ਵੋਲੋਦੀਮੀਰ ਜ਼ੇਲੇਂਸਕੀ: ਕਾਮੇਡੀਅਨ ਤੋਂ ਯੂਕਰੇਨ ਦੇ ਰਾਸ਼ਟਰਪਤੀ ਬਣਨ ਵਾਲੇ ਵੋਲੋਦੀਮੀਰ ਜ਼ੇਲੇਂਸਕੀ ਨੂੰ ਜਾਣੋ ਜੋ ਰੂਸ ਨਾਲ ਟੱਕਰ ਲੈ ਰਹੇ ਹਨ

ਇੱਕ ਸਮਾਂ ਸੀ ਜਦੋਂ ਵੋਲਦੀਮੀਰ ਜ਼ੇਲੇਂਸਕੀ ਯੂਕਰੇਨ ਦੀ ਇੱਕ ਮਸ਼ਹੂਰ ਕਾਮੇਡੀ ਸੀਰੀਜ਼ ਵਿੱਚ ਰਾਸ਼ਟਰਪਤੀ ਦੀ ਭੂਮਿਕਾ ਵਿੱਚ ਦੇਸ ਦੇ ਲੋਕਾਂ ਦੇ ਸਾਹਮਣੇ ਆਏ ਸਨ।

ਫਿਰ ਅਪ੍ਰੈਲ 2019 ਵਿੱਚ ਉਹ ਸਮਾਂ ਆਇਆ ਜਦੋਂ ਉਹ ਸੱਚ ਵਿੱਚ ਹੀ ਯੂਕਰੇਨ ਦੇ ਰਾਸ਼ਟਰਪਤੀ ਚੁਣੇ ਗਏ। ਹੁਣ ਉਹ 4.4 ਕਰੋੜ ਲੋਕਾਂ ਦੀ ਰੂਸੀ ਹਮਲੇ ਦੇ ਸਾਹਮਣੇ ਅਗਵਾਈ ਕਰ ਰਹੇ ਹਨ।

'ਸਰਵੈਂਟ ਆਫ ਪੀਪਲ' ਨਾਮ ਦੀ ਇਸ ਸੀਰੀਜ਼ ਵਿੱਚ ਉਨ੍ਹਾਂ ਨੇ ਇਤਿਹਾਸ ਦੇ ਇੱਕ ਅਧਿਆਪਕ ਦੀ ਭੂਮਿਕਾ ਨਿਭਾਈ ਜੋ ਭ੍ਰਿਸ਼ਟਾਚਾਰ ਦੇ ਖ਼ਿਲਾਫ਼ ਉਸ ਦੀ ਇੱਕ ਵੀਡੀਓ ਵਾਇਰਲ ਹੋ ਜਾਣ ਤੋਂ ਬਾਅਦ ਤੁੱਕੇ ਨਾਲ ਰਾਸ਼ਟਰਪਤੀ ਚੁਣ ਲਿਆਂ ਜਾਂਦਾ ਹੈ।

ਇਹ ਇੱਕ ਪਰੀ-ਕਹਾਣੀ ਵਰਗਾ ਸੀ ਜਿਸ ਨੇ ਰਾਜਨੀਤੀ ਤੋਂ ਦੁਖੀ ਹੋਏ ਯੂਕਰੇਨੀ ਲੋਕਾਂ ਵਿੱਚ ਉਮੀਦ ਪੈਦਾ ਕੀਤੀ।

, ਜਦੋਂ ਵੋਲੋਦੀਮੀਰ ਜ਼ੇਲੇਂਸਕੀ ਨੇ ਰਾਜਨੀਤੀ ਨੂੰ ਸਾਫ਼-ਸੁਥਰਾ ਕਰਨ ਅਤੇ ਦੇਸ ਦੇ ਪੂਰਬੀ ਹਿੱਸੇ ਵਿੱਚ ਸ਼ਾਂਤੀ ਲਿਆਉਣ ਦੇ ਵਾਅਦੇ ਕੀਤੇ ਅਤੇ ਚੋਣ ਪ੍ਰਚਾਰ ਕੀਤਾ ਤਾਂ 'ਸਰਵੈਂਟ ਆਫ ਪੀਪਲ' ਉਨ੍ਹਾਂ ਦੀ ਪਾਰਟੀ ਦਾ ਨਾਮ ਬਣ ਗਿਆ।

