ਰੂਸ ਯੂਕਰੇਨ ਸੰਕਟ: ਕਿਸ ਦੀ ਫੌਜ ਹੈ ਕਿੰਨੀ ਤਾਕਤਵਰ

ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਯੂਕਰੇਨ ਵਿੱਚ "ਫੌਜੀ ਕਾਰਵਾਈ" ਦਾ ਐਲਾਨ ਕਰ ਦਿੱਤਾ ਹੈ।

ਉਨ੍ਹਾਂ ਨੇ ਯੂਕਰੇਨ ਵਿੱਚ ਵਿਦਰੋਹੀਆਂ ਦੇ ਸਮਰਥਨ ਵਾਲੇ ਦੋ ਇਲਾਕਿਆਂ ਨੂੰ ਆਜ਼ਾਦ ਮਾਨਤਾ ਦੇਣ ਤੋਂ ਬਾਅਦ ਇਹ ਫ਼ੈਸਲਾ ਕੀਤਾ ਹੈ।

ਰੂਸ ਨੇ ਪਿਛਲੇ ਕਈ ਮਹੀਨਿਆਂ ਤੋਂ ਯੂਕਰੇਨ ਦੀ ਸਰਹੱਦ ਦੇ ਲਗਭਗ ਦੋ ਲੱਖ ਫੌਜੀਆਂ ਨੂੰ ਤਾਇਨਾਤ ਕੀਤਾ ਹੋਇਆ ਹੈ।

ਰੂਸ ਦੀ ਫੌਜ ਦੀਆਂ ਇਨ੍ਹਾਂ ਟੁਕੜੀਆਂ ਕੋਲ ਟੈਂਕ ਤੇ ਗੋਲਾ ਬਾਰੂਦ ਤਾਂ ਹੈ ਹੀ ਇਸ ਦੇ ਨਾਲ ਹੀ ਉਨ੍ਹਾਂ ਕੋਲ ਹਵਾਈ ਸੈਨਾ ਅਤੇ ਨੌਸੈਨਾ ਦਾ ਸਹਿਯੋਗ ਵੀ ਹੈ।

ਯੂਕਰੇਨ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਦੇਸ਼ ਨੂੰ ਨਾ ਕਿਸੇ ਗੱਲ ਦਾ ਅਤੇ ਨਾ ਹੀ ਕਿਸੇ ਵਿਅਕਤੀ ਦਾ ਡਰ ਹੈ।

ਰੂਸ ਅਤੇ ਯੂਕਰੇਨ ਕੋਲ ਹਨ ਕਿੰਨੇ ਫ਼ੌਜੀ ਅਤੇ ਹਥਿਆਰ

ਜੇਕਰ ਤੁਲਨਾ ਕੀਤੀ ਜਾਵੇ ਤਾਂ ਯੂਕਰੇਨ ਕੋਲ 11 ਲੱਖ ਫ਼ੌਜੀ ਹਨ ਜਦੋਂਕਿ ਰੂਸ ਕੋਲ 29 ਲੱਖ ਫੌਜੀ ਹਨ।

ਜੇਕਰ ਲੜਾਕੂ ਜਹਾਜ਼ਾਂ ਦੀ ਗੱਲ ਕੀਤੀ ਜਾਵੇ ਤਾਂ ਯੂਕਰੇਨ ਕੋਲ 98 ਜਦੋਂ ਕਿ ਰੂਸ ਕੋਲ 1511 ਲੜਾਕੂ ਜਹਾਜ਼ ਮੌਜੂਦ ਹਨ।

ਜਿੱਥੇ ਰੂਸ ਕੋਲ 544 ਹੈਲੀਕਾਪਟਰ ਹਨ ਉੱਥੇ ਹੀ ਯੂਕਰੇਨ ਕੋਲ 34 ਹੈਲੀਕਾਪਟਰ ਹਨ।

ਇਹ ਵੀ ਪੜ੍ਹੋ:

