ ਹਨ।

ਉਨ੍ਹਾਂ ਦਾ ਕਹਿਣਾ ਹੈ, "ਸਾਨੂੰ ਉਨ੍ਹਾਂ ਨੂੰ ਜੇਵਲਿਨ ਐਂਟੀ-ਟੈਂਕ ਮਿਜ਼ਾਇਲਾਂ, ਐਂਟੀ-ਏਅਰਕਰਾਫਟ ਮਿਜ਼ਾਇਲਾਂ, ਗੋਲਾ-ਬਾਰੂਦ ਅਤੇ ਸੁਰੱਖਿਆ ਉਪਕਰਣ ਮੁਹੱਈਆ ਕਰਵਾਉਣੇ ਚਾਹੀਦੇ ਹਨ। ਹਰੇਕ ਨਾਟੋ ਦੇਸ਼ ਨੂੰ ਯੂਕਰੇਨ ਦੀ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ।"

ਚਾਰ ਕਰੋੜ ਅਬਾਦੀ ਦੇ ਇਸ ਦੇਸ ਨੂੰ ਆਪਣੇ ਅਧੀਨ ਕਰਨ ਵਿੱਚ ਰੂਸ ਨੂੰ ਜਿੰਨਾ ਜ਼ਿਆਦਾ ਸਮਾਂ ਲੱਗੇਗਾ, ਦਿੱਕਤਾਂ ਉਨੀਆਂ ਹੀ ਵਧਦੀਆਂ ਜਾਣਗੀਆਂ।

ਹਾਲਾਂਕਿ ਰਾਸ਼ਟਰਪਤੀ ਪੁਤਿਨ, ਜਿੰਨ੍ਹਾਂ ਨੇ ਆਪਣੇ ਹੀ ਦੇਸ 'ਚ ਹਰ ਤਰ੍ਹਾਂ ਦੇ ਵਿਰੋਧ ਨੂੰ ਖ਼ਤਮ ਕਰ ਦਿੱਤਾ ਹੈ, ਉਨ੍ਹਾਂ ਨੇ ਜ਼ਰੂਰ ਇਸ ਗੱਲ 'ਤੇ ਵੀ ਧਿਆਨ ਦਿੱਤਾ ਹੋਵੇਗਾ ਕਿ ਕਿਵੇਂ ਬੇਲਾਰੂਸ ਵਿੱਚ ਉਨ੍ਹਾਂ ਦੇ ਤਾਨਾਸ਼ਾਹੀ ਗੁਆਂਢੀ ਨੇ ਪਿਛਲੇ ਦੋ ਸਾਲਾਂ ਵਿੱਚ ਉੱਥੇ ਹੋ ਰਹੇ ਵਿਰੋਧ ਪ੍ਰਦਰਸ਼ਨਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਕੁਚਲਿਆ ਹੈ।

ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿੱਚ ਲੈ ਕੇ ਜੇਲ੍ਹ ਵਿੱਚ ਸੁੱਟ ਦਿੱਤਾ ਹੈ। ਨਜ਼ਰਬੰਦੀ ਦੌਰਾਨ ਕਈਆਂ ਨੂੰ ਬੁਰੀ ਤਰ੍ਹਾਂ ਕੁੱਟਿਆ ਗਿਆ ਹੈ ਅਤੇ ਦੁਰਵਿਵਹਾਰ ਵੀ ਕੀਤਾ ਗਿਆ ਹੈ ਜਿਸ ਕਰਕੇ ਦੂਜੇ ਪ੍ਰਦਰਸ਼ਨਕਾਰੀਆਂ ਦੇ ਮਨਾਂ 'ਚ ਡਰ , ਭੈਅ ਪੈਦਾ ਹੋ ਗਿਆ ਅਤੇ ਉਹ ਵਿਰੋਧ ਕਰਨ ਦੇ ਆਪਣੇ ਰਾਹ ਤੋਂ ਪਿੱਛੇ ਹਟ ਗਏ।

ਇਸ ਸਭ ਦੌਰਾਨ ਨਾਟੋ ਕਿੱਥੇ ਹੈ ?