ਹੁਣ ਯੂਕਰੇਨ 'ਤੇ ਰੂਸ ਦੇ ਹਮਲੇ ਨੇ ਇਸ ਰਾਸ਼ਟਰੀ ਨੇਤਾ ਨੂੰ ਇੱਕ ਅੰਤਰਰਾਸ਼ਟਰੀ ਸੰਕਟ ਦੇ ਕੇਂਦਰ ਵਿੱਚ ਲਿਆ ਖੜ੍ਹਾ ਕੀਤਾ ਹੈ। ਇੱਕ ਵਾਰ ਫਿਰ ਰੂਸ ਦੇ ਨਾਲ ਪੱਛਮ ਦੇ ਸ਼ੀਤ ਯੁੱਧ ਦੀਆਂ ਯਾਦਾਂ ਤਾਜ਼ੀਆਂ ਹੋ ਗਈਆਂ।

44 ਸਾਲਾ ਰਾਸ਼ਟਰਪਤੀ ਨੇ ਬੇਹੱਦ ਸਾਵਧਾਨੀ ਨਾਲ ਇੱਕ ਪਾਸੇ ਪੱਛਮੀ ਦੇਸਾਂ ਤੋਂ ਸਮਰਥਨ ਮੰਗਿਆ ਤੇ ਨਾਲ ਹੀ ਆਪਣੇ ਹਮਵਤਨੀਆਂ ਵਿੱਚ ਘਬਰਾਹਟ ਨਾ ਫੈਲੇ ਇਸ ਦੀ ਪੂਰੀ ਕੋਸ਼ਿਸ਼ ਕੀਤੀ।

ਇਹ ਵੀ ਪੜ੍ਹੋ-

ਜ਼ੇਲੇਂਸਕੀ ਨੇ ਕੀਤੀ ਸੀ ਕਾਮੇਡੀਅਨ ਵਜੋਂ ਸ਼ੁਰੂਆਤ

ਰਾਸ਼ਟਰਪਤੀ ਬਣਨ ਤੱਕ ਦਾ ਉਨ੍ਹਾਂ ਦਾ ਸਫ਼ਰ ਰਵਾਇਤੀ ਸਿਆਸਤਦਾਨਾਂ ਵਰਗਾ ਨਹੀਂ ਸੀ।

ਕੇਂਦਰੀ ਸ਼ਹਿਰ ਕਰੀਵੀ ਰੀਹ ਵਿੱਚ ਯਹੂਦੀ ਮਾਪਿਆਂ ਦੇ ਘਰ ਜਨਮੇ, ਵੋਲੋਦੀਮੀਰ ਜ਼ੇਲੇਂਸਕੀ ਨੇ ਕੀਵ ਨੈਸ਼ਨਲ ਇਕਨਾਮਿਕ ਯੂਨੀਵਰਸਿਟੀ ਤੋਂ ਕਾਨੂੰਨ ਵਿੱਚ ਗ੍ਰੈਜੂਏਸ਼ਨ ਕੀਤੀ ਹੈ। ਹਾਲਾਂਕਿ, ਇਸ ਤੋਂ ਬਾਅਦ ਉਹ ਕਾਮੇਡੀ ਦੇ ਖੇਤਰ ਵਿੱਚ ਚਲੇ ਗਏ ਅਤੇ ਇੱਕ ਕਾਮੇਡੀਅਨ ਵਜੋਂ ਹੀ ਮਸ਼ਹੂਰ ਹੋਏ।

ਇੱਕ ਨੌਜਵਾਨ ਵਜੋਂ ਉਨ੍ਹਾਂ ਨੇ ਨਿਯਮਿਤ ਤੌਰ 'ਤੇ ਰੂਸੀ ਟੀਵੀ 'ਤੇ ਇੱਕ ਪ੍ਰਤੀਯੋਗੀ ਟੀਮ ਤਹਿਤ ਕਾਮੇਡੀ ਸ਼ੋਅ ਵਿੱਚ ਹਿੱਸਾ ਲਿਆ ਸੀ।

2003 ਵਿੱਚ, ਉਨ੍ਹਾਂ ਨੇ ਆਪਣੀ ਕਾਮੇਡੀ ਟੀਮ 'ਕਵਾਰਟਲ 95' ਦੇ ਨਾਮ ਉੱਪਰ ਹੀ ਇੱਕ ਸਫ਼ਲ ਟੀਵੀ ਪ੍ਰੋਡਕਸ਼ਨ ਕੰਪਨੀ ਦੀ ਸਹਿ-ਸਥਾਪਨਾ ਕੀਤੀ।