ਰੂਸ ਕੋਲ 12240 ਟੈਂਕ ਹਨ ਜਦੋਂਕਿ ਯੂਕਰੇਨ ਕੋਲ 2596 ਟੈਂਕ ਹਨ।

ਜੇਕਰ ਬਖਤਰਬੰਦ ਗੱਡੀਆਂ ਦੀ ਤੁਲਨਾ ਕੀਤੀ ਜਾਵੇ ਤਾਂ ਰੂਸ ਕੋਲ ਲਗਭਗ ਇਹ 30 ਹਜ਼ਾਰ ਹਨ ਜਦੋਂਕਿ ਯੂਕਰੇਨ ਕੋਲ ਇਨ੍ਹਾਂ ਦੀ ਗਿਣਤੀ ਲਗਭਗ 12 ਹਜ਼ਾਰ ਹੈ।

ਰੂਸ ਕੋਲ ਲਗਭਗ 7.5 ਹਜ਼ਾਰ ਤੋਪਖਾਨੇ ਹਨ ਜਦੋਂਕਿ ਯੂਕਰੇਨ ਕੋਲ ਇਹ ਤਕਰੀਬਨ 2 ਹਜ਼ਾਰ ਹਨ।

ਇਹ ਸਾਰੇ ਅੰਕੜੇ ਗਲੋਬਲ ਫਾਇਰ ਪਾਵਰ ਰਾਹੀਂ ਲਏ ਗਏ ਹਨ।

ਕਿੰਨੀ ਹੈ ਰੂਸ ਦੀ ਫ਼ੌਜ

ਅਜਿਹਾ ਅੰਦਾਜ਼ਾ ਹੈ ਕਿ ਯੂਕਰੇਨ ਅਤੇ ਉਸ ਦੇ ਆਲੇ ਦੁਆਲੇ ਰੂਸ ਦੇ ਫ਼ੌਜੀਆਂ ਦੀ ਸੰਖਿਆ ਇਨ੍ਹਾਂ ਦਿਨਾਂ ਵਿੱਚ ਇੱਕ ਲੱਖ ਤੋਂ ਦੋ ਲੱਖ ਦੇ ਦਰਮਿਆਨ ਹੋ ਸਕਦੀ ਹੈ।

ਯੂਰਪੀ ਸੁਰੱਖਿਆ ਅਤੇ ਸਹਿਯੋਗ ਸੰਗਠਨ ਓ ਐੱਸ ਸੀ ਓ ਵਿੱਚ ਅਮਰੀਕੀ ਰਾਜਦੂਤ ਮਾਈਕਲ ਕਾਰਪੇਂਟਰ ਨੇ ਆਖਿਆ ਸੀ, "ਇਸ ਸੰਖਿਆ ਵਿੱਚ ਯੂਕਰੇਨ ਦੀ ਸੀਮਾ ਦੇ ਨੇੜੇ ਬੈਲਾਰੂਸ ਵਿੱਚ ਅਤੇ ਕਬਜ਼ੇ ਦੇ ਖੇਤਰ ਕ੍ਰਾਈਮੀਆਂ ਵਿੱਚ ਤਾਇਨਾਤ ਫ਼ੌਜੀ ਸ਼ਾਮਿਲ ਹਨ। ਇਸ ਤੋਂ ਇਲਾਵਾ ਇਸ ਸੰਖਿਆ ਵਿੱਚ ਇਨ੍ਹਾਂ ਇਲਾਕਿਆਂ ਵਿੱਚ ਰੂਸ ਦੇ ਸੁਰੱਖਿਆ ਗਾਰਡ ਅਤੇ ਹੋਰ ਸੁਰੱਖਿਆ ਕਰਮੀ ਵੀ ਸ਼ਾਮਲ ਹਨ। ਇਸ ਦੇ ਨਾਲ ਹੀ ਪੂਰਬੀ ਯੂਕਰੇਨ ਵਿੱਚ ਰੂਸ ਦੀ ਅਗਵਾਈ ਵਾਲੀ ਸੈਨਾ ਵੀ ਇਸ ਸੰਖਿਆ ਵਿੱਚ ਸ਼ਾਮਿਲ ਹੈ।"