ਨਾਟੋ ਜਾਣਬੁੱਝ ਕੇ ਯੂਕਰੇਨ 'ਚ ਨਹੀਂ ਹੈ। ਕੀਵ ਵੱਲੋਂ ਪੱਛਮੀ ਦੇਸ਼ਾਂ ਅੱਗੇ ਮਦਦ ਦੀ ਗੁਹਾਰ ਲਗਾਉਣ ਦੇ ਬਾਵਜੂਦ ਨਾਟੋ ਨੇ ਯੂਕਰੇਨ 'ਚ ਫੌਜਾਂ ਭੇਜਣ ਤੋਂ ਸਾਫ਼ ਮਨ੍ਹਾ ਕਰ ਦਿੱਤਾ ਹੈ।

ਅਜਿਹਾ ਇਸ ਲਈ ਹੈ ਕਿਉਂਕਿ ਯੂਕਰੇਨ ਉਸ ਦਾ ਮੈਂਬਰ/ਹਿੱਸਾ ਨਹੀਂ ਹੈ ਅਤੇ ਨਾਟੋ ਸਪਸ਼ਟ ਤੌਰ 'ਤੇ ਰੂਸ ਨਾਲ ਜੰਗ ਦੇ ਮੈਦਾਨ 'ਚ ਆਹਮੋ-ਸਾਹਮਣੇ ਨਹੀਂ ਹੋਣਾ ਚਾਹੁੰਦਾ।

ਜੇਕਰ ਰੂਸ ਇਸ ਹਮਲੇ ਤੋਂ ਬਾਅਦ ਲੰਮੇ ਸਮੇਂ ਲਈ ਯੂਕਰੇਨ 'ਤੇ ਕਬਜ਼ਾ ਕਰਨ 'ਚ ਸਫਲ ਹੁੰਦਾ ਹੈ ਤਾਂ ਇਹ ਹੋ ਸਕਦਾ ਹੈ ਕਿ ਪੱਛਮੀ ਦੇਸ਼ ਯੂਕਰੇਨ ਵਿੱਚ ਹੋਣ ਵਾਲੀ ਕਿਸੇ ਸੰਭਾਵੀ ਬਗਾਵਤ ਦੀ ਹਮਾਇਤ ਕਰਨ। ਜਿਵੇਂ ਕਿ ਅਮਰੀਕਾ ਨੇ 1980 ਦੇ ਦਹਾਕੇ 'ਚ ਅਫਗਾਨ ਮੁਜਾਹਿਦੀਨਾਂ ਦਾ ਸਮਰਥਨ ਕੀਤਾ ਸੀ। ਇਹ ਸਭ ਖ਼ਤਰੇ ਤੋਂ ਖਾਲੀ ਨਹੀਂ ਹੈ, ਕਿਉਂਕਿ ਪੁਤਿਨ ਕਿਸੇ ਨਾ ਕਿਸੇ ਰੂਪ 'ਚ ਬਦਲਾ ਲੈ ਸਕਦੇ ਹਨ।

ਇਸ ਦੌਰਾਨ ਨਾਟੋ ਨੇ ਆਪਣੀਆਂ ਪੂਰਬੀ ਸਰਹੱਦਾਂ 'ਤੇ ਧਿਆਨ ਕੇਂਦਰਿਤ ਕੀਤਾ ਹੈ। ਇੱਥੇ ਹੈਰਾਨੀ ਵਾਲੀ ਗੱਲ ਇਹ ਹੈ ਕਿ ਜਿੱਥੇ ਮਾਸਕੋ ਨਾਟੋ ਤੋਂ ਆਪਣੀਆਂ ਫੋਜਾਂ ਨੂੰ ਹੋਰ ਪੱਛਮ ਵੱਲ ਲਿਜਾਣ ਦੀ ਮੰਗ ਕਰ ਰਿਹਾ ਹੈ, ਉੱਥੇ ਹੀ ਪੁਤਿਨ ਵੱਲੋਂ ਯੂਕਰੇਨ 'ਤੇ ਕੀਤੇ ਹਮਲੇ ਨੇ ਬਿਲਕੁਲ ਹੀ ਇਸਦੇ ਉਲਟ ਹਾਸਲ ਕੀਤਾ ਹੈ।

ਬ੍ਰਿਟੇਨ ਦੀ ਸੰਸਦ ਦੀ ਰੱਖਿਆ ਕਮੇਟੀ ਦੇ ਚੇਅਰਮੈਨ ਅਤੇ ਸੰਸਦ ਮੈਂਬਰ ਟੋਬੀਅਸ ਐਲਵੁੱਡ ਨੇ ਕਿਹਾ, "ਇਹ ਯੂਰਪ ਲਈ ਇੱਕ ਵਿਆਪਕ ਪੱਧਰ 'ਤੇ ਜਾਗਰੂਕ ਅਤੇ ਚੌਕਸ ਹੋਣ ਦੀ ਘੜੀ ਹੈ।"

"ਅਫਸੋਸ ਦੀ ਗੱਲ ਹੈ ਕਿ ਇੱਥੇ ਸਿਰਫ਼ ਤਿੰਨ ਦਹਾਕਿਆਂ ਤੱਕ ਹੀ ਸ਼ਾਂਤੀ ਰਹੀ। ਇੱਕ ਤਾਨਾਸ਼ਾਹ ਨਾਲ ਨਜਿੱਠਣ ਲਈ ਸਾਨੂੰ ਆਪਣੀ ਯੋਜਨਾਬੰਦੀ ਵਧਾਉਣ ਦੀ ਲੋੜ ਹੈ।"

ਕੀ ਇਹ ਸਥਿਤੀ ਹੋਰ ਵੀ ਬਦਤਰ ਹੋ ਸਕਦੀ ਹੈ ?