ਕੰਪਨੀ ਨੇ ਯੂਕਰੇਨ ਦੇ 1+1 ਨੈਟਵਰਕ ਲਈ ਸ਼ੋਅ ਤਿਆਰ ਕੀਤੇ, ਜਿਸ ਦੇ ਵਿਵਾਦਗ੍ਰਸਤ ਅਰਬਪਤੀ ਮਾਲਕ, ਇਹੋਰ ਕੋਲੋਮੋਇਸਕੀ ਨੇ ਬਾਅਦ ਵਿੱਚ ਜ਼ੇਲੇਂਸਕੀ ਦੀ ਰਾਸ਼ਟਰਪਤੀ ਦੀ ਉਮੀਦਵਾਰੀ ਦਾ ਵੀ ਸਮਰਥਨ ਕੀਤਾ।

ਹਾਲਾਂਕਿ, 2010 ਦੇ ਦਹਾਕੇ ਦੇ ਅੱਧ ਤੱਕ, ਟੀਵੀ ਅਤੇ ਫਿਲਮਾਂ ਜਿਵੇਂ ਕਿ 'ਲਵ ਇਨ ਦਿ ਬਿਗ ਸਿਟੀਟ (2009) ਅਤੇ ਟਰਜ਼ੇਵਸਕੀ ਵਰਸੇਸ ਨੈਪੋਲੀਅਨਟ (2012) ਤੱਕ ਉਨ੍ਹਾਂ ਦਾ ਆਪਣੇ ਕਾਮੇਡੀ ਕਰੀਅਰ ਉੱਤੇ ਹੀ ਧਿਆਨ ਸੀ।

ਕਾਮੇਡੀ ਸ਼ੋਅ ਦੇ ਨਾਮ ਤੇ ਬਣਾਈ ਸਿਆਸੀ ਪਾਰਟੀ

ਜ਼ੇਲੇਂਸਕੀ ਦੇ ਸਿਆਸੀ ਸਫ਼ਰ ਦੀ ਸ਼ੁਰੂਆਤ ਲਈ ਮੰਚ 2014 ਦੀਆਂ ਅਸ਼ਾਂਤ ਘਟਨਾਵਾਂ ਦੌਰਾਨ ਤਿਆਰ ਹੋਇਆ, ਜਦੋਂ ਯੂਕਰੇਨ ਦੇ ਰੂਸੀ ਸਮਰਥਕ ਰਾਸ਼ਟਰਤੀ ਵਿਕਟਰ ਯਾਨੂਕੋਵਿਚ ਨੂੰ ਕੁਝ ਮਹੀਨਿਆਂ ਦੇ ਵਿਰੋਧ ਤੋਂ ਬਾਅਦ ਅਹੁਦੇ ਤੋਂ ਹਟਾਅ ਦਿੱਤਾ ਗਿਆ।

ਰੂਸ ਨੇ ਫਿਰ ਕ੍ਰੀਮੀਆ 'ਤੇ ਕਬਜ਼ਾ ਕਰ ਲਿਆ ਅਤੇ ਯੂਕਰੇਨ ਦੇ ਪੂਰਬ ਵਿੱਚ (ਦੋਨਤੇਸਕ ਤੇ ਲੁਹਾਂਸਕ ਖੇਤਰਾਂ ਵਿੱਚ) ਵੱਖਵਾਦੀਆਂ ਦੀ ਹਮਾਇਤ ਕਰਨੀ ਸ਼ੁਰੂ ਕਰ ਦਿੱਤੀ।

ਇੱਕ ਸਾਲ ਬਾਅਦ ਅਕਤੂਬਰ 2015 ਵਿੱਚ ਹੀ ਜ਼ੇਲੇਂਸਕੀ ਦੀ ਭੂਮਿਕਾ ਵਾਲਾ ਨਾਟਕ 'ਸਰਵੈਂਟ ਆਫ਼ ਦਿ ਪੀਪਲ' 1+1 ਉੱਪਰ ਦਿਖਿਆ ਗਿਆ। ਉਹ ਭੂਮਿਕਾ ਜ਼ੇਲੇਂਸਕੀ ਨੇ ਆਪਣੀ ਅਸਲੀ ਜ਼ਿੰਦਗੀ ਵਿੱਚ ਵੀ ਸਾਕਾਰ ਕਰ ਦਿਖਾਈ।