ਇਸ ਤੋਂ ਪਹਿਲਾਂ ਬ੍ਰਿਟੇਨ ਦੇ ਰੱਖਿਆ ਮੰਤਰੀ ਬੇਨ ਵਾਲੇਸ ਨੇ ਆਖਿਆ ਸੀ ਕਿ ਰੂਸ ਦੀ ਥਲ ਸੈਨਾ ਦੇ 60 ਫ਼ੀਸਦ ਫ਼ੌਜੀ ਰੂਸ ਅਤੇ ਬੈਲਾਰੂਸ ਦੀ ਸੀਮਾ ਦੇ ਨਜ਼ਦੀਕ ਮੌਜੂਦ ਹਨ।

ਉਧਰ ਯੂਕਰੇਨ ਦੇ ਰੱਖਿਆ ਮੰਤਰੀ ਨੇ ਇਹ ਸੰਖਿਆ ਲਗਭਗ ਡੇਢ ਲੱਖ ਦੱਸੀ ਸੀ।

ਪਿਛਲੇ ਹਫ਼ਤੇ ਰੂਸ ਦੇ ਰੱਖਿਆ ਮੰਤਰਾਲੇ ਨੇ ਦੱਸਿਆ ਸੀ ਕਿ ਉਨ੍ਹਾਂ ਦੇ ਦੱਖਣੀ ਅਤੇ ਪੱਛਮੀ ਜ਼ਿਲ੍ਹਿਆਂ ਵਿੱਚ ਸੈਨਾ ਦੀਆਂ ਟੁਕੜੀਆਂ ਨੇ ਆਪਣਾ ਅਭਿਆਸ ਖ਼ਤਮ ਕਰ ਲਿਆ ਹੈ ਅਤੇ ਹੁਣ ਉਹ ਆਪਣੇ ਟਿਕਾਣਿਆਂ ਉੱਤੇ ਵਾਪਿਸ ਪਹੁੰਚ ਰਹੇ ਹਨ।

ਨਾਟੋ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਜ਼ਮੀਨ 'ਤੇ ਇਸ ਦੇ ਕੋਈ ਸਬੂਤ ਨਹੀਂ ਦਿਖੇ।

ਨਾਟੋ ਮਹਾਂ ਸਚਿਵ ਜੈੱਨਜ਼ ਸਟੋਲਟਨਬਰਗ ਨੇ ਆਖਿਆ ਸੀ, "ਇਸ ਦੇ ਉਲਟ ਅਜਿਹਾ ਲੱਗਦਾ ਹੈ ਕਿ ਰੂਸ ਦਾ ਸੈਨਿਕ ਬੰਦੋਬਸਤ ਵਧ ਰਿਹਾ ਹੈ।"

ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਦੋ ਤਿਹਾਈ ਫੌਜ ਸਰਹੱਦ ਤੋਂ ਪੰਜਾਹ ਕਿਲੋਮੀਟਰ ਦੇ ਦਾਇਰੇ 'ਤੇ ਮੌਜੂਦ ਹੈ।

ਉਪਗ੍ਰਹਿ ਰਾਹੀਂ ਮਿਲੀ ਤਸਵੀਰ ਤੋਂ ਵੀ ਇਹ ਸੰਕੇਤ ਮਿਲਦਾ ਹੈ ਕਿ ਰੂਸੀ ਫ਼ੌਜ ਦੀਆਂ ਕੁਝ ਟੁਕੜੀਆਂ ਯੂਕਰੇਨ ਦੀ ਸੀਮਾ ਦੇ ਕੋਲੇ ਛੋਟੇ ਸਮੂਹਾਂ ਵਿੱਚ ਵੰਡੀਆਂ ਗਈਆਂ ਹਨ।