ਯੂਕਰੇਨ ਵਾਸੀਆਂ ਲਈ ਇਹ ਬਦ ਤੋਂ ਵੀ ਬਦਤਰ ਸਥਿਤੀ ਹੈ।

ਆਪਣੇ ਦੇਸ਼ ਦੇ ਪੂਰਬ 'ਚ ਇੱਕ ਰੂਸੀ-ਸਮਰਥਿਤ ਵਿਦਰੋਹ ਨਾਲ ਲੜਨ ਤੋਂ ਅੱਠ ਸਾਲ ਬਾਅਦ, ਹੁਣ ਉਹ ਵਿਸ਼ਾਲ ਪ੍ਰਮਾਣੂ-ਹਥਿਆਰਾਂ ਨਾਲ ਲੈਸ ਆਪਣੇ ਗੁਆਂਢੀ ਦੇਸ਼ ਵੱਲੋਂ ਆਪਣੇ ਉੱਤੇ ਗੋਲਾਬਾਰੀ, ਬੰਬਾਰੀ ਅਤੇ ਰਾਕੇਟ ਹਮਲੇ ਹੁੰਦੇ ਦੇਖ ਰਹੇ ਹਨ।

ਯੂਕਰੇਨੀ, ਜਿੰਨਾਂ ਨੇ 1991 'ਚ ਮਾਸਕੋ ਤੋਂ ਆਜ਼ਾਦੀ ਲੈਣ ਲਈ ਭਾਰੀ ਮਤਦਾਨ ਕੀਤਾ ਸੀ ਅਤੇ ਆਪਣੇ ਪ੍ਰਮਾਣੂ ਹਥਿਆਰ ਵੀ ਛੱਡ ਦਿੱਤੇ ਸਨ, ਜੇਕਰ ਹੁਣ ਰੂਸ ਪੂਰੇ ਦੇਸ਼ 'ਤੇ ਕਬਜ਼ਾ ਕਰਨ 'ਚ ਸਫਲ ਹੁੰਦਾ ਹੈ ਤਾਂ ਯੂਕਰੇਨ ਤਿੰਨ ਦਹਾਕੇ ਪਿੱਛੇ ਵਾਲੀ ਸਥਿਤੀ 'ਚ ਚਲਾ ਜਾਵੇਗਾ।

ਆਲਮੀ ਆਗੂਆਂ ਨੂੰ ਸਭ ਤੋਂ ਵੱਧ ਜੋ ਸਵਾਲ ਪਰੇਸ਼ਾਨ ਕਰ ਰਿਹਾ ਹੈ, ਉਹ ਹੈ ਕਿ ਰਾਸ਼ਟਰਪਤੀ ਪੁਤਿਨ ਯੂਕਰੇਨ ਤੋਂ ਬਾਅਦ ਕੀ ਕਰਨ ਦੀ ਯੋਜਨਾ ਬਣਾ ਰਹੇ ਹਨ?

ਨਾਟੋ ਦੇ ਰੱਖਿਆ ਮੁਖੀਆਂ ਨੇ ਜੁਲਾਈ 2021 'ਚ ਦਿੱਤੇ ਪੁਤਿਨ ਦੇ ਭਾਸ਼ਣ ਦੀ ਮੁੜ ਜਾਂਚ ਕੀਤੀ ਅਤੇ ਸਿੱਟਾ ਕੱਢਿਆ ਕਿ ਉਨ੍ਹਾਂ ਨੂੰ ਤੁਰੰਤ ਨਾਟੋ ਦੀਆਂ ਪੂਰਬੀ ਸਰਹੱਦਾਂ ਨੂੰ ਮਜ਼ਬੂਤ ਕਰਨ ਦੀ ਲੋੜ ਹੈ । ਅਜਿਹਾ ਨਾ ਹੋਵੇ ਕਿ ਪੁਤਿਨ ਪੋਲੈਂਡ, ਲਿਥੁਆਨੀਆ, ਲਾਤਵੀਆ ਅਤੇ ਐਸਟੋਨੀਆ ਵਰਗੇ ਦੇਸ਼ਾਂ 'ਤੇ ਆਪਣਾ ਕਬਜ਼ਾ ਕਰਨ ਲਈ ਆਪਣੇ ਕਦਮ ਅੱਗੇ ਵਧਾਉਣ।

ਕੀ ਪੁਤਿਨ ਅਜਿਹਾ ਕਰਨਗੇ?