ਉਨ੍ਹਾਂ ਨੇ ਤਤਕਾਲੀ ਰਾਸ਼ਟਰਪਤੀ ਪੈਟਰੋ ਪੋਰੋਸ਼ੈਂਕੋ ਜੋ ਕਿ ਸਾਲ 2014 ਤੋਂ ਸੱਤਾ ਵਿੱਚ ਸਨ ਨੂੰ ਹਰਾਇਆ।

ਚੋਣਾਂ ਤੋਂ ਪਹਿਲਾਂ ਟੀਵੀ ਡਿਬੇਟ ਵਿੱਚ ਉਨ੍ਹਾਂ ਨੇ ਕਿਹਾ ਸੀ, ''ਮੈਂ ਸਿਆਸਤਦਾਨ ਨਹੀਂ ਹਾਂ। ਮੈਂ ਇੱਕ ਆਮ ਇਨਸਾਨ ਹਾਂ ਜੋ ਸਿਸਟਮ ਨੂੰ ਚੁਣੌਤੀ ਦੇਣ ਆਇਆ ਹੈ।''

ਉਹ 73.2% ਵੋਟਾਂ ਨਾਲ ਜਿੱਤੇ ਅਤੇ ਉਨ੍ਹਾਂ ਨੇ 20 ਮਈ 2019 ਨੂੰ ਯੂਕਰੇਨ ਦੇ ਛੇਵੇਂ ਰਾਸ਼ਟਰਪਤੀ ਵਜੋਂ ਸਹੁੰ ਚੁੱਕੀ ਸੀ।

ਪੂਰਬੀ ਯੂਕਰੇਨ ਵਿੱਚ ਅਮਨ ਬਹਾਲੀ ਦੀਆਂ ਕੋਸ਼ਿਸ਼ਾਂ

ਜ਼ੇਲੇਂਸਕੀ ਨੇ ਪੂਰਬੀ ਯੂਕਰੇਨ ਵਿੱਚ ਉਸ ਸੰਘਰਸ਼ ਨੂੰ ਖਤਮ ਕਰਨ ਦੇ ਆਪਣੇ ਵਾਅਦੇ 'ਤੇ ਅਮਲ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਦੌਰਾਨ ਹੁਣ ਤੱਕ 14,000 ਤੋਂ ਵੱਧ ਲੋਕ ਮਾਰੇ ਗਏ ਹਨ।

ਪਹਿਲਾਂ ਤਾਂ ਉਨ੍ਹਾਂ ਨੇ ਸਮਝੌਤਾ ਕਰਨ ਦੀ ਕੋਸ਼ਿਸ਼ ਕੀਤੀ। ਰੂਸ ਨਾਲ ਗੱਲਬਾਤ ਹੋਈ, ਕੈਦੀਆਂ ਦੀ ਅਦਲਾ-ਬਦਲੀ ਹੋਈ ਅਤੇ ਸ਼ਾਂਤੀ ਪ੍ਰਕਿਰਿਆ ਦੇ ਕੁਝ ਹਿੱਸਿਆਂ ਨੂੰ ਲਾਗੂ ਕਰਨ ਵੱਲ ਕਦਮ ਪੁੱਟੇ ਗਏ।

ਰੂਸ ਅਤੇ ਯੂਕਰੇਨ ਦਰਮਿਆਨ ਹੋਏ ਸਮਝੌਤਿਆਂ ਨੂੰ ਮਿੰਸਕ ਸਮਝੌਤਿਆਂ ਵਜੋਂ ਜਾਣਿਆ ਜਾਂਦਾ ਹੈ, ਪਰ ਉਨ੍ਹਾਂ 'ਤੇ ਕਦੇ ਵੀ ਅਮਲ ਨਹੀਂ ਹੋਇਆ।

ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਕਬਜ਼ੇ ਵਾਲੇ ਖੇਤਰਾਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਰੂਸੀ ਪਾਸਪੋਰਟ ਦੇਣ ਦੇ ਫੈਸਲੇ ਨਾਲ ਸੁਲਹ 'ਚ ਵਿਗਾੜ ਆ ਗਿਆ।

ਇੱਕ ਜੰਗਬੰਦੀ ਜੁਲਾਈ 2020 ਵਿੱਚ ਲਾਗੂ ਹੋ ਗਈ ਸੀ ਪਰ ਛਿਟ-ਪੁਟ ਲੜਾਈਆਂ ਕਦੇ ਬੰਦ ਨਹੀਂ ਹੋਈਆਂ।

ਜ਼ੇਲੇਂਸਕੀ ਨੇ ਯੂਰਪੀ ਯੂਨੀਅਨ ਅਤੇ ਨਾਟੋ ਫੌਜੀ ਗਠਜੋੜ ਦੀ ਮੈਂਬਰਸ਼ਿਪ ਹਾਸਲ ਕਰਨ ਦੀ ਗੱਲ ਕਹਿਣੀ ਸ਼ੁਰੂ ਕੀਤੀ। ਇਸ ਕਾਰਨ ਰੂਸ ਦੇ ਰਾਸ਼ਟਰਪਤੀ ਪੁਤਿਨ ਨਾਰਾਜ਼ ਹੋਏ।