ਕਈ ਜਾਣਕਾਰਾਂ ਦਾ ਮੰਨਣਾ ਹੈ ਕਿ ਯੂਕਰੇਨ ਉੱਤੇ ਪੂਰੀ ਤਰ੍ਹਾਂ ਧਾਵਾ ਬੋਲਣ ਲਈ ਜਾਂ ਉਸ ਦੇ ਹਿੱਸੇ ਉੱਤੇ ਕਬਜ਼ਾ ਕਰਨ ਲਈ ਰੂਸ ਨੂੰ ਬਹੁਤ ਸਾਰੇ ਹੋਰ ਫੌਜੀਆਂ ਦੀ ਲੋੜ ਪਵੇਗੀ।

ਯੂਕਰੇਨ ਦੀ ਫੌਜ ਅਤੇ ਨਾਟੋ ਦਾ ਸਾਥ

ਰੂਸ ਦੀ ਤੁਲਨਾ ਵਿੱਚ ਯੂਕਰੇਨ ਦੀ ਸੈਨਾ ਬਹੁਤ ਘੱਟ ਹੈ ਪਰ ਉਸ ਨੂੰ ਉੱਤਰ ਅਟਲਾਂਟਿਕ ਸੈਨਾ ਸੰਗਠਨ ਨਾਟੋ ਦੀ ਸਹਾਇਤਾ ਮਿਲ ਰਹੀ ਹੈ।

ਅਮਰੀਕਾ ਨੇ ਯੂਕਰੇਨ ਦੇ ਅੰਦਰ ਕੋਈ ਫ਼ੌਜ ਨਹੀਂ ਭੇਜੀ ਪਰ ਯੂਕਰੇਨ ਦੀ ਸਹਾਇਤਾ ਲਈ ਪੋਲੈਂਡ ਅਤੇ ਰੋਮਾਨੀਆ ਵਿੱਚ ਨਾਟੋ ਦੀ ਸੈਨਾ ਦੇ 3000 ਫੌਜੀ ਭੇਜੇ ਹਨ। ਇਸ ਦੇ ਨਾਲ ਹੀ 8500 ਫੌਜੀਆਂ ਨੂੰ ਅਲਰਟ 'ਤੇ ਵੀ ਰੱਖਿਆ ਹੈ।

ਇਸ ਦੇ ਨਾਲ ਹੀ ਅਮਰੀਕਾ ਨੇ ਵੀਹ ਕਰੋੜ ਡਾਲਰ ਦੇ ਹਥਿਆਰ ਭੇਜੇ ਹਨ, ਜਿਨ੍ਹਾਂ ਵਿੱਚ ਜੈਵਲਿਨ ਟੈਂਕ ਰੋਧੀ ਮਿਜ਼ਾਈਲ ਅਤੇ ਸਟਿੰਗਰ ਲੜਾਕੂ ਵਿਮਾਨ ਰੋਧੀ ਮਿਜ਼ਾਈਲ ਸ਼ਾਮਿਲ ਹਨ।

ਇਸ ਦੇ ਨਾਲ ਹੀ ਨਾਟੋ ਦੇ ਮੈਂਬਰ ਦੇਸ਼ਾਂ ਨੂੰ ਅਮਰੀਕਾ ਵਿੱਚ ਬਣੇ ਹਥਿਆਰ ਯੂਕਰੇਨ ਨੂੰ ਦੇਣ ਦੀ ਸਹਿਮਤੀ ਵੀ ਮਿਲ ਗਈ ਹੈ।