ਬ੍ਰਿਟੇਨ ਦੇ ਸੰਸਦ ਮੈਂਬਰ ਟੋਬੀਅਸ ਐਵੁੱਡ ਦਾ ਕਹਿਣਾ ਹੈ ਕਿ ਪੁਤਿਨ ਕੋਲ ਅਜਿਹਾ ਕਰਨ ਦੀ ਯੋਜਨਾ ਹੈ।

ਨਾਟੋ ਯਕੀਨੀ ਤੌਰ 'ਤੇ ਕੋਈ ਜ਼ੋਖਮ ਨਹੀਂ ਲੈ ਰਿਹਾ ਹੈ ਅਤੇ 100 ਤੋਂ ਵੀ ਵੱਧ ਜੰਗੀ ਜਹਾਜ਼ਾਂ ਨੂੰ ਪੂਰੀ ਤਰ੍ਹਾਂ ਨਾਲ ਅਲਰਟ 'ਤੇ ਰੱਖਿਆ ਗਿਆ ਹੈ। ਐਸਟੋਨੀਆ ਨੂੰ ਸਭ ਤੋਂ ਪਹਿਲਾਂ ਮਦਦ ਭੇਜਣ ਵਾਲਿਆਂ 'ਚੋਂ ਬ੍ਰਿਟੇਨ ਇੱਕ ਹੈ। ਐਸਟੋਨੀਆ 'ਚ ਕੁਸਤੀ ਸਾਲਮ ਨੂੰ ਭਰੋਸਾ ਹੈ ਕਿ ਉਹ ਕੀ ਹਾਸਲ ਕਰ ਸਕਦੇ ਹੈ।

"ਕੋਈ ਨਹੀਂ ਸੋਚ ਸਕਦਾ ਹੈ ਕਿ ਯੂਕੇ ਦੀ ਅਗਵਾਈ ਵਾਲਾ ਜੰਗੀ ਸਮੂਹ ਐਸਟੋਨੀਆ 'ਚ ਆਪਣੇ ਆਪ 'ਚ ਦੁਨੀਆ ਦੇ ਦੂਜੇ ਸਭ ਤੋਂ ਤਾਕਤਵਰ ਪ੍ਰਮਾਣੂ ਦੇਸ਼ ਨੂੰ ਰੋਕ ਦੇਵੇਗਾ।"

"ਇਹ ਇੱਕ ਤਰ੍ਹਾਂ ਨਾਲ ਟ੍ਰਿਪਵਾਇਰ ਹੈ ਜੋ ਕਿ ਅਮਰੀਕਾ, ਬ੍ਰਿਟੇਨ ਅਤੇ ਫਰਾਂਸ ਸਮੇਤ ਸਾਰੇ ਨਾਟੋ ਦੇਸ਼ਾਂ ਦੀ ਤਾਕਤ ਟ੍ਰਿਗਰ ਕਰੇਗੀ।"

ਇਹ ਸਥਿਤੀ, ਇੱਕ ਨਾਟੋ ਦੇਸ਼ 'ਚ ਇੱਕ ਰੂਸੀ ਫੌਜ ਵੱਲੋਂ ਕੀਤੀ ਘੁਸਪੈਠ, ਹੁਣ ਤੱਕ ਅਸੰਭਵ ਲੱਗ ਰਹੀ ਹੈ, ਉਹ ਵੀ ਉਸ ਸਮੇਂ ਜਦੋਂ ਨਾਟੋ ਅਤੇ ਰੂਸ ਸੱਚਮੁੱਚ ਇੱਕ ਦੂਜੇ ਨਾਲ ਜੰਗ ਲੜ ਸਕਦੇ ਹਨ।

ਪਰ ਅਜਿਹਾ ਨਾ ਹੋਇਆ। ਹੁਣ ਪੱਛਮੀ ਆਗੂ ਇਹ ਉਮੀਦ ਕਰ ਰਹੇ ਹਨ ਕਿ ਸੰਯੁਕਤ ਅਤੇ ਠੋਸ ਕਾਰਵਾਈ ਨਾਲ, ਸਖਤ ਆਰਥਿਕ ਪਾਬੰਦੀਆਂ ਦੇ ਨਾਲ , ਮਾਸਕੋ 'ਚ ਪ੍ਰਤੀਰੋਧ ਦਾ ਸੁਨੇਹਾ ਬਿਲਕੁਲ ਹੀ ਸਪੱਸ਼ਟ ਸੁਣਾਈ ਦੇਵੇਗਾ।

ਇਹ ਵੀ ਪੜ੍ਹੋ:

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)