ਕਦੇ-ਕਦੇ ਉਹ ਇੱਕ ਰਾਜਨੇਤਾ ਵਜੋਂ ਆਪਣੀ ਗੱਲ ਮਜ਼ਬੂਤੀ ਨਾਲ ਕਹਿਣ ਲਈ ਸੰਘਰਸ਼ ਕਰਦੇ ਨਜ਼ਰ ਆਏ। ਉਨ੍ਹਾਂ ਦੇ ਆਲੋਚਕਾਂ ਮੁਤਾਬਕ ਇਸ ਪਿੱਛੇ ਉਨ੍ਹਾਂ ਦੇ ਸਿਆਸੀ ਅਨੁਭਵ ਦੀ ਕਮੀ ਹੈ।

ਪੱਛਮੀ ਦੇਸ਼ ਉਨ੍ਹਾਂ ਨੂੰ ਚੇਤਾਵਨੀ ਦੇ ਰਹੇ ਸਨ ਕਿ ਰੂਸ ਕਦੇ ਵੀ ਹਮਲਾ ਕਰ ਸਕਦਾ ਹੈ। ਜ਼ੇਲੇਂਸਕੀ ਨੇ ਕਿਹਾ ਕਿ ਅੱਠ ਸਾਲਾਂ ਦੀ ਲੜਾਈ ਤੋਂ ਬਾਅਦ, ਇਹ ਕੋਈ ਨਵੀਂ ਗੱਲ ਨਹੀਂ ਹੈ।

"ਅਸੀਂ ਉਕਸਾਉਣ ਦਾ ਜਵਾਬ ਨਹੀਂ ਦਿੰਦੇ ਪਰ ਬੜੇ ਸਬਰ ਨਾਲ ਵਿਹਾਰ ਕਰਦੇ ਹਾਂ"

ਉਨ੍ਹਾਂ ਨੇ 16 ਫਰਵਰੀ ਨੂੰ ਰਾਸ਼ਟਰੀ ਏਕਤਾ ਦਿਵਸ ਮਨਾ ਕੇ ਯੂਕਰੇਨੀਆਂ ਨੂੰ ਇਕੱਠਾ ਕਰਨ ਦੀ ਕੋਸ਼ਿਸ਼ ਕੀਤੀ ਅਤੇ ਨਿਯਮਤ ਤੌਰ 'ਤੇ ਫਰੰਟ ਲਾਈਨ 'ਤੇ ਸੈਨਿਕਾਂ ਨੂੰ ਮਿਲਦੇ ਵੀ ਰਹੇ।

ਬੀਬੀਸੀ ਨੇ ਸਵਾਲ ਕੀਤਾ ਸੀ ਕਿ ਕੀ ਉਹ ਰੂਸ ਦੇ ਦਬਾਅ ਵਿੱਚ ਨਾਟੋ ਦੇ ਨਾਲ ਜੁੜਨ ਦੀ ਆਪਣੀ ਕੋਸ਼ਿਸ਼ ਨੂੰ ਬੰਦ ਕਰ ਦੇਣਗੇ ਤਾਂ ਉਨ੍ਹਾਂ ਨੇ ਕਿਹਾ ਸੀ, ਰਾਸ਼ਟਰਪਤੀ ਵਜੋਂ ਉਨ੍ਹਾਂ ਲਈ ਸਭ ਤੋਂ ਮਹੱਤਵਪੂਰਣ ਗੱਲ ਇਹ ਹੈ ਕਿ ਉਹ ਆਪਣਾ ਦੇਸ਼ ਨਾ ਗੁਆਉਣ।

ਉਨ੍ਹਾਂ ਨੇ ਕਿਹਾ ਸੀ, "ਸਾਨੂੰ ਗਾਰੰਟੀ ਦੀ ਜ਼ਰੂਰਤ ਹੈ। ਇਹ ਸਿਰਫ਼ ਚਾਰ ਅੱਖਰਾਂ ਦੀ ਗੱਲ ਨਹੀਂ ਹੈ। ਸਾਡੇ ਲਈ ਨਾਟੋ ਸੁਰੱਖਿਆ ਦੀ ਗਾਰੰਟੀ ਹੈ।"