ਇਸ ਦੇ ਨਾਲ ਹੀ ਬ੍ਰਿਟੇਨ ਨੇ ਯੂਕਰੇਨ ਨੂੰ ਘੱਟ ਦੂਰੀ ਤੱਕ ਮਾਰ ਕਰਨ ਵਾਲੀਆਂ 2000 ਟੈਂਕ ਰੋਧੀ ਮਿਜ਼ਾਈਲ ਦਿੱਤੀਆਂ ਹਨ। ਇਸ ਦੇ ਨਾਲ ਹੀ ਕੁਝ ਹੋਰ ਫ਼ੌਜੀ ਪੋਲੈਂਡ ਨੂੰ ਭੇਜੇ ਗਏ ਹਨ ਅਤੇ ਇਸਟੋਨੀਆ ਵਿੱਚ 900 ਫੌਜੀ ਭੇਜ ਕੇ ਆਪਣੀ ਸਮਰੱਥਾ ਵਧਾਈ ਹੈ।

ਬ੍ਰਿਟੇਨ ਨੇ ਆਪਣੇ ਹੋਰ ਲੜਾਕੂ ਜਹਾਜ਼ਾਂ ਨੂੰ ਦੱਖਣੀ ਯੂਰਪ ਭੇਜਿਆ ਹੈ ਅਤੇ ਇਕ ਨੌਂ ਸੈਨਿਕ ਜਹਾਜ਼ ਨੂੰ ਵੀ ਨਾਟੋ ਦੇ ਹੋਰ ਲੜਾਕੂ ਜਹਾਜ਼ਾਂ ਦੇ ਨਾਲ ਭੂ ਮੱਧ ਸਾਗਰ ਦੀ ਨਿਗਰਾਨੀ ਲਈ ਭੇਜਿਆ ਹੈ।

ਇਸ ਦੇ ਨਾਲ ਹੀ ਆਪਣੇ 1000 ਫੌਜੀਆਂ ਨੂੰ ਸੁਚੇਤ ਕਰ ਦਿੱਤਾ ਹੈ ਤਾਂ ਜੋ ਯੂਕਰੇਨ ਵਿੱਚ ਕਿਸੇ ਵੀ ਤਰ੍ਹਾਂ ਦੇ ਸੰਕਟ ਸਮੇਂ ਸਹਾਇਤਾ ਦਿੱਤੀ ਜਾ ਸਕੇ।

ਡੈਨਮਾਰਕ, ਸਪੇਨ, ਫਰਾਂਸ ਨੇ ਵੀ ਆਪਣੀ ਲੜਾਕੂ ਜਹਾਜ਼ਾਂ ਨੂੰ ਯੂਰਪ ਅਤੇ ਭੂਮੱਧ ਸਾਗਰ ਵੱਲ ਰਵਾਨਾ ਕੀਤਾ ਹੈ।

ਉਧਰ ਫਰਾਂਸ ਦੀ ਵੀ ਯੋਜਨਾ ਹੈ ਕਿ ਉਹ ਰੋਮਾਨੀਆ ਵਿੱਚ ਨਾਟੋ ਦੀ ਸੈਨਾ ਦੀ ਅਗਵਾਈ ਕਰੇ ਅਤੇ ਆਪਣੇ ਫ਼ੌਜੀ ਉੱਥੇ ਭੇਜੇ। ਨਾਟੋ ਦਾ ਮੰਨਣਾ ਹੈ ਕਿ ਇਸ ਪੂਰੀ ਯੋਜਨਾ ਨੂੰ ਆਖਰੀ ਰੂਪ ਦੇਣ ਵਿੱਚ ਕਈ ਹਫ਼ਤੇ ਲੱਗ ਜਾਣਗੇ।