ਸਿਆਸਤਦਾਨਾਂ ਤੇ ਧਨਾਢਾਂ ਦੇ ਰਿਸ਼ਤੇ 'ਤੇ ਵਾਰ

ਜੇਲੇਂਸਕੀ ਨੇ ਵਾਅਦਾ ਕੀਤਾ ਸੀ ਕਿ ਉਹ ਸਿਆਸਤ ਤੋਂ ਬਹੁਤ ਅਮੀਰ ਕੁਲੀਨ ਵਰਗ ਦੇ ਸਿਆਸੀ ਅਤੇ ਆਰਥਿਕ ਪ੍ਰਭਾਵ ਨੂੰ ਰੋਕਣਗੇ ।

ਇਹੋਰ ਕੋਲੋਮੋਇਸਕੀ, ਇੱਕ ਟਾਈਕੂਨ ਜਿਸ ਦੇ ਮੀਡੀਆ ਸਾਮਰਾਜ ਨੇ ਜ਼ੇਲੇਂਸਕੀ ਦੀ ਚੋਣ ਮੁਹਿੰਮ ਦਾ ਸਮਰਥਨ ਕੀਤਾ ਸੀ, ਉਨ੍ਹਾਂ ਦੇ ਨਾਲ ਸਬੰਧਾਂ ਕਾਰਨ ਆਲੋਚਕਾਂ ਨੂੰ ਸ਼ੱਕ ਸੀ।

ਹਾਲਾਂਕਿ ਉਨ੍ਹਾਂ ਨੇ ਸਿਆਸਤ ਵਿੱਚੋਂ ਕੁਝ ਚੋਣਵੇਂ/ਅਮੀਰ ਲੋਕਾਂ ਦੇ ਪ੍ਰਭਾਵ ਨੂੰ ਦੂਰ ਕਰਨ ਦੀ ਆਪਣੀ ਵਚਨਬੱਧਤਾ ਵੱਲ ਕਦਮ ਜ਼ਰੂਰ ਚੁੱਕੇ।

ਉਨ੍ਹਾਂ ਦੀ ਸਰਕਾਰ ਨੇ ਯੂਕਰੇਨ ਦੇ ਕੁਝ ਪ੍ਰਮੁੱਖ ਕੁਲੀਨ ਲੋਕਾਂ ਨੂੰ ਨਿਸ਼ਾਨਾ ਬਣਾਇਆ, ਜਿਸ ਵਿੱਚ ਵਿਰੋਧੀ ਧਿਰ ਦੇ ਰੂਸ-ਪੱਖੀ ਨੇਤਾ ਵਿਕਟਰ ਮੇਦਵੇਦਚੁਕ ਵੀ ਸ਼ਾਮਲ ਹਨ।

ਉਨ੍ਹਾਂ ਨੂੰ ਦੇਸ਼ਧ੍ਰੋਹ ਸਮੇਤ ਅਪਰਾਧਾਂ ਦੇ ਦੋਸ਼ਾਂ ਵਿੱਚ ਘਰ ਵਿੱਚ ਨਜ਼ਰਬੰਦ ਕੀਤਾ ਗਿਆ ਸੀ ਜਿਸਦੀ ਮੇਦਵੇਦਚੁਕ ਨੇ "ਸਿਆਸੀ ਦਮਨ" ਕਹਿ ਕੇ ਨਿੰਦਾ ਕੀਤੀ ਸੀ।

ਫਿਰ ਉਨ੍ਹਾਂ ਨੇ ਕਾਨੂੰਨੀ ਤੌਰ 'ਤੇ ਅਮੀਰ ਵਰਗ ਨੂੰ ਪਰਿਭਾਸ਼ਿਤ ਕੀਤਾ ਅਤੇ ਉਨ੍ਹਾਂ ਨੂੰ ਪਾਬੰਦੀਆਂ ਦੇ ਅਧੀਨ ਕੀਤਾ, ਜਿਸ ਵਿੱਚ ਸਿਆਸੀ ਦਲਾਂ ਨੂੰ ਵਿੱਤੀ ਸਹਾਇਤਾ ਦੇਣ 'ਤੇ ਪਾਬੰਦੀ ਵੀ ਸ਼ਾਮਲ ਹੈ।

ਅਮਰੀਕਾ ਨਾਲ ਸੰਬੰਧ

ਹਾਲਾਂਕਿ ਕੁਝ ਅਲੋਚਕਾਂ ਨੇ ਜ਼ੇਲੇਂਸਕੀ ਦੇ ਭ੍ਰਿਸ਼ਟਾਚਾਰ ਵਿਰੋਧੀ ਕਦਮਾਂ ਨੂੰ ਦਿਖਾਵਟੀ ਕਹਿੰਦੇ ਹੋਏ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੂੰ ਰਿਝਾਉਣ ਦੀ ਕੋਸ਼ਿਸ਼ ਕਿਹਾ।

ਬਾਇਡਨ ਦੇ ਸਮਰਥਨ ਦੀ ਗਰੰਟੀ ਲਈ, ਜ਼ੇਲੇਂਸਕੀ ਨੂੰ ਕੁਝ ਔਖੇ ਪਲ ਵੀ ਦੇਖਣੇ ਪਏ। ਜੁਲਾਈ 2019 ਵਿੱਚ, ਰਿਪਬਲਿਕਨ ਰਾਸ਼ਟਰਪਤੀ ਡੌਨਲਡ ਟਰੰਪ ਨੇ ਇੱਕ ਫ਼ੋਨ ਕਾਲ ਦੌਰਾਨ ਜ਼ੇਲੇਂਸਕੀ ਤੋਂ ਸਹਿਯੋਗ ਮੰਗਿਆ।

ਟਰੰਪ ਚਾਹੁੰਦੇ ਸਨ ਕਿ ਜ਼ੇਲੇਂਸਕੀ, ਬਾਈਡਨ ਖ਼ਿਲਾਫ਼ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੀ ਜਾਂਚ ਕਰਨ। ਬਾਇਡਨ ਡੈਮੋਕ੍ਰੇਟਸ ਵੱਲੋਂ ਰਾਸ਼ਟਰਪਤੀ ਦੇ ਉਮੀਦਵਾਰ ਸਨ ਅਤੇ ਅੱਗੇ ਚੱਲ ਕੇ ਅਮਰੀਕਾ ਦੇ ਰਾਸ਼ਟਰਪਤੀ ਬਣੇ।

ਜਾਂਚ ਦੇ ਬਦਲੇ ਜ਼ੇਲੇਂਸਕੀ ਨੂੰ ਉਨ੍ਹਾਂ ਦੀ ਅਗਲੀ ਵਸ਼ਿੰਗਟਨ ਯਾਤਰਾ ਦੌਰਾਨ ਅਮਰੀਕਾ ਦੀ ਫੌਜੀ ਮਦਦ ਦਾ ਭਰੋਸਾ ਦਿੱਤਾ ਗਿਆ।

ਵ੍ਹਿਸਲਬਲੋਅਰ ਕਾਰਨ ਜਦੋਂ ਇਸ ਕਾਲ ਦੀ ਡਿਟੇਲ ਜਨਤਕ ਹੋਈ ਤਾਂ ਡੌਨਲਡ ਟਰੰਪ 'ਤੇ ਇਲਜ਼ਾਮ ਲੱਗਾ ਕੀ ਉਨ੍ਹਾਂ ਨੇ ਗ਼ੈਰ-ਕਾਨੂੰਨੀ ਤਰੀਕੇ ਨਾਲ ਯੂਕਰੇਨ ਦੇ ਆਗੂ 'ਤੇ ਦਬਾਅ ਪਾਇਆ ਤਾਂ ਜੋ ਇੱਕ ਸਿਆਸੀ ਵਿਰੋਧੀ ਖ਼ਿਲਾਫ਼ ਜਾਣਕਾਰੀ ਕਢਵਾਈ ਜਾ ਸਕੇ।

ਟਰੰਪ ਅਡੋਲ ਸੀ ਕਿ ਉਨ੍ਹਾਂ ਨੇ ਕੁਝ ਵੀ ਗ਼ਲਤ ਨਹੀਂ ਕੀਤਾ ਸੀ, ਜਦੋਂ ਕਿ ਜ਼ੇਲੇਂਸਕੀ ਨੇ ਕਿਸੇ ਵੀ ਤਰ੍ਹਾਂ ਦੀ ਸ਼ਮੂਲੀਅਤ ਹੋਣ ਤੋਂ ਇਨਕਾਰ ਕੀਤਾ।