ਨਾਟੋ ਨੇ ਯੂਕਰੇਨ ਲਈ ਪਿਛਲੀ ਵਾਰ ਕੀ ਕੀਤਾ ਸੀ

2014 ਵਿੱਚ ਯੂਕਰੇਨ ਦੇ ਲੋਕਾਂ ਨੇ ਰੂਸ ਸਮਰਥਕ ਰਾਸ਼ਟਰਪਤੀ ਨੂੰ ਹਟਾ ਦਿੱਤਾ ਸੀ ਜਿਸ ਤੋਂ ਬਾਅਦ ਰੂਸ ਨੇ ਯੂਕਰੇਨ ਦੇ ਦੱਖਣੀ ਪ੍ਰਾਂਤ ਕ੍ਰਾਇਮੀਆ ਉੱਪਰ ਕਬਜ਼ਾ ਕੀਤਾ।

ਇਸ ਨਾਲ ਹੀ ਪੂਰਬੀ ਯੂਰਪ ਦੇ ਵੱਡੇ ਹਿੱਸੇ ਉੱਤੇ ਕਬਜ਼ਾ ਕਰਨ ਵਾਲੇ ਰੂਸ ਸਮਰਥਕ ਵੱਖਵਾਦੀਆਂ ਨੂੰ ਵੀ ਸਹਾਇਤਾ ਦਿੱਤੀ ਸੀ।

ਉਸ ਵੇਲੇ ਇਸ ਸਾਰੇ ਮਾਮਲੇ ਵਿੱਚ ਨਾਟੋ ਦੀ ਦਖ਼ਲਅੰਦਾਜ਼ੀ ਨਹੀਂ ਕੀਤੀ ਸੀ ਪਰ ਉਸ ਵੇਲੇ ਪਹਿਲੀ ਵਾਰ ਇਸ ਦੇ ਜਵਾਬ ਵਿੱਚ ਪੂਰਬੀ ਯੂਰਪ ਦੇ ਕਈ ਦੇਸ਼ਾਂ ਵਿੱਚ ਆਪਣੀ ਫੌਜ ਲਗਾਈ ਸੀ।

ਨਾਟੋ ਨੇ ਇਸਟੋਨੀਆ, ਲਾਤਵੀਆ, ਲਿਥੂਆਨੀਆ ਅਤੇ ਪੋਲੈਂਡ ਵਿੱਚ ਚਾਰ ਬਹੁਰਾਸ਼ਟਰੀ ਟੁਕੜੀਆਂ ਅਤੇ ਰੋਮਾਨੀਆ ਵਿੱਚ ਇੱਕ ਬਹੁਰਾਸ਼ਟਰੀ ਬ੍ਰਿਗੇਡ ਤਾਇਨਾਤ ਕੀਤੀ ਹੋਈ ਹੈ।

ਇਸ ਦੇ ਨਾਲ ਹੀ ਬਾਲਟਿਕ ਦੇਸ਼ਾਂ ਅਤੇ ਪੂਰਬੀ ਯੂਰਪ ਵਿੱਚ ਵਾਯੂ ਖੇਤਰ ਦੀ ਨਿਗਰਾਨੀ ਵੀ ਵਧਾ ਦਿੱਤੀ ਗਈ ਹੈ ਤਾਂ ਜੋ ਕਿਸੇ ਵੀ ਰੂਸੀ ਵਿਮਾਨ ਦੇ ਨਾਟੋ ਮੈਂਬਰ ਦੇਸ਼ ਦੀ ਹਵਾਈ ਸੀਮਾ ਦੀ ਉਲੰਘਣਾ ਕਰਨ 'ਤੇ ਉਸ ਨੂੰ ਫੜਿਆ ਜਾ ਸਕੇ।

ਰੂਸ ਇਸ ਗੱਲ ਤੋਂ ਅਕਸਰ ਨਾਰਾਜ਼ ਰਹਿੰਦਾ ਹੈ ਅਤੇ ਚਾਹੁੰਦਾ ਹੈ ਕਿ ਇਨ੍ਹਾਂ ਫੌਜਾਂ ਨੂੰ ਬਾਹਰ ਕੱਢਿਆ ਜਾਵੇ।

ਇਹ ਵੀ ਪੜ੍ਹੋ:

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)