ਲੁਕਵੀਂ ਜਾਇਦਾਦ ਦੇ ਇਲਜ਼ਾਮ

ਫਿਰ ਵੀ ਅਜਿਹਾ ਨਹੀਂ ਹੈ ਕਿ ਜ਼ੇਲੇਂਸਕੀ ਉੱਪਰ ਕਦੇ ਕਿਸੇ ਸਕੈਂਡਲ ਦੇ ਛਿੱਟੇ ਨਾ ਉੱਛਲੇ ਹੋਣ।

ਅਕਤੂਬਰ 2021 ਵਿੱਚ ਜ਼ੇਲੇਂਸਕੀ ਦਾ ਨਾਮ ਪੰਡੋਰਾ ਪੇਪਰਜ਼ ਵਿੱਚ ਸਾਹਮਣੇ ਆਇਆ। ਵੱਡੇ ਪੱਧਰ 'ਤੇ ਲੀਕ ਹੋਣ ਵਾਲ ਦਸਤਾਵੇਜ਼ਾਂ ਨੇ ਦੁਨੀਆ ਦੇ ਅਮੀਰਾਂ ਅਤੇ ਸ਼ਕਤੀਸ਼ਾਲੀ ਲੋਕਾਂ ਦੀ ਲੁਕੀ ਹੋਈ ਦੌਲਤ ਦਾ ਪਰਦਾਫਾਸ਼ ਕੀਤਾ ਸੀ।

ਪੰਡੋਰਾ ਪੇਪਰਜ਼ ਵਿੱਚ ਦੁਨੀਆਂ ਭਰ ਦੇ ਆਗੂਆਂ, ਸਿਆਸਤਦਾਨਾਂ ਅਤੇ ਅਰਬਪਤੀਆਂ ਦੀ ਗੁਪਤ ਮਾਇਆ, ਸੰਪਤੀ ਅਤੇ ਸੌਦੇਬਾਜ਼ੀ ਦੇ ਇੱਕ ਸਭ ਤੋਂ ਵੱਡੇ ਵਿੱਤੀ ਦਸਤਾਵੇਜ਼ ਜ਼ਰੀਏ ਪਰਦਾਫਾਸ਼ ਕੀਤ ਗਿਆ।

ਲਗਭਗ 35 ਤਤਕਾਲੀ ਅਤੇ ਸਾਬਕਾ ਆਗੂ ਅਤੇ 300 ਤੋਂ ਵੀ ਵੱਧ ਜਨਤਕ ਅਧਿਕਾਰੀਆਂ ਦੇ ਨਾਮ ਵਿਦੇਸ਼ੀ ਕੰਪਨੀਆਂ ਦੀਆਂ ਫਾਈਲਾਂ 'ਚ ਦਰਜ ਕੀਤੇ ਗਏ ਹਨ, ਜਿੰਨ੍ਹਾਂ ਨੂੰ ਪੰਡੋਰਾ ਪੇਪਰਜ਼ ਦਾ ਨਾਂਅ ਦਿੱਤਾ ਗਿਆ ।

ਦਸਤਾਵੇਜ਼ਾਂ ਤੋਂ ਪਤਾ ਲੱਗਿਆ ਕਿ ਜ਼ੇਲੇਂਸਕੀ ਅਤੇ ਉਨ੍ਹਾਂ ਦਾ ਨਜ਼ਦੀਕੀ ਘੇਰਾ ਆਫਸ਼ੋਰ ਕੰਪਨੀਆਂ ਦੇ ਨੈਟਵਰਕ ਦੇ ਲਾਭਪਾਤਰੀ ਸੀ।

ਪਰ ਜ਼ੇਲੇਂਸਕੀ ਨੇ ਕਿਹਾ ਹੈ ਕਿ ਉਨ੍ਹਾਂ ਨੇ ਦਸਤਾਵੇਜ਼ਾਂ ਵਿੱਚ ਕੋਈ ਵੇਰਵਾ ਨਹੀਂ ਦੇਖਿਆ ਹੈ ਅਤੇ ਇਸ ਗੱਲ ਤੋਂ ਇਨਕਾਰ ਕੀਤਾ ਕਿ ਉਹ ਜਾਂ ਉਨ੍ਹਾਂ ਦੀ ਕੰਪਨੀ ਕਵਾਰਟਲ 95 ਦਾ ਕੋਈ ਵਿਅਕਤੀ, ਮਨੀ ਲਾਂਡਰਿੰਗ ਵਿੱਚ ਸ਼ਾਮਲ ਹੈ।

ਇਹ ਵੀ ਪੜ੍ਹੋ:

